ਆਤਮਕ ਮੌਤ ਤੋਂ ਬਚੀਏ

0
121

ਸਰੀਰਕ ਤਲ਼ `ਤੇ ਮਨੁੱਖ ਇੱਕ ਵਾਰ ਹੀ ਮਰਦਾ ਹੈ ਪਰ ਆਪਣੀ ਜ਼ਿੰਮੇਵਾਰੀ ਨਾ ਸਮਝਣ ਵਾਲਾ ਆਤਮਕ ਤਲ਼ `ਤੇ ਦਿਨ ਵਿੱਚ ਕਈ ਵਾਰ ਮਰਦਾ ਹੈ। ਮਨੁੱਖ ਦਾ ਹੱਥਲ਼ਾ ਜੀਵਨ ਪਹਿਲਾ ਅਤੇ ਅਖੀਰਲਾ ਹੋਣ ਕਰਕੇ ਬਹੁਤ ਕੀਮਤੀ ਹੈ। ਸਰੀਰ ਦਾ ਮਹੱਤਵ ਇਹ ਨਹੀਂ ਕਿ ਇਸ ਨੇ ਕਿੰਨੀਆਂ ਖੁਸ਼ਬੂਆਂ ਲਗਾਈਆਂ, ਕਿੰਨੇ ਸੋਹਣੇ ਕਪੜੇ ਪਹਿਨੇ, ਕਿੰਨੀ ਵਧੀਆ ਮੋਟਰ ਗੱਡੀ ਖਰੀਦ ਲਈਆਂ। ਇਹ `ਤੇ ਜਿੰਨੀ ਕਿਸੇ ਮਨੁੱਖ ਪਾਸ ਪਹੁੰਚ ਹੈ ਉਸ ਅਨੁਸਾਰ ਵਸਤੂਆਂ ਬਜ਼ਾਰ ਵਿਚੋਂ ਖਰੀਦ ਲੈਂਦਾ ਹੈ। ਜਾਂ ਵੱਖ ਵੱਖ ਮੁਲਕਾਂ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਮਨੁੱਖ ਆਪਣੀ ਆਪਣੀ ਸਹੂਲਤ ਅਨੁਸਾਰ ਆਪਣੀਆਂ ਗਰਜ਼ਾ ਪੂਰੀਆਂ ਕਰ ਲੈਂਦਾ ਹੈ। ਸਭ ਤੋਂ ਮਹੱਤਵ ਪੂਰਨ ਗੱਲ ਇਹ ਹੈ ਕਿ ਇਸ ਮਨੁੱਖ ਨੇ ਆਪਣੇ ਜੀਵਨ ਨੂੰ ਸਫਲ ਕਿੰਨਾ ਬਣਾਇਆ ਹੈ?

ਕਾਚ ਕੋਟੰ, ਰਚੰਤਿ ਤੋਯੰ, ਲੇਪਨੰ ਰਕਤ ਚਰਮਣਹ।।

ਨਵੰ ਤ ਦੁਆਰੰ, ਭੀਤ ਰਹਿਤੰ ਬਾਇ ਰੂਪੰ ਅਸਥੰਭਨਹ।।

ਗੋਬਿੰਦ ਨਾਮੰ ਨਹ ਸਿਮਰੰਤਿ, ਅਗਿਆਨੀ ਜਾਨੰਤਿ ਅਸਥਿਰੰ।।

ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ।।

ਹਰਿ ਹਰਿ, ਹਰਿ ਹਰਿ ਹਰਿ ਹਰੇ ਜਪੰਤਿ।। ੪।।

ਅੱਖਰੀਂ ਅਰਥ–— (ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ। (ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ। ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ। ਹੇ ਨਾਨਕ! ਜੋ ਬੰਦੇ ਸਾਧ ਸੰਗਤਿ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ। ੪।

੧ ਸੰਸਾਰ ਦੀ ਉਤਪਤੀ ਇੱਕ ਬਝਵੇਂ ਨਿਯਮ ਵਿੱਚ ਹੋਈ ਹੈ ਤੇ ਬਝਵੇਂ ਨਿਯਮ ਤਹਿਤ ਹੀ ਹਰੇਕ ਵਸਤੂ ਆਪਣੇ ਆਪਣੇ ਕਾਰਜ ਰਾਂਹੀ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ।

੨ ਮਿੱਟੀ ਦੇ ਕੱਚੇ ਘੜੇ ਵਿੱਚ ਪਾਣੀ ਨਹੀਂ ਟਿਕਾਇਆ ਜਾ ਸਕਦਾ ਜੇ ਪਕਾ ਕੇ ਕਿਸੇ ਠੋਕਰ ਆਦ ਤੋਂ ਬਚਾ ਕੇ ਰੱਖੀਏ ਤਾਂ ਉਹ ਘੜਾ ਥੋੜੀ ਲੰਬੀ ਉਮਰ ਵੀ ਭੋਗ ਸਕਦਾ ਹੈ।

੩ ਇੰਝ ਹੀ ਮਨੁਖ ਦੇ ਸਰੀਰ ਦੀ ਕੋਈ ਪਾਇਆਂ ਨਹੀਂ ਹੈ ਇਹ ਕਦੇ ਸੰਸਾਰ ਨੂੰ ਛੱਡ ਕੇ ਨਾ ਜਾਵੇ ਪਰ ਜੇ ਇਸ ਦੀ ਸੰਭਾਲ਼ ਵਲ ਧਿਆਨ ਦੇਈਏ ਤਾਂ ਇਹ ਜ਼ਿੰਦਗੀ ਦੇ ਵੱਧ ਦਿਨ ਵੀ ਜੀਵਤ ਰਹਿ ਸਕਦਾ ਹੈ।

੪ ਜ਼ਿੰਦਗੀ ਦੇ ਵੱਧ ਦਿਨ ਜਿਉਣ ਦਾ ਮਹੱਤਵ ਨਹੀਂ ਂਹੈ, ਮਹੱਤਵ ਇਸ ਗੱਲ ਦਾ ਹੈ ਕਿ ਇਹ ਕਿਸ ਤਰ੍ਹਾਂ ਜੀਵਿਆ ਹੈ? ਕੀ ਇਸ ਨੇ ਆਪਣੀ ਬਣਦੇ ਫ਼ਰਜ਼ਾਂ ਵਲੋਂ ਕੋਈ ਕੁਤਾਹੀ ਤਾਂ ਨਹੀਂ ਕੀਤੀ? ਇਤਿਹਾਸ ਗਵਾਹ ਹੈ ਕਿ ਕਈ ਛੋਟੀ ਉਮਰ ਵਿੱਚ ਅਜੇਹੇ ਕੰਮ ਕਰਕੇ ਗਏ ਹਨ ਜੋ ਸਾਰੀ ਦੁਨੀਆਂ ਲਈ ਚਾਨਣ ਮੁਨਾਰਾ ਹਨ।

੫ ਅਗਿਆਨਤਾ ਕਰਕੇ ਬਹੁਤੇ ਮਨੁੱਖ, ਅੰਹਕਾਰ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ ਤੇ ਅਗਿਆਨਤਾ ਕਰਕੇ ਹੀ ਕਈਆਂ ਨੇ ਆਪਣਿਆਂ ਭਰਾਵਾਂ ਦੀਆਂ ਜ਼ਮੀਨਾਂ `ਤੇ ਕਬਜ਼ੇ ਕਰ ਲਏ ਹਨ।

੬ ਮਨੁੱਖ ਜਦੋਂ ਕਿਸੇ ਨੂੰ ਸੰਸਾਰ ਵਿਚੋਂ ਮਰਦਾ ਦੇਖਦਾ ਹੈ ਤਾਂ ਇਹ ਸਮਝਦਾ ਹੈ ਇਹ ਹੀ ਮਰਿਆ ਹੈ ਮੈਂ ਅਜੇ ਥੋੜਾ ਮਰਨਾ ਹੈ। ਆਗਿਆਨਤਾ ਕਰਕੇ ਹੀ ਸਮਾਜ ਵਿੱਚ ਈਰਖਾ ਦਵੈਖ ਸਾੜੇ ਵਿੱਚ ਲੋਕਾਂ ਨੇ ਆਪਣਾ ਜੀਵਨ ਬੇ ਸੁਆਦਾ ਕੀਤਾ ਹੋਇਆ ਹੈ।

੭ ਅਗਿਆਨਤਾ ਕੋਈ ਸਦਾ ਰਹਿਣ ਵਾਲੀ ਚੀਜ਼ ਨਹੀਂ ਹੈ ਇਹ ਅਗਿਆਨਤਾ ਦੂਰ ਹੋ ਸਕਦੀ ਹੈ ਜਦੋਂ ਮਨੁੱਖ ਆਪ ਪੜ੍ਹ, ਸੁਣਕੇ ਤੇ ਵਿਚਾਰ ਕਰਕੇ ਅਮਲ ਕਰਨ ਦਾ ਯਤਨ ਕਰੇਗਾ।

੮ ਇਸ ਸਾਰੇ ਦੀ ਸਮਝ ਤਾਂ ਹੀ ਆ ਸਕਦੀ ਹੈ ਜਦੋਂ ਸਤਿਗੁਰ ਦੀ ਸੰਗਤ ਕਰੇਗਾ। ਸਤਿਗੁਰ ਦੀ ਸੰਗਤ ਤੋਂ ਭਾਵ ਕੇਵਲ ਏੰਨ੍ਹਾ ਕੁ ਹੀ ਨਹੀਂ ਕਿ ਧਾਰਮਕ ਇਮਾਰਤ ਦੀਆਂ ਪਉੜੀਆਂ ਨੂੰ ਹੱਥ ਲਗਾਇਆ, ਮੱਥਿਆ ਟੇਕਿਆ ਤੇ ਘਰ ਆ ਗਏ। ਸਤਿਗੁਰ ਦੀ ਸੰਗਤ ਤੋਂ ਭਾਵ ਸੱਚੇ ਗਿਆਨ ਨੂੰ ਹਾਸਲ ਕਰਕੇ ਉਸ ਦੀ ਵਰਤੋਂ ਕਰਨ ਤੋਂ ਹੈ।

੯ ਜੇ ਗਿਆਨ ਦੀ ਸਮਝ ਆ ਜਾਏ ਤਾਂ ਮਨੁੱਖ ਆਪਣੇ ਫ਼ਰਜ਼ਾਂ ਵਲੋਂ ਕੁਤਾਈ ਨਹੀਂ ਕਰੇਗਾ। ਬੇ-ਸਮਝੀ ਕਰਕੇ ਮਨੁੱਖ ਮਿਲੇ ਹੋਏ ਸਮੇਂ ਦੇ ਮਹੱਤਵ ਨੂੰ ਨਹੀਂ ਸਮਝਦਾ ਤੇ ਕੁਤਾਹੀਆਂ ਕਰਕੇ ਆਤਮਕ ਮੌਤੇ ਮਰਿਆ ਰਹਿੰਦਾ ਹੈ।

ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ।।

ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ।। ੧।।

ਸਾਰੰਗ ਮਹਲਾ ੫ ਪੰਨਾ ੧੨੨੧