ਨਾਨਕ ਐਸਾ ਆਗੂ ਜਾਪੈ

0
598


ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾਂ
ਕਦੀ ਕਦਾਈਂ ਕਾਲਜਾਂ ਦੇ ਵਿਦਿਆਰਥੀ ਆਪਣੀਆਂ ਕੁੱਝ ਨਿਗੁਣੀਆਂ ਜਿਹੀਆਂ ਮੰਗਾਂ ਨੂੰ ਲੈ ਕੇ, ਪ੍ਰਬੰਧਕਾਂ ਵਿਰੁੱਧ ਹੜਤਾਲ ਕਰ ਦਿੰਦੇ ਹਨ। ਹੜਤਾਲ ਨੂੰ ਗਰਮਾਉਣ ਲਈ ਕਾਲਜ ਦਾ ਫ਼ਰਨੀਚਰ ਤੇ ਇਮਾਰਤ ਦੇ ਸ਼ੀਸ਼ੇ ਤੋੜ ਦਿੱਤੇ ਜਾਂਦੇ ਹਨ। ਪ੍ਰਬੰਧਕ ਪੁਲਿਸ ਸੱਦ ਲੈਂਦੇ ਹਨ। ਆਉਂਦਿਆਂ ਹੀ ਪੁਲਿਸ ਵਾਲੇ ਜਿਹੜਾ ਪਹਿਲਾ ਕੰਮ ਕਰਦੇ ਹਨ ਉਹ ਹੈ ਲਾਠੀ-ਚਾਰਜ ਤੇ ਗੋਲੀ…। ਭਗਦੜ ਮੱਚ ਜਾਂਦੀ ਹੈ, ਜਿੱਧਰ ਕਿਸੇ ਨੂੰ ਰਾਹ ਲੱਭੇ ਨੱਸ ਉੱਠਦਾ ਹੈ। ਕਈ ਮੁਜ਼ਾਹਰਾਕਾਰੀ ਫੱਟੜ ਕਈ ਗ੍ਰਿਫਤਾਰ, ਕਈ ਹਸਪਤਾਲ, ਕਈ ਜੇਲ। ਮੁਕੱਦਮੇ ਦਰਜ਼, ਪੜ੍ਹਾਈ ਖ਼ਤਮ, ਮਾਤਾ-ਪਿਤਾ ਦੀ ਨੱਸ-ਭੱਜ। ਕੁੱਝ ਦਿਨਾਂ ਤੋਂ ਬਾਅਦ ਵਿਦਿਆਰਥੀ ਲੀਡਰਾਂ ਦੇ ਅਖ਼ਬਾਰ ਵਿਚ ਬਿਆਨ ਛੱਪਦੇ ਹਨ:- “ਸਾਡੇ ਸਾਰੇ ਫੜੇ ਗਏ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕਰੋ, ਦਰਜ਼ ਕੀਤੇ ਝੂਠੇ ਮੁਕੱਦਮੇ ਵਾਪਸ ਲਵੋ। ਪੜ੍ਹਾਈ ਵਿਚ ਹੋਏ ਨੁਕਸਾਨ ਲਈ ਰਿਆਇਤਾਂ ਦਿਉ, ਇਮਤਿਹਾਨ ਲੇਟ ਕਰ ਦਿਉ…” ਜਿਨ੍ਹਾਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਸੀ ਉਹ ਸਭ ਵਿਸਰ ਗਈਆਂ। ਆਖ਼ਰੀ ਮੰਗ ਕੀ ਰਹਿ ਗਈ? ਗ੍ਰਿਫ਼ਤਾਰ ਵਿਦਿਆਰਥੀ ਰਿਹਾ ਕਰੋ।
ਇਹ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀ “ਨਿਆਣੇ” ਹਨ ਜੁਆਨੀ ਦਾ ਜੋਸ਼ ਹੈ, ਗ਼ਲਤੀਆਂ ਹੋ ਜਾਂਦੀਆਂ ਹਨ। ਲਉ “ਸਿਆਣਿਆਂ” ਦੀ ਕਰਤੂਤ ਵੱਲ ਝਾਤੀ ਮਾਰ ਲਉ।1947 ਤੋਂ ਬਾਅਦ ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ਬੜੇ ਮੋਰਚੇ ਲਾਏ, ਬਹੁਤ ਜ਼ੁਲਮ ਸਹੇ ਕੈਦਾਂ ਕਟੀਆਂ। 17-18 ਸਾਲ ਬਾਅਦ ਜੋ ਪੰਜਾਬੀ ਸੂਬਾ ਬਣਿਆ ਉਹ ਸਭ ਦੇ ਸਾਹਮਣੇ ਹੈ। ਫਿਰ ਹੋਰ ਰਹਿ ਗਈਆਂ ਮੰਗਾਂ ਬਾਰੇ ਮੋਰਚੇ ਲੱਗੇ, 1984 ਦਾ ਘੱਲੂਘਾਰਾ ਵਾਪਰਿਆ,ਹੋਰ ਉਤਰਾਅ-ਚੜਾਅ ਆਏ। ਅਕਾਲੀ ਸਰਕਾਰਾਂ ਆਈਆਂ ਤੇ ਗਈਆਂ…। ਬਹੁਤ ਲੰਮੀ ਅਣ-ਪਲਾਨਿੰਗ ਲੜਾਈ ਲੜਦਿਆਂ ਅਕਾਲੀ ਲੀਡਰ/ਵਰਕਰ ਥੱਕ ਕੇ ਚੂਰ ਹੋ ਗਏ। ਪੰਜਾਬ ਦੀਆਂ, ਸਿੱਖਾਂ ਦੀਆਂ ਉਹ ਸਾਰੀਆਂ ਮੰਗਾਂ ਭੁੱਲ-ਵਿਸਰ ਗਈਆਂ, ਜਿਨ੍ਹਾਂ ਦੀ ਪ੍ਰਾਪਤੀ ਵਾਸਤੇ ਨਾਅਰੇ ਤੇ ਮੋਰਚੇ ਲਾਉਂਦੇ ਸੀ। ਮੂਲਹੁਣ ਹਾਲਤ ਇਹ ਬਣ ਗਈ ਹੈ ਕਿ ਬਾਦਲ ਤੇ ਟੌਹੜੇ ਦੀ ਪਾਟੋਧਾੜ ਵਿੱਚ “ਪੰਥ” ਦੀ ਤਬਾਹੀ ਨਜ਼ਰ ਆਉਂਦੀ ਹੈ। ਇਨ੍ਹਾਂ ਦੋਹਾਂ ਦੀ ਏਕਤਾ ਵਿਚ ਹੀ “ਪੰੰਥ ਦੀ ਚੜ੍ਹਦੀ ਕਲਾ” ਦਿਸ ਰਹੀ ਹੈ।ਮੁੱਦੇ ਕਦੇ ਦੇ ਵਿਸਾਰ ਦਿੱਤੇ ਗਏ ਹਨ। ਧੰਨ ਸਿੱਖੀ।
ਚਲੋ ਜੀ ਛੱਡੋ ਇਨ੍ਹਾਂ ਨੂੰ, ਇਹ ਤਾਂ ਰਾਜਸੀ ਲੀਡਰ ਹਨ, ਇਹਨਾਂ ਦਾ ਧਰਮ ਤੇ ਰਾਜਨੀਤੀ ਗੱਡੇ ਦੇ ਦੋ ਬਲਦ ਹਨ, ਇਹ ਅਰਾਮਨਾਲ ਗੱਡੇ ਵਿਚ ਬੈਠੇ ਸ਼ਤਰੰਜ ਦੀਆਂ ਗੋਟੀਆਂ ਚਲ ਰਹੇ ਹਨ ਪਰ ਜੇ ਪੁੱਛ ਵੇਖੀਏ, ਮਹਾਂ ਪੁਰਖੋ ਤੁਹਾਡਾ ਰਾਜ ਕਿੱਥੇ ਹੈ? ਗੁਰਦੁਆਰੇ ਦੀ ਪ੍ਰਧਾਨਗੀ ਤੱਕ? ਤੁਹਾਡਾ ਧਰਮ ਕਿੱਥੇ ਹੈ? ਗੁਰੂ ਕੀ ਗੋਲਕ ਤੱਕ? ਕੀ ਇਹੋ ਹੀ ਧਰਮ ਤੇ ਰਾਜਨੀਤੀ ਹੈ? ਅਸਲ ਵਿਚ ਨਾ ਪੱਲੇ ਧਰਮ ਰਿਹਾ ਨਾ ਰਾਜ ਰਿਹਾ, ਕੇਵਲ ਸੁਪਨੇ ਵੇਖੇ ਜਾ ਰਹੇ ਹਨ।ਕੇਵਲ ਬੱਚਿਆਂ ਦੀ ਖੇਡ ਖੇਡੀ ਜਾ ਰਹੀ ਹੈ। ਕਦੀ ਵੇਖਿਆ ਜੇ 70-70 ਸਾਲ ਦੇ “ਬੱਚੇ” ਅਜਿਹੀ ਨੀਵੇਂ ਪੱਧਰ ਦੀ ਖੇਡ ਖੇਡਣ? ਧਰਮ ਦੇ ਨਾਮ ਤੇ, ਰਾਜ ਨੀਤੀ ਦੇ ਨਾਮ ਤੇ, ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ, ਬਹੁਤੀ ਵਾਰੀ ਗੁਰੂ ਦੀ ਹਜ਼ੂਰੀ ਵਿਚ ਹੀ…।
ਆਉ ਹੁਣ ਪੰਛੀ ਝਾਤ ਤਖ਼ਤਾਂ ਦੇ ਜਥੇਦਾਰਾਂ ਦੇ ਵਿਹੜੇ ਵਿਚ ਭੀ ਮਾਰ ਲਈਏ।
ਪਿਛਲੇ ਪੰਜ-ਛੇ ਸਾਲਾਂ ਤੋਂ ਸਾਡੇ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਬੈਠ ਕੇ ਜੋ ਜੱਗ ਹਸਾਈ ਇਨ੍ਹਾਂ ਜਥੇਦਾਰਾਂ ਨੇ ਕੀਤੀ ਹੈ, ਉਹ ਕਿਸੇ ਤੋਂ ਭੁੱਲੀ-ਵਿਸਰੀ ਨਹੀਂ। ਕਿਵੇਂ ਥੋਕ ਵਿਚ “ਹੁਕਮਨਾਮੇ” ਜਾਰੀ ਕੀਤੇ ਗਏ, ਕਿਵੇਂ ਵਿਰੋਧੀਆਂ ਨੂੰ ਪੰਥ ਵਿਚੋਂ ਛੇਕਿਆ ਗਿਆ। ਰਾਜਸੀ ਲੋਕਾਂ ਨੇ ਕਿਵੇਂ ਜਥੇਦਾਰਾਂ ਦੀ ਸੰਘੀ ਨੱਪ ਕੇ ਮਨ ਮਰਜੀ ਦੇ “ਹੁਕਮਨਾਮੇ” ਜਾਰੀ ਕਰਵਾਏ। ਜਿਹੜੇ ਰਾਜਸੀ ਲੋਕਾਂ ਨੂੰ ਰਾਸ ਆਉਂਦੇ ਸੀ, ਉਹ ਰੱਖ ਲਏ ਗਏ, ਬਾਕੀ ਵਾਪਸ ਕਰਵਾ ਦਿੱਤੇ। ਹੁਣ ਫੇਰ ਬਹੀ ਕੜ੍ਹੀ ਵਿਚ ਉਬਾਲ ਆਉਣ ਲੱਗਾ ਹੈ। ਭਾਈ ਰਣਜੀਤ ਸਿੰਘ ਵੱਲੋਂ 1999 ਵਿੱਚ ਜਾਰੀ ਕੀਤਾ ਗਿਆ “ਹੁਕਮਨਾਮਾ” ਪੰਜ ਸਾਲਾਂ ਪਿੱਛੋਂ ਮੰਨਣ ਵਾਸਤੇ, ਭੁੱਲ ਬਖ਼ਸ਼ਾਉਣ ਵਾਸਤੇ, ਰਾਜਸੀ ਲੋਕਾਂ ਨੇ ਫੇਰ ਡੁੱਗ-ਡੁੱਗੀ ਵਜਾ ਦਿੱਤੀ ਹੈ। ਤਖ਼ਤਾਂ ਦੇ ਜਥੇਦਾਰ ਫਿਰ ਮਦਾਰੀ ਦੇ ਨਕੇਲ ਪਾਏ ਰਿੱਛ ਵਾਂਗ ਨੱਚਣਗੇ, ਸਾਰਿਆਂ ਨੂੰ ਤਮਾਸ਼ਾ ਵਿਖਾਉਣਗੇ। ਬਾਦਲ ਟੌਹੜੇ ਦੀ ਏਕਤਾ ਨੂੰ ਪੰਥਕ ਏਕਤਾ ਦਾ ਜਾਹਲੀ ਸਰਟੀਫਿਟੇਕ ਦਿੱਤਾ ਜਾਵੇਗਾ।ਧੰਨ ਸਿੱਖੀ
“ਤਾਏ ਦੀ ਧੀ ਚੱਲੀ ਮੈਂ ਕਿਉਂ ਰਹਿ ਗਈ ਇਕੱਲੀ” ਦੇ ਕਥਨ ਮੁਤਾਬਕਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਤਖ਼ਤ ਦੇ ਜਥੇਦਾਰ ਨੇ, ਓਥੋਂ ਦੇ ਹੀ ਪ੍ਰਧਾਨ ਮਹਿੰਦਰ ਸਿੰਘ ਰੋਮਾਣਾ ਨੂੰ ,ਕੁੱਝ ਇਲਜ਼ਾਮ ਤਰਾਸੀ ਕਰਕੇ “ਹੁਕਮਨਾਮੇ” ਰਾਹੀਂ ਪੰਥ ਵਿਚੋਂ ਛੇਕ ਦਿੱਤਾ ਹੈ।ਕਿਉਂਕਿ ਰੋਮਾਣਾ ਜੀ ਨੇ ਕਥਿਤ ਤੌਰ ਤੇ ਦਸਮ ਗ੍ਰੰਥ ਦੇ ਵਿਰੁੱਧ ਮੰਦੇ ਸ਼ਬਦ ਵਰਤੇ ਸਨ। ਨਾਲ ਹੀ ਜਥੇਦਾਰ ਇਕਬਾਲ ਸਿੰਘ ਬਾਰੇ ਵੀ ਕੁੱਝ ਗ਼ਲਤ ਬਿਆਨ ਦਿੱਤੇ ਸਨ। ਬਿਲਕੁਲ ਠੀਕ ਕੀਤਾ ਹੈ ਭਾਈ ਇਕਬਾਲ ਸਿੰਘ ਨੇ, ਹੱਥ ਵਿਚ ਤਕੜਾ ਸੋਟਾ ਹੋਵੇ ਤੇ ਫਿਰ ਬੰਦਾ ਵਕਤ ਪੈਣ ਤੇ ਵਰਤੋਂ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ?ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪ੍ਰਵਾਨਿਤ “ਸਿੱਖ ਰਹਿਤ ਮਰਯਾਦਾ” ਵਿਚ ਸਾਫ਼ ਲਿਖਿਆ ਹੋਇਆ ਹੈ ਕਿ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਪੁਸਤਕ/ਗ੍ਰੰਥ ਨੂੰ ਅਸਥਾਪਨ/ਪ੍ਰਕਾਸ਼ਨ ਦੀ ਸਖ਼ਤ ਮਨਾਹੀ ਹੈ। ਲੰਮੇ ਅਰਸੇ ਤੋਂ ਉਨ੍ਹਾਂ ਥਾਵਾਂ ਤੇ (ਪਟਨਾ ਤੇ ਹਜ਼ੂਰ ਸਾਹਿਬ) ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਨੂੰ ਅਸਥਾਪਨ ਕੀਤਾ ਜਾ ਰਿਹਾ ਹੈ। ਪਾਠ ਹੋ ਰਿਹਾ ਹੈ ਅਤੇ ਹੋਰ ਅਣਗਿਣਤ ਗੁਰਮਤ ਤੋਂ ਉਲਟ ਕੰਮ ਹੋ ਰਹੇ ਹਨ।ਤਦੋਂ ਸਾਡੇ ਵੇਦਾਂਤੀ ਜੀ ਘੂਕ ਸੁੱਤੇ ਰਹੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਰਾਜਸੀ ਖੇਡਾਂ ਖੇਡਦੇ ਰਹੇ। ਹੁਣ ਜਦੋਂ ਪਟਨੇ ਤੋਂ ਹੁਕਮਨਾਮਾ ਜਾਰੀ ਹੋ ਗਿਆ ਹੈ ਤਾਂ ਇਨ੍ਹਾਂ ਨੇ ਸੁੱਤ ਉਨੀਂਦੇ ਜਿਹੇ ਵਿਚ ਉਬਾਸੀਆਂ ਲੈਣ ਵਾਂਗ ਬਿਆਨ ਦਾਗੇ ਹਨ।ਓ ਭਲੇ ਮਾਣਸੋ ਜੇ ਤੁਸੀਂ ਆਪਣੀ ਲੋੜ ਵਾਸਤੇ ਥੋਕ ਵਿਚ ਹੁਕਮਨਾਮੇ ਜਾਰੀ ਕਰ ਸਕਦੇ ਹੋ, ਜਥੇਦਾਰਾਂ ਨੂੰ ਥੋਕ ਵਿਚ ਬਦਲ ਸਕਦੇ ਹੋ, ਫਿਰ ਭਾਈ ਇਕਬਾਲ ਸਿੰਘ ਗ੍ਰੰਥੀ ਓਹੀ ਕੰਮ ਕਰ ਦਿੱਤਾ ਤਾਂ ਉਹ ਬੁਰਾ ਕਿਵੇਂ ਹੋਇਆ।
ਜਿਨ੍ਹਾਂ ਪਾਪ ਭਰੇ ਰਾਹਾਂ ਤੇ ਸਾਡੇ ਆਗੂ ਤੁਰ ਰਹੇ ਹਨ ਉਨ੍ਹਾਂ ਬਾਰੇ ਸਿੱਖ ਸਮਾਜ ਬਹੁਤ ਕੁੱਝ ਜਾਣ ਚੁੱਕਿਆ ਹੈ। ਕੁੱਝ ਹੋਰ ਦੀ ਮੋਟੀ ਜਿਹੀ ਜਾਣਕਾਰੀ ਹਾਜ਼ਰ ਹੈ: ਪੰਜਾਬ ਵਿਚ ਸਿੱਖ ਜੁਆਨੀ ਨਸ਼ਿਆਂ ਵਿਚ ਗ਼ਰਕ ਹੈ, ਪਤਿਤਪੁਣਾ ਸਿਖਰਾਂ ਛੋਹ ਰਿਹਾ ਹੈ, ਅਨਪੜ੍ਹਤਾ ਵਿਚ ਪੰਜਾਬ ਸਾਰੇ ਸੂਬਿਆਂ ਤੋਂ ਪਿੱਛੇ ਜਾ ਪਿਆ ਹੈ। ਅਕਾਲੀ ਦਲ ਦੀ “ਪੰਜਾਬ ਪਾਰਟੀ” ਬਣ ਚੁੱਕੀ ਹੈ।ਤਖ਼ਤਾਂ ਦੇ ਜਥੇਦਾਰ ਲਗਭਗ ਅਗੂੰਠਾ ਛਾਪ ਹੀ ਹਨ। ਸਿੱਖ ਸਮਾਜ ਮੜ੍ਹੀਆਂ-ਕਬਰਾਂ ਪੂਜਣ ਦੇ ਰਾਹ ਪੈ ਚੁੱਕਿਆ ਹੋਇਆ ਹੈ, ਮਨਮਤ ਦੀ ਭਰਮਾਰ ਹੈ, ਸਾਧ ਲਾਣਾ ਭੋਲੇ ਸਿੱਖਾਂ ਨੂੰ ਨਿਚੋੜ ਰਿਹਾ ਹੈ “ਕਾਰ ਸੇਵਾ” ਦੇ ਨਾਮ ਤੇ ਸਿੱਖ ਵਿਰਾਸਤ ਨੂੰ ਮਲੀਆ ਮੇਟ ਕੀਤਾ ਜਾ ਰਿਹਾ ਹੈ…। ਤੇ ਸਾਡੇ ਜਥੇਦਾਰ ਤੇ ਲੀਡਰ ਚੈਨ ਦੀ ਬੰਸਰੀ ਵਜਾ ਰਹੇ ਹਨ।ਅੱਧੇ ਤੋਂ ਵੱਧ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ ਹਨ, ਪਟਨੇ ਵਾਲਾ ਤਖ਼ਤ ਅਤੇ ਹੋਰ ਗੁਰਦੁਆਰੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਹਨ। ਨਾਦੇੜ (ਹਜ਼ੂਰ ਸਾਹਿਬ) ਕਮੇਟੀ ਅਲੱਗ ਹੈ। ਹਰਿਆਣੇ ਦੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਨਾਲੋਂ ਤੋੜ-ਵਿਛੋੜਾ ਕਰਨ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਵਿਚਲੇ ਗੁਰਧਾਮਾਂ ਲਈ ਸ਼੍ਰੋ. ਕਮੇਟੀ ਦਾ ਏਕਾ ਅਧਿਕਾਰ ਖੋਹ ਕੇ ਪਾਕਿਸਤਾਨ ਗੁ. ਕਮੇਟੀ ਵੱਖਰੀ ਬਣ ਚੁੱਕੀ ਹੈ। ਥਾਉਂ-ਥਾਈਂ ਨਿੱਜੀ ਮਲਕੀਅਤ ਵਾਲੇ ਡੇਰੇ ਗੁਰਦੁਆਰੇ ਧੜਾਧੜ ਉਸਰ ਰਹੇ ਹਨ। ਆਲ ਇੰਡੀਆ ਗੁਰਦੁਆਰਾ ਐਕਟ ਖੂਹਖਾਤੇ ਵਿਚ ਪੈ ਚੁੱਕਿਆ ਹੈ…ਤੇ ਸਾਡੇ ਸਤਿਕਾਰਯੋਗ ਜਥੇਦਾਰ ਗ਼ਫਲਤ ਦੀ ਨੀਂਦ ਵਿਚ ਘੂਕ ਸੁੱਤੇ ਹੋਏ ਹਨ। ਧੰਨ ਸਿੱਖੀ।
ਆਉ ਤਖ਼ਤਾਂ ਬਾਰੇ ਇੱਕ ਹੋਰ ਪਹਿਲੂ ਤੋਂ ਵਿਚਾਰ ਕਰੀਏ। ਛੇੇਵੇਂ ਨਾਨਕ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਬੁੱੰਗਾ (ਅੱਜ-ਕੱਲ ਅਕਾਲ ਤਖ਼ਤ) ਬਣਾਇਆ ਸੀ। ਇਸਦੇ ਢੇਰ ਸਾਰੇ ਸਬੂਤ ਪੁਰਾਤਨ ਇਤਿਹਾਸ ਵਿਚ ਪ੍ਰਾਪਤ ਹਨ। ਇਥੇ ਹੀ ਅਨੇਕ ਵਾਰ ਸਰਬੱਤ ਖ਼ਾਲਸਾ ਜੁੜਦਾ ਰਿਹਾ ਹੈ, ਫੈਸਲੇ ਹੁੰਦੇ ਰਹੇ ਹਨ। ਪਰ ਬਾਕੀਚਾਰ ਤਖ਼ਤਾਂ ਦੀ ਪੁਰਾਤਨਤਾ ਬਾਰੇ ਜਥੇਦਾਰ ਸਬੂਤਾਂ ਦੁਆਰਾ ਦੱਸਣ ਦੀ ਖੇਚਲ ਕਰਨਗੇ? ਕਦੀ ਉਨ੍ਹਾਂ ਤਖ਼ਤਾਂ ਤੇ ਸਰਬੱਤ ਖਾਲਸਾ ਜੁੜਿਆ? ਕਦੀ ਹੁਕਮਨਾਮੇ ਜਾਰੀ ਕੀਤੇ ਗਏ? ਕੀ ਉਨ੍ਹਾਂ ਨੂੰ ਤਖ਼ਤ ਮੰਨਿਆ ਜਾ ਸਕਦਾ ਹੈ? ਬਹੁਤ ਪੁਰਾਣੀ ਗੱਲ ਨਹੀਂ ਹੈ “ਤਲਵੰਡੀ ਸਾਬੋ (ਦਮਦਮਾ) ਨਿਹੰਗ ਸਿੰਘਾਂ ਦੇ ਦਬਾ ਅਧੀਨ 1966 ਵਿਚ “ਤਖ਼ਤ” ਤਸਲੀਮ ਕੀਤਾ ਗਿਆ ਹੈ।ਇੱਕ ਹੋਰ ਪਹਿਲੂ ਵੱਲ ਧਿਆਨ ਦਿਉ ਸਤਿਕਾਰਯੋਗ ਅੱਠ ਗੁਰੂਆਂ ਨਾਲ ਸਬੰਧਤ ਕੋਈ ਤਖ਼ਤ ਨਹੀਂ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਇੱਕ ਤਖ਼ਤ (ਅਕਾਲ ਤਖ਼ਤ) ਸਬੰਧਤ ਹੈ। ਬਾਕੀ ਚਾਰ ਤਖ਼ਤ ਪਟਨਾ, ਕੇਸਗੜ੍ਹ, ਤਲਵੰਡੀ ਸਾਬੋ ਤੇ ਹਜ਼ੂਰ ਸਾਹਿਬ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ। ਕਦੀ ਇਕਾਗਰ ਚਿੱਤ ਵਿਚਾਰ ਕਰ ਵੇਖਣਾ ਕਿ ਦਸਮ ਪਾਤਸ਼ਾਹ ਨਾਲ ਚਾਰ ਤਖ਼ਤ ਕਿਉਂ ਹਨ?
ਆਉ ਅੱਗੇ ਤੁਰੋ, ਪਟਨਾ ਤਖ਼ਤ ਕਿਉਂ ਹੈ? ਕਿਹਾ ਜਾ ਰਿਹਾ ਹੈ ਕਿ ਉਸ ਅਸਥਾਨ ਤੇ (ਗੁਰੂ) ਗੋਬਿੰਦ ਰਾਏ ਦਾ ਪੰਜ ਭੂਤਕ ਸਰੀਰ ਪ੍ਰਗਟਿਆ ਸੀ। ਕੇਵਲ ਇਸੇ ਕਾਰਨ ਤਖ਼ਤ ਹੈ? ਪਰ ਕੀ (ਗੁਰੂ) ਗੋਬਿੰਦ ਰਾਏ ਜੀ ਜਨਮ ਤੋਂ ਹੀ ਸਾਡੇ ਗੁਰੂ ਸਨ? ਕੀ ਉਨ੍ਹਾਂ ਨੂੰ ਗੁਰੂ ਨਾਨਕ ਜੋਤਿ ਦੀ ਜ਼ਰੂਰਤ ਨਹੀਂ ਸੀ? ਉਨ੍ਹਾਂ ਨੂੰ ਗੁਰੂ ਗੱਦੀ ਪ੍ਰਾਪਤ ਹੋਈ ਹੈ 1675 ਵਿਚ ਕਰੀਬ ਸਾਢੇ ਨੌਂ ਸਾਲ ਦੀ ਉਮਰੇ। ਜਨਮ ਸਮੇਂ ਤਾਂ ਉਹ ਗੁਰੂ ਨਹੀਂ ਸਨ।ਤਾਂ ਉਹਨਾਂ ਦੇ ਜਨਮ ਕਾਰਨ ਤਖ਼ਤ ਕਿਵੇਂ ਬਣਿਆ? ਸਤਿਗੁਰੂ ਨਾਨਕ ਸਾਹਿਬ ਜੀ ਜਨਮ ਤੋਂ ਹੀ ਸਾਡੇ ਗੁਰੂ ਸਨ, ਇਸ ਤਰ੍ਹਾਂ ਤਾਂ ਨਨਕਾਣਾ ਸਾਹਿਬ ਪਹਿਲਾ ਤਖ਼ਤ ਹੋਣਾ ਚਾਹੀਦਾ ਸੀ। ਫਿਰ ਉਹ ਪਹਿਲਾ ਤੇ ਵੱਡਾ ਤਖ਼ਤ ਕਿਉਂ ਨਹੀਂ ਬਣਿਆ? ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਜਿੱਥੇ-ਜਿੱਥੇ ਜਨਮੇ ਸਨ ਉਹ ਸਾਰੇ ਅਸਥਾਨਾਂ ਨੂੰ ਵੀ ਤਖ਼ਤ ਪਰਵਾਨ ਕਰ ਲੈਣਾ ਚਾਹੀਦਾ ਸੀ। ਫਿਰ ਅੱਗੋਂਦਲੀਲ ਦਿੱਤੀ ਜਾਂਦੀ ਹੈ ਕਿ ਜਿੱਥੋਂ ਸਤਿਗੁਰੂ ਜੀ “ਹੁਕਮਨਾਮਾ” ਜਾਰੀ ਕਰਨ ਉਹੋ ਸਥਾਨ ਤਖ਼ਤ ਹੁੰਦਾ ਹੈ। ਇਹ ਗੱਲ ਵੀ ਦਲੀਲ ਤੇ ਖਰੀ ਨਹੀਂ ਉਤਰਦੀ। ਕਿਉਂਕਿ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹਰ ਸ਼ਬਦ ਹੀ “ਹੁਕਮਨਾਮਾ” ਰੂਪ ਹੈ ਫਿਰ ਤਾਂ ਜਿਸ ਥਾਵੇਂ ਨਿਵਾਸ ਕਰਕੇ ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਉਹੀ ਤਖ਼ਤ ਹੋਵੇਗਾ।ਅੱਠਵੇਂ ਪਾਤਸ਼ਾਹ ਨੂੰ ਜਿੱਥੇ ਕੀਰਤਪੁਰ ਵਿਖੇ ਗੁਰਗੱਦੀ ਦਿੱਤੀ ਗਈ ਸੀ, ਜਿੱਥੇ ਛੇਵੇਂ ਤੇ ਸੱਤਵੇਂ ਪਾਤਸ਼ਾਹ ਉਪਦੇਸ਼ ਕਰਦੇ ਰਹੇ ਸਨ ਉਸ ਗੁਰਦੁਆਰੇ ਨੂੰ ਵੀ ਤਖ਼ਤ ਸਾਹਿਬ ਆਖਿਆ ਜਾਂਦਾ ਹੈ। ਜਿੱਥੇ ਬੈਠ ਕੇ ਰੱਬੀ ਬਾਣੀ ਦੀ ਰਚਨਾ ਕੀਤੀ ਉਹੀ ਥਾਂ ਤਖ਼ਤ ਹੈ। ਜੋ ਖ਼ਤ ਸਤਿਗੁਰੂ ਜੀ ਨੇ ਸੰਗਤਾਂ ਦੇ ਨਾਮ ਲਿਖੇ ਉਨ੍ਹਾਂ ਨੂੰ ਭੀ ਸਤਿਕਾਰ ਨਾਲ ਸਿੱਖ “ਹੁਕਮਨਾਮੇ” ਕਹਿ ਦਿੰਦੇ ਹਨ। ਦੀਨੇ ਕਾਂਗੜ ਤੋਂ ਦਸਵੇਂ ਪਾਤਸ਼ਾਹ ਜੀ ਨੇ ਔਰੰਹਜ਼ੇਬ ਵੱਲ ਖ਼ਤ ਲਿਖਿਆ ਸੀ ਦੀਨਾ ਕਾਂਗੜ ਭੀ ਤਖ਼ਤ ਹੋ ਗਿਆ। ਡਾ. ਗੰਡਾ ਸਿੰਘ ਦੁਆਰਾ ਸੰਪਾਦਤ ਪੁਸਤਕ “ਹੁਕਮਨਾਮੇ” ਮੇਰੇ ਸਨਮੁਖ ਹੈ। ਇਸ ਕਿਤਾਬ ਵਿਚਪਟਨੇ ਤੋਂ ਅੱਜ ਤੱਕ ਕੇਵਲ ਇੱਕ “ਹੁਕਮਨਾਮਾ” ਜਾਰੀ ਹੋਇਆ ਮਿਲਦਾ ਹੈ। ਇਸ ਦੀ ਮਿਤੀ ਹੈ 4 ਫਰਵਰੀ 1862 ਈਸਵੀ। ਇਹ ਹੁਕਮਨਾਮਾ ਪੁਜਾਰੀਆਂ ਵੱਲੋਂ ਇਲਾਕੇ ਦੀ ਸੰਗਤ ਵੱਲ ਕਾਰ ਭੇਟ ਲਿਆਉਣ ਬਾਰੇ ਹੈ। ਸਾਫ਼ ਦਰਜ਼ ਹੈ ਕਿ ਨਿਸ਼ਾਨ ਸਾਹਿਬ ਅਤੇ ਫਰਸ਼ ਦੀ ਸੇਵਾ ਵਿੱਚ ਹਿੱਸਾ ਪਾਉ।ਇਸ ਤੋਂ ਇਲਾਵਾ ਹੋਰ ਕੋਈ “ਹੁਕਮਨਾਮਾ” ਪਟਨੇ ਤੋਂ ਜਾਰੀ ਨਹੀਂ ਹੋਇਆ।
ਮੇਰੀ ਕੌਮ ਦੇ ਮਲਾਹੋ ਜਥੇਦਾਰੋ! ਤਰਸ ਕਰੋ ਇਸ ਸਿੱਖ ਸਮਾਜ ਤੇ, ਕੋਈ ਨਿੱਗਰ ਸੇਧ ਦਿਉ ਆਪਣੀ ਉੱਮਤ ਨੂੰ। ਕੋਈ ਵਿਧੀ ਵਿਧਾਨ ਘੜੋ ਤਖ਼ਤ ਦੇ ਮਾਨ ਸਨਮਾਨ ਵਾਸਤੇ। ਜਥੇਦਾਰ ਨੂੰ ਲਾਉਣ-ਹਟਾਉਣ ਵਾਸਤੇ ਅਤੇ ਵਿਦਿਅਕ ਯੋਗਤਾ ਬਾਰੇ ਕੋਈ ਠੋਸ ਅਸੂਲ ਤਿਆਰ ਕਰੋ।ਨਿਰੇ ਹੁਕਮਨਾਮਿਆਂ ਦੁਆਰਾ ਸਿੱਖ ਸਮਾਜ ਦਾ ਸੰਵਰਨਾ ਕੁੱਝ ਨਹੀਂ, ਵਿਗੜ ਬਹੁਤ ਕੁੱਝ ਜਾਵੇਗਾ।ਸਿੱਖੀ ਰਸਾਤਲ ਵੱਲ ਨਿਗਰ ਰਹੀ ਹੈ, ਜੇ ਸੱਚੇ ਹਮਦਰਦ ਹੋ ਤਾਂ ਇਸ ਨੂੰ ਉਭਾਰੋ। ਇਸ ਗੱਲ ਨੂੰ ਜ਼ੋਰ ਨਾਲ ਉਭਾਰਨ ਦੀ ਲੋੜ ਹੈ ਕਿ ਤਖ਼ਤ ਕੇਵਲ ਇਕੋ ਹੀ ਹੈ। ਜੇ ਦੂਜਿਆਂ ਚੌਹਾਂ ਨੂੰ ਤਖ਼ਤ ਭੀ ਮੰਨਦੇ ਹੋ ਤਾਂ ਫਿਰ ਉਹ “ਹੁਕਮਨਾਮੇ” ਜਾਰੀ ਕਰਨ ਲਈ ਭੀ ਸੁਤੰਤਰ ਮੰਨੇ ਜਾਣਗੇ। ਜੇ ਉਹ ਚਾਰੇ ਤਖ਼ਤ ਛੋਟੇ ਹਨ ਤਾਂ ਦੱਸੋ ਕਿਵੇਂ ਛੋਟੇ ਹਨ? ਕਿਰਪਾ ਕਰਕੇ ਪੰਥ ਦਸੇਰਾ ਆਗੂ ਬਣੋ ਵਰਨਾ ਬਹੁਤ ਦੇਰ ਹੋ ਚੁੱਕੀ ਹੋਵੇਗੀ। ਆਗੂ ਬਾਰੇ ਗੁਰ ਫੁਰਮਾਨ ਹੈ:
ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥
ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥ (ਮਹਲਾ 1-ਪੰਨਾ-139)
ਪਰ ਵਿਚਾਰੇ ਜਥੇਦਾਰ ਸੁਤੰਤਰ ਫੈਸਲਾ ਕਿਵੇਂ ਲੈ ਸਕਦੇ ਹਨ, ਕਠਪੁਤਲੀਆਂ ਦੀ ਡੋਰ ਕਿਸੇ ਹੋਰ ਹੱਥ ਹੁੰਦੀ ਹੈ।
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥ (ਮਹਲਾ 5 ਪੰਨਾ-206)

ਪ੍ਰੋ: ਇੰਦਰ ਸਿੰਘ ‘ਘੱਗਾ’