ਮਾਫ਼ੀ ਅਸੀਂ ਨਹੀਂ, ਮਾਫ਼ੀ ਇਹ ਮੰਗਣ

0
1044

ਪੰਜਾਬ ਅਤੇ ਹਰਿਆਣਾ ਵਿੱਚ ਪੂਰਾ ਤਣਾਅ ਭਰਿਆ ਮਾਹੌਲ ਸੀ। ਪਟਿਆਲਾ ਵਿਖੇ ਕਰਫ਼ਿਊ ਦਾ ਐਲਾਨ ਹੋ ਚੁੱਕਾ ਸੀ। ਹਾਲਾਂਕਿ ਸਭ ਕੁਝ ਸ਼ਾਤ ਸੀ ਪਰ ਜੀਰਕਪੁਰ, ਰਾਜਪੁਰਾ, ਪਟਿਆਲਾ, ਸੰਗਰੂਰ ਰਾਹੀਂ ਬਰਨਾਲਾ, ਬਠਿੰਡਾ ਅਤੇ ਮਾਨਸਾ ਆਦਿ ਜਾਣ ਵਾਲੇ ਡੇਰਾ ਪ੍ਰੇਮੀਆਂ ਨੂੰ ਰਸਤਾ ਦੇਣ ਲੲ ਕੀਤਾ ਸੀ ਅਤੇ ਕਿਸੇ ਮਾੜੀ ਘਟਨਾ ਨੂੰ ਨਾ ਵਾਪਰਨ ਦੇਣ ਲਈ ਇਹ ਜ਼ਰੂਰੀ ਸਮਝਿਆ ਗਿਆ ਸੀ। ਹਾਲਾਤ ਨੂੰ ਵੇਖਦੇ ਹੋਏ ਮੈਨੂੰ ਘਰ ਬੈਠਣਾ ਚਾਹੀਦਾ ਸੀ ਪਰ ਮੈਂ ਕਿਸੇ ਚੈਨਲ ‘ਤੇ ਆਪਣੀ ਗੱਲ ਕਹਿਣ ਨੂੰ ਤਰਜੀਹ ਦਿੰਦੇ ਹੋਏ ਥੋੜ੍ਹਾ ਖਤਰਾ ਸਹੇੜਨ ਦੀ ਹਿੰਮਤ ਕੀਤੀ ਸੀ। ਉਂਝ ਵੀ ਪੱਤਰਕਾਰੀ ਵਿੱਚ ਅਜਿਹੇ ਖਤਰਿਆਂ ਨਾਲ ਦੋ-ਚਾਰ ਹੋਣ ਦੀ ਆਦਤ ਪੈ ਜਾਂਦੀ ਹੈ। ਮੈਂ ਏਅਰਪੋਰਟ ਸੜਕ ਤੋਂ ਬਨੂੜ ਵਾਲੇ ਪਾਸੇ ਗੱਡੀ ਮੋੜ ਲਈ ਅਤੇ ਤੇਜ਼ੀ ਨਾਲ ਪਟਿਆਲੇ ਵਾਲੇ ਪਾਸੇ ਵੱਧ ਰਿਹਾ ਸੀ ਕਿ ਮੈਨੂੰ ਸੁੰਨਸਾਨ ਸੜਕ ‘ਤੇ ਦੋ ਬੰਦੇ ਦਿਖਾਈ ਦਿੱਤੇ ਜੋ ਹੱਥ ਨਾਲ ਕਾਰ ਵਿੱਚ ਲਿਫ਼ਟ ਲਈ ਬੇਨਤੀ ਕਰ ਰਹੇ ਸਨ। ਸ਼ਾਇਦ ਉਹ ਸੜਕ ਕਿਨਾਰੇ ਰਾਹਗੀਰ ਟਾਇਲਾਂ ਵਾਲੇ ਸ਼ੋਅਰੂਮ ਵਿੱਚ ਬੈਠੇ ਸਨ ਅਤੇ ਕਾਰ ਆਉਂਦੀ ਵੇਖ ਕੇ ਸੜਕ ‘ਤੇ ਆ ਗਏ ਸਨ। ਮੈਨੂੰ ਲੱਗਾ ਕਿ ਉਹ ਸੱਚਮੁਚ ਮੁਸੀਬਤ ਵਿੱਚ ਸਨ। ਮੈਂ ਕਾਰ ਰੋਕ ਲਈ। ਉਹ ਇੱਕ ਮਰਦ ਸੀ ਅਤੇ ਨਾਲ ਇੱਕ ਔਰਤ ਸੀ, ਸ਼ਾਇਦ ਉਸਦੀ ਪਤਨੀ ਸੀ।
”ਸਰਦਾਰ ਸਾਹਿਬ, ਸਾਨੂੰ ਰਾਜਪੁਰੇ ਤੱਕ ਅਗਰ ਲਿਜਾ ਸਕੋ। ਧੰਨਵਾਦੀ ਹੋਵਾਂਗੇ” ਮਰਦ ਨੇ ਬੜੇ ਸਲੀਕੇ ਨਾਲ ਕਿਹਾ।
ਮੈਂ ਬੈਠਣ ਦਾ ਇਸ਼ਾਰਾ ਕੀਤਾ। ਆਦਮੀ ਮੇਰੇ ਨਾਲ ਸੀਟ ‘ਤੇ ਬੈਠ ਗਿਆ ਅਤੇ ਔਰਤ ਪਿੱਛੇ ਬੈਠ ਗਈ। ਮੈਂ ਤੁਹਾਨੁੰ ਜਾਣਦਾ ਹਾਂ। ਉਸ ਆਦਮੀ ਨੇ ਬੈਠਣ ਸਾਰ ਕਿਹਾ।” ਮੈਂ ਤੁਹਾਡੇ ਹਰ ਕਾਲਮ ਨੂੰ ਪੜ੍ਹਿਆ ਹੈ ਅਤੇ ਕੱਲ੍ਹ ਤੁਹਾਨੂੰ ਟੀ. ਵੀ. ‘ਤੇ ਵੀ ਦੇਖਿਆ ਸੀ।”
”ਤੁਸੀਂ ਪੰਚਕੂਲੇ ਤੋਂ ਆ ਰਹੇ ਹੋ” ਮੈਂ ਪੁੱਛਿਆ।
”ਜੀ, ਬੜੀ ਮੁਸ਼ਕਿਲ ਨਾਲ ਬਚਦੇ ਬਚਾਉਂਦੇ ਪਹੁੰਚੇ ਹਾਂ। ਇਸੇ ਤਰ੍ਹਾਂ ਪਹਿਲਾਂ ਇੱਕ ਭਲੇ ਇਨਸਾਨ ਨੇ ਇੱਥੋਂ ਤੱਕ ਛੱਡ ਦਿੱਤਾ। ਉਸਨੇ ਏਅਰਪੋਰਟ ਜਾਣਾ ਸੀ।” ਉਸ ਆਦਮੀ ਨੇ ਸਪਸ਼ਟ ਜਵਾਬ ਦਿੱਤਾ।
”ਤੁਸੀਂ ਤਾਂ ਸਿਆਣੇ ਅਤੇ ਪੜ੍ਹੇ ਲਿਖੇ ਲੱਗਦੇ ਹੋ। ਤੁਸੀਂ ਕਿਵੇਂ ਪਹੁੰਚ ਗਏ ਉਥੇ।” ਮੈਂ ਉਤਸੁਕਤਾ ਨਾਲ ਪੁੱਛਿਆ।
”ਅਸੀਂ ਡੇਰੇ ਕਿਵੇਂ ਪਹੁੰਚ ਗਏ ਜਾਂ ਫ਼ਿਰ ਅਸੀਂ ਪੰਚਕੂਲੇ ਕਿਵੇਂ ਪਹੁੰਚੇ, ਇਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਕੱਲ੍ਹ ਵਾਲੀ ਡਿਬੇਟ ‘ਚ ਆਪ ਹੀ ਦੇ ਦਿੱਤੇ ਸਨ। ਸਰ, ਮੈਂ ਸਕੂਲ ਟੀਚਰ ਹਾਂ। ਸਾਹਿਤ ਪੜ੍ਹਨ ਦਾ ਵੀ ਮੈਨੂੰ ਸ਼ੌਂਕ ਹੈ। ਮੇਰੇ ਪਿੰਡ ਵਿੱਚ ਮੇਰੀ ਕੀ ਇੱਜ਼ਤ ਹੈ, ਮੇਰੀ ਪਿੱਠ ਪਿੱਛੇ ਮੈਨੂੰ ਅਤੇ ਮੇਰੀ ਜ਼ਾਤ ਵਾਲਿਆਂ ਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ, ਇਹ ਤੁਹਾਨੂੰ ਵੀ ਪਤੈ। ਅਸੀਂ ਵੀ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਪਰ ਅੱਜ ਦੇ ਮਹੰਤ ਸਾਨੂੰ ਕੀ ਸਮਝਦੇ ਹਨ। ਤੁਸੀਂ ਤਾਂ ਪੱਤਰਕਾਰੀ ਦੇ ਪ੍ਰੋਫ਼ੈਸਰ ਹੋ, ਤੁਸੀਂ ਦੱਸੋ ਕਿ ਕੀ ਸਾਨੂੰ ਗੁਰੂ ਘਰਾਂ ਵਿੱਚ ਪੂਰਾ ਸਤਿਕਾਰ ਅਤੇ ਬਰਾਬਰੀ ਦਾ ਹੱਕ ਮਿਲਦੈ। ਮੈਂ ਪੁੱਛਦੈਂ ਇਹ ਕੌਣ ਨੇ ਜੋ ਗੁਰੂ ‘ਤੇ ਕਬਜ਼ਾ ਕਰ ਕੇ ਬੈਠ ਗਏ। ਜੇ ਅਸੀਂ ਡੇਰਿਆਂ ਵੱਲ ਮੂੰਹ ਕੀਤੈ ਤਾਂ ਇਨ੍ਹਾਂ ਲੋਕਾਂ ਕਰ ਕੇ। ਸਾਡਾ ਕਸੂਰ ਨਹੀਂ ਕਸੂਰ ਇਹਨਾਂ ਦਾ ਹੈ। ਤੁਸੀਂ ਠੀਕ ਕਹਿ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਚਾਰਕ ਫ਼ੇਲ੍ਹ ਹੋਏ ਨੇ। ਅਸੀਂ ਨੀ ਭੱਜੇ, ਇਨ੍ਹਾਂ ਨੇ ਸਾਨੂੰ ਭਜਾਇਐ,” ਉਸ ਆਦਮੀ ਨੇ ਦਿਲ ਖੋਲ੍ਹ ਕੇ ਭੜਾਸ ਕੱਢੀ।
”ਚਲੋ ਛੱਡੋ, ਹੁਣ ਦੱਸੋ ਕੀ ਹੋਵੇਗਾ, ਤੁਸੀਂ ਤਾਂ ਪ੍ਰੇਮੀਆਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦੇ ਹੋ” ਮੈਂ ਪੁੱਛਿਆ।
”ਜੀ, ਸੱਚਮੁਚ ਵੱਡੀ ਗਿਣਤੀ ਵਿੱਚ ਪ੍ਰੇਮੀ ਮਾਸੂਮ ਅਤੇ ਭੋਲੇ ਭਾਲੇ ਨੇ। ਉਹਨਾਂ ਦੀ ਆਸਥਾ ਅਤੇ ਵਿਸ਼ਵਾਸ ਨੂੰ ਵੱਡੀ ਸੱਟ ਵੱਜੀ ਹੈ। ਅੰਦਰੋਂ ਉਹ ਟੁੱਟ ਚੁੱਕੇ ਨੇ। ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਵੀ ਮੀਡੀਆ ‘ਚ ਇਨ੍ਹਾਂ ਲੋਕਾਂ ਦੇ ਬਿਆਨ ਆ ਰਹੇ ਨੇ ਕਿ ਮਾਫ਼ੀ ਮੰਗ ਕੇ ਘਰ ਵਾਪਸੀ ਕਰ ਲੋ। ਅਸੀਂ ਕਿਸ ਤੋਂ ਮਾਫ਼ੀ ਮੰਗੀਏ। ਮਾਫ਼ੀ ਇਹ ਮੰਗਣ ਕਿ ਸਾਡੀ ਗਲਤੀ ਕਾਰਨ ਸਾਡੇ ਭਰਾ ਦੂਰ ਚਲੇ ਗਏ ਹਨ, ਹੁਣ ਵਾਹਿਗੁਰੂ ਨੇ ਮੌਕਾ ਦਿੱਤਾ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ। ਉਹਨਾਂ ਦਾ ਮਾਣ ਸਤਿਕਾਰ ਕਾਇਮ ਰੱਖਿਆ ਜਾਵੇਗਾ।” ਉਸਨੇ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਆਖੀ।
ਰਾਜਪੁਰੇ ਉਹਨਾਂ ਨੂੰ ਉਤਾਰਨ ਸਮੇਂ ਮੈਂ ਸੋਚ ਰਿਹਾ ਸੀ ਕਿ ਅੱਜ ਇਹ ਪ੍ਰੇਮੀ ਜੋੜਾ ਦੋਹਰਾ ਮਾਨਸਿਕ ਸੰਤਾਪ ਭੋਗ ਰਿਹਾ ਹੈ। ਇੱਕ ਤਾਂ ਆਪਣੇ ਭਾਈਚਾਰੇ ‘ਚੋਂ ਤ੍ਰਿਸਕਾਰੇ ਜਾਣ ਦੇ ਅਹਿਸਾਸ ਦਾ, ਦੂਜਾ ਜਿੱਥੇ ਆਸਰਾ ਭਾਲਦਾ ਸੀ, ਉਥੋਂ ਵਿਸ਼ਵਾਸ ਦੇ ਟੁੱਟ ਜਾਣ ਦਾ। ਉਂਝ ਜੋ ਸਮਾਧਾਨ ਉਹ ਦੇ ਕੇ ਗਿਆ ਕੀ ਉਸ ਬਾਰੇ ਗੰਭੀਰਤਾ ਨਾਲ ਵਿੱਚਾਰ ਕਰਨ ਦੀ ਲੋੜ ਨਹੀਂ? ਇਹ ਗੱਲ ਤਾਂ ਸਪਸ਼ਟ ਹੈ ਕਿ ਡੇਰਿਆਂ ਵਿੱਚ ਜ਼ਿਆਦਾ ਗਿਣਤੀ ਵਿੱਚ ਦਲਿਤ ਸਮਾਜ ਦੇ ਲੋਕ ਜਾਂਦੇ ਹਨ। ਜੇ ਸਾਡਾ ਵਿਵਹਾਰ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਹੋਵੇ ਤਾਂ ਹਾਲਾਤ ਵੱਖਰੇ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਹੀ ਦਿੱਤਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ:
ਮਾਫ਼ੀ ਏਕ ਸਗਲ ਸੰਸਾਰਾ॥
ਬਹੁ ਬਿਧਿ ਭਾਂਡੇ ਘੜੈ ਕੁਮਾਰਾ॥
ਭਗਤ ਕਬੀਰ ਦ ਬੋਲ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਦੇ ਸਭ ਬੰਦੇ॥
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
ਸ੍ਰੀ ਗੁਰੂ ਅਰਜਨ ਦੇਵ ਜੀ ਵਾਰ ਵਾਰ ਸਮਝਾ ਰਹੇ ਹਨ:
ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਊ॥
ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ॥
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਉਸਤਤ ਵਿੱਚ ਸਮਝਾਇਆ ਹੈ:
ਹਿੰਦੂ ਔ ਤੁਰਕ ਕੋਉ ਗਫ਼ਜ਼ੀ ਈਮਾਮ ਸਾਈਂ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੈ॥
ਕਰਤਾ ਕਰੀਮ ਸੋਈ ਰਜ਼ਕ ਰਹੀਮ ਓਈ,
ਦੁਸਰੋ ਨ ਭੇਟ ਕੋਈ ਭੂਲ ਭ੍ਰਮ ਮਾਨਯੋ॥
ਸਪਸ਼ਟ ਹੈ ਕਿ ਜੇ ਅਸੀਂ ਗੁਰੂ ਸਾਹਿਬਾਨ ਦੇ ਆਦੇਸ਼ ਮੁਤਾਬਕ ਚੱਲੀਏ ਤਾਂ ਲੋਕ ਸ਼ਬਦ ਗੁਰੂ ਦੇ ਲੜ ਲੱਗਣਗੇ ਅਤੇ ਦੇਹਧਾਰੀ ਸਾਧਾਂ ਦੇ ਡੇਰਿਆਂ ਵੱਲ ਨਹੀਂ ਵੇਖਣਗੇ। ਇਹ ਮੌਕਾ ਹੈ ਸਿੱਖ ਕੌਮ ਦੇ ਸਿਆਸੀ ਅਤੇ ਧਾਰਮਿਕ ਲੀਡਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਅਤੇ ਇਸ ਪੱਖੋਂ ਪਹਿਲ ਕਦਮੀ ਕਰਨ ਵਿੱਚ ਕੋਈ ਹਰਜ਼ ਨਹੀਂ।
ਸਵੇਰ ਦੀ ਸ਼ੁਰੂਆਤ ਸ਼ੁਭ ਹੋਣੀ ਜ਼ਰੂਰੀ
ਜੇ ਤੁਹਾਡਾ ਦਿਨ ਫ਼ੇਸਬੁਕ ਨਾਲ ਸ਼ੁਰੂ ਹੁੰਦਾ ਹੈ ਜਾਂ ਵਟਸਐਪ ਨਾਲ ਤਾਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕਾਮਯਾਬੀ ਦੀ ਉਹ ਸਿਖਰ ਤੋਂ ਵਾਂਝੇ ਰਹਿ ਜਾਵੋਗੇ, ਜਿਸਦੇ ਤੁਸੀਂ ਕਾਬਲ ਹੋ। ਅੱਜ ਦੁਨੀਆਂ ਵਿੱਚ ਕਰੋੜਾਂ ਲੋਕ ਅਜਿਹੇ ਹਨ ਜੋ ਸਵੇਰੇ ਉਠਣ ਸਾਰ ਸ਼ੋਸ਼ਲ ਮੀਡੀਆ ਦੀ ਵਰਤੋਂ ਆਰੰਭ ਕਰ ਦਿੰਦੇ ਹਨ। ਇਹ ਗੱਲ ਵੀ ਤਾਂ ਸਹੀ ਹੈ ਕਿ ਸ਼ੋਸ਼ਲ ਮੀਡੀਆ ਉਤੇ ਸਾਰੀ ਜਾਣਕਾਰੀ ਨਾ ਤਾਂ ਸੱਚ ਹੁੰਦੀ ਹੈ ਅਤੇ ਨਾ ਹੀ ਸਕਾਰਾਤਮਕ। ਇਸੇ ਤਰ੍ਹਾਂ ਜੋ ਲੋਕ ਅਖਬਾਰਾਂ ਨਾ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ, ਉਹ ਵੀ ਨਕਾਰਾਤਮਕ ਵਿੱਚਾਰਾਂ ਨਾਲ ਦਿਨ ਸ਼ੁਰੂ ਕਰਨ ਲਈ ਮਜਬੂਰ ਹੁੰਦੇ ਹਨ। ਸਾਡੇ ਅਖਬਾਰ ਮਾਰ-ਧਾੜ, ਕਤਲਾਂ, ਠੱਗੀ ਠੋਰੀ ਅਤੇ ਡਾਕਿਆਂ ਦੀਆਂ ਖਬਰਾਂ ਨਾਲ ਭਰੇ ਪਏ ਹੁੰਦੇ ਹਨ। ਇਹੀ ਹਾਲ ਸਾਡੇ ਟੀ. ਵੀ. ਚੈਨਲਾਂ ਦਾ ਹੈ। ਸੋ ਸਫ਼ਲਤਾ ਦੀ ਚਾਹਤ ਵਾਲੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਲਈ ਬਹੁਤ ਚੌਕਸ ਹੋਣੇ ਚਾਹੀਦੇ ਹਨ। ਮਾਰਨਿੰਗ ਮਿਰੀਕਲ ਦੇ ਲੇਖਕ ਹਾਲ ਇਸਰੈਡ ਅਨੁਸਾਰ ਤੁਹਾਡੀ ਸਵੇਰ ਮੌਨ ਜਾਂ ਖਾਮੋਸ਼ੀ ਨਾਲ ਸ਼ੁਰੂ ਹੋਣੀ ਚਾਹੀਦੀ ਹੈ। ਹਿੰਦੂ ਧਰਮ ਵੀ ਤਾਂ ਧਿਆਨ ਦੀ ਬੜੀ ਮਹੱਤਤਾ ਹੈ। ਮੈਡੀਟੇਸ਼ਨ ਜਾਂ ਧਿਆਨ ਵੀ ਵੀ ਖਾਮੋਸ਼ੀ, ਚੁੱਪ ਚਪੀਤੇ ਤਰੀਕੇ ਨਾਲ ਅੰਦਰ ਵੱਲ ਝਾਤ ਹੈ ਜਾਂ ਅੰਦਰ ਦੀ ਯਾਤਰਾ ਹੈ। ਜਦੋਂ ਸਵੇਰਸਾਰ ਤੁਸੀਂ ਮੌਨ ਰਹਿ ਕੇ ਧਿਆਨ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸੁਭਾਵਿਕ ਤੌਰ ‘ਤੇ ਤੁਸੀਂ ਆਪਣੇ ਆਪ ਨਾਲ ਸੰਵਾਦ ਰਚਾਉਣ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹੋ। ਇਸ ਅਵਸਥਾ ਵਿੱਚ ਤੁਸੀਂ ਆਪਣੇ ਦਿਨ ਦੇ ਕੰਮਕਾਜ ਬਾਰੇ ਅਤੇ ਆਪਣੇ ਲਕਸ਼ ਦੀ ਇੱਕਾਗਰਤਾ ਬਾਰੇ ਸੋਚਣਾ ਆਰੰਭ ਕਰ ਦਿੰਦੇ ਹੋ। ਜੇ ਤੁਸੀਂ ਕਿਸੇ ਲਕਸ਼ ਦਾ ਪਿੱਛਾ ਕਰ ਰਹੇ ਹੋ ਤਾਂ ਉਸਨੂੰ ਪੂਰਾ ਕਰਨ ਦੇ ਨਵੇਂ ਨਵੇਂ ਖਿਆਲ ਅਤੇ ਜੁਗਤਾਂ ਤੁਹਾਡੇ ਮਨ ਵਿੱਚ ਆਉਂਦੀਆਂ ਹਨ। ਇਹਨਾਂ ਨਵੇਂ ਆਏ ਖਿਆਲਾਂ ਨੂੰ ਸਿਰੇ ਚਾੜ੍ਹਨ ਲਈ ਹੌਸਲਾ ਅਤੇ ਹਿੰਮਤ ਮਿਲਦੀ ਹੈ। ਲਕਸ਼ ਦੀ ਇੱਕਾਗਰਤਾ ਲਈ ਧਿਆਨ ਬਹੁਤ ਜ਼ਰੂਰੀ ਹੁੰਦਾ ਹੈ। ਸੋ ਆਪਣਾ ਦਿਨ ਫ਼ੇਸਬੁੱਕ, ਵਟਸਐਪ ਅਤੇ ਟਵਿਟਰ ਦੀ ਬਜਾਏ ‘ਧਿਆਨ’ ਨਾਲ ਸ਼ੁਰੂ ਕਰਨ ਦੀ ਆਦਤ ਪਾਓ ਤਾਂ ਚੰਗਾ ਹੈ। ਜਦੋਂ ਦਿਨ ਦੀ ਸ਼ੁਰੂਆਤ ਚੰਗੀ ਹੋਵੇਗੀ ਤਾਂ ਦਿਨ ਸੁਭਾਵਿਕ ਹੀ ਸਾਰਥਕ ਹੋ ਨਿੱਬੜੇਗਾ। ‘ਧਿਆਨ’ ਇੱਕ ਕਿਸਮ ਦੀ ਮਨ ਦੀ ਕਸਰਤ ਹੈ। ਮਨ ਦੀ ਕਸਰਤ ਤੋਂ ਬਾਅਦ ਤਨ ਦੀ ਕਸਰਤ ਵੀ ਜ਼ਰੂਰੀ ਹੈ। ਰੋਜ਼ਾਨਾ ਸੈਰ ਜਾਂ ਸਾਈਕਲਿੰਗ ਕਰਨ ਦੀ ਆਦਤ ਚੰਗੀ ਆਦਤ ਹੈ। ਤੈਰਾਕੀ ਦੇ ਸ਼ੌਕੀਨ ਤਲਾਅ ਜਾਂ ਨਹਿਰ ਵਿੱਚ ਅੱਧਾ ਘੰਟਾ ਲਾ ਲੈਣ ਤਾਂ ਸ਼ਰੀਰ ਦੀ ਚੰਗੀ ਕਸਰਤ ਹੋ ਜਾਂਦੀ ਹੈ। ਬਾਕੀ ਉਮਰ ਦੇ ਹਿਸਾਬ ਨਾਲ ਤਨ ਦੀ ਕਸਰਤ ਕਰਨਾ ਤਨ ਅਤੇ ਮਨ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸਫ਼ਲਤਾ ਲਈ ਚੰਗੀ ਸਿਹਤ ਪਹਿਲੀ ਸ਼ਰਤ ਹੈ। ਜੇ ਸਿਹਤ ਹੀ ਠੀਕ ਨਹੀਂ ਤਾਂ ਸਫ਼ਲਤਾ ਦਾ ਕੀ ਫ਼ਾਇਦਾ। ਜ਼ਿੰਦਗੀ ਵਿੱਚ ਕਈ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਸਫ਼ਲਤਾ ਪਾਉਣ ਵਾਲੇ ਇਨਸਾਨ ਹਾਲ ਇਲਰੈਟੂ ਨੇ ਸਫ਼ਲਤਾ ਦੇ ਰਾਹੀਆਂ ਨੂੰ ਇੱਕ ਹੋਰ ਸੁਨੇਹਾ ਦਿੱਤਾ ਹੈ। ਉਹ ਲਿਖਦਾ ਹੈ ਕਿ ‘ਰੀਡਰਜ਼ ਆਰ ਦਾ ਲੀਡਰਜ਼’।ਜੋ ਪਾਠਕ ਹਨ, ਜੋ ਪੜਦੇ ਹਨ ਅਤੇ ਚੰਗੀਆਂ ਕਿਤਾਬਾਂ ਦਾ ਅਧਿਐਨ ਕਰਦੇ ਹਨ, ਉਹਨਾਂ ਕੋਲ ਨਵੇਂ ਨਵੇਂ ਵਿੱਚਾਰਾਂ ਦੀ ਕਦੇ ਵੀ ਕਮੀ ਨਹੀਂ ਹੁੰਦੀ। ਅਜਿਹੇ ਪਾਠਕ ਸਮੇਂ ਦੇ ਹਾਣੀ ਹੁੰਦੇ ਹਨ। ਸਮੇਂ ਦੇ ਹਾਣੀ ਬਣਨ ਲਈ ਹਰ ਰੋਜ਼ ਕੁਝ ਨਾ ਕੁਝ ਚੰਗਾ ਪੜ੍ਹਦੇ ਰਹਿਣਾ ਚਾਹੀਦਾ ਹੈ। ਵੇਖਣ ਵਿੱਚ ਆਇਆ ਹੈ ਕਿ ਅਸੀਂ ਘਰ ਬਣਾਉਣ, ਕਾਰਾਂ ਖਰੀਦਣ ਅਤੇ ਕੱਪੜੇ ਗਹਿਣੇ ਖਰੀਦਣ ‘ਤੇ ਘੱਟ ਹੀ ਕੰਜੂਸੀ ਕਰਦੇ ਹਾਂ ਪਰ ਕਿਤਾਬਾਂ ਖਰੀਦਣ ਸਮੇਂ ਅਸੀਂ ਅਕਸਰ ਹੱਥ ਘੁੱਟ ਲੈਂਦੇ ਹਾਂ। ਸਾਡੇ ਘਰਾਂ ਵਿੱਚ ਲਾਇਬ੍ਰੇਰੀ ਬਣਾਉਣ ਦਾ ਅਜੇ ਤੱਕ ਰਿਵਾਜ਼ ਨਹੀਂ ਬਣਿਆ। ਹੋਰ ਤਾਂ ਹੋਰ ਅਧਿਆਪਨ ਦੇ ਪੇਸ਼ੇ ਨਾਲ ਸਬੰਧਤ ਲੋਕ ਵੀ ਕਿਤਾਬਾਂ ਖਰੀਦਣ ਲਈ ਕਿਰਸ ਕਰਦੇ ਹਨ ਅਤੇ ਸਾਹਿਤ ਪੜ੍ਹਨ ਦੀ ਆਦਤ ਵੀ ਅਜਿਹੇ ਲੋਕਾਂ ਨੂੰ ਘੱਟ ਹੀ ਹੁੰਦੀ ਹੈ।
ਸੋ, ਚੰਗੇ ਪਾਠਕ ਬਣੋ। ਖਾਸ ਤੌਰ ‘ਤੇ ਉਹਨਾਂ ਲੋਕਾਂ ਲਈ ਸਲਾਹ ਹੈ ਜੋ ਸਫ਼ਲਤਾ ਦੀਆਂ ਸਿਖਰਾਂ ਛੋਹਣ ਦੇ ਸੁਪਨੇ ਮਨ ਵਿੱਚ ਪਾਲੀ ਬੈਠੇ ਹਨ ਕਿ ਉਹ ਪ੍ਰੇਰਨਾਤਮਕ ਕਿਤਾਬਾਂ ਜ਼ਿਆਦਾ ਪੜ੍ਹਨ। ਸਫ਼ਲ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਦੀ ਆਦਤ ਪਾਉਣ। ਸਵੇਟ ਮਾਰਡਨ, ਠੇਲ ਕਾਰਨੇਗੀ, ਰਿਚਡ ਟੈਂਪਲਰ, ਨਪੋਲੀਅਨ ਹਿਲ, ਬਿੱਲੀ ਜਾਲੀ ਅਤੇ ਬਰਾਇਨ ਟਰੇਸੀ ਵਰਗੇ ਲੇਖਕਾਂ ਨੂੰ ਪੜ੍ਹਨ ਦੀ ਸਲਾਹ ਦਿੰਦਾ ਹਾਂ। ਆਪਣੀ ਜ਼ਿੰਦਗੀ ਨੂੰ ‘ਸਾਂਵੀ ਪੱਧਰੀ’ ਬਣਾਉਣ ਲਈ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪੜ੍ਹਿਆ ਜਾ ਸਕਦਾ ਹੈ। ਇਸ ਸਿਲਸਿਲੇ ਵਿੱਚ ‘ਸਰਬੱਤ ਦਾ ਭਲਾ ਟਰੱਸਟ’, ‘ਜਿੱਤ ਦਾ ਮੰਤਰ’ ਕਿਤਾਬ ਨੂੰ ਮੁਫ਼ਤ ਵੰਡ ਰਿਹਾ ਹੈ।
ਸੋ ਆਪਣੀ ਸਵੇਰ ਨੂੰ ਧਿਆਨ ਅਤੇ ਕਸਰਤ ਨਾਲ ਸ਼ੁਰੂ ਕਰੋ। ਜੇ ਹੋ ਸਕੇ ਤਾਂ ਹਰ ਰੋਜ਼ ਥੋੜ੍ਹਾ ਵਕਤ ਪ੍ਰੇਰਨਾਤਮਕ ਸਾਹਿਤ ਪੜਨ ਵਾਲੇ ਪਾਸੇ ਲਾਓ। ਫ਼ਿਰ ਦੇਖੋ, ਤੁਸੀਂ ਸਫ਼ਲਤਾ ਵੰਲ ਬੜੀ ਤੇਜ਼ੀ ਨਾਲ ਵਧੋਗੇ।