ਹਾਮੀ – ਅਜੇ ਤਨਵੀਰ

0
284

ਉਤਲੇ ਮਨੋ ਜੋ ਪਿਆਰ ਦੀ , ਹਾਮੀ ਉਹ ਭਰ ਗਏ ਨੇ ।
ਨਾਟਕ ਉਹ ਦੋਸਤੀ ਦਾ , ਹੁਣ ਫੇਰ ਕਰ ਗਏ ਨੇ ।

ਰੱਖੇ ਜਿਨਾੰ ਤਖ਼ੱਲੁਸ ਜੁਗਨੂੰ , ਚਿਰਾਗ਼ , ਸੂਰਜ ,
ਜਦ ਰਾਤ ਪੈਣ ਲੱਗੀ , ਨੇਰ੍ਹੇ ਤੋੰ ਡਰ ਗਏ ਨੇ ।

ਮਕਤਲ ‘ ਚ ਨੱਚਦੇ ਜਦ , ਦੇਖੇ ਬੇ- ਖੌਫ਼ ਬਾਗੀ ,
ਕੁਝ ਮੌਤ ਦੇ ਸੁਦਾਗਰ , ਡਰ ਡਰ ਕੇ ਮਰ ਗਏ ਨੇ ।

ਮਿਲਣੀ ਸਜਾ ਉਨ੍ਹਾ ਨੂੰ , ਇਕ ਦਿਨ ਜਰੂਰ ਦੇਖੀਂ ,
ਜੋ ਛੇੜ ਛਾੜ ਕੁਦਰਤ , ਦੇ ਨਾਲ ਕਰ ਗਏ ਨੇ ।

ਐਸੇ ਲਿਖਾਰੀਆਂ ਨੂੰ , ਲਾਹਨਤ ਮੈਂ ਭੇਜਦਾਂ ਜੋ ,
ਇਖ਼ਲਾਕ ਹਾਕਮਾ ਦੇ , ਪੈਰਾਂ ‘ਚ ਧਰ ਗਏ ਨੇ ।

ਕਿਰਤੀ ਜਮਾਤ ਵਾਸਤੇ , ਜਦ ਵੀ ਮੈਂ ਗੀਤ ਗਾਇਆ ,
ਸੁਲਤਾਨ ਮੇਰੇ ਗਾਉਣ ‘ਤੇ , ਇਤਰਾਜ਼ ਕਰ ਗਏ ਨੇ ।

“ਤਨਵੀਰ “ਉਹ ਕਿਵੇਂ ਹਨ , ਸ਼ਤਰੰਜ ਦੇ ਖਿਡਾਰੀ ,
ਜੋ ਖੇਡਣੇ ਤੋਂ ਪਹਿਲਾਂ , ਬਾਜੀ ਨੂੰ ਹਰ ਗਏ ਨੇ ।