ਭਾਰਤ ਤੇ ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਦੇ ਵਕਤ ਰਾਜਨੀਤੀ ਦਾ ਚੂਰਨ ਨਹੀਂ ਧੂੜਨਾ ਚਾਹੀਦਾ

0
136
ਜਤਿੰਦਰ ਪਨੂੰ

ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਜਾਂ ਸੰਸਾਰ ਦੀ, ਜਿਸ ਮੁਸੀਬਤ ਦਾ ਸਾਹਮਣਾ ਸਭ ਨੂੰ ਕਰਨਾ ਪੈ ਰਿਹਾ ਹੈ, ਏਦਾਂ ਦੀ ਮੁਸੀਬਤ ਪਹਿਲਾਂ ਕਦੇ ਮਨੁੱਖਤਾ ਦੇ ਇਤਹਾਸ ਵਿੱਚ ਆਈ ਨਹੀਂ ਸੁਣੀ ਗਈ। ਗੱਲ ਸਿਰਫ ਕੋਰੋਨਾ ਵਾਇਰਸ ਦੇ ਕਾਰਨ ਹੁੰਦੀਆਂ ਮੌਤਾਂ ਦੀ ਨਹੀਂ, ਸੰਸਾਰ ਦੇ ਇਤਹਾਸ ਵਿੱਚ ਇਹ ਵੀ ਕਦੇ ਨਹੀਂ ਵਾਪਰਿਆ ਕਿ ਇੱਕੋ ਵੇਲੇ ਧਰਤੀ ਦੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਸਿਰੇ ਤੱਕ ਹਰ ਦੇਸ਼ ਦੇ ਲੋਕ ਘਰਾਂ ਵਿੱਚ ਤੜੇ ਰਹਿਣ ਨੂੰ ਮਜਬੂਰ ਹੋਏ ਹੋਣ। ਪਿਛਲੇ ਸਮੇਂ ਵਿੱਚ ਜਦੋਂ ਵੀ ਕਦੇ ਮੁਸੀਬਤ ਪਈ, ਕੁਝ ਦੇਸ਼ਾਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਸਰਕਾਰਾਂ ਕਹਿੰਦੀਆਂ ਸਨ, ਪਰ ਸਮੁੱਚੇ ਸੰਸਾਰ ਵਿੱਚ ਕਿਸੇ ਥਾਂ ਲਾਕਡਾਊਨ ਤੇ ਕਿਸੇ ਥਾਂ ਕਰਫਿਊ, ਜਾਂ ਜਿੱਥੇ ਇਹ ਦੋਵੇਂ ਨਹੀਂ, ਓਥੇ ਬਾਹਲੀ ਲੋੜ ਤੋਂ ਬਿਨਾਂ ਘਰ ਤੋਂ ਨਾ ਨਿਕਲਣ ਦੀਆਂ ਹਦਾਇਤਾਂ ਕਦੇ ਨਹੀਂ ਸੀ ਸੁਣੀਆਂ ਗਈਆਂ। ਜਿਹੜੇ ਕੁਝ ਦੇਸ਼ ਆਪਣੇ ਲੋਕਾਂ ਨੂੰ ਖੁੱਲ੍ਹ ਵੀ ਦੇ ਰਹੇ ਹਨ, ਉਹ ਚੋਰਾਂ ਵਾਂਗ ਮੂੰਹ ਢੱਕ ਕੇ ਰੱਖਣ ਨੂੰ ਕਹਿੰਦੇ ਹਨ ਤੇ ਇਹ ਗੱਲ ਉਹ ਦੇਸ਼ ਵੀ ਕਹਿਣ ਨੂੰ ਮਜਬੂਰ ਹਨ, ਜਿਹੜੇ ਕੱਲ੍ਹ ਤੱਕ ਮੂੰਹ ਨੰਗਾ ਰੱਖਣ ਲਈ ਨਕਾਬ, ਹਿਜਾਬ ਜਾਂ ਬੁਰਕੇ ਦਾ ਵਿਰੋਧ ਕਰਦੇ ਸਨ। ਮੁਸ਼ਕਲ ਵਧ ਗਈ ਤਾਂ ਏਥੋਂ ਤੱਕ ਵੀ ਕਹਿਣਾ ਪੈ ਗਿਆ ਕਿ ਕਿਸੇ ਨਾਲ ਨਾ ਹੱਥ ਮਿਲਾਉ, ਨਾ ਗਲ ਲੱਗ ਕੇ ਮਿਲੋ ਅਤੇ ਆਪਣੇ ਲੋਕਾਂ ਨਾਲ ਵੀ ਕੁਝ ਫਾਸਲਾ ਰੱਖ ਕੇ ਬੋਲਿਆ ਤੇ ਬੈਠਿਆ ਕਰੋ। ਪਤੀ-ਪਤਨੀ ਦੋਵੇਂ ਜਣੇ ਸਕੂਟਰ ਜਾਂ ਮੋਟਰ ਸਾਈਕਲ ਉੱਤੇ ਕਿਤੇ ਇਕੱਠੇ ਨਹੀਂ ਜਾ ਸਕਦੇ ਅਤੇ ਵਿਆਹ ਜਾਂ ਮਰਗ ਦੇ ਮੌਕੇ ਕੋਈ ਕਿਸੇ ਨਾਲ ਜਾਣ ਜੋਗਾ ਨਹੀਂ ਰਿਹਾ। ਹਾਲਤ ਇਹ ਹੈ ਕਿ ਬਾਹਰ ਦਿਆਂ ਦੀ ਗੱਲ ਛੱਡੋ, ਕਿਸੇ ਹੋਮ ਡਿਲਿਵਰੀ ਵਾਲੇ ਤੋਂ ਕਿਸੇ ਨੇ ਕੀ ਲੈਣਾ, ਆਪਣੇ ਘਰ ਦੇ ਲੋਕਾਂ ਕੋਲੋਂ ਕੋਈ ਚੀਜ਼ ਫੜਨ ਵੇਲੇ ਵੀ ਬੰਦੇ ਦੇ ਮਨ ਦੀ ਕਿਸੇ ਨੁੱਕਰ ਵਿੱਚ ਸਹਿਮ ਦੀ ਬਿਜਲੀ ਲਿਸ਼ਕਣ ਲੱਗ ਜਾਂਦੀ ਹੈ।
ਇਹ ਅਸਲੋਂ ਅਲੋਕਾਰ ਹਾਲਾਤ ਹਨ। ਇਨ੍ਹਾਂ ਦੀ ਮਾਰ ਹੇਠ ਮਨੁੱਖਤਾ ਨੂੰ ਜਦੋਂ ਦਿਨ ਕੱਟਣੇ ਪੈਣੇ ਹਨ ਤਾਂ ਦਿਮਾਗ ਇਹ ਕਹਿੰਦਾ ਹੈ ਕਿ ਹਰ ਗੱਲ ਜਿਵੇਂ ਕਹੀ ਜਾਵੇ, ਮੰਨੀ ਜਾਵੋ, ਪਰ ਮਨ ਕਹਿੰਦਾ ਹੈ ਕਿ ਫਿਰ ਜ਼ਿੰਦਗੀ ਤਾਂ ਜ਼ਿੰਦਗੀ ਕੋਈ ਨਹੀਂ ਰਹਿਣੀ, ਇਹ ਤਾਂ ਦਿਨ ਪੂਰੇ ਕਰਨ ਵਾਲੀ ਗੱਲ ਹੋ ਜਾਵੇਗੀ। ਇਹ ਵੀ ਸੱਚਾਈ ਹੈ। ਹਾਲਾਤ ਦਾ ਜਦੋਂ ਕਿਸੇ ਕਿਸਮ ਦਾ ਕੋਈ ਤੋੜ ਹੀ ਨਹੀਂ ਦਿੱਸਦਾ ਤਾਂ ਮਨ ਕੌੜਾ ਕਰੀਏ ਜਾਂ ਨਾ, ਇਸ ਨੂੰ ਪ੍ਰਵਾਨ ਕਰਨਾ ਪੈਣਾ ਹੈ।
ਸਾਡੇ ਸਾਹਮਣੇ ਦੁਨੀਆ ਦਾ ਪਿਛਲੇ ਤਿੰਨ ਮਹੀਨਿਆਂ ਦਾ ਤਜਰਬਾ ਬਹੁਤ ਕਾਫੀ ਹੈ। ਜਿਹੜੇ ਦੇਸ਼ਾਂ ਵਿੱਚ ਲੋਕ ਹਰ ਗੱਲ ਵਿੱਚ ਬੰਧੇਜ ਨੂੰ ਮੰਨਦੇ ਗਏ, ਸਰਕਾਰੀ ਹਦਾਇਤਾਂ ਅਤੇ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ, ਉਨ੍ਹਾਂ ਦੇਸ਼ਾਂ ਵਿੱਚ ਇਹ ਬਿਮਾਰੀ ਬਹੁਤੀ ਨਹੀਂ ਵਧੀ ਤੇ ਮੌਤਾਂ ਵੀ ਘੱਟ ਹੋਈਆਂ ਹਨ, ਪਰ ਜਿਹੜੇ ਦੇਸ਼ਾਂ ਦੇ ਹਾਕਮਾਂ ਨੇ ਪਾਬੰਦੀਆਂ ਲਾਉਣ ਵਿੱਚ ਦੇਰੀ ਕੀਤੀ ਅਤੇ ਲੋਕਾਂ ਵੀ ਪੂਰੀ ਗੰਭੀਰਤਾ ਨਹੀਂ ਵਿਖਾਈ, ਉਨ੍ਹਾਂ ਨੂੰ ਭੁਗਤਣਾ ਪਿਆ ਹੈ। ਚੀਨ ਵਿੱਚ ਜਦੋਂ ਇਸ ਬਿਮਾਰੀ ਦਾ ਪਹਿਲੀ ਵਾਰ ਉਛਾਲਾ ਆਇਆ ਸੀ, ਉਹ ਇੱਕੋ ਝਟਕੇ ਨਾਲ ਸਮੁੱਚੇ ਇਲਾਕੇ ਨੂੰ ਲਾਕਡਾਊਨ ਕਰ ਕੇ ਫਿਰ ਇੱਕੋ ਮਹੀਨੇ ਵਿੱਚ ਇਸ ਨੂੰ ਰੋਕ ਲਾਉਣ ਵਿੱਚ ਸਫਲ ਹੋ ਗਿਆ, ਪਰ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦੇ ਅਫਸਰ ਕਹਿੰਦੇ ਹਨ ਕਿ ਅਸੀਂ ਬਾਰਾਂ ਵਾਰੀ ਇਸ ਬਾਰੇ ਦੱਸਿਆ ਸੀ, ਕਿਸੇ ਚਿੰਤਾ ਨਹੀਂ ਕੀਤੀ। ਓਥੇ ਲਾਪਰਵਾਹੀ ਨੂੰ ਭੁਗਤਣਾ ਪੈ ਗਿਆ ਹੈ। ਸਾਰੀ ਦੁਨੀਆ ਦੇ ਜਿੰਨੇ ਲੋਕ ਕੋਰੋਨਾ ਨਾਲ ਮਾਰੇ ਗਏ ਹਨ, ਚੌਥੇ ਹਿੱਸੇ ਤੋਂ ਵੱਧ ਇਕੱਲੇ ਅਮਰੀਕਾ ਵਿੱਚ ਏਸੇ ਲਈ ਮਾਰੇ ਗਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੇਲੇ ਸਿਰ ਸੁੱਤਾ ਨਹੀਂ ਜਾਗਿਆ। ਇਟਲੀ ਨੇ ਵੀ ਚੀਨ ਵਿੱਚ ਕੋਰੋਨਾ ਦੇ ਉਛਾਲੇ ਤੇ ਉਸ ਦੇ ਵੂਹਾਨ ਸ਼ਹਿਰ ਨਾਲ ਆਪਣੇ ਲੋਂਬਾਰਡੀ ਸ਼ਹਿਰ ਦੇ ਸਰਗਰਮ ਆਵਾਜਾਈ ਦੇ ਸੰਬੰਧਾਂ ਦੇ ਬਾਵਜੂਦ ਵੇਲੇ ਸਿਰ ਉਹ ਕੁਝ ਨਹੀਂ ਕੀਤਾ, ਜਿਹੜਾ ਖੜੇ ਪੈਰ ਕਰਨਾ ਸੀ। ਇੰਜ ਹੀ ਵਕਤੋਂ ਖੁੰਝੇ ਦੇਸ਼ਾਂ ਵਾਲੀਆਂ ਹੋਰ ਸਰਕਾਰਾਂ ਦੇ ਲੋਕਾਂ ਨਾਲ ਹੋਇਆ ਹੈ। ਲੰਘਿਆ ਵਕਤ ਕਦੇ ਹੱਥ ਤਾਂ ਨਹੀਂ ਆਉਂਦਾ ਹੁੰਦਾ।
ਅਸੀਂ ਭਾਰਤ ਦੇ ਲੋਕ ਇਸ ਗੱਲੋਂ ਬਚੇ ਹੋਏ ਹਾਂ ਤੇ ਹਜ਼ਾਰ ਸਿਆਸੀ ਅਤੇ ਸਿਧਾਂਤਕ ਮੱਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵੇਲੇ ਸਿਰ ਵਿਦੇਸ਼ ਤੋਂ ਆਉਂਦੇ ਰਾਹ ਬੰਦ ਕਰਨ ਦਾ ਸਖਤ ਫੈਸਲਾ ਕਰ ਲਿਆ ਤੇ ਦੇਸ਼ ਵਿੱਚ ਆਵਾਜਾਈ ਰੋਕਣ ਲਈ ਲਾਕਡਾਊਨ ਵੇਲੇ ਸਿਰ ਕਰ ਦਿੱਤਾ ਸੀ। ਸੰਸਾਰ ਦਾ ਰਿਕਾਰਡ ਦੱਸਦਾ ਹੈ ਕਿ ਅਮਰੀਕਾ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਇਸ ਮੁਸੀਬਤ ਦੀ ਸ਼ੁਰੂਆਤ ਲਗਭਗ ਇੱਕੋ ਵਕਤ ਹੋਈ ਸੀ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਤੀਹ ਜਨਵਰੀ ਨੂੰ ਪਹਿਲੇ ਕੇਸ ਦੀ ਹੋਂਦ ਮੰਨੀ ਸੀ ਤੇ ਪੋਸਟ ਮਾਰਟਮ ਦੀਆਂ ਬਾਅਦ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਪਹਿਲੀ ਮੌਤ ਇਸ ਦੇਸ਼ ਵਿੱਚ ਛੇ ਫਰਵਰੀ ਨੂੰ ਹੋਈ ਸਮਝੀ ਜਾਂਦੀ ਹੈ। ਭਾਰਤ ਵਿੱਚ ਵੀ ਪਹਿਲੇ ਕੋਰੋਨਾ ਕੇਸ ਦੀ ਹੋਂਦ ਤੀਹ ਜਨਵਰੀ ਨੂੰ ਪਤਾ ਲੱਗੀ, ਪਰ ਪਹਿਲੀ ਮੌਤ ਤੇਰਾਂ ਮਾਰਚ ਨੂੰ ਕਰਨਾਟਕਾ ਰਾਜ ਵਿੱਚ ਹੋਈ ਸੀ, ਜਦੋਂ ਤੱਕ ਅਮਰੀਕਾ ਦੇ ਬਾਈ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਦਾ ਸਿੱਧਾ ਅਰਥ ਹੈ ਕਿ ਭਾਰਤ ਸਰਕਾਰ ਦੇ ਵੇਲੇ ਸਿਰ ਚੁੱਕੇ ਗਏ ਕਦਮਾਂ ਨੇ ਅਸਰ ਵਿਖਾਇਆ ਸੀ ਅਤੇ ਇਹੋ ਕਾਰਨ ਹੈ ਕਿ ਭਾਰਤ ਦੇ ਨਾਲ ਕੇਸਾਂ ਦਾ ਮੁੱਢ ਬੱਝਣ ਦੇ ਬਾਵਜੂਦ ਅੱਜ ਅਮਰੀਕਾ ਵਿੱਚ ਸੱਤਰ ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਤੇ ਭਾਰਤ ਵਿੱਚ ਅਜੇ ਤੱਕ ਬਾਰਾਂ ਸੌ ਤੋਂ ਕੁਝ ਉੱਪਰ ਹੋਈਆਂ ਹਨ। ਇਸ ਦਾ ਸਿਹਰਾ ਅਸੀਂ ਸਿਰਫ ਸਰਕਾਰ ਨੂੰ ਨਹੀਂ, ਲੋਕਾਂ ਨੂੰ ਵੀ ਦੇਣਾ ਚਾਹਾਂਗੇ, ਜਿਨ੍ਹਾਂ ਨੇ ਕਈ ਤੰਗੀਆਂ ਸਹਾਰ ਕੇ ਵੀ ਸਰਕਾਰ ਦੇ ਸਾਰੇ ਕਦਮਾਂ ਦਾ ਸਾਥ ਦਿੱਤਾ ਹੈ।
ਇਹੋ ਗੱਲ ਪੰਜਾਬ ਦੇ ਕੇਸ ਵਿੱਚ ਕਹਿਣੀ ਪੈਂਦੀ ਹੈ। ਮੱਤਭੇਦ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨਾਲ ਵੀ ਹਰ ਕਿਸੇ ਦੇ ਹੋ ਸਕਦੇ ਹਨ, ਪਰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਵਿੱਚ ਰਾਜ ਸਰਕਾਰ ਦੀ ਭੂਮਿਕਾ ਅਤੇ ਪੰਜਾਬ ਦੇ ਲੋਕਾਂ ਦਾ ਸਹਿਯੋਗ ਵੀ ਸਿੱਟੇ ਕੱਢਣ ਵਾਲਾ ਰਿਹਾ ਹੈ। ਜਿਵੇਂ ਦੇਸ਼ ਦੇ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵਤ ਦੇਸ਼ ਅਮਰੀਕਾ ਨਾਲ ਤੁਲਨਾ ਕੀਤਿਆਂ ਸਮੁੱਚਾ ਨਕਸ਼ਾ ਸਾਫ ਹੁੰਦਾ ਹੈ, ਇਵੇਂ ਹੀ ਭਾਰਤ ਵਿੱਚ ਸਾਰਿਆਂ ਤੋਂ ਵੱਧ ਪ੍ਰਭਾਵਤ ਰਾਜ ਮਹਾਰਾਸ਼ਟਰ ਨਾਲ ਪੰਜਾਬ ਦੀ ਤੁਲਨਾ ਕੀਤੀ ਤਾਂ ਗੱਲ ਸਮਝ ਪੈਂਦੀ ਹੈ। ਮਹਾਰਾਸ਼ਟਰ ਵਿੱਚ ਪਹਿਲੀ ਮੌਤ ਸਤਾਰਾਂ ਮਾਰਚ ਨੂੰ ਹੋਈ ਸੀ ਅਤੇ ਇਸ ਤੋਂ ਇੱਕ ਦਿਨ ਬਾਅਦ ਨਵਾਂ ਸ਼ਹਿਰ ਜ਼ਿਲੇ ਦੇ ਪਠਲਵਾ ਪਿੰਡ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਪੰਜਾਬ ਵਿੱਚ ਪਹਿਲੀ ਸੀ। ਸਾਫ ਹੈ ਕਿ ਦੋਵਾਂ ਰਾਜਾਂ ਨੂੰ ਇਕੱਠੀ ਮਾਰ ਪੈਣੀ ਸ਼ੁਰੂ ਹੋਈ, ਪਰ ਮਹਾਰਾਸ਼ਟਰ ਵਿੱਚ ਅੱਜ ਤੱਕ ਪੌਣੇ ਪੰਜ ਸੌ ਮੌਤਾਂ ਹੋ ਚੁੱਕੀਆਂ ਹਨ, ਪਰ ਪੰਜਾਬ ਵਿੱਚ ਇਸ ਵੇਲੇ ਤੱਕ ਵੀਹ ਮੌਤਾਂ ਤੋਂ ਮਾਰ ਅੱਗੇ ਨਹੀਂ ਵਧ ਸਕੀ। ਪਹਿਲੀ ਪਠਲਾਵੇ ਵਾਲੀ ਮੌਤ ਹੋਣ ਪਿੱਛੋਂ ਸਾਰੇ ਰਾਜ ਦੇ ਲੋਕਾਂ ਨੂੰ ਇਸ ਗੱਲ ਨਾਲ ਚਿੰਤਾ ਹੋ ਗਈ ਕਿ ਉਸ ਦੇ ਘਰ ਦੇ ਕੁਝ ਲੋਕ ਵੀ ਇਸ ਬਿਮਾਰੀ ਤੋਂ ਪ੍ਰਭਾਵਤ ਨਿਕਲੇ ਸਨ ਤੇ ਨਾਲ ਦੇ ਹੁਸ਼ਿਆਰਪੁਰ ਜ਼ਿਲੇ ਦੇ ਕੁਝ ਪਿੰਡਾਂ ਦੇ ਲੋਕਾਂ ਤੱਕ ਵੀ ਮਾਰ ਪਹੁੰਚੀ ਦੱਸੀ ਜਾਂਦੀ ਸੀ। ਬਾਅਦ ਵਿੱਚ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਦੋਵਾਂ ਜ਼ਿਲਿਆਂ ਵੱਲ ਸਾਰੀ ਤਾਕਤ ਝੋਕ ਕੇ ਇਸ ਤਰ੍ਹਾਂ ਕੰਮ ਕੀਤਾ ਗਿਆ ਕਿ ਉਨ੍ਹਾਂ ਵਿੱਚ ਬਿਮਾਰੀ ਅੱਗੇ ਨਹੀਂ ਵਧਣ ਦਿੱਤੀ ਗਈ ਤੇ ਜਿੰਨੇ ਬਾਕੀ ਜ਼ਿਲਿਆਂ ਵਿੱਚ ਇਸ ਦੀ ਲਾਗ ਪਹੁੰਚੀ ਸੀ, ਓਥੇ ਵੀ ਇਨ੍ਹਾਂ ਦੋ ਜ਼ਿਲਿਆਂ ਦਾ ਤਜਰਬਾ ਕੰਮ ਆਇਆ ਸੀ। ਚਿੰਤਾ ਤੋਂ ਬਾਹਰ ਅਜੇ ਵੀ ਪੰਜਾਬ ਨਹੀਂ ਕਿਹਾ ਜਾ ਸਕਦਾ, ਪਰ ਦੂਸਰਿਆਂ ਵਾਲਾ ਮਾੜਾ ਹਾਲ ਨਹੀਂ ਹੋਇਆ।
ਅਸੀਂ ਜਦੋਂ ਇਹ ਕਹਿ ਰਹੇ ਹਾਂ ਕਿ ਭਾਰਤ ਦੀ ਤੇ ਪੰਜਾਬ ਦੀ ਸਰਕਾਰ ਨੇ ਆਹ ਕਦਮ ਠੀਕ ਚੁੱਕੇ ਤੇ ਇਨ੍ਹਾਂ ਨਾਲ ਬਚਾਅ ਹੋਇਆ ਹੈ ਤਾਂ ਇਹ ਵੀ ਨਾਲ ਕਹਿੰਦੇ ਹਾਂ ਕਿ ਲੋਕਾਂ ਨੇ ਰਾਜਨੀਤਕ ਵਲਗਣਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਕਦਮਾਂ ਲਈ ਕੇਂਦਰ ਅਤੇ ਰਾਜ ਸਰਕਾਰ ਦਾ ਸਾਥ ਦਿੱਤਾ ਹੈ। ਮਾੜੀ ਗੱਲ ਇਹ ਹੋਈ ਹੈ ਕਿ ਇਹੋ ਜਿਹੇ ਮੌਕੇ ਵੀ ਰਾਜਸੀ ਆਗੂ ਆਪਣੀਆਂ ਆਦਤਾਂ ਨਹੀਂ ਸਨ ਛੱਡ ਸਕੇ। ਸਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਦਿਨ ਸਾਰੇ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਅੱਗੇ ਜਾਂ ਛੱਤਾਂ ਤੇ ਬਾਲਕੋਨੀਆਂ ਵਿੱਚ ਖੜੋ ਕੇ ਤਾੜੀਆਂ ਵਜਾਉਣ ਨੂੰ ਕਿਹਾ ਸੀ। ਜਿਨ੍ਹਾਂ ਨੂੰ ਠੀਕ ਲੱਗਾ, ਉਹ ਲੋਕ ਤਾੜੀਆਂ ਮਾਰਦੇ ਰਹੇ, ਬਾਕੀ ਨਾਲ ਨਹੀਂ ਸਨ ਰਲੇ, ਪਰ ਵਿਰੋਧ ਕਿਸੇ ਨਹੀਂ ਸੀ ਕੀਤਾ। ਫਿਰ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਇੱਕ ਦਿਨ ਸਾਰੇ ਲੋਕ ਘਰਾਂ ਅੱਗੇ ਦੀਵੇ ਜਗਾਉਣ। ਕਈ ਲੋਕ ਇਸ ਲਈ ਵੀ ਤਿਆਰ ਹੋ ਗਏ ਤੇ ਬਾਕੀਆਂ ਨੇ ਨਹੀਂ ਸੀ ਜਗਾਏ, ਪਰ ਵਿਰੋਧ ਕਿਸੇ ਨੇ ਨਹੀਂ ਕੀਤਾ। ਫਿਰ ਪੰਜਾਬ ਦੀ ਰਾਜਨੀਤੀ ਨੇ ਨਵਾਂ ਰੰਗ ਵਿਖਾ ਦਿੱਤਾ। ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਹੈ ਅਤੇ ਇਸ ਦੇ ਜੀ ਐੱਸ ਟੀ ਬਕਾਏ ਦੀ ਚਾਰ ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਦੱਬੀ ਬੈਠੀ ਹੈ। ਇਸ ਬਾਰੇ ਰੋਸ ਕੀਤਾ ਜਾਣਾ ਠੀਕ ਸੀ। ਹੋਇਆ ਇਹ ਕਿ ਪੰਜਾਬ ਕਾਂਗਰਸ ਨੇ ਇਸ ਰੋਸ ਲਈ ਲੋਕਾਂ ਨੂੰ ਘਰਾਂ ਉੱਤੇ ਤਿਰੰਗੇ ਝੰਡੇ ਝੁਲਾਉਣ ਦਾ ਸੱਦਾ ਦਿੱਤਾ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਵਰਤ ਰੱਖਣ ਵਾਸਤੇ ਐਲਾਨ ਕਰ ਦਿੱਤਾ। ਇਸ ਪਿੱਛੋਂ ਵੇਖੋ-ਵੇਖੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਪ੍ਰੋਗਰਾਮ ਦੇ ਦਿੱਤਾ। ਜਦੋਂ ਪ੍ਰਧਾਨ ਮੰਤਰੀ ਦੇ ਕਹਿਣ ਉੱਤੇ ਕਿਸੇ ਨੇ ਵਿਰੋਧ ਨਹੀਂ ਸੀ ਕੀਤਾ ਤਾਂ ਪੰਜਾਬ ਵਿੱਚ ਵੀ ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ, ਜਿਸ ਨੇ ਮੰਨਣਾ ਸੀ, ਮੰਨ ਲੈਂਦਾ ਤੇ ਬਾਕੀ ਲੋਕ ਘਰੀਂ ਬੈਠੇ ਰਹਿੰਦੇ, ਪਰ ਇਹ ਨੌਬਤ ਦੋ ਕਾਰਨਾਂ ਕਰ ਕੇ ਆਈ ਹੈ। ਪਹਿਲਾ ਇਹ ਕਿ ਪੰਜਾਬ ਦੇ ਭਾਜਪਾ ਆਗੂਆਂ ਨੂੰ ਜਾਪਦਾ ਸੀ ਕਿ ਇਸ ਤਰ੍ਹਾਂ ਵਿਰੋਧ ਕਰ ਕੇ ਅਸੀਂ ਪਾਰਟੀ ਤੇ ਪ੍ਰਧਾਨ ਮੰਤਰੀ ਦੀ ਨਜ਼ਰ ਵਿੱਚ ਉੱਪਰ ਉੱਠ ਸਕਦੇ ਹਾਂ। ਦੂਸਰੀ ਗੱਲ ਵਿੱਚ ਕਾਂਗਰਸ ਪਾਰਟੀ ਤੋਂ ਗਲਤੀ ਹੋਈ ਸੀ। ਜਿਹੜਾ ਧੱਕਾ ਉਹ ਪੰਜਾਬ ਨਾਲ ਕਹਿ ਰਹੇ ਹਨ, ਉਹ ਸਿਰਫ ਪੰਜਾਬ ਦੇ ਕਾਂਗਰਸੀਆਂ ਨਾਲ ਨਹੀਂ, ਸਾਰੇ ਰਾਜ ਦੇ ਲੋਕਾਂ ਨਾਲ ਹੋ ਰਿਹਾ ਹੈ, ਇਸ ਲਈ ਇਹੋ ਜਿਹਾ ਰੋਸ ਪ੍ਰਗਟਾਵਾ ਕਰਨ ਦਾ ਐਲਾਨ ਕਾਂਗਰਸ ਪਾਰਟੀ ਵੱਲੋਂ ਨਹੀਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੋਣਾ ਚਾਹੀਦਾ ਸੀ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਤੇ ਅਮਲ ਵਿੱਚ ਅਜੇ ਵੀ ਹੋਰ ਵਿਰੋਧੀ ਧਿਰਾਂ ਤੋਂ ਵੱਡੇ ਜਾਪਦੇ ਅਕਾਲੀ ਦਲ ਦੇ ਆਗੂਆਂ ਨਾਲ ਗੱਲ ਕਰ ਲੈਂਦੇ, ਬਾਕੀ ਪਾਰਟੀਆਂ ਨੂੰ ਵੀ ਭਰੋਸੇ ਵਿੱਚ ਲੈਣ ਦਾ ਯਤਨ ਕਰਦੇ ਤੇ ਫਿਰ ਇਹੋ ਸੱਦਾ ਜਦੋਂ ਮੁੱਖ ਮੰਤਰੀ ਵੱਲੋਂ ਹੁੰਦਾ ਤਾਂ ਹਮਾਇਤ ਵਿੱਚ ਝੰਡੇ ਝੁਲਾਏ ਜਾਂਦੇ ਜਾਂ ਨਾ, ਵਿਰੋਧ ਦਾ ਕੋਈ ਕਾਰਨ ਨਹੀਂ ਸੀ ਹੋਣਾ। ਕਰਫਿਊ ਲਾਉਣ ਦਾ ਵਿਰੋਧ ਜਦੋਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਤੇ ਭਾਜਪਾ ਦੋਵਾਂ ਨੇ ਨਹੀਂ ਕੀਤਾ ਤੇ ਸਰਬ ਪਾਰਟੀ ਮੀਟਿੰਗ ਵੇਲੇ ਕਮਿਊਨਿਸਟਾਂ ਸਮੇਤ ਸਾਰੀਆਂ ਧਿਰਾਂ ਨੇ ਵੀ ਸਰਕਾਰ ਦੇ ਕਦਮਾਂ ਦੀ ਹਮਾਇਤ ਕੀਤੀ ਸੀ ਤਾਂ ਇਸ ਕਦਮ ਵੇਲੇ ਵੀ ਉਨ੍ਹਾਂ ਦੀ ਹਮਾਇਤ ਲਈ ਜਾ ਸਕਦੀ ਸੀ। ਕਾਂਗਰਸ ਪਾਰਟੀ ਵੱਲੋਂ ਇਸ ਸੱਦੇ ਨਾਲ ਬੇਲੋੜਾ ਵਿਵਾਦ ਖੜਾ ਹੋ ਗਿਆ ਹੈ।
ਜੋ ਵੀ ਹੋਇਆ ਹੋਵੇ, ਅਸੀਂ ਇੱਕ ਵਾਰ ਫਿਰ ਇਹ ਕਹਾਂਗੇ ਕਿ ਰਾਜਨੀਤੀ ਅਤੇ ਇਸ ਦੇ ਬਖੇੜੇ ਆਪਣੀ ਥਾਂ ਹਨ ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਦਾ ਮਾਮਲਾ ਵੱਖਰਾ ਹੈ। ਇਸ ਪੱਖੋਂ ਅੱਜ ਤੱਕ ਜਿੰਨਾ ਅਤੇ ਜਿਹੋ ਜਿਹਾ ਵੀ ਕੰਮ ਹੋਇਆ ਹੈ, ਉਹ ਕੇਂਦਰ ਸਰਕਾਰ ਨੇ ਕੀਤਾ ਤਾਂ ਭਾਰਤ ਦਾ ਬਚਾਅ ਹੋਇਆ ਤੇ ਪੰਜਾਬ ਸਰਕਾਰ ਨੇ ਪੰਜਾਬ ਦਾ ਬਚਾਅ ਕੀਤਾ ਹੈ, ਪਰ ਸਭ ਕੁਝ ਕਰ ਕੇ ਇਸ ਉੱਤੇ ਰਾਜਨੀਤੀ ਦਾ ਚੂਰਨ ਨਹੀਂ ਸੀ ਧੂੜਿਆ ਜਾਣਾ ਚਾਹੀਦਾ।