ਬੱਚਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ ?

0
1488

ਮੈਂ ਕੋਈ ਸਥਾਪਿਤ ਸਾਹਿਤਕਾਰ ਨਹੀਂ ਹਾਂ, ਨਾ ਹੀ ਸਿੱਖਿਆ-ਸ਼ਾਸਤਰੀ ਹਾਂ। ਕਈ ਵਾਰ ਮੈਂ ਆਪਣੇ ਆਪ ਨੂੰ ਬੜੀ ਅਜੀਬ ਜਿਹੀ ਸਥਿਤੀ ਵਿਚ ਮਹਿਸੂਸ ਕੀਤਾ ਹੈ। ਜਦੋਂ ਡਾਕਟਰਾਂ ਦੇ ਇਕੱਠ ਵਿਚ ਖੜੇ ਹੋਵੋ ਤਾਂ ਬਹੁਤੇ ਕਹਿ ਦਿੰਦੇ ਹਨ, ”ਇਹ ਤਾਂ ਲੇਖਿਕਾਵਾਂ ਵਿਚ ਹੋਣੀ ਚਾਹੀਦੀ ਹੈ।” ਜਦੋਂ ਲਿਖਾਰੀਆਂ ਵਿਚ ਖੜੇ ਹੋਵੋ ਤਾਂ ਸਾਰੇ ”ਇਹ ਤਾਂ ਡਾਕਟਰ ਹੈ” ਕਹਿ ਕੇ ਪਾਸੇ ਕਰ ਦਿੰਦੇ ਹਨ। ਕੁੱਝ ਅਜਿਹੀ ਹੀ ਸਥਿਤੀ ਸੋਲ੍ਹਾਂ ਸਤਾਰਾਂ ਵਰ੍ਹਿਆਂ ਦੀ ਉਮਰ ਦੇ ਬੱਚੇ ਵਿਚ ਵੀ ਹੁੰਦੀ ਹੈ। ਨਾ ਉਸ ਉਮਰ ਵਿਚ ਛੋਟੇ ਬੱਚੇ ਉਸ ਨੂੰ ਆਪਣੇ ਨਾਲ ਰਲਾਉਂਦੇ ਹਨ ਤੇ ਨਾ ਹੀ ਜਵਾਨ ਹੋ ਚੁੱਕੇ ਲੋਕ।

ਇਸੇ ਲਈ ਬਹੁਤੇ ਬੱਚੇ ਇਸ ਉਮਰ ਵਿਚ ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਭਟਕ ਵੀ ਜਾਂਦੇ ਹਨ। ਇਨ੍ਹਾਂ ਬੱਚਿਆ ਨੂੰ ਬੰਨ੍ਹੀ ਰੱਖਣ ਵਾਸਤੇ ਅਤੇ ਟੈਲੀਵਿਜ਼ਨ ਦੇ ਮਾੜੇ ਅਸਰਾਂ ਤੋਂ ਬਚਾਉਣ ਵਾਸਤੇ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਬਹੁਤ ਸਹਾਈ ਹੋ ਸਕਦੀ ਹੈ। ਦਰਅਸਲ ਹਰ ਉਮਰ ਦੇ ਹਿਸਾਬ ਨਾਲ ਵੱਖਰੀ ਕਿਤਾਬ ਮੁਹੱਈਆ ਹੋਣੀ ਚਾਹੀਦੀ ਹੈ। ਜਦੋਂ ਵੀ ਕਿਤੇ ਕਿਸੇ ਵਿਹਲੇ ਬੈਠੇ ਬੰਦੇ ਨੂੰ ਨੇੜੇ ਤੇੜੇ ਪਈ ਕੋਈ ਪੜ੍ਹਨ ਵਾਲੀ ਕਿਤਾਬ ਜਾਂ ਅਖ਼ਬਾਰ ਮਿਲ ਜਾਏ ਤਾਂ ਉਹ ਚੁੱਕ ਕੇ ਫਰੋਲਣ ਲੱਗ ਪੈਂਦਾ ਹੈ ਅਤੇ ਜੇ ਉਸ ਵਿਚ ਕੁੱਝ ਵਧੀਆ ਪੜ੍ਹਨ ਨੂੰ ਲੱਭ ਜਾਂਦਾ ਹੈ ਤਾਂ ਕਈ ਵਾਰ ਬੰਦਾ ਏਨਾ ਰੁੱਝ ਜਾਂਦਾ ਹੈ ਕਿ ਆਪਣਾ ਅਸਲੀ ਕੰਮ ਉਸ ਨੂੰ ਚੇਤੇ ਹੀ ਨਹੀਂ ਰਹਿੰਦਾ।

ਬੱਚਿਆਂ ਵਿਚ ਵੀ ਅਜਿਹਾ ਹੀ ਵਾਪਰਦਾ ਹੈ। ਬਹੁਤ ਛੋਟੇ ਬੱਚੇ ਨੂੰ ਕਿਤਾਬ ਜਾਂ ਕਾਗ਼ਜ਼ ਫੜਨ ਦਾ ਸ਼ੌਕ ਹੁੰਦਾ ਹੈ। ਛੇ ਮਹੀਨੇ ਦਾ ਬੱਚਾ ਤਾਂ ਉਸ ਨੂੰ ਫੜ ਕੇ ਮੂੰਹ ਵਿਚ ਚੱਬ ਕੇ ਸੁਆਦ ਚੱਖਣ ਦਾ ਚਾਹਵਾਨ ਹੁੰਦਾ ਹੈ। ਫੇਰ ਅੱਧਾ ਕੁ ਕਾਗ਼ਜ਼ ਅੰਦਰ ਲੰਘਾ ਕੇ ਅੱਧਾ ਕੁ ਆਪਣੀ ਥੁੱਕ ਵਿਚ ਲਬੇੜ ਕੇ ਬਾਹਰ ਸੁੱਟ ਦਿੰਦਾ ਹੈ। ਇਸੇ ਉਮਰ ਤੋਂ ਹੀ ਬੱਚੇ ਨੂੰ ਕਿਤਾਬ ਪੜ੍ਹਨ ਦਾ ਸ਼ੌਕ ਪਾਇਆ ਜਾ ਸਕਦਾ ਹੈ। ਜੇ ਬੱਚੇ ਨੂੰ ਕਿਤਾਬ ਦੇ ਬਾਹਰ ਹੀ ਕਿਸੇ ਖ਼ੂਬਸੂਰਤ ਬੱਚੇ ਨੂੰ ਪਿਆਰ ਕਰਦੀ ਮਾਂ ਦੀ ਤਸਵੀਰ ਜਾਂ ਪਿਆਰਾ ਜਿਹਾ ਖ਼ਰਗੋਸ਼ ਜਾਂ ਗੂੜ੍ਹੇ ਤੇ ਰੰਗ-ਬਿਰੰਗੇ ਰੰਗਾਂ ਵਿਚ ਚਿੜੀ ਬਣੀ ਦਿਸ ਜਾਏ ਤਾਂ ਉਹ ਬਦੋਬਦੀ ਉਸ ਵੱਲ ਖਿੱਚਿਆ ਜਾਂਦਾ ਹੈ।

ਕਿਤਾਬ ਅੰਦਰ ਜੇ ਖ਼ੂਬਸੂਰਤ ਰੰਗ-ਬਿਰੰਗੀਆਂ ਤਸਵੀਰਾਂ ਹੋਣ ਤੇ ਪੰਨੇ ਲਿਸ਼ਕਦਾਰ ਹੋਣ ਦੇ ਨਾਲ ਨਾਲ ਕੁੱਝ ਮੋਟੇ ਵੀ ਹੋਣ ਤਾਂ ਛੇਤੀ ਫਟਦੇ ਨਹੀਂ ਤੇ ਬੱਚੇ ਉਸ ਨੂੰ ਆਰਾਮ ਨਾਲ ਸਾਰਾ ਦਿਨ ਘੜੀਸੀ ਫਿਰਦੇ ਹਨ। ਕੁੱਝ ਬੱਚੇ ਤਾਂ ਕਿਤਾਬ ਨਾਲ ਇਸ ਤਰ੍ਹਾਂ ਦਾ ਲਗਾਓ ਪਾਲਦੇ ਹਨ ਕਿ ਨਹਾਉਣ ਲੱਗਿਆਂ ਵੀ ਉਸ ਨੂੰ ਛੱਡਦੇ ਨਹੀਂ। ਇਸੇ ਲਈ ਕਈ ਦੇਸ਼ਾਂ ਵਿਚ ਪਲਾਸਟਿਕ ਦੀਆਂ ਕਿਤਾਬਾਂ ਹੋਂਦ ਵਿਚ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਬੱਚੇ ਨਹਾਉਂਦੇ ਹੋਏ ਵੀ ਆਪਣੀ ਬਾਲਟੀ ਵਿਚ ਨਾਲ ਲੈ ਕੇ ਬਹਿ ਜਾਂਦੇ ਹਨ ਤੇ ਵਰਕੇ ਫਰੋਲਦੇ ਰਹਿੰਦੇ ਹਨ।

ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦਾ ਕਿਤਾਬ ਪ੍ਰਤੀ ਮੋਹ ਵਧਦਾ ਰਹਿੰਦਾ ਹੈ। ਇਸ ਦੇ ਉਲਟ ਜੇ ਕਿਤਾਬ ਫਟਣ ਦੇ ਡਰ ਤੋਂ ਬੱਚੇ ਤੋਂ ਪਰ੍ਹਾਂ ਰੱਖ ਲਈ ਜਾਵੇ ਤੇ ਉਸ ਨੂੰ ਵਰਕੇ ਫਰੋਲਣ ਦੀ ਵੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਬੱਚਾ ਹੌਲੀ ਹੌਲੀ ਉਸ ਤੋਂ ਪਰ੍ਹਾਂ ਹੋ ਜਾਂਦਾ ਹੈ। ਮਾਪਿਆਂ ਵੱਲੋਂ ਬੱਚੇ ਤੋਂ ਕਿਤਾਬ ਪਰ੍ਹਾਂ ਖਿੱਚਣ ਦਾ ਵੀ ਕਾਰਨ ਹੁੰਦਾ ਹੈ। ਕਿਤਾਬ ਦੇ ਪੰਨੇ ਪਤਲੇ ਹੋਣ ਕਰਕੇ ਉਨ੍ਹਾਂ ਦੇ ਫਟਣ ਦੇ ਡਰ ਤੋਂ ਕਿਤਾਬ ਪਰ੍ਹਾਂ ਕਰ ਲਈ ਜਾਂਦੀ ਹੈ। ਦੂਸਰੀ ਤੇ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਬਹੁਤੇ ਮਾਪੇ ਆਪ ਹੀ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨਹੀਂ ਹੁੰਦੇ। ਇਸੇ ਲਈ ਦੁਬਾਰਾ ਕਿਤਾਬ ਖ਼ਰੀਦਣ ਦਾ ਸਵਾਲ ਹੀ ਨਹੀਂ ਉਠਦਾ। ਕੁੱਝ ਮਾਪਿਆਂ ਵੱਲੋਂ ਕਿਤਾਬ ਨਾਲੋਂ ਖਿਡੌਣਿਆਂ ਵਾਸਤੇ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਬਹੁਤੇ ਮਾਪਿਆਂ ਨੂੰ ਇਸ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੁੰਦੀ ਕਿ ਬੱਚੇ ਦੀ ਮਾਨਸਿਕਤਾ ਵਾਸਤੇ ਕਿਤਾਬ ਦੀ ਕੀ ਮਹੱਤਤਾ ਹੈ।

ਤੀਜੀ ਜ਼ਰੂਰੀ ਗੱਲ ਇਹ ਹੈ ਕਿ ਕਿਤਾਬਾਂ ਮਹਿੰਗੀਆਂ ਹੋਣ ਕਾਰਨ ਵੀ ਕੁੱਝ ਮਾਪੇ ਦੁਬਾਰਾ ਖ਼ਰੀਦਣ ਦਾ ਹੀਆ ਨਹੀਂ ਕਰਦੇ। ਥੋੜਾ ਵੱਡਾ ਬੱਚਾ ਆਪਣੀ ਇਕ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਕਿਤਾਬ ਦਾ ਇਕੱਲਾ ਇਕੱਲਾ ਵਰਕਾ ਬਦਲਣਾ ਸ਼ੁਰੂ ਕਰਦਾ ਹੈ। ਇਸ ਵੇਲੇ ਉਹ ਤਸਵੀਰਾਂ ਦੇ ਨਾਲ ਉਸ ਵਿਚ ਜੁੜੀ ਕਹਾਣੀ ਵੀ ਸਮਝਣੀ ਚਾਹੁੰਦਾ ਹੈ।

ਜੇ ਲਗਾਤਾਰ ਕਹਾਣੀ ਸੁਣਾਉਣ ਦੀ ਆਦਤ ਪਾਈ ਜਾਏ ਤਾਂ ਬੱਚੇ ਨੂੰ ਵੱਡੀ ਉਮਰ ਤਕ ਇਹ ਸ਼ੌਕ ਬਰਕਰਾਰ ਰਹੇਗਾ। ਜੇ ਟੈਲੀਵਿਜ਼ਨ ਜਾਂ ਵੀਡੀਓ ਗੇਮਾਂ ਵੱਲ ਧੱਕ ਦਿੱਤਾ ਜਾਏ ਤਾਂ ਕਿਤਾਬ ਦੀ ਵਕਤੀ ਖਿੱਚ ਬੱਚੇ ਨੂੰ ਹਮੇਸ਼ਾ ਲਈ ਇਸ ਤੋਂ ਪਰ੍ਹਾਂ ਕਰ ਦਿੰਦੀ ਹੈ। ਜਵਾਨੀ ਵਿਚ ਕਦਮ ਧਰਦਾ ਬੱਚਾ ਵੀ ਬਹੁਤੀ ਵਾਰ ਆਪਣੇ ਕਿਤਾਬ ਪੜ੍ਹਨ ਦੇ ਸ਼ੌਕ ਨੂੰ ਲਗਾਤਾਰ ਚਾਲੂ ਨਹੀਂ ਰੱਖ ਸਕਦਾ, ਕਿਉਂਕਿ ਕਈ ਵਾਰ ਕਿਤਾਬ ਹੀ ਬਹੁਤ ਮਹਿੰਗੀ ਹੁੰਦੀ ਹੈ ਤੇ ਬੱਚਾ ਖ਼ਰੀਦ ਹੀ ਨਹੀਂ ਸਕਦਾ ਜਾਂ ਮਾਪੇ ਇਸ ਨੂੰ ਫ਼ਜ਼ੂਲ ਖ਼ਰਚ ਕਹਿ ਕੇ ਛੱਡ ਦਿੰਦੇ ਹਨ। ਕਈ ਵਾਰ ਬੱਚਾ ਦੂਸਰੀ ਜ਼ਬਾਨ ਨੂੰ ਨਾ ਸਮਝਣ ਕਾਰਨ ਕੋਈ ਵਧੀਆ ਕਿਤਾਬ ਨਹੀਂ ਪੜ੍ਹ ਸਕਦਾ ਤੇ ਆਪਣੇ ਆਪ ਨੂੰ ਹੋਰ ਆਹਰੇ ਲਾ ਲੈਂਦਾ ਹੈ। ਬੱਚੇ ਵਿਚ ਕਿਤਾਬਾਂ ਪੜ੍ਹਨ ਦੀ ਰੂਚੀ ਬਰਕਰਾਰ ਰੱਖਣ ਲਈ ਜਿੱਥੇ ਮਾਪਿਆਂ ਦਾ ਵੱਡਾ ਰੋਲ ਹੈ, ਉੱਥੇ ਸਰਕਾਰ ਦਾ ਵੀ ਅਹਿਮ ਰੋਲ ਹੈ।

ਸੋਵੀਅਤ ਰੂਸ ਨੇ ਕਈ ਸਾਲ ਪਹਿਲਾਂ ਇਕ ਫ਼ਾਰਮੂਲਾ ਅਜ਼ਮਾਇਆ ਸੀ, ਜਿਹੜਾ ਸਫਲ ਸਿੱਧ ਹੋਇਆ। ਉਨ੍ਹਾਂ ਬਹੁਤ ਵਧੀਆ ਕਿਸਮ ਦੀਆਂ ਬੱਚਿਆਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਬਹੁਤ ਹੀ ਸੋਹਣੇ ਤੇ ਲਿਸ਼ਕਦਾਰ ਪੰਨਿਆਂ ਉੱਤੇ ਛਾਪ ਕੇ ਅਤੇ ਖ਼ੂਬਸੂਰਤ ਤਸਵੀਰਾਂ ਸਮੇਤ ਵਧੀਆ ਦਿੱਖ ਵਾਲੀਆਂ ਬਣਾ ਕੇ ਮਾਰਕਿਟ ਵਿਚ ਲਿਆ ਸੁੱਟੀਆਂ। ਉਨ੍ਹਾਂ ਇਸ ਦੀ ਕੀਮਤ ਬਿਲਕੁਲ ਹੀ ਘੱਟ ਰੱਖੀ ਤੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਵਿਚ ਮਾਂ-ਬੋਲੀ ਦੇ ਹਿਸਾਬ ਨਾਲ ਤਰਜਮਾ ਵੀ ਕਰਵਾ ਦਿੱਤਾ। ਨਤੀਜੇ ਵਜੋਂ ਵਿਕਰੀ ਹੋਣੀ ਸ਼ੁਰੂ ਹੋ ਗਈ ਤੇ ਇਕਦਮ ਇੰਜ ਜਾਪਿਆ ਜਿਵੇਂ ਮਾਰਕਿਟ ਵਿਚ ਕਿਤਾਬਾਂ ਦਾ ਹੜ੍ਹ ਹੀ ਆ ਗਿਆ ਹੋਵੇ। ਜਦੋਂ ਇਹ ਪਹਿਲਾ ਤਜਰਬਾ ਸਫਲ ਹੋ ਗਿਆ ਤਾਂ ਉਨ੍ਹਾਂ ਆਪਣੇ ਧਰਮ ਤੇ ਆਪਣੇ ਪਿਛੋਕੜ ਨੂੰ ਘਰ ਘਰ ਪਹੁੰਚਾਉਣ ਦਾ ਵੀ ਇਹ ਜ਼ਰੀਆ ਬਣਾ ਲਿਆ ਤਾਂ ਜੋ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਨਿੱਕੇ ਨਿੱਕੇ ਬੱਚੇ ਬਦੋਬਦੀ ਮਜ਼ੇਦਾਰ ਕਹਾਣੀਆਂ ਰਾਹੀਂ ਉਨ੍ਹਾਂ ਦੇ ਸਭਿਆਚਾਰ ਨਾਲ ਜਾਣ-ਪਛਾਣ ਕਾਇਮ ਕਰ ਲੈਣ।

ਘਰ ਘਰ ਪਹੁੰਚੀਆਂ ਸਸਤੀਆਂ ਤੇ ਵਧੀਆ ਕਹਾਣੀਆਂ ਦੀਆਂ ਕਿਤਾਬਾਂ ਨੇ ਸਾਰੀ ਦੁਨੀਆ ਵਿਚ ਸੋਵੀਅਤ ਰੂਸ ਦੀਆਂ ਧੁੰਮਾ ਪਾ ਦਿੱਤੀਆਂ। ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਗਿਣਤੀ ਦੇ ਦੋ ਜਾਂ ਤਿੰਨ ਬੱਚਿਆਂ ਦੇ ਰਸਾਲੇ ਹਨ ਤੇ ਬਹੁਤ ਹੀ ਥੋੜੀਆਂ ਬੱਚਿਆਂ ਦੀਆਂ ਅਲੱਗ ਅਲੱਗ ਉਮਰ ਦੇ ਹਿਸਾਬ ਨਾਲ ਲਿਖੀਆਂ ਕਿਤਾਬਾਂ। ਮਨਮੋਹਕ ਤਸਵੀਰਾਂ ਨਾ ਹੋਣ ਕਰਕੇ ਤੇ ਬੱਚਿਆਂ ‘ਤੇ ਮਾਨਸਿਕ ਪੱਧਰ ਦੇ ਆਧਾਰ ਤੇ ਹਰ ਉਮਰ ਦੇ ਬੱਚਿਆਂ ਲਈ ਨਾ ਲਿਖੀਆਂ ਗਈਆਂ ਹੋਣ ਕਰਕੇ ਪੰਜਾਬ ਦੇ ਬਹੁਤੇ ਬੱਚੇ ਮਜਬੂਰਨ ਦੂਸਰੀ ਜ਼ਬਾਨ ਵਿਚ ਲਿਖੀਆਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਤੇ ਮਜਬੂਰ ਹਨ। ”ਹੈਰੀ ਪੌਟਰ’ ਦੀ ਵਿਕਰੀ ਇਹ ਸਾਬਤ ਕਰ ਚੁੱਕੀ ਹੈ ਕਿ ਬੱਚੇ ਹਾਲੇ ਵੀ ਪੜ੍ਹਨ ਦੀ ਰੁਚੀ ਰੱਖਦੇ ਹਨ, ਬਸ਼ਰਤੇ ਵਧੀਆ ਕਿਤਾਬ ਉਨ੍ਹਾਂ ਦੀ ਮਾਨਸਿਕ ਪੱਧਰ ਦੀ ਮਿਲ ਜਾਏ।

ਛੋਟੇ ਬੱਚੇ ਤਾਂ ਕਿਤਾਬ ਵਿਚਲੀਆਂ ਤਸਵੀਰਾਂ ਨਾਲ ਭਾਵੇਂ ਖਿੱਚੇ ਜਾਣ ਪਰ ਵੱਡੇ ਬੱਚੇ ਵਧੀਆ ਕਹਾਣੀ ਲੋਚਦੇ ਹਨ, ਜਿਹੜੀ ਉਨ੍ਹਾਂ ਨੂੰ ਕਿਤਾਬ ਲਗਾਤਾਰ ਪੜ੍ਹੀ ਜਾਣ ‘ਤੇ ਮਜਬੂਰ ਕਰ ਦੇਵੇ। ਜੇ ਕਹਾਣੀ ਦੀ ਪਕੜ ਕਮਜ਼ੋਰ ਹੋਵੇ ਤਾਂ ਬੱਚੇ ਜਲਦੀ ਹੀ ਕਿਸੇ ਹੋਰ ਪਾਸੇ ਤੁਰ ਪੈਂਦੇ ਹਨ, ਭਾਵੇਂ ਦੋਸਤਾਂ ਨਾਲ ਖੇਡਣ ਜਾਂ ਟੀ. ਵੀ., ਸੰਗੀਤ ਆਦਿ। ਘਟੀਆ ਸਾਹਿਤ ਜੇ ਘੱਟ ਕੀਮਤ ‘ਤੇ ਹਰ ਪਾਸੇ ਮਿਲ ਰਿਹਾ ਹੋਵੇ ਤਾਂ ਬੱਚੇ ਬਦੋਬਦੀ ਉਸ ਵੱਲ ਖਿੱਚੀ ਤੁਰੀ ਜਾਂਦੇ ਹਨ, ਖ਼ਾਸਕਰ ਜੇ ਉਹ ਉੱਤੇਜਨਾ ਭਰਪੂਰ ਹੋਵੇ। ਇਸ ਤਰ੍ਹਾਂ ਬੱਚੇ ਨੂੰ ਗ਼ਲਤ ਦਿਸ਼ਾ ਵੱਲ ਜਾਣ ਤੋਂ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਪੜ੍ਹਾਈ ਤੋਂ ਥੱਕ ਕੇ ਉੱਠੇ ਬੱਚੇ ਨੂੰ ਕਦੇ ਵੀ ਨੀਰਸ ਕਹਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ। ਇਸੇ ਲਈ ਕਿਤਾਬ ਅਜਿਹੀ ਹੋਣੀ ਚਾਹੀਦੀ ਹੈ, ਜਿਸ ਦੀ ਕਹਾਣੀ ਬੱਚੇ ਨੂੰ ਆਪਣੇ ਨਾਲ ਲੈ ਤੁਰੇ ਤੇ ਬੱਚਾ ਕਹਾਣੀ ਦੀ ਰਵਾਨੀ ਦੇ ਵੇਗ ਵਿਚ ਰੁੜ੍ਹ ਜਾਵੇ ਤੇ ਖਾਣਾ-ਪੀਣਾ ਹੀ ਭੁੱਲ ਜਾਵੇ। ਦੋ ਸਾਲ ਦੇ ਬੱਚੇ ਲਈ ਲੋੜੀਂਦੀ ਕਹਾਣੀ ਵਿਚ ਮਾਰ ਕੁਟਾਈ ਨਾ ਹੋਵੇ ਤਾਂ ਵਧੀਆ ਹੁੰਦਾ ਹੈ ਤੇ ਹਰ ਕਹਾਣੀ ਅੰਤ ਵਿਚ ਇਕ ਚੰਗੀ ਸਿੱਖਿਆ ਦੇ ਜਾਵੇ ਤਾਂ ਕਿਆਂ ਕਹਿਣੇ। ਅੰਤ ਵਿਚ ਬੁਰਾਈ ਉੱਤੇ ਅੱਛਾਈ ਦੀ ਜਿੱਤ ਨਾਲ ਬੱਚੇ ਦਾ ਦਿਮਾਗ਼ ਚੰਗਾ ਤੇ ਹਲਕਾ ਮਹਿਸੂਸ ਕਰਦਾ ਹੈ ਤੇ ਦੁਬਾਰਾ ਕਹਾਣੀ ਪੜ੍ਹਨ ਨੂੰ ਵੀ ਉਸ ਦਾ ਚਿੱਤ ਕਰਦਾ ਰਹਿੰਦਾ ਹੈ।

ਜਿੱਥੇ ਬਾਲ ਕਹਾਣੀ ਲੇਖਕਾਂ ਉਤੇ ਬਹੁਤ ਭਾਰੀ ਜ਼ਿੰਮੇਵਾਰੀ ਹੈ ਵਧੀਆ ਕਹਾਣੀ ਲਿਖਣ ਦੀ, ਉੱਥੇ ਸਰਕਾਰ ਉਤੇ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ, ਅਜਿਹੇ ਵਧੀਆ ਸਾਹਿਤ ਨੂੰ ਬੱਚਿਆਂ ਤਕ ਪਹੁੰਚਾਉਣ ਦੀ ਅਤੇ ਉਨ੍ਹਾਂ ਦੀ ਪੜ੍ਹਨ ਦੀ ਰੂਚੀ ਨੂੰ ਬਰਕਰਾਰ ਰੱਖਣ ਦੀ। ਪਿੰਡ ਪਿੰਡ ਤੇ ਹਰ ਸਕੂਲ ਵਿਚ ਲਾਇਬ੍ਰੇਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ। ਜਿੱਥੇ ਇਹੋ ਜਿਹੀ ਸੁਵਿਧਾ ਨਾ-ਮੁਮਕਿਨ ਹੋਵੇ, ਉੱਥੇ ਮੋਬਾਇਲ ਲਾਇਬ੍ਰੇਰੀ ਬਣਾਈ ਜਾ ਸਕਦੀ ਹੈ, ਜਿਹੜੀ ਕਿਸੇ ਵੱਡੀ ਬੱਸ ਵਿਚ ਚੁਫੇਰੇ ਸ਼ੀਸ਼ਾ ਲਾ ਕੇ ਆਸਾਨੀ ਨਾਲ ਬਣ ਸਕਦੀ ਹੈ।

ਘੱਟ ਕੀਮਤ ਤੇ ਵਧੀਆ ਛਪਾਈ ਵੀ ਤਾਂ ਹੀ ਸੰਭਵ ਹੈ, ਜੇ ਸਰਕਾਰ ਵੱਲੋਂ ਅਜਿਹੇ ਕਾਗ਼ਜ਼ ਲਈ ਮਾਲੀ ਸਹਾਇਤਾ ਮਿਲ ਰਹੀ ਹੋਵੇ। ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਅਤੇ ਅਜਿਹੇ ਲੇਖਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਵੀ ਸਰਕਾਰ ਵੱਲੋਂ ਸਨਮਾਨ ਐਲਾਨੇ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਵਾਸਤੇ ਵਧੀਆ ਸਾਹਿਤ ਹੋਂਦ ਵਿਚ ਆ ਸਕੇ। ਸਕੂਲਾਂ ਵਿਚ ਵੀ ਬੱਚਿਆਂ ਲਈ ਲਾਇਬ੍ਰੇਰੀ ਵਿਚ ਇਕ ਪੀਰੀਅਡ ਲਈ ਬੈਠਣਾ ਲਾਜ਼ਮੀ ਹੋਣਾ ਚਾਹੀਦਾ ਹੈ ਤੇ ਜਿਹੜੀ ਵੀ ਕਿਤਾਬ ਬੱਚਾ ਪੜ੍ਹੇ, ਉਸ ਵਿੱਚੋਂ ਅਖ਼ੀਰ ਤੇ ਬੱਚੇ ਨੂੰ ਆਸਾਨ ਸਵਾਲ ਪੁੱਛਣੇ ਚਾਹੀਦੇ ਹਨ ਤਾਂ ਜੋ ਬੱਚੇ ਦੀ ਪੜ੍ਹਨ ਦੀ ਰੂਚੀ ਬਾਰੇ ਪਤਾ ਲੱਗ ਸਕੇ।

ਬੱਚੇ ਤੋਂ ਪੜ੍ਹੀ ਹੋਈ ਕਹਾਣੀ ਸੁਣਨੀ ਤੇ ਬੱਚੇ ਨੂੰ ਆਪਣੇ ਵੱਲੋਂ ਕਹਾਣੀ ਲਿਖਣ ਲਈ ਜੇ ਉਤਸਾਹਿਤ ਕੀਤਾ ਜਾਵੇ ਤਾਂ ਵੀ ਬੱਚੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਸਕਦਾ ਹੈ। ਦੂਸਰੀ ਜ਼ਬਾਨ ਵਿਚਲੀਆਂ ਵਧੀਆ ਕਹਾਣੀਆਂ ਦਾ ਵੀ ਤਰਜਮਾ ਕਰ ਕੇ ਜੇ ਮਾਂ-ਬੋਲੀ ਵਿਚ ਛਾਪ ਦਿੱਤੀਆਂ ਜਾਣ ਤਾਂ ਵੀ ਬੱਚੇ ਅੰਦਰ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕਦੀ ਹੈ। ਮੈਂ ਲਗਭਗ ਢਾਈ ਸੌ ਦੇ ਕਰੀਬ ਅਲੱਗ ਅਲੱਗ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਨਪਸੰਦ ਕਹਾਣੀ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਜਵਾਬ ਮੇਰੇ ਲਈ ਵੀ ਚਾਨਣ ਮੁਨਾਰਾ ਸਾਬਤ ਹੋਏ। ਅੰਗਰਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹ ਰਹੇ ਬਹੁਤੇ ਸ਼ਹਿਰੀ ਬੱਚੇ ਤਾਂ ”ਹੈਰੀ ਪੌਟਰ’ ਦੇ ਦੀਵਾਨੇ ਸਨ। ਪੁੱਛਣ ‘ਤੇ ਕਹਿਣ ਲੱਗੇ, ”ਉਸ ਵਿਚਲੀਆਂ ਪਰਾ-ਸਰੀਰਕ ਗੱਲਾਂ ਉਨ੍ਹਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਇਸ ਰਾਹੀਂ ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਉਹ ਹਕੀਕਤ ਵਿਚ ਨਹੀਂ ਕਰ ਸਕਦੇ, ਇਸ ਕਹਾਣੀ ਰਾਹੀਂ ਵਾਪਰਿਆ ਪੜ੍ਹ ਸਕਦੇ ਹਨ ਤੇ ਉਸ ਕਹਾਣੀ ਦੇ ਹਰ ਪੰਨੇ ‘ਤੇ ਇਕ ਨਵੀਂ ਚੀਜ਼ ਦਾ ਸਾਹਮਣੇ ਆਉਣਾ ਖਿੱਚ ਦਾ ਕਾਰਨ ਬਣ ਰਿਹਾ ਹੈ। ਉਸਦਾ ਨਾਇਕ ਗ਼ਰੀਬ ਹੋਣ ਕਾਰਨ ਬਹੁਤਿਆਂ ਦੀ ਉਸ ਨਾਲ ਹਮਦਰਦੀ ਬਣ ਚੁੱਕੀ ਹੈ ਤੇ ਉਸ ਦੀ ਬੁਰੇ ਬੰਦਿਆ ਉੱਤੇ ਜਿੱਤ ਬੱਚਿਆਂ ਨੂੰ ਬਹੁਤ ਭਾਉਂਦੀ ਹੈ।

ਕੁੱਝ ਕੁ ਪਿੰਡ ਦੇ ਜਵਾਨ ਬੱਚੇ ਮਸਾਲੇਦਾਰ ਖ਼ਬਰਾਂ ਪੜ੍ਹਨ ਦੇ ਜ਼ਿਆਦਾ ਸ਼ੌਕੀਨ ਸਨ ਜਾਂ ਅਖ਼ਬਾਰਾਂ ਵਿਚਲੀਆਂ ਛਪਦੀਆਂ ਕਹਾਣੀਆਂ ਜਿਨ੍ਹਾਂ ਵਿਚ ਉਨ੍ਹਾਂ ਵਰਗਿਆਂ ਦੀ ਜ਼ਿੰਦਗੀ ਦਾ ਜ਼ਿਕਰ ਹੋਵੇ। ਫੇਰ ਮੈਨੂੰ ਫੁਰਿਆ ਕਿ ਸਾਡੇ ਚੋਟੀ ਦੇ ਪੰਜਾਬੀ ਲੇਖਕਾਂ ਦੇ ਨਾਵਲਾਂ ਅਤੇ ਕਿਤਾਬਾਂ ਬਾਰੇ ਪੁੱਛਾਂ ਕਿ ਕਿੰਨੇ ਕੁ ਬੱਚਿਆਂ ਨੇ ਨਾਨਕ ਸਿੰਘ ਜਾਂ ਅਮ੍ਰਿਤਾ ਪ੍ਰੀਤਮ ਨੂੰ ਪੜ੍ਹਿਆ ਹੈ? ਮੈਨੂੰ ਹੈਰਾਨੀ ਹੋਈ, ਕਿਉਂਕਿ ਮੈਨੂੰ ਉਮੀਦ ਸੀ ਕਿ ਸ਼ਾਇਦ ਮੈਨੂੰ ਕੋਈ ਵੀ ਅਜਿਹਾ ਬੱਚਾ ਨਾ ਲੱਭੇ, ਪਰ ਸਵਾਲ ਪੁੱਛੇ ਜਾਣ ਵਾਲੇ ਬੱਚਿਆਂ ਵਿੱਚੋਂ ਸੱਤ ਕੁ ਪ੍ਰਤੀਸ਼ਤ ਬੱਚੇ ਆਪਣੀ ਮਾਂ-ਬੋਲੀ ਪੰਜਾਬੀ ਵਿਚ ਲਿਖੇ ਨਾਵਲ ਪੜ੍ਹ ਰਹੇ ਸਨ। ਅਫ਼ਸੋਸ ਦੀ ਗੱਲ ਇਹ ਸੀ ਕਿ ਕਾਨਵੈਂਟ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਵਿੱਚੋਂ ਇਕ ਨੇ ਵੀ ਹਾਮੀ ਨਹੀਂ ਭਰੀ।

ਇਕ ਅੰਗਰੇਜ਼ੀ ਮਾਧਿਅਮ ਸਕੂਲ ਵਿਚ ਨੌਵੀਂ ਵਿਚ ਪੜ੍ਹ ਰਹੇ ਬੱਚੇ ਨੇ ਇੱਥੇ ਤਕ ਕਹਿ ਦਿੱਤਾ, ”ਆਈ ਡੋਂਟ ਰੀਡ ਟਰੈਸ਼।  ”ਮੇਰੇ ਵਾਸਤੇ ਇਹ ਅੱਖਰ ਇਸ ਤਰ੍ਹਾਂ ਸਨ, ਜਿਵੇਂ ਕਿਸੇ ਨੇ ਮੇਰੇ ਦਿਲ ਅੰਦਰ ਖੰਜਰ ਖੋਭ ਦਿੱਤਾ ਹੋਵੇ। ਦੁਨੀਆ ਭਰ ਵਿਚ ਆਪਣੀ ਮਾਂ-ਬੋਲੀ ‘ਤੇ ਫ਼ਖ਼ਰ ਕੀਤਾ ਜਾਂਦਾ ਹੈ। ਸਾਡੀ ਆਪਣੀ ਸੋਹਣੀ ਪੰਜਾਬ ਦੀ ਧਰਤੀ ‘ਤੇ ਇਕ ਪੰਜਾਬੀ ਬੱਚਾ ਆਪਣੀ ਮਾਂ-ਬੋਲੀ ਤੇ ਫ਼ਖ਼ਰ ਕਰਨ ਦੀ ਬਜਾਏ ਉਸ ਨੂੰ ‘ਕੂੜ ਕਬਾੜ’ ਕਹਿ ਰਿਹਾ ਹੋਵੇ।  ਇਹ ਕਿਸਦੀ ਗ਼ਲਤੀ ਹੈ? ਸਾਡੇ ਹੁਕਮਰਾਨ ਕੀ ਇਸ ਖ਼ਤਰੇ ਦੀ ਘੰਟੀ ਨੂੰ ਉਕਾ ਹੀ ਨਹੀ ਸੁਣ ਸਕਦੇ?  ਇਹ ਹਰ ਪੰਜਾਬੀ ਦਾ ਆਪਣਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਤਕ ਆਪਣੇ ਸਭਿਆਚਾਰ ਨੂੰ ਪੁੱਜਦਾ ਕਰੇ ਤਾਂ ਜੋ ਅਸੀਂ ਪ੍ਰਫੁੱਲਿਤ ਹੁੰਦੇ ਰਹੀਏ। ਹਰ ਸਾਹਿਤਕਾਰ ਦਾ ਵੀ ਫ਼ਰਜ਼ ਹੈ ਕਿ ਬਾਲ ਸਾਹਿਤ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰੇ ਤਾਂ ਜੋ ਬੱਚੇ ਆਪਣੀ ਮਾਂ-ਬੋਲੀ ਵਿਚ ਵਧੀਆ ਸਾਹਿਤ ਪੜ੍ਹ ਸਕਣ। ਸਾਡੇ ਨਰਸਰੀ ਵਿਚ ਪੜ੍ਹਦੇ ਬੱਚੇ ਅੰਗਰੇਜ਼ੀ ਦੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਤਾਂ ਜ਼ਰੂਰ ਫਰੋਲਦੇ ਰਹਿੰਦੇ ਹਨ, ਪਰ ਆਪਣੀ ਮਾਂ-ਬੋਲੀ ਵਿਚ ਲਿਖੀਆਂ ਖ਼ੂਬਸੂਰਤ ਤਸਵੀਰਾਂ ਵਾਲੀਆਂ ਕਿਤਾਬਾਂ ਜਿਹੜੀਆਂ ਉਨ੍ਹਾਂ ਦੀ ਮਾਨਸਿਕ ਸਥਿਤੀ ਦੇ ਆਧਾਰ ਤੇ ਛਪੀਆਂ ਹੋਣ, ਲੱਭਣ ਵਿਚ ਅਸਮਰੱਥ ਹੋ ਜਾਂਦੇ ਹਨ। ਕੀ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ? ਜੇ ਵੇਲੇ ਸਿਰ ਨਾ ਜਾਗੇ ਤਾਂ ਸਾਡੇ ਪੜਪੋਤਰੇ ਸ਼ਾਇਦ ‘ੳ’, ‘ਅ’ ਦਾ ਕਾਇਦਾ ਹੀ ਵੇਖਣ ਨੂੰ ਤਰਸ ਜਾਣ।