ਸਵਰਨ ਸਿੰਘ ਟਹਿਣਾ ਦੀ ਪੁਸਤਕ \’ਅੰਬਰੋਂ ਟੁੱਟੇ ਤਾਰੇ\’ ਰਿਲੀਜ਼ – …

0
1828

ਦੁਬਈ : ਨੌਜਵਾਨ ਲੇਖਕ ਤੇ ਪੱਤਰਕਾਰ  ਸਵਰਨ ਸਿੰਘ ਟਹਿਣਾ ਦੀ ਨਵੀਂ ਪੁਸਤਕ ‘ਅੰਬਰੋਂ  ਟੁੱਟੇ ਤਾਰੇ’ ਸਥਾਨਕ  ਟੈਨਿਸ ਸਟੇਡੀਅਮ  ਵਿਖੇ ਮਨਮੋਹਨ ਵਾਰਿਸ, ਕਮਲ  ਹੀਰ, ਸੰਗਤਾਰ, ਜਸਪ੍ਰੀਤ ਸਿੰਘ (ਵਿੱਕੀ  ਓਬਰਾਏ), ਦੀਪਕ ਬਾਲੀ ਤੇ ਹੋਰਾਂ ਨੇ ਰਿਲੀਜ਼ ਕੀਤੀ।  ਜ਼ਿਕਰਯੋਗ ਹੈ ਕਿ ਸ੍ਰੀ ਟਹਿਣਾ ਦੀ ਇਹ ਛੇਵੀਂ ਪੁਸਤਕ ਹੈ, ਜਿਸ ਵਿੱਚ ਉਨ੍ਹਾਂ ਕਲਾਕਾਰਾਂ ਬਾਰੇ ਲੇਖ ਲਿਖੇ ਗਏ ਹਨ, ਜਿਹੜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਟਹਿਣਾ ਨੇ ਕਿਹਾ ਕਿ ‘ਅੰਬਰੋਂ ਟੁੱਟੇ  ਤਾਰੇ’ ਵਿੱਚ ਇਹ  ਜਹਾਨ ਤੋਂ ਤੁਰ ਜਾਣ  ਵਾਲੇ ਪੰਦਰਾਂ ਕਲਾਕਾਰਾਂ  ਬਾਰੇ ਲਿਖਿਆ ਗਿਆ ਹੈ, ਜਿਨ੍ਹਾਂ ਵਿੱਚ ਆਸਾ ਸਿੰਘ ਮਸਤਾਨਾ, ਇੰਦਰਜੀਤ ਹਸਨਪੁਰੀ, ਅਮਰ ਸਿੰਘ ਚਮਕੀਲਾ, ਸਨਮੁਖ ਸਿੰਘ ਅਜ਼ਾਦ, ਆਸੀ ਅਨਪੜ੍ਹ, ਦਿਲਸ਼ਾਦ ਅਖ਼ਤਰ, ਸੀਤਲ ਸਿੰਘ ਸੀਤਲ, ਸੁਰਜੀਤ ਗਾਮੀ, ਪਰਮਿੰਦਰ ਸੰਧੂ, ਇਸ਼ਮੀਤ ਸਿੰਘ, ਸੋਨੀ ਪਾਬਲਾ, ਗੁਰਮੀਤ ਨਾਗਰਾ ਤੇ ਨੀਲੇ ਖ਼ਾਨ ਤੇ ਕਈ ਹੋਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਜਿੱਥੇ ਇਨ੍ਹਾਂ ਕਲਾਕਾਰਾਂ ਦੇ ਜ਼ਿੰਦਗੀਨਾਮੇ ਬਾਰੇ ਲਿਖਿਆ ਹੈ, ਉਥੇ ਉਨ੍ਹਾਂ ਦੇ ਸੰਘਰਸ਼ ਤੇ ਪ੍ਰਾਪਤੀਆਂ ਦਾ ਵਰਨਣ ਵੀ ਕੀਤਾ ਗਿਆ ਹੈ।

ਇਸ ਮੌਕੇ ਮਨਮੋਹਨ ਵਾਰਿਸ  ਨੇ ਕਿਹਾ ਕਿ ਸਵਰਨ ਟਹਿਣਾ  ਪਿਛਲੇ ਲਗਭਗ ਇੱਕ ਦਹਾਕੇ  ਤੋਂ ਪੰਜਾਬੀ ਸੰਗੀਤ  ਬਾਰੇ ਬੇਬਾਕੀ ਨਾਲ ਲਿਖ  ਰਿਹਾ ਹੈ ਅਤੇ ਉਨ੍ਹਾਂ  ਨੂੰ ਉਮੀਦ ਹੈ  ਕਿ ਸਮੂਹ ਪਾਠਕਾਂ ਨੂੰ  ਉਸ ਦੀ ਇਹ ਪੁਸਤਕ ਵੀ ਪਹਿਲੀਆਂ ਪੁਸਤਕਾਂ ਵਾਂਗ ਪਸੰਦ ਆਵੇਗੀ, ਕਿਉਂਕਿ ਵਰਤਮਾਨ ਦੀਆਂ ਪ੍ਰਾਪਤੀਆਂ ਦੀ ਬਾਤ ਪਾਉਣ ਦੇ ਨਾਲ-ਨਾਲ ਅਤੀਤ ਨੂੰ ਚੇਤੇ ਕਰਨਾ ਵੀ ਸਾਡੇ ਸੁਭਾਅ ’ਚ ਸ਼ਾਮਲ ਹੋਣਾ ਚਾਹੀਦਾ ਹੈ।

ਕਮਲ ਹੀਰ ਤੇ ਸੰਗਤਾਰ ਨੇ ਕਿਹਾ ਕਿ ਇਹ ਕਿਤਾਬ  ਤੁਰ ਜਾਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ  ਸਾਬਤ ਹੋਵੇਗੀ ਅਤੇ ਭਵਿੱਖ  ਵਿੱਚ ਵੀ ਸ੍ਰੀ ਟਹਿਣਾ ਤੋਂ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਉਮੀਦ ਰਹੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਜਸਪ੍ਰੀਤ ਸਿੰਘ ਵਿੱਕੀ  ਓਬਰਾਏ ਨੇ ਕਿਹਾ ਕਿ ਇਸ  ਪੁਸਤਕ ਨੂੰ ਰਿਲੀਜ਼  ਕਰਕੇ ਉਨ੍ਹਾਂ ਨੂੰ  ਬੇਹੱਦ ਖੁਸ਼ੀ ਮਹਿਸੂਸ ਹੋਈ ਹੈ, ਕਿਉਂਕਿ ਇਸ  ਵਿੱਚ ਉਨ੍ਹਾਂ ਕਲਾਕਾਰਾਂ  ਬਾਰੇ ਲਿਖਿਆ ਗਿਆ ਹੈ, ਜਿਹੜੇ ਉਨ੍ਹਾਂ ਦੇ ਬੇਹੱਦ ਪਸੰਦੀਦਾ  ਰਹੇ ਹਨ।