ਮਨਮੋਹਨ ਸਿੰਘ ਦਾ ਖੋਖਲਾ ਖੁਲਾਸਾ ਅਤੇ ਭਾਰਤ ਵਿੱਚ ਦੰਗਾਕਾਰੀ ਦਾ ਕਿੱਸਾ

0
914
ਜਤਿੰਦਰ ਪਨੂੰ

ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਵਿੱਚੋਂ ਮੰਨ ਲੈਂਦਾ ਹਾਂ, ਜਿਹੜੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਇੱਜ਼ਤ ਕਰਦੇ ਸਨ ਅਤੇ ਕਰਦੇ ਵੀ ਰਹਿਣਾ ਚਾਹੁੰਦੇ ਹਨ। ਫਿਰ ਵੀ ਇਸ ਹਫਤੇ ਉਨ੍ਹਾਂ ਨੇ ਜਿੱਦਾਂ ਇੱਕ ਖੁਲਾਸਾ ਕਰਨ ਦਾ ਯਤਨ ਕੀਤਾ ਹੈ, ਉਸ ਨਾਲ ਮੇਰੀ ਰਾਏ ਵਿੱਚ ਉਨ੍ਹਾਂ ਦਾ ਪ੍ਰਭਾਵ ਚੰਗਾ ਨਹੀਂ ਬਣਿਆ। ਉਹ ਇੱਕ ਸਮਾਗਮ ਵਿੱਚ ਬੋਲ ਰਹੇ ਸਨ, ਜਿਹੜਾ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਯਾਦ ਵਿੱਚ ਕੀਤਾ ਗਿਆ ਸੀ ਤੇ ਦੋਵਾਂ ਜਣਿਆਂ ਦੀ ਨੇੜਤਾ ਵੀ ਸਭ ਨੂੰ ਪਤਾ ਸੀ। ਮਨਮੋਹਨ ਸਿੰਘ ਨੇ ਓਥੇ ਇਹ ਗੱਲ ਯਾਦ ਵੀ ਕਰਾਈ ਕਿ ‘ਗੁਜਰਾਲ ਜੀ ਅਤੇ ਮੈਂ ਦੋਵੇਂ ਪਾਕਿਸਤਾਨੀ ਖੇਤਰ ਤੋਂ ਆਏ ਸ਼ਰਨਾਰਥੀ ਸਾਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਾਂ’। ਇਹ ਗੱਲ ਕਹਿਣ ਵੇਲੇ ਉਨ੍ਹਾਂ ਨੇ ਇਹ ਮੁੱਦਾ ਉਛਾਲ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਵਿੱਚ ਹੋਏ ਕਤਲੇਆਮ ਵੇਲੇ ਇੰਦਰ ਕੁਮਾਰ ਗੁਜਰਾਲ ਹੁਰਾਂ ਨੇ ਓਦੋਂ ਗ੍ਰਹਿ ਮੰਤਰੀ ਪੀ ਵੀ ਨਰਸਿਮਹਾ ਰਾਓ ਨੂੰ ਸਲਾਹ ਦਿੱਤੀ ਸੀ ਕਿ ਫੌਜ ਸੱਦ ਲਈ ਜਾਵੇ, ਪਰ ਰਾਓ ਨੇ ਇਹ ਸਲਾਹ ਨਹੀਂ ਸੀ ਮੰਨੀ। ਗੁਜਰਾਲ ਅਤੇ ਨਰਸਿਮਹਾ ਰਾਓ ਦੋਵੇਂ ਇਸ ਵੇਲੇ ਦੁਨੀਆ ਵਿੱਚ ਨਹੀਂ ਤੇ ਓਦੋਂ ਬਾਰੇ ਕਹੀ ਇਸ ਗੱਲ ਦੀ ਤਸਦੀਕ ਕਰਨ ਵਾਲਾ ਵੀ ਕੋਈ ਨਹੀਂ ਲੱਭਣਾ, ਪਰ ਖੁਦ ਮਨਮੋਹਨ ਸਿੰਘ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਓਦੋਂ ਕਮਾਂਡ ਨਰਸਿਮਹਾ ਰਾਓ ਦੇ ਹੱਥ ਹੈ ਹੀ ਨਹੀਂ ਸੀ। ਫਿਰ ਇਹ ਮੁੱਦਾ ਚੁੱਕ ਕੇ ਉਹ ਦੱਸਣਾ ਕੀ ਚਾਹੁੰਦੇ ਹਨ, ਇਸ ਦੀ ਕਿਸੇ ਨੂੰ ਵੀ ਸਮਝ ਨਹੀਂ ਪਈ ਅਤੇ ਹਰ ਕੋਈ ਵੱਖੋ-ਵੱਖ ਅਰਥ ਕੱਢ ਰਿਹਾ ਹੈ।
ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਰਾਜੀਵ ਗਾਂਧੀ ਓਦੋਂ ਪੱਛਮੀ ਬੰਗਾਲ ਵਿੱਚ ਸੀ ਤੇ ਇਹ ਖਬਰ ਸੁਣਨ ਦੇ ਬਾਅਦ ਦਿੱਲੀ ਆਉਣ ਵੇਲੇ ਉਹ ਤੇ ਪ੍ਰਣਬ ਮੁਕਰਜੀ ਇੱਕੋ ਜਹਾਜ਼ ਵਿੱਚ ਸਨ। ਸੋਗੀ ਮੌਕਾ ਹੁੰਦੇ ਹੋਏ ਵੀ ਦੋਵਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸਾਰੇ ਸਫਰ ਦੌਰਾਨ ਇੱਕ ਦੂਸਰੇ ਨਾਲ ਨਜ਼ਰ ਸਾਂਝੀ ਨਹੀਂ ਸੀ ਕੀਤੀ ਤੇ ਇਸ ਦਾ ਕਾਰਨ ਇਹ ਸੀ ਕਿ ਦੋਵਾਂ ਦਾ ਧਿਆਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਦਵੀ ਵੱਲ ਸੀ। ਪ੍ਰਣਬ ਮੁਕਰਜੀ ਓਦੋਂ ਦੇ ਸਾਰੇ ਮੰਤਰੀਆਂ ਵਿੱਚੋਂ ਸੀਨੀਅਰ ਮੰਨਿਆ ਜਾਂਦਾ ਹੋਣ ਕਾਰਨ ਪੱਕਾ ਨਾ ਸਹੀ, ਕਾਰਜਕਾਰੀ ਪ੍ਰਧਾਨ ਮੰਤਰੀ ਬਣਨਾ ਆਪਣਾ ਹੱਕ ਸਮਝਦਾ ਹੋਵੇਗਾ। ਰਾਜੀਵ ਗਾਂਧੀ ਦੇ ਮਨ ਵਿੱਚ ਕੁਝ ਹੋਰ ਸੀ। ਦੋਵਾਂ ਦੇ ਦਿੱਲੀ ਆਉਂਦੇ ਸਾਰ ਰਾਜਨੀਤਕ ਖੇਤਰ ਵਿਚਲੇ ਧੁਰੰਤਰ ਸਰਗਰਮ ਹੋਏ ਤੇ ਪਲਾਂ ਵਿੱਚ ਹੀ ਪ੍ਰਣਬ ਮੁਕਰਜੀ ਨੂੰ ਲਾਂਭੇ ਰੱਖ ਕੇ ਕੀਤੀਆਂ ਮੀਟਿੰਗਾਂ ਦੇ ਬਾਅਦ ਕੁਝ ਲੋਕਾਂ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਜਾ ਕੇ ਕਹਿ ਦਿੱਤਾ ਕਿ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਅੱਗੋਂ ਉਸ ਨੇ ਜਦੋਂ ਰਾਸ਼ਟਰਪਤੀ ਬਣਨ ਵੇਲੇ ਹੀ ਨਹਿਰੂ-ਗਾਂਧੀ ਪਰਵਾਰ ਦੀ ਨਿੱਜੀ ਵਫਾਦਾਰੀ ਦਾ ਐਲਾਨ ਕਰ ਰੱਖਿਆ ਸੀ ਤਾਂ ਨਾਂਹ ਕਰਨ ਦੀ ਹਿੰਮਤ ਨਹੀਂ ਸੀ ਪੈਣੀ ਤੇ ਉਸ ਨੇ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਨਰਸਿਮਹਾ ਰਾਓ ਗ੍ਰਹਿ ਮੰਤਰੀ ਦੇ ਅਹੁਦੇ ਉੱਤੇ ਬੇਸ਼ੱਕ ਸੀ, ਅਸਲ ਵਿੱਚ ਗ੍ਰਹਿ ਮੰਤਰੀ ਦੇ ਸੰਭਾਲਣ ਵਾਲੇ ਅਮਨ-ਕਾਨੂੰਨ ਦੀ ਕਮਾਂਡ ਰਾਜੀਵ ਗਾਂਧੀ ਦੇ ਖਾਨਦਾਨੀ ਰਿਸ਼ਤੇਦਾਰ ਅਰੁਣ ਨਹਿਰੂ ਦੇ ਹੱਥ ਸੀ ਅਤੇ ਅਰੁਣ ਨਹਿਰੂ ਦਿੱਲੀ ਵਿੱਚ ਉਹੋ ਕੁਝ ਹੁੰਦਾ ਵੇਖਣਾ ਚਾਹੁੰਦਾ ਸੀ, ਜਿਸ ਬਾਰੇ ਅੱਜ ਤੱਕ ਗੱਲਾਂ ਹੁੰਦੀਆਂ ਹਨ ਤੇ ਜਿਸ ਦਾ ਜ਼ਿਕਰ ਕਰ ਕੇ ਮਨਮੋਹਨ ਸਿੰਘ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪੁਆੜੇ ਪਾ ਚੁੱਕਣ ਪਿੱਛੋਂ ਇਹੀ ਅਰੁਣ ਨਹਿਰੂ ਆਪਣੇ ਬਚਾਅ ਖਾਤਰ ਇੱਕ ਸਮੇਂ ਰਾਜੀਵ ਗਾਂਧੀ ਨੂੰ ਛੱਡ ਕੇ ਉਸ ਦੇ ਵਿਰੋਧੀਆਂ ਦੇ ਨਾਲ ਵੀ ਜਾ ਜੁੜਿਆ ਸੀ ਤੇ ਦਿੱਲੀ ਕਤਲੇਆਮ ਦੀ ਪੜਤਾਲ ਦੇ ਲਗਭਗ ਸਾਰੇ ਚੱਕਰਾਂ ਦੌਰਾਨ ਇਸ ਦਾ ਨਾਂਅ ਇੱਕ ਜਾਂ ਦੂਸਰੇ ਰੂਪ ਵਿੱਚ ਲੋਕਾਂ ਵੱਲੋਂ ਵੀ ਲਿਆ ਗਿਆ ਸੀ ਤੇ ਜਾਂਚ ਰਿਪੋਰਟਾਂ ਦਾ ਹਿੱਸਾ ਵੀ ਬਣਦਾ ਰਿਹਾ ਸੀ।
ਏਡੇ ਵੱਡੇ ਪੱਧਰ ਦੇ ਕਤਲੇਆਮ, ਜਿਸ ਦੌਰਾਨ ਸਿਰਫ ਤਿੰਨ ਦਿਨਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਬੇਦੋਸ਼ੇ ਲੋਕ ਮਾਰ ਦਿੱਤੇ ਗਏ ਸਨ, ਮਾਰੇ ਵੀ ਬੁਰੀ ਤਰ੍ਹਾਂ ਜਿੰਦਾ ਸਾੜ ਕੇ ਜਾਂ ਹੋਰ ਤਰੀਕਿਆਂ ਨਾਲ ਤੜਫਾ ਕੇ ਸਨ, ਦੇ ਕੇਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਦਾ ਮੁੱਢਲਾ ਵਿਹਾਰ ਸਿਰੇ ਦਾ ਨਿੰਦਾ ਜਨਕ ਸੀ। ਉਸ ਨੇ ਕਤਲੇਆਮ ਰੋਕਣ ਦੀ ਕੋਈ ਕੋਸ਼ਿਸ਼ ਕਰਨ ਜਾਂ ਇਸ ਉੱਤੇ ਅਫਸੋਸ ਜ਼ਾਹਰ ਕਰਨ ਦੀ ਥਾਂ ਇਹ ਕਹਿ ਛੱਡਿਆ ਸੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿੱਲਤੀ ਹੀ ਹੈ।’ ਇਹ ਇਸ ਖੂਨੀ ਕਾਂਡ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਸੀ। ਇਸ ਵਹਿਸ਼ੀਪੁਣੇ ਅੱਗੇ ਜੇ ਕੋਈ ਅੜਿੱਕਾ ਲਾ ਸਕਦਾ ਸੀ ਤਾਂ ਰਾਜੀਵ ਗਾਂਧੀ ਲਾ ਸਕਦਾ ਸੀ, ਪਰ ਉਸ ਨੂੰ ਕਹਿਣ ਨੂੰ ਕੋਈ ਲੀਡਰ ਅੱਗੇ ਨਹੀਂ ਸੀ ਆ ਰਿਹਾ। ਵਿਰੋਧੀ ਧਿਰ ਦੇ ਆਗੂਆਂ ਨੂੰ ਇਹ ਵੱਡਾ ਇਤਰਾਜ਼ ਸੀ ਕਿ ਇੰਦਰਾ ਗਾਂਧੀ ਦਾ ਕਤਲ ਵੀ ਹੋ ਗਿਆ ਤਾਂ ਉਸ ਦੇ ਪੁੱਤਰ ਨਾਲ ਹਮਦਰਦੀ ਦੇ ਬਾਵਜੂਦ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਨ ਵਾਸਤੇ ਲੋਕਤੰਤਰੀ ਢੰਗ ਵਰਤਣਾ ਚਾਹੀਦਾ ਸੀ, ਕਿਸੇ ਮੀਟਿੰਗ ਤੋਂ ਵੀ ਬਿਨਾਂ ਉਸ ਨੂੰ ਅਹੁਦਾ ਦੇ ਦਿੱਤਾ ਗਿਆ ਹੈ। ਇਸ ਗੈਰ ਲੋਕਤੰਤਰੀ ਵਿਹਾਰ ਕਾਰਨ ਭਰੇ-ਪੀਤੇ ਸਾਰੇ ਸਿਆਸੀ ਆਗੂ ਉਸ ਤੋਂ ਦੂਰੀ ਪਾਈ ਬੈਠੇ ਸਨ। ਦਿੱਲੀ ਸੜਦੀ ਪਈ ਵੇਖ ਕੇ ਤੀਸਰੇ ਦਿਨ ਸੀ ਪੀ ਆਈ ਦੇ ਓਦੋਂ ਦੇ ਆਗੂ ਰਾਜੇਸ਼ਵਰ ਰਾਓ ਨੇ ਪਹਿਲ ਕੀਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਜਾ ਕੇ ਕਿਹਾ ਕਿ ਜਿਸ ਦੇਸ਼ ਵਿੱਚ ਫੌਜੀ ਰਾਜ-ਪਲਟਾ ਵੀ ਹੋ ਜਾਵੇ, ਲੋਕਾਂ ਦੇ ਆਗੂਆਂ ਨੂੰ ਉਨ੍ਹਾਂ ਹਾਲਾਤ ਵਿੱਚ ਤਾਨਾਸ਼ਾਹਾਂ ਨੂੰ ਵੀ ਮਿਲਣ ਜਾਣਾ ਪੈਂਦਾ ਹੈ, ਅਸੀਂ ਅੜੀ ਕਰਨ ਦੀ ਥਾਂ ਰਾਜੀਵ ਗਾਂਧੀ ਨੂੰ ਜਾ ਕੇ ਹਾਲਾਤ ਸੰਭਾਲਣ ਲਈ ਕਹੀਏ, ਲੋਕਤੰਤਰ ਦੇ ਅਸੂਲਾਂ ਦੀ ਉਲੰਘਣਾ ਦਾ ਮਾਮਲਾ ਪਾਰਲੀਮੈਂਟ ਵਿੱਚ ਅਤੇ ਫਿਰ ਚੋਣਾਂ ਦੌਰਾਨ ਵੇਖ ਲਵਾਂਗੇ। ਇਸ ਪਿੱਛੋਂ ਚੌਧਰੀ ਚਰਨ ਸਿੰਘ ਨੇ ਕੁਝ ਹੋਰ ਆਗੂ ਸੱਦੇ ਤੇ ਸਲਾਹ ਕਰ ਕੇ ਰਾਜੀਵ ਗਾਂਧੀ ਕੋਲ ਜਾ ਕੇ ਮਾਰ-ਧਾੜ ਰੋਕਣ ਨੂੰ ਕਿਹਾ ਸੀ। ਜਿਵੇਂ ਇਸ ਵਕਤ ਮਨਮੋਹਨ ਸਿੰਘ ਦੀ ਗੱਲ ਨੂੰ ਠੀਕ ਜਾਂ ਗਲਤ ਕਹਿਣ ਲਈ ਇੰਦਰ ਕੁਮਾਰ ਗੁਜਰਾਲ ਤੇ ਨਰਸਿਮਹਾ ਰਾਓ ਦੋਵੇਂ ਜਣੇ ਜਿੰਦਾ ਨਹੀਂ, ਸਾਡੀ ਗੱਲ ਦੀ ਤਸਦੀਕ ਕਰਨ ਵਾਲਾ ਵੀ ਕੋਈ ਨਹੀਂ, ਪਰ ਓਦੋਂ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੰਦਰ ਬਣੇ ਦਫਤਰ ਵਿੱਚ ਵਿਜ਼ਿਟਰਜ਼ ਵਾਲੇ ਰਜਿਸਟਰ ਉੱਤੇ ਇਹ ਗੱਲ ਲਿਖੀ ਅੱਜ ਵੀ ਸ਼ਾਇਦ ਮਿਲ ਸਕਦੀ ਹੈ।
ਕੁਝ ਲੋਕਾਂ ਦਾ ਖਿਆਲ ਹੈ ਕਿ ਆਪਣੀ ਗੱਲ ਕਹਿ ਕੇ ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਦੇ ਪਰਵਾਰ ਕੋਲ ਆਪਣੇ ਨੰਬਰ ਬਣਾਉਣ ਲਈ ਸਾਰਾ ਕਸੂਰ ਨਰਸਿਮਹਾ ਰਾਓ ਸਿਰ ਥੱਪਿਆ ਹੈ। ਇਹ ਹੋ ਵੀ ਸਕਦਾ ਹੈ ਅਤੇ ਨਹੀਂ ਵੀ, ਕਿਉਂਕਿ ਮਨਮੋਹਨ ਸਿੰਘ ਨੇ ਆਪਣੇ ਮਨ ਦੀ ਗੱਲ ਕਦੇ ਦੱਸੀ ਨਹੀਂ ਤੇ ਦੱਸਣੀ ਵੀ ਨਹੀਂ, ਉਸ ਦਾ ਪੁਰਾਣਾ ਫਾਰਮੂਲਾ ਇਹੋ ਹੈ ਕਿ ‘ਹਜ਼ਾਰੋਂ ਜਵਾਬੋਂ ਸੇ ਮੇਰੀ ਖਾਮੋਸ਼ੀ ਹੈ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਰੱਖੇ’। ਜਿਹੜੀ ਗੱਲ ਮਨਮੋਹਨ ਸਿੰਘ ਦੇ ਇਸ ਫਾਰਮੂਲੇ ਤੋਂ ਬਾਹਰ ਜਾ ਕੇ ਆਮ ਲੋਕਾਂ ਨੂੰ ਸੋਚਣੀ ਪੈਂਦੀ ਹੈ, ਉਹ ਇਹ ਕਿ ਉਸ ਕਤਲੇਆਮ ਵਾਲੇ ਖੂਨੀ ਵਕਤ ਤੋਂ ਪੈਂਤੀ ਸਾਲ ਬਾਅਦ ਇਹ ਬਹੁਤ ਵੱਡਾ ‘ਖੁਲਾਸਾ’ ਕਰ ਕੇ ਸਨਸਨੀ ਮਚਾਉਣ ਵਾਲੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਿਆਂ ਕਦੀ ਉਸ ਵਕਤ ਦਾ ਦਰਦ ਸੀਨੇ ਵਿੱਚ ਲਈ ਬੈਠੇ ਲੋਕਾਂ ਦੀ ਮਦਦ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਜਿਹੜਾ ਫਰਜ਼ ਨਿਭਾਉਣ ਲਈ ਅਗਵਾਈ ਕਰਨ ਦੀ ਲੋੜ ਸੀ, ਉਹ ਫਰਜ਼ ਉਸ ਨੂੰ ਕਦੀ ਚੇਤੇ ਹੀ ਨਹੀਂ ਸੀ ਆਇਆ। ਦਿੱਲੀ ਕਤਲੇਆਮ ਦੀ ਜਾਂਚ ਕਰਨ ਲਈ ਜਸਟਿਸ ਰੰਗਾਨਾਥ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਕਈ ਕਮਿਸ਼ਨ ਤੇ ਕਮੇਟੀਆਂ ਬਣਦੇ ਰਹੇ, ਦਿੱਲੀ ਤੋਂ ਦੁਨੀਆ ਭਰ ਤੱਕ ਉਸ ਦੌਰ ਵਾਸਤੇ ਦੋ ਮਹਾਂ-ਪਾਪੀ ਮੰਨ ਜਾਣ ਵਾਲੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੀ ਚਰਚਾ ਹੁੰਦੀ ਰਹੀ, ਮਨਮੋਹਨ ਸਿੰਘ ਕਦੀ ਇਸ ਬਾਰੇ ਬੋਲੇ ਹੀ ਨਹੀਂ ਸਨ ਤੇ ਨਾ ਉਨ੍ਹਾਂ ਦੋਵਾਂ ਦੇ ਖਿਲਾਫ ਮੁਕੱਦਮਿਆਂ ਨੂੰ ਅੱਗੇ ਤੋਰਨ ਵਿੱਚ ਕੋਈ ਦਿਲਚਸਪੀ ਦਿਖਾਈ ਸੀ।
ਅੱਜ ਜਦੋਂ ਡਾਕਟਰ ਮਨਮੋਹਨ ਸਿੰਘ ਨੇ ਇਹ ਖਿਲਾਰਾ ਪਾ ਦਿੱਤਾ ਹੈ, ਸਾਡੇ ਲਈ ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਦਿੱਲੀ ਵਿੱਚ ਏਨਾ ਕੁਝ ਵਾਪਰਦਾ ਪਿਆ ਸੀ, ਸਰਕਾਰ ਚਲਾਉਣ ਵਾਲੇ ਬੇਈਮਾਨ ਹੋ ਗਏ ਸਨ, ਇੱਕ ਧਿਰ ਦੇ ਲੋਕਾਂ ਉੱਤੇ ਹਮਲਾ ਹੋ ਰਿਹਾ ਸੀ, ਉਸ ਮੌਕੇ ਹੋਰਨਾਂ ਭਾਈਚਾਰਿਆਂ ਦੇ ਲੋਕ ਇਸ ਬਾਰੇ ਚੁੱਪ ਕਿਉਂ ਕੀਤੇ ਰਹੇ ਸਨ? ਰਾਜਧਾਨੀ ਦਿੱਲੀ ਵਿੱਚ ਸਿੱਖ ਵਸੋਂ ਨਾਲੋਂ ਢਾਈ ਗੁਣੇ ਮੁਸਲਮਾਨ ਅੱਜ ਵੀ ਹਨ, ਓਦੋਂ ਵੀ ਮੌਜੂਦ ਸਨ, ਪਰ ਉਹ ਇਸ ਔਖੀ ਘੜੀ ਚੁੱਪ ਕਿਉਂ ਕੀਤੇ ਰਹੇ ਸਨ? ਇਹ ਸਵਾਲ ਕਈ ਸਾਲ ਪਹਿਲਾਂ ਅਸੀਂ ਦਿੱਲੀ ਦੇ ਕੁਝ ਲੇਖਕਾਂ ਦੀ ਮੀਟਿੰਗ ਵਿੱਚ ਪੁੱਛਿਆ ਸੀ ਤੇ ਜਵਾਬ ਨਹੀਂ ਸੀ ਮਿਲਿਆ, ਪਰ ਸ਼ਾਮ ਨੂੰ ਇੱਕ ਬਜ਼ੁਰਗ ਪੰਜਾਬੀ ਲੇਖਕ, ਤੇ ਉਹ ਵੀ ਇਸ ਵਕਤ ਦੁਨੀਆ ਵਿੱਚ ਨਹੀਂ, ਸਾਨੂੰ ਇੱਕ ਉਰਦੂ ਲੇਖਕ ਦੇ ਕੋਲ ਲੈ ਗਏ। ਸਵਾਲ ਅਸੀਂ ਨਹੀਂ ਸੀ ਕੀਤਾ, ਪੰਜਾਬੀ ਬਜ਼ੁਰਗ ਲੇਖਕ ਨੇ ਹੀ ਕੀਤਾ ਸੀ, ਜਿਹੜਾ ਦੋਪਹਿਰ ਦੀ ਮੀਟਿੰਗ ਵਿੱਚ ਅਸੀਂ ਕਰ ਚੁੱਕੇ ਸਾਂ ਤੇ ਜਵਾਬ ਉਰਦੂ ਵਾਲੇ ਲੇਖਕ ਨੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ ਬਾਅਦ ਪਹਿਲਾ ਵੱਡਾ ਦੁਖਾਂਤ ਗੁਜਰਾਤ ਵਿੱਚ 1969 ਵਿੱਚ ਹੋਇਆ ਸੀ ਅਤੇ ਪੰਜ ਸੌ ਤੋਂ ਵੱਧ ਮੁਸਲਮਾਨ ਮਾਰ ਦਿੱਤੇ ਗਏ ਸਨ, ਦੂਸਰਾ ਵੱਡਾ ਕਾਂਡ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ 1980 ਵਿੱਚ ਹੋਇਆ ਅਤੇ ਰਾਜ ਦੀ ਹਥਿਆਰਬੰਦ ਪੁਲਸ ਪੀ ਏ ਸੀ ਨੇ ਚਾਰ ਸੌ ਤੋਂ ਵੱਧ ਮਾਰ ਦਿੱਤੇ ਸਨ, ਤੀਸਰਾ ਕਾਂਡ ਅਪਰੇਸ਼ਨ ਬਲਿਊ ਸਟਾਰ ਤੋਂ ਮਸਾਂ ਇੱਕ ਮਹੀਨਾ ਪਹਿਲਾਂ ਮਹਾਰਾਸ਼ਟਰ ਦੇ ਭਿਵੰਡੀ ਵਿੱਚ ਹੋਇਆ ਸੀ, ਜਿਸ ਵਿੱਚ ਪੌਣੇ ਤਿੰਨ ਸੌ ਮੁਸਲਮਾਨ ਮਾਰੇ ਗਏ ਅਤੇ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਸੀ ਆਇਆ। ਫਿਰ ਜਦੋਂ ਦਿੱਲੀ ਵਿੱਚ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਇਹ ਸਾਰਾ ਹੋ ਰਿਹਾ ਸੀ, ਉਹ ਵੀ ਇਸੇ ਲਈ ਚੁੱਪ ਕੀਤੇ ਰਹੇ ਤੇ ਘੱਟ-ਗਿਣਤੀਆਂ ਵੱਖੋ-ਵੱਖ ਕੁੱਟ ਖਾਈ ਗਈਆਂ। ਉਸ ਉਰਦੂ ਲੇਖਕ ਦੀਆਂ ਗੱਲਾਂ ਅੱਜ ਤੱਕ ਸਾਨੂੰ ਭੁੱਲ ਨਹੀਂ ਸਕੀਆਂ ਤੇ ਸ਼ਾਇਦ ਕਦੇ ਭੁੱਲਣੀਆਂ ਵੀ ਨਹੀਂ।
ਲੋਕੀਂ ਸਿਆਸਤ ਦੀਆਂ ਧਿਰਾਂ ਵਿੱਚੋਂ ਕਦੀ ਕਿਸੇ ਨੂੰ ਚੁਣ ਕੇ ਅਤੇ ਕਦੀ ਦੂਜੀ ਬਾਰੇ ਮਿਥ ਕੇ ਗੱਲਾਂ ਕਰਨ ਦੇ ਰਾਹ ਪਏ ਰਹਿੰਦੇ ਹਨ, ਇਹ ਸੋਚਣ ਦੀ ਲੋੜ ਨਹੀਂ ਸਮਝਦੇ ਕਿ ਰਾਜ ਕਿਸੇ ਦਾ ਵੀ ਹੋਵੇ, ਘੱਟ ਗਿਣਤੀਆਂ ਦੇ ਵਿਰੁੱਧ ਨਫਰਤ ਅਤੇ ਇਸ ਵਿੱਚੋਂ ਫਿਰ ਦੰਗਾ ਕਰਨ ਦਾ ਕਿੱਸਾ ਜਾਰੀ ਰਹਿੰਦਾ ਹੈ। ਜਿਹੜੇ ਕਾਂਡ ਉਸ ਉਰਦੂ ਲੇਖਕ ਨੇ ਯਾਦ ਕਰਵਾਏ ਤੇ ਸਾਨੂੰ ਕਦੇ ਭੁੱਲ ਨਹੀਂ ਸਕੇ, ਉਨ੍ਹਾਂ ਤਿੰਨੇ ਮੌਕੇ ਉੱਤੇ ਤਿੰਨਾਂ ਹੀ ਥਾਂਵਾਂ ਉੱਤੇ ਕਾਂਗਰਸੀ ਰਾਜ ਸੀ, ਭਾਜਪਾ ਕਿਸੇ ਖਾਤੇ ਵਿੱਚ ਲਿਖੀ ਜਾਣ ਜੋਗੀ ਅਜੇ ਨਹੀਂ ਸੀ ਹੋਈ। ਉਸ ਲੇਖਕ ਦਾ ਕਹਿਣਾ ਸੀ ਕਿ ਦਿੱਲੀ ਦੇ ਕਤਲੇਆਮ ਦਾ ਵੱਡਾ ਸਬਕ ਇਹ ਹੈ ਕਿ ਧਰਮ ਨਿਰਪੱਖਤਾ ਦੀ ਰਾਖੀ ਵੀ ਅਤੇ ਆਪੋ ਆਪਣੇ ਭਾਈਚਾਰੇ ਦੇ ਬਚਾਅ ਲਈ ਵੀ ਸਾਰੀਆਂ ਘੱਟ-ਗਿਣਤੀਆਂ ਵਾਲੇ ਲੋਕਾਂ ਨੂੰ ਇੱਕ ਦੂਜੇ ਦੀ ਬਾਂਹ ਫੜਨੀ ਪਵੇਗੀ। ਜੇ ਇਹ ਨਾ ਕੀਤਾ ਗਿਆ ਤਾਂ ‘ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ’। ਇਹੋ ਗੱਲ ਹੈ ਜਿਹੜੀ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਅੱਜ ਤੱਕ ਸਮਝ ਨਹੀਂ ਪਈ।

ਜਤਿੰਦਰ ਪਨੂੰ