ਪੰਡਤ ਸ਼ਰਧਾ ਰਾਮ ਫ਼ਿਲੌਰੀ

0
157

ਪੰਡਤ ਸ਼ਰਧਾ ਰਾਮ ਫ਼ਿਲੌਰੀ

(1807-1881)

ਪੰਡਤ ਸ਼ਰਧਾ ਰਾਮ ਫ਼ਿਲੌਰੀ ਦਾ ਜਨਮ ਫ਼ਿਲੋਰ ਵਿਖੇ ਪੰਡਤ ਜੈ ਦਿਆਲ ਜੋਸ਼ੀ ਦੇ ਘਰ 1807 ਈਸਵੀ ਵਿੱਚ ਹੋਇਆ। ਆਪ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲਿਖਾਰੀਆਂ ਵਿਚੋਂ ਸਨ।

ਆਪ ਨੇ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਪੰਜਾਬੀ ਦੀ ਵਿੱਦਿਆ ਹਾਸਲ ਕੀਤੀ। ਘਰ ਵਿੱਚ ਸਨਾਤਨ ਧਰਮ ਦਾ ਜੋਰ ਹੋਣ ਕਾਰਣ ਆਪ ਵੀ ਕੱਟਡ਼ ਸਨਾਤਨੀ ਰਹੇ, ਪਰ ਆਪਣੀ ਉਮਰ ਦੇ ਆਖਰੀ ਵਰ੍ਹਿਆਂ ਵਿੱਚ ਕੁਝ ਨਾਸਤਕ ਹੋ ਗਏ ਸਨ।

ਆਪ ਇੱਕ ਚੰਗੇ ਵਿਦਵਾਨ ਸਨ। ਕਥਾ-ਕੀਰਤਨ ਵੀ ਕਰਦੇ ਸਨ। ਸ਼ਾਸਤਰ ਵਿੱਦਿਆ ਵਿੱਚ ਆਪ ਨੂੰ ਨਿਪੁਣ ਸਮਝਿਆ ਜਾਂਦਾ ਸੀ।

ਪੰਡਤ ਸ਼ਰਧਾ ਰਾਮ ਨੇ ਹਿੰਦੀ, ਉਰਦੂ ਅਤੇ ਪੰਜਾਬੀ ਤਿੰਨਾਂ ਜ਼ਬਾਨਾਂ ਵਿੱਚ ਹੀ ਸਾਹਿਤਕ ਰਚਨਾ ਕੀਤੀ ਹੈ। ਆਪ ਦੀਆਂ ਪੰਜਾਬੀ ਵਿੱਚ ਲਿਖੀਆਂ ਪੁਸਤਕਾਂ ਦੇ ਨਾਂ ਇਹ ਹਨ –

ਸਿੱਖਾਂ ਦੇ ਰਾਜ ਦੀ ਵਿਥਿਆ

ਪੰਜਾਬੀ ਬਾਤ-ਚੀਤ

ਇਹ ਦੋਵੇਂ ਪੁਸਤਕਾਂ ਲਿਖਣ ਲਈ ਆਪ ਨੂੰ ਅੰਗਰੇਜ਼ ਅਫ਼ਸਰਾਂ ਜਾਂ ਪਾਦਰੀਆਂ ਵਲੋਂ ਕਿਹਾ ਗਿਆ ਸੀ। ਇਹਨਾਂ ਪੁਸਤਕਾਂ ਦਾ ਮਨੋਰਥ ਅੰਗਰੇਜ਼ਾਂ ਨੂੰ ਪੰਜਾਬੀ ਸਿਖਾਉਣਾ ਸੀ। “ਪੰਜਾਬੀ ਬਾਤ-ਚੀਤ” 1875 ਈਸਵੀ ਵਿੱਚ ਲਿਖੀ ਗਈ। ਇਸ ਕੰਮ ਲਈ ਆਪ ਵਰ੍ਹਿਆਂ ਬੱਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਦੀ ਗੱਲ-ਬਾਤ, ਮੁਹਾਵਰੇ ਤੇ ਰਹਿਣ-ਸਹਿਣ ਦੇ ਢੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ। ਅੰਗਰੇਜ਼ਾਂ ਤੱਕ ਇਹ ਗਿਆਨ ਪਹੁੰਚਾਉਣ ਲਈ ਆਪ ਨੇ ਇੱਕ ਲਡ਼ੀਵਾਰ ਕਹਾਣੀ ਚਲਾਉਣ ਦਾ ਜਤਨ ਕੀਤਾ। ਕੋਈ ਖ਼ਾਸ ਦ੍ਰਿਸ਼ ਚੁਣ ਕੇ ਅਤੇ ਕੁਝ ਪਾਤਰ ਉਸਾਰ ਕੇ ਉਹਨਾਂ ਦੀ ਸੁਭਾਵਕ ਗੱਲ-ਬਾਤ ਰਾਹੀਂ ਆਪ ਸਥਾਨਿਕ ਰੰਗ ਉਘਾਡ਼ਨ ਵਿੱਚ ਬਹੁਤ ਸਫ਼ਲ ਹੋਏ ਹਨ।