ਅਸਲ ਸੰਦੇਸ਼ ਕੀ ਸੀ ‘ਧਰਤਿ ਲੋਕਾਈ’ ਸੋਧਣ ਵਾਲੇ ‘ਜਗਤੁ ਗੁਰੁ ਬਾਬਾ’ ਨਾਨਕ ਦੇਵ ਜੀ ਦਾ

0
1170
ਜਤਿੰਦਰ ਪਨੂੰ

ਜਿਨ੍ਹਾਂ ਲੋਕਾਂ ਨੇ ਸਿੱਖੀ ਦਾ ਬੂਟਾ ਲਾਉਣ ਵਾਲੇ ਗੁਰੂ ਦਾ ਪੰਜ ਸੌਵਾਂ ਪ੍ਰਕਾਸ਼ ਉਤਸਵ ਮਨਾਏ ਜਾਣ ਨੂੰ ਪੰਜਾਹ ਸਾਲ ਪਹਿਲਾਂ ਵੇਖਿਆ ਤੇ ਇਸ ਵਿੱਚ ਸ਼ਾਮਲ ਹੋਏ ਸਨ, ਅਸੀਂ ਉਨ੍ਹਾਂ ਲੋਕਾਂ ਵਿੱਚੋਂ ਹਾਂ। ਸਾਨੂੰ ਛੋਟੀ ਉਮਰੇ ਇਹ ਕਹਿ ਕੇ ਓਦੋਂ ਅੰਮ੍ਰਿਤ ਵੇਲੇ ਲਿਆ ਕੇ ਸੜਕਾਂ ਉੱਤੇ ਖੜੇ ਕਰ ਦਿੱਤਾ ਗਿਆ ਸੀ ਕਿ ਨਗਰ ਕੀਰਤਨ ਲੰਘਣਾ ਹੈ, ਜਿਹੜਾ ਦਰਸ਼ਨ ਕਰ ਲਵੇਗਾ, ਉਸ ਦਾ ਭਲਾ ਹੋ ਜਾਵੇਗਾ। ਸਾਰੇ ਲੋਕ ਗਏ ਅਤੇ ਅਸੀਂ ਵੀ ਗਏ ਸਾਂ। ਕਈ ਸਾਲਾਂ ਪਿੱਛੋਂ ਸਾਨੂੰ ਏਦਾਂ ਦਾ ਖਿਆਲ ਆਉਣਾ ਸ਼ੁਰੂ ਹੋਇਆ ਕਿ ਸਿਰਫ ਦਰਸ਼ਨ ਕਰਨ ਨਾਲ ਭਲਾ ਨਹੀਂ ਹੁੰਦਾ, ਅਸਲ ਵਿੱਚ ਗੁਰੂ ਸਾਹਿਬ ਦਾ ਸੰਦੇਸ਼ ਸਮਝਣ ਦੀ ਲੋੜ ਹੈ ਤੇ ਗੁਰੂ ਸਾਹਿਬ ਜਦੋਂ ਮੱਕੇ, ਬਗਦਾਦ ਜਾਂ ਹੋਰ ਥਾਂਵਾਂ ਦੇ ਲੋਕਾਂ ਕੋਲ ਗਏ ਸਨ, ਉਹ ਦਰਸ਼ਨ ਦੇਣ ਨਹੀਂ ਸਨ ਗਏ, ਇੱਕ ਸੁੱਚੇ ਸਿਧਾਂਤ ਦਾ ਸੰਦੇਸ਼ ਵੰਡਣ ਗਏ ਸਨ। ਅੱਜ ਜਦੋਂ ਇੱਕ ਵਾਰ ਫਿਰ ਓਹੀ ਮਾਹੌਲ ਬਣ ਗਿਆ ਹੈ ਤੇ ਬਾਬੇ ਦੇ ਸਿਧਾਂਤ ਨੂੰ ਸੋਚ ਦਾ ਵਿਸ਼ਾ ਬਣਾਉਣ ਦੀ ਥਾਂ ਫਿਰ ਨਗਰ ਕੀਰਤਨਾਂ ਤੇ ਦਰਸ਼ਨਾਂ ਦੀ ਚਰਚਾ ਹਰ ਪਾਸੇ ਚੱਲਦੀ ਸੁਣਦੀ ਹੈ ਤਾਂ ਖਿਆਲ ਆਉਂਦਾ ਹੈ ਕਿ ਪੰਜਾਹ ਸਾਲਾਂ ਵਿੱਚ ਕਿਸੇ ਤਰ੍ਹਾਂ ਦਾ ਫਰਕ ਹੀ ਨਹੀਂ ਪਿਆ। ਜਿਹੜੇ ਪਾਸੇ ਲੋਕਾਂ ਨੂੰ ਓਦੋਂ ਲਾਇਆ ਜਾ ਰਿਹਾ ਸੀ, ਅੱਜ ਵੀ ਲਾਇਆ ਜਾ ਰਿਹਾ ਹੈ, ਬਾਬੇ ਦੇ ਸੰਦੇਸ਼ ਦੀ ਚਰਚਾ ਹੀ ਨਹੀਂ ਹੋ ਰਹੀ।
ਚੰਗੇ ਚੱਲਦੇ ਗੁਜ਼ਾਰੇ ਵਾਲੇ ਪਰਵਾਰ ਵਿੱਚ ਪੈਦਾ ਹੋਏ ਗੁਰੂ ਨਾਨਕ ਸਾਹਿਬ ਨੇ ਬਾਲ ਉਮਰ ਤੋਂ ਨਿਕਲਦੇ ਸਾਰ ਹੀ ਜਦੋਂ ਸਮਾਜ ਦੀ ਹਾਲਤ ਵੇਖੀ ਤਾਂ ੳਨ੍ਹਾਂ ਨੇ ਇਹ ਉਚਾਰਿਆ ਸੀ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
ਭਾਵ ਕਿ ਇਹ ਕਲਿਯੁਗੀ ਦੌਰ ਹੈ, ਜਿੱਥੇ ਰਾਜੇ ਬੁੱਚੜ ਬਣੇ ਹੋਏ ਹਨ ਤੇ ਧਰਮ ਖੰਭ ਲਾ ਕੇ ਉੱਡ ਜਾਣ ਪਿੱਛੋਂ ਝੂਠ ਦੇ ਪ੍ਰਪੰਚ ਵਾਲੀ ਮੱਸਿਆ ਦੀ ਰਾਤ ਵਾਲੀ ਹਾਲਤ ਵਿੱਚ ਸੱਚ ਦਾ ਚੰਦ ਚੜ੍ਹਿਆ ਕਿਤੇ ਨਹੀਂ ਦਿੱਸਦਾ। ਉਨ੍ਹਾਂ ਕਿਹਾ ਸੀ ਕਿ ਇਸ (ਸੱਚ) ਦੀ ਭਾਲ ਕਰਨ ਵਾਲਾ ਉਲਝਦਾ ਜਾਂਦਾ ਹੈ, ਅੰਧੇਰੇ ਵਿੱਚ ਕੋਈ ਰਾਹ ਨਹੀਂ ਦਿੱਸਦਾ, ਹੰਕਾਰ ਨਾਲ ਭਰੇ ਹੋਏ ਲੋਕ ਅੰਦਰੂਨੀ ਪੀੜ ਨਾਲ ਤੜਫਦੇ ਰੋ ਰਹੇ ਹਨ, ਹੇ ਨਾਨਕ ਇਨ੍ਹਾਂ ਦਾ ਬਚਾਅ ਕਿੱਦਾਂ ਹੋਵੇਗਾ?
ਇਸ ਹਾਲਤ ਵਿੱਚ ਆਪਣੇ ਪਰਵਾਰ ਦੀਆਂ ਜ਼ਿਮੇਵਾਰੀਆਂ ਤੱਕ ਸੀਮਤ ਰਹਿਣ ਦੀ ਥਾਂ ਸੰਸਾਰ ਨੂੰ ਸੱਚ ਚੰਦਰਮਾ ਵੱਲ ਵੇਖਣ ਦਾ ਰਾਹ ਦੱਸਣ ਲਈ ਉਪਰਾਲਾ ਸ਼ੁਰੂ ਕੀਤਾ ਅਤੇ ਚਾਰ ਉਦਾਸੀਆਂ ਵਿੱਚ ਹਜ਼ਾਰਾਂ ਮੀਲ ਪੈਂਡਾ ਪੈਦਲ ਗਾਹ ਕੇ ਇੱਕ ਸੰਦੇਸ਼ ਦਿੱਤਾ ਸੀ। ਉਨ੍ਹਾਂ ਦੇ ਇਸ ਉਪਰਾਲੇ ਬਾਰੇ ਭਾਈ ਗੁਰਦਾਸ ਜੀ ਨੇ ‘ਚੜਿਆ ਸੋਧਣਿ ਧਰਤਿ ਲੋਕਾਈ’ ਵਾਲੀ ਗੱਲ ਆਪਣੀ ਸਭ ਤੋਂ ਪਹਿਲੀ ਵਾਰ ਵਿੱਚ ਜਦੋਂ ਕਹੀ ਤਾਂ ਐਵੇਂ ਨਹੀਂ ਸੀ ਕਹੀ। ਇਸ ਯਤਨ ਵਿੱਚ ਜਦੋਂ ਗੁਰੂ ਸਾਹਿਬ ਦਾ ਵਾਸਤਾ ਇੱਕ ਵਾਰੀ ਇਸਲਾਮ ਦੇ ਪ੍ਰਚਾਰਕਾਂ ਅਤੇ ਹਾਜੀਆਂ ਨਾਲ ਹੋਇਆ ਤਾਂ ਉਨ੍ਹਾਂ ਨੇ ਸਿੱਧਾ ਸਵਾਲ ਪੁੱਛਿਆ ਸੀ ਕਿ ਬਾਕੀ ਸਭ ਵਿਵਾਦ ਛੱਡ ਕੇ ਤੁਸੀਂ ਸਿਰਫ ਇਹ ਦੱਸੋ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਕਿਉਂਕਿ ਓਦੋਂ ਤੱਕ ਸੰਸਾਰ ਦੇ ਇਸ ਪਾਸੇ ਦੋ ਧਰਮ ਹਿੰਦੂਆਂ ਤੇ ਮੁਸਲਮਾਨਾਂ ਦੇ ਹੀ ਸਨ। ਜਵਾਬ ਵਿੱਚ ਜੋ ਕੁਝ ਗੁਰੂ ਸਾਹਿਬ ਨੇ ਕਿਹਾ ਸੀ, ਉਹ ਭਾਈ ਗੁਰਦਾਸ ਜੀ ਇਨ੍ਹਾਂ ਸ਼ਬਦਾਂ ਵਿੱਚ ਲਿਖਦੇ ਹਨ ਕਿ ‘ਬਾਬਾ ਆਖੇ ਹਾਜੀਆ, ਸ਼ੁਭਿ ਅਮਲਾ ਬਾਝਹੁ ਦੋਨੋ ਰੋਈ।’ ਕਿਸੇ ਇੱਕ ਜਾਂ ਦੂਸਰੇ ਧਰਮ ਦੇ ਹੋਣ ਨੂੰ ਵੱਡਾ ਜਾਂ ਛੋਟਾ ਕਹਿਣ ਦੀ ਥਾਂ ਜਿਹੜੇ ਗੁਰੂ ਬਾਬੇ ਨੇ ਇਹ ਕਿਹਾ ਕਿ ਜੇ ਅਮਲ ਸ਼ੁਭ ਨਹੀਂ ਤਾਂ ਦੋਵਾਂ ਨੂੰ ਰੋਣਾ ਪੈਣਾ ਹੈ ਤਾਂ ਇਹ ਯਕੀਨੀ ਸਮਝਣਾ ਚਾਹੀਦਾ ਹੈ ਕਿ ਜੇ ਅਮਲ ਸ਼ੁਭ ਨਾ ਹੋਏ ਤਾਂ ਅੱਜ ਵਾਲੇ ਦੌਰ ਵਿੱਚ ਸਿਰਫ ਸਿੱਖ ਅਖਵਾਉਣ ਨਾਲ ਵੀ ਗੱਲ ਨਹੀਂ ਬਣਨੀ, ਅਮਲਾਂ ਨਾਲ ਨਿਬੇੜਾ ਹੋਣਾ ਹੈ। ਜਿਨ੍ਹਾਂ ਅਮਲਾਂ ਨਾਲ ਨਿਬੇੜਾ ਹੋਣਾ ਹੈ, ਉਹ ਕਿਤੋਂ ਪੁੱਛਣ ਦੀ ਲੋੜ ਨਹੀਂ, ਗੁਰੂ ਬਾਬੇ ਦੀ ਰਚਨਾ ਅਤੇ ਜੀਵਨ ਦੇ ਅਮਲ ਵਿੱਚੋਂ ਮਿਲ ਜਾਂਦੇ ਹਨ।
ਗੁਰੂ ਬਾਬੇ ਨੇ ਸਮਾਜ ਵਿੱਚ ਚੱਲਦੇ ਜਾਤ-ਪਾਤ ਦੇ ਵਿਤਕਰੇ ਦਾ ਸਖਤ ਵਿਰੋਧ ਕੀਤਾ ਤੇ ਆਖਿਆ ਸੀ ਕਿ:
ਜਾਤੀ ਦੈ ਕਿਆ ਹਥਿ, ਸਚੁ ਪਰਖੀਐ॥
ਮਹੁਰਾ ਹੋਵੈ ਹਥਿ, ਮਰੀਐ ਚਖੀਐ॥
ਭਾਵ ਇਹ ਕਿ ਜਾਤ ਨਾਲ ਕਿਸੇ ਤਰ੍ਹਾਂ ਦਾ ਫਰਕ ਨਹੀਂ ਪੈਂਦਾ, ਪਰਖ ਸੱਚ ਨਾਲ ਹੋਣੀ ਹੁੰਦੀ ਹੈ ਤੇ ਪਰਖ ਇਹ ਹੈ ਕਿ ਜ਼ਹਿਰ ਭਾਵੇਂ ਦੋਵਾਂ ਵਿੱਚੋਂ ਕਿਸੇ ਦੇ ਹੱਥ ਉੱਤੇ ਰੱਖ ਲਓ, ਖਾ ਲਿਆ ਤਾਂ ਜਾਤ ਦੇ ਵਖਰੇਵੇਂ ਹੁੰਦਿਆਂ ਵੀ ਮੌਤ ਦੋਵਾਂ ਦੀ ਹੋ ਜਾਂਦੀ ਹੈ। ਇਸ ਕਾਰਨ ਹੀ ਉਨ੍ਹਾਂ ਨੇ ਜਾਤ-ਪਾਤ ਦਾ ਸਖਤ ਵਿਰੋਧ ਕਰਨ ਵਾਸਤੇ ਅਗਲੀ ਗੱਲ ਕਹੀ ਸੀ:
ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥
ਗੁਰੂ ਬਾਬਾ ਜੀ ਸਾਨੂੰ ਇਹ ਕਹਿੰਦੇ ਰਹੇ ਕਿ ਨੀਵੀਂ ਤੋਂ ਨੀਵੀਂ ਜਾਤ ਤੇ ਅੱਤ ਦੀ ਨੀਵੀਂ ਜਾਤ ਵੀ ਹੋਵੇ ਤਾਂ ਨਾਨਕ ਉਨ੍ਹਾਂ ਦੇ ਨਾਲ ਖੜਾ ਹੋਵੇਗਾ, ਵਡਿਆਂ ਨਾਲ ਅਸੀਂ ਨਹੀਂ ਖੜੇ ਹੋਣਾ, ਪਰ ਪੰਜ ਸੌ ਸਾਲਾ ਮਨਾਉਣ ਵੇਲੇ ਵੀ ਪੰਜਾਬ ਵਿੱਚ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਜਾਤ-ਪਾਤ ਦੇ ਆਧਾਰ ਉੱਤੇ ਗੁਰਦੁਆਰੇ ਚੱਲਦੇ ਸਨ ਤੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਦੇ ਵਕਤ ਵੀ ਜਾਤ ਦਾ ਵਿਤਕਰਾ ਗੁਰੂ ਸਾਹਿਬ ਦੇ ਨਾਮ-ਲੇਵਿਆਂ ਦਾ ਖਹਿੜਾ ਨਹੀਂ ਛੱਡਦਾ ਜਾਪਦਾ।
ਇਹੋ ਨਹੀਂ, ਗੁਰੂ ਬਾਬੇ ਨੇ ਲੋਕਾਂ ਨੂੰ ਗ੍ਰਹਿਸਥ ਦਾ ਜੀਵਨ ਜਿਊਣ ਅਤੇ ਜੀਵਨ ਵਿੱਚ ਚੰਗੇ ਅਮਲ ਕਰਨ ਦੇ ਨਾਲ ਕਿਰਦਾਰ ਦੇ ਸੰਤ ਬਣਨ ਲਈ ਕਿਹਾ ਸੀ, ਪਰ ਅੱਜ ਓਸੇ ਗੁਰੂ ਬਾਬੇ ਦੇ ਨਾਂਅ ਉੱਤੇ ਬਣੇ ਹੋਏ ਡੇਰਿਆਂ ਵਿੱਚ ਬੈਠੇ ਹੋਏ ਸੰਤ ਕਹਾਉਂਦੇ ਲੋਕ ਉਲਟ ਵਿਹਾਰ ਕਰਦੇ ਦਿਖਾਈ ਦੇਂਦੇ ਸਨ। ਗੁਰੂ ਬਾਬਾ ਜੀ ਨੇ ਕਰਤਾਰਪੁਰ ਵਿੱਚ ਹਲ ਵਾਹਿਆ ਅਤੇ ਕਿਸਾਨ ਦੇ ਜੀਵਨ ਨਾਲ ਜੁੜੇ ਤਾਂ ਇਸ ਦਾ ਅਮਲ ਖੁਦ ਪੇਸ਼ ਕਰਨ ਦੇ ਬਾਅਦ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਸੀ:
ਮਨੁ ਹਾਲੀ ਕਿਰਸਾਣੀ ਕਰਣੀ, ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ, ਸੰਤੋਖੁ ਸੁਹਾਗਾ, ਰਖੁ ਗਰੀਬੀ ਵੇਸੁ॥
ਇਸ ਦਾ ਭਾਵ ਇਹ ਸੀ ਕਿ ਮਨ ਦੇ ਹਲ਼ ਨਾਲ ਚੰਗੇ ਕੰਮਾਂ ਦੀ ਕਿਸਾਨੀ ਕਰ, ਸ਼ਰਮ ਦਾ ਪਾਣੀ ਦੇ ਕੇ ਆਪਣੇ ਤਨ ਦੇ ਖੇਤ ਅੰਦਰ ਨਾਮ ਦਾ ਬੀਜ ਬੀਜਣ ਦੇ ਬਾਅਦ (ਮਨ ਵਿੱਚ ਸੰਤ-ਗਿਰੀ ਦਾ ਹੰਕਾਰ ਨਾ ਆ ਜਾਵੇ), ਉਸ ਉੱਤੇ ਸਬਰ-ਸੰਤੋਖ ਦਾ ਸੁਹਾਗਾ ਫੇਰ ਕੇ ਗਰੀਬੀ (ਨਿਰਮਾਣਤਾ) ਦੀ ਭਾਵਨਾ ਨਾਲ ਜੀਵਨ ਬਤੀਤ ਕਰਿਆ ਕਰਿਓ। ਸਾਡੇ ਅਜੋਕੇ ਸੰਤ ਜਦੋਂ ਕਰੋੜਾਂ ਦੀ ਕੀਮਤ ਵਾਲੀਆਂ ਕਾਰਾਂ ਉੱਤੇ ਘੁੰਮਦੇ ਹਨ ਤਾਂ ਇਸ ਸ਼ਬਦ ਦਾ ਅਰਥ ਲੋਕਾਂ ਨੂੰ ਨਹੀਂ ਦੱਸ ਸਕਦੇ।
ਕਿਉਂਕਿ ਗੁਰੂ ਬਾਬਾ ਜੀ ‘ਵਡਿਆ ਸਿਉ ਕਿਆ ਰੀਸ’ ਦਾ ਉਪਦੇਸ਼ ਦੇ ਕੇ ਗਏ ਸੀ, ਗੁਰੂ ਸਾਹਿਬ ਨੇ ਕਿਰਤ ਕਰ ਕੇ ਖਾਣ ਵਾਲੇ ਭਾਈ ਲਾਲੋ ਨੂੰ ਪਹਿਲ ਦਿੱਤੀ ਸੀ, ਇਸ ਲਈ ਅੱਜ ਜਦੋਂ ਓਸੇ ਗੁਰੂ ਸਾਹਿਬ ਦਾ ਪੰਜ ਸੌ ਪੰਜਾਹਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਉਸ ਦੇ ਸੰਦੇਸ਼ ਦੀ ਮਹਿਮਾ ਪਛਾਨਣੀ ਵੀ ਭਾਈ ਲਾਲੋਆਂ ਦਾ ਫਰਜ਼ ਹੈ। ਜਿਹੋ ਜਿਹਾ ਮਾਹੌਲ ਬਣੀ ਜਾਂਦਾ ਹੈ, ਸਾਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਗੁਰੂ ਦਾ ਸੰਦੇਸ਼ ਲਾਂਭੇ ਰੱਖ ਕੇ ਵੱਡੇ ਪੰਡਾਲਾਂ ਦੇ ਸਮਾਗਮਾਂ ਦੀ ਮੁਕਾਬਲੇਬਾਜ਼ੀ ਹੀ ਲੋਕਾਂ ਦੇ ਪੱਲੇ ਪਵੇਗੀ। ਇਹ ਉਸ ਗੁਰੂ ਬਾਬੇ ਨੂੰ ਯਾਦ ਕਰਨ ਦਾ ਅਸਲ ਤਰੀਕਾ ਨਹੀਂ ਕਿਹਾ ਜਾ ਸਕਦਾ, ਜਿਸ ਗੁਰੂ ਬਾਰੇ ਭਾਈ ਗੁਰਦਾਸ ਜੀ ਨੇ ‘ਚੜਿਆ ਸੋਧਣਿ ਧਰਤਿ ਲੋਕਾਈ’ ਕਿਹਾ ਸੀ ਅਤੇ ਜਿਹੜੇ ਗੁਰੂ ਸਾਹਿਬ ਨੇ ਲੋਕਾਂ ਦੀ ਕਿਰਤ-ਕਮਾਈ ਉੱਤੇ ਐਸ਼ ਕਰਨ ਵਾਲਿਆਂ ਬਾਰੇ ਕਿਹਾ ਸੀ: ‘ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ॥’ ਸੰਦੇਸ਼ ਤਾਂ ਸੁੱਚਾ ਹੈ ਗੁਰੂ ਬਾਬੇ ਦਾ, ਪਰ ਇਸ ਦਾ ਚੇਤਾ ਭੁਲਾ ਦਿੱਤਾ ਗਿਆ ਜਾਪਦਾ ਹੈ।