ਕੱਟੜਪੰਥੀ ਜਨੂੰਨ ਮੂਹਰੇ ਕੁਝ ਕਹਿਣ ਦੀ ਵਾਹ ਨਹੀਂ, ਤਾਹੀਂ ਸਭ ਠੀਕ-ਠਾਕ ਲੱਗਦੈ

0
1289

ਇਹ ਸਤਰਾਂ ਲਿਖਣ ਵੇਲੇ ਮਨ ਉਦਾਸ ਹੈ। ਇੱਕ ਮਿੱਤਰ ਨੇ ਵਿਦੇਸ਼ ਤੋਂ ਪੁੱਛਿਆ ਹੈ: ‘ਕੀ ਹਾਲ ਐ?’ ਮੈਂ ਆਖਿਆ, ‘ਠੀਕ ਹੈ।’ ਉਸ ਨੇ ਫਿਰ ਦੁਹਰਾ ਕੇ ਪੁੱਛਿਆ: ‘ਮੈਂ ਕਿਹਾ, ਕੀ ਹਾਲ ਐ?’ ਜਵਾਬ ਮੈਂ ਵੀ ਵਧਾ ਕੇ ਦਿੱਤਾ ਕਿ ‘ਪਹਿਲਾਂ ਤੋਂ ਕੁਝ ਠੀਕ ਹੈ।’ ਉਸ ਤੀਸਰੀ ਵਾਰੀ ਇਹ ਪੁੱਛ ਲਿਆ: ‘ਮੈਂ ਪੁੱਛ ਰਿਹਾ ਹਾਂ, ਕੀ ਬਣੇਗਾ?’ ਮੈਨੂੰ ਉਸ ਸੱਜਣ ਦੇ ਸਵਾਲ ਦੀ ਸਮਝ ਪੈ ਗਈ ਤਾਂ ਮੈਂ ਜਵਾਬ ਦਿੱਤਾ: ‘ਕਿਉਂ ਜ਼ਖਮਾਂ ਉੱਤੇ ਲੂਣ ਧੂੜਦੇ ਹੋ? ਪਿੰਡ ਤੋਂ ਫੌਜੀ ਜਵਾਨ ਨੂੰ ਗਈ ਚਿੱਠੀ ਵਿੱਚ ਇਹ ਲਿਖਿਆ ਸੀ: ਤਾਈ ਬਲਵੰਤ ਕੌਰ ਗੁਜ਼ਰ ਗਈ, ਕਰਨੈਲ ਸਿੰਘ ਦੀ ਮੱਝ ਹਲਕੇ ਕੁੱਤੇ ਵੱਲੋਂ ਵੱਢੇ ਜਾਣ ਨਾਲ ਮਰ ਗਈ ਤੇ ਤੇਰੀ ਮਾਸੀ ਦਾ ਜੇਠ ਬਿਮਾਰੀ ਨਾਲ ਮਰਨਾਊ ਪਿਐ, ਬਾਕੀ ਸਭ ਠੀਕ-ਠਾਕ ਹੈ।” ਉਸ ਦੋਸਤ ਨੂੰ ਮੈਂ ਕਿਹਾ: ”ਤੂੰ ਇੱਕੀਆਂ ਦੀ ‘ਕੱਤੀ ਪਾਉਣ ਦਾ ਮੁਹਾਵਰਾ ਸੁਣਿਆ ਹੋਊਗਾ, ਪਰ ਅੱਜ ਕੱਲ੍ਹ ਸਾਡੇ ਦੇਸ਼ ਵਿੱਚ ਉਨੰਜਾ ਦੀ ਥਾਂ ਉਨਾਹਠ ਪੈਂਦੀ ਹੈ। ਉਨੰਜਾ ਜਣਿਆਂ ਨੇ ਇਹ ਕਿਹਾ ਸੀ ਕਿ ਹਿੰਸਾ ਕਰਦੀਆਂ ਭੀੜਾਂ ਨੂੰ ਲਗਾਮ ਦਿਓ ਤੇ ਉਨਾਹਠਾਂ ਨੇ ਕਹਿ ਦਿੱਤੈ ਕਿ ਏਥੇ ਕੁਝ ਗਲਤ ਹੋਇਆ ਹੀ ਨਹੀਂ, ਤੁਸੀਂ ਆਪਣੀ ਜ਼ਬਾਨ ਨੂੰ ਲਗਾਮ ਦੇ ਲਓ, ਬਹੁਤਾ ਚਪਰ-ਚਪਰ ਕਰਨ ਲੱਗ ਪਈ ਹੈ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਤੋਂ ਬਿਨਾਂ ਬਾਕੀ ਸਭ ਠੀਕ ਜਿਹਾ ਹੀ ਜਾਪਦਾ ਹੈ।’
‘ਉਨੰਜਾ’ ਅਤੇ ‘ਉਨਾਹਠ’ ਵੀ ਸਹੀ ਨਹੀਂ, ਅਸਲ ਵਿੱਚ ਜਦੋਂ ਉਨੰਜਾ ਪ੍ਰਮੁੱਖ ਹਸਤੀਆਂ ਨੇ ਇਹ ਆਖਿਆ ਸੀ ਕਿ ਮੌਜੂਦਾ ਰਾਜ ਦੌਰਾਨ ਭਾਰਤ ਵਿੱਚ ਭੀੜਾਂ ਭੜਕ ਕੇ ਘੱਟ-ਗਿਣਤੀਆਂ ਅਤੇ ਦਲਿਤਾਂ ਦਾ ਖੂਨ ਵਗਾਉਣ ਲੱਗ ਪੈਂਦੀਆਂ ਹਨ ਤੇ ਸਰਕਾਰ ਉਨ੍ਹਾਂ ਉੱਤੇ ਰੋਕ ਲਾਵੇ, ਤਾਂ ਸਰਕਾਰ ਦੇ ਸਮੱਰਥਕ ਭੜਕ ਪਏ। ਹਰਕਤ ਵਿੱਚ ਆਉਣ ਲਈ ਸਰਕਾਰ ਨੂੰ ਕਿਹਾ ਗਿਆ ਸੀ, ਸਰਕਾਰ ਦੀ ਥਾਂ ਉਸ ਦੇ ਸਮੱਰਥਕ ਹਰਕਤ ਵਿੱਚ ਆਏ ਤੇ ਉਨੰਜਾ ਤੋਂ ਦਸ ਵਧਾ ਕੇ ਉਨਾਹਠ ਤੱਕ ਸਬਰ ਨਹੀਂ ਕੀਤਾ, ਦੋ ਹੋਰ ਵਧਾ ਕੇ ਇਕਾਹਠ ਹਸਤੀਆਂ ਕੋਲੋਂ ਬਿਆਨ ਦਿਵਾਇਆ ਹੈ ਕਿ ਸਰਕਾਰ ਠੀਕ ਚੱਲਦੀ ਪਈ ਹੈ, ਸਿਰਫ ਤੁਸੀਂ ਲੋਕ ਹੀ ਠੀਕ ਨਹੀਂ ਕਰਦੇ। ਭਾਜੀ-ਮੋੜਵੇਂ ਬਿਆਨ ਵਿੱਚ ਇਹ ਮਿਹਣੇ ਦਿੱਤੇ ਹਨ ਕਿ ਜੰਮੂ-ਕਸ਼ਮੀਰ ਵਿੱਚੋਂ ਹਿੰਦੂਆਂ ਨੂੰ ਉਜਾੜਿਆ ਗਿਆ, ਤੁਸੀਂ ਓਦੋਂ ਬੋਲੇ ਨਹੀਂ ਸੀ, ਨਕਸਲੀਆਂ ਨੇ ਆਦੀ ਵਾਸੀਆਂ ਨੂੰ ਮਾਰਿਆ ਤਾਂ ਬੋਲੇ ਨਹੀਂ ਤੇ ਜਦੋਂ ਤਿੰਨ ਤਲਾਕ ਦੇ ਵਿਰੁੱਧ ਬਿੱਲ ਪਾਸ ਕਰਨਾ ਸੀ, ਇਸ ਪੈਂਤੜੇ ਨਾਲ ਵੀ ਖੜੋਤੇ ਨਹੀਂ ਸੀ ਤੇ ਅੱਜ ਸਰਕਾਰ ਨੂੰ ਸਾਰੇ ਸੰਸਾਰ ਵਿੱਚ ਭੰਡਣ ਤੁਰ ਪਏ ਹੋ। ਇਸ ਸਾਰੇ ਬਿਆਨ ਵਿੱਚ ਆਹ ਪਿਛਲੀ ਗੱਲ ਲਿਖ ਦਿੱਤੀ ਜਾਣੀ ਜ਼ਾਹਰ ਕਰ ਦੇਂਦੀ ਹੈ ਕਿ ਅਸਲ ਵਿੱਚ ਇਹ ਕਿਹੜੀ ਧਾੜ ਹੈ, ਜਿਹੜੀ ਆਪਣੇ ਦੇਸ਼ ਵਿੱਚ ਭੀੜਤੰਤਰ ਦੇ ਵਿਰੁੱਧ ਆਵਾਜ਼ ਚੁੱਕ ਰਹੇ ਪ੍ਰਸਿੱਧੀ ਪ੍ਰਾਪਤ ਲੋਕਾਂ ਨੂੰ ਬਰਦਾਸ਼ਤ ਕਰਨ ਲਈ ਵੀ ਤਿਆਰ ਨਹੀਂ ਤੇ ਧਮਕਾਊ ਬੋਲੀ ਵਿੱਚ ਜਵਾਬ ਦੇਣ ਲਈ ਨਿੱਤਰ ਪਈ ਹੈ। ਗੁਜਰਾਤ ਦੇ ਦੰਗਿਆਂ ਵੇਲੇ ਜਿਨ੍ਹਾਂ ਨੇ ਏਦਾਂ ਦੀ ਭੂਮਿਕਾ ਨਿਭਾਈ ਸੀ, ਉਨ੍ਹਾਂ ਨੂੰ ਮੌਜਾਂ ਲੱਗਣ ਬਾਰੇ ਸਭ ਨੂੰ ਪਤਾ ਹੈ ਤੇ ਉਸ ਵਕਤ ਜਿਹੜੇ ਲੋਕ ਵਾਜਪਾਈ ਦੇ ਪ੍ਰਭਾਵ ਹੇਠ ਵਗਦੀ ਗੰਗਾ ਵਿੱਚ ਹੱਥ ਧੋਣੋਂ ਰਹਿ ਗਏ ਸਨ, ਉਨ੍ਹਾਂ ਨੂੰ ਅੱਜ ਦਾ ਮਾਹੌਲ ਓਦੋਂ ਵਾਲੀ ਕਸਰ ਕੱਢਣ ਲਈ ਢੁਕਵਾਂ ਜਾਪਣ ਲੱਗ ਪਿਆ ਹੈ। ਓਦਾਂ ਬਾਕੀ ਸਭ ਠੀਕ ਜਾਪਦਾ ਹੈ!
ਸਾਨੂੰ ਸ਼ਾਇਰ ਇਕਬਾਲ ਦੀ ਯਾਦ ਕਦੇ-ਕਦਾਈਂ ਆ ਜਾਂਦੀ ਹੈ, ਜਿਹੜਾ ਕਹਿੰਦਾ ਸੀ: ‘ਮਜ਼ਹਬ ਨਹੀਂ ਸਿਖਾਤਾ, ਆਪਸ ਮੇਂ ਬੈਰ ਰਖਨਾ’ ਅਤੇ ਇਸ ਦੇ ਨਾਲ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਕਹਿੰਦਾ ਸੀ, ਪਰ ਪਾਕਿਸਤਾਨ ਜਾ ਕੇ ਇਹ ਕਹਿਣ ਲੱਗ ਪਿਆ: ‘ਮੁਸਲਿਮ ਹੈਂ ਹਮ ਵਤਨ ਹੈ, ਸਾਰਾ ਜਹਾਂ ਹਮਾਰਾ’। ਸਾਨੂੰ ਐੱਮ ਜੇ ਅਕਬਰ ਦੀ ਚਾਲੀ ਸਾਲਾਂ ਦੀ ਉਡਾਰੀ ਵੀ ਯਾਦ ਆਉਂਦੀ ਹੈ। ਕਦੇ ਉਹ ਬੰਦਾ ਇਸ ਦੇਸ਼ ਨੂੰ ਵੱਸਦਾ ਰੱਖਣ ਦੀਆਂ ਗੱਲਾਂ ਕਰਦੇ ਵਕਤ ਇਹ ਕਹਿੰਦਾ ਹੁੰਦਾ ਸੀ ਕਿ ਭਾਜਪਾ ਸਮੇਤ ਸਾਰੀਆਂ ਫਿਰਕੂ ਧਿਰਾਂ ਤੋਂ ਭਾਰਤ ਨੂੰ ਵੱਧ ਖਤਰਾ ਹੈ ਤੇ ਬਾਹਰੋਂ ਖਤਰੇ ਘੱਟ ਲੱਗਦੇ ਹਨ, ਪਰ ਵਜ਼ੀਰੀ ਦਾ ਚੋਗਾ ਪੈਂਦੇ ਸਾਰ ਉਹ ਭਾਜਪਾ ਵਿੱਚ ਜਾ ਵੜਿਆ ਸੀ। ਸਾਨੂੰ ਆਪਣੇ ਤੋਂ ਪਹਿਲੀ ਪੀੜ੍ਹੀ ਵਾਲਿਆਂ ਤੋਂ ਸੁਣੀ ਹੋਈ ਲਾਹੌਰ ਦੇ ਤੋਤਾ ਰਾਮ ਗੁਲਾਟੀ ਦੀ ਗੱਲ ਯਾਦ ਆਉਂਦੀ ਹੈ। ਇੱਕ ਤੋੜ ਕੇ ਦੋ ਦੇਸ਼ ਬਣੇ ਤੋਂ ਤੋਤਾ ਰਾਮ ਦਾ ਸਾਰਾ ਪਰਵਾਰ ਭਾਰਤ ਆ ਗਿਆ ਤੇ ਉਹ ਜਾਇਦਾਦ ਦੇ ਮੋਹ ਖਾਤਰ ਲਾਹੌਰ ਰਹਿ ਗਿਆ ਸੀ। ਬਾਅਦ ਵਿੱਚ ਹਾਲਾਤ ਦਾ ਸਾਹਮਣਾ ਕਰਨਾ ਪਿਆ ਤਾਂ ਕੱਟੜਪੰਥੀਆਂ ਦੇ ਦਬਕੇ ਹੇਠ ਲਾਹੌਰ ਰੇਡੀਓ ਤੋਂ ਸ਼ਾਮ ਦੇ ਪ੍ਰੋਗਰਾਮ ਵਿੱਚ ਤੋਤਾ ਰਾਮ ਇਹ ਕਿਹਾ ਕਰਦਾ ਸੀ ਕਿ ਪਾਕਿਸਤਾਨ ਵਿੱਚ ਮੇਰੇ ਵਰਗੇ ਹਿੰਦੂਆਂ ਨੂੰ ਏਨੇ ਹੱਕ ਹਾਸਲ ਹਨ, ਜਿੰਨੇ ਹਿੰਦੁਸਤਾਨ ਵਿੱਚ ਰਹਿੰਦੇ ਹਿੰਦੂਆਂ ਨੂੰ ਕਦੇ ਨਹੀਂ ਮਿਲ ਸਕਦੇ। ਉਸ ਦਾ ਚੇਤਾ ਆਉਂਦੇ ਸਾਰ ਘੱਟ-ਗਿਣਤੀ ਭਾਈਚਾਰੇ ਵਿੱਚ ਪੈਦਾ ਹੋਏ ਉਹ ਆਗੂ ਦਿੱਸਣ ਲੱਗਦੇ ਹਨ, ਜਿਹੜੇ ਸਾਨੂੰ ਇਹ ਕਹਿੰਦੇ ਹਨ ਕਿ ਘੱਟ-ਗਿਣਤੀਆਂ ਨੂੰ ਜਿੰਨਾ ਮਾਣ-ਸਤਿਕਾਰ ਭਾਜਪਾ ਰਾਜ ਵਿੱਚ ਮਿਲ ਰਿਹਾ ਹੈ, ਏਨਾ ਮਾਣ ਤਾਂ ਉਨ੍ਹਾਂ ਘੱਟ-ਗਿਣਤੀਆਂ ਦੇ ਆਪਣੇ ਧਰਮ ਦੇ ਰਾਜ ਵਿੱਚ ਨਹੀਂ ਮਿਲ ਸਕਦਾ। ਤਿੰਨ-ਚਾਰ ਆਗੂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਕੇ ਦਿਨ ਨੂੰ ਰਾਤ ਜਾਂ ਰਾਤ ਨੂੰ ਦਿਨ ਕਹਿੰਦੇ ਹਨ। ਬਾਕੀ ਸਭ ਠੀਕ-ਠਾਕ ਹੈ।
ਗੱਲ ਫਿਰ ਪਹਿਲੇ ਨੁਕਤੇ ਉੱਤੇ ਆ ਜਾਂਦੀ ਹੈ। ਅਸੀਂ ਇਸ ਵਕਤ ਉਦਾਸ ਹਾਂ, ਪਰ ਉਦਾਸੀ ਨਿੱਜੀ ਕਾਰਨਾਂ ਕਰ ਕੇ ਨਹੀਂ। ਬੰਦੇ ਦਾ ਨਿੱਜ ਕੋਈ ਬਹੁਤੇ ਮਾਅਨੇ ਨਹੀਂ ਰੱਖਦਾ। ਬੰਦਾ ਸਿਰਫ ਇੱਕ ਬੰਦਾ ਹੋ ਸਕਦਾ ਹੈ, ਉਹ ਬਾਬਾ ਨਾਨਕ ਦੇ ਸ਼ਬਦਾਂ ਮੁਤਾਬਕ ‘ਹਮ ਆਦਮੀ ਹੈਂ ਇਕ ਦਮੀ’ ਮੰਨਿਆ ਜਾਂਦਾ ਹੈ। ‘ਤਿੜਕੇ ਘੜੇ ਦਾ ਪਾਣੀ’ ਪਤਾ ਨਹੀਂ ਕੱਲ੍ਹ ਤੱਕ ਰਹੇਗਾ ਕਿ ਨਹੀਂ, ਪਰ ਇਹ ਦੇਸ਼ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਸਾਡੇ ਤੋਂ ਬਾਅਦ ਵੀ ਏਥੇ ਰਹਿਣਾ ਹੈ। ਦੇਸ਼ ਧਰਤੀ ਉੱਤੇ ਵਾਹੀਆਂ ਲਕੀਰਾਂ ਨਾਲ ਨਹੀਂ ਬਣ ਜਾਂਦੇ। ਇਨ੍ਹਾਂ ਵਿੱਚ ਇਨਸਾਨਾਂ ਦਾ ਵਸੇਬਾ ਹੋਇਆਂ ਤੋਂ ਇਨ੍ਹਾਂ ਨੂੰ ਦੇਸ਼ ਦਾ ਦਰਜ਼ਾ ਦਿੱਤਾ ਜਾਂਦਾ ਹੈ। ਇਸ ਲਈ ਇਨਸਾਨ ਤੇ ਇਨਸਾਨੀ ਭਾਵਨਾ ਦਾ ਸਤਿਕਾਰ ਵੱਧ ਮਹੱਤਵ ਪੂਰਨ ਮੰਨਿਆ ਜਾਣਾ ਚਾਹੀਦਾ ਹੈ। ਭਾਰਤ ਵਿੱਚ ਇਸ ਵਕਤ ਇਨਸਾਨ ਤੋਂ ਵੱਧ ਮਹੱਤਵ ਧਰਮ ਨੂੰ ਤੇ ਧਰਮ ਵਿੱਚੋਂ ਵੀ ਆਪੋ-ਆਪਣੇ ਧਰਮ ਨੂੰ ਦਿੱਤਾ ਜਾਣ ਲੱਗ ਪਿਆ ਹੈ। ਦੂਸਰੇ ਦੇ ਧਰਮ ਦੀ ਇੱਜ਼ਤ ਕਰਨੀ ਮਖੌਲ ਬਣਦਾ ਜਾਂਦਾ ਹੈ। ਬਾਕੀ ਸਭ ਠੀਕ-ਠਾਕ ਹੈ!
ਅਸੀਂ ਭਾਰਤ ਦੇ ਵਾਸੀ ਹਾਂ, ਉਸ ਭਾਰਤ ਦੇਸ਼ ਦੇ, ਜਿਸ ਦੇ ਸੰਤਾਂ ਤੇ ਸੂਫੀ ਫਕੀਰਾਂ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਨੇ ਇੱਕ ਜਾਂ ਦੂਸਰੇ ਧਰਮ ਦੇ ਵੱਲ ਝੁਕਣ ਦੀ ਥਾਂ ਆਪਣੇ ਵਕਤ ਦੋਵਾਂ ਧਰਮਾਂ ਵਿੱਚ ਫੈਲਦੇ ਕੱਟੜਪੁਣੇ ਅਤੇ ਫਿਰਕੂ ਨਫਰਤ ਤੋਂ ਉਪਜੇ ਦਵੈਤ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਏਹੋ ਭਾਵਨਾ ਪ੍ਰਗਟ ਕਰਦਿਆਂ ਕਿਹਾ ਸੀ: ‘ਨਾ ਹਮ ਹਿੰਦੂ, ਨ ਮੁਸਲਮਾਨ॥ ਅਲਹ, ਰਾਮ ਕੇ ਪਿੰਡੁ ਪਰਾਨ॥’ ਉਨ੍ਹਾਂ ਨੇ ਵਿਚਾਰਾਂ ਦੇ ਨਾਲ ਅਕੀਦੇ ਦੀ ਆਜ਼ਾਦੀ ਲਈ ਆਖਿਆ ਸੀ: ‘ਕੋਈ ਬੋਲੈ ਰਾਮ ਰਾਮ, ਕੋਈ ਖੁਦਾਇ॥ ਕੋਈ ਸੇਵੇ ਗੁਸਈਆ, ਕੋਈ ਅਲਾਹਿ॥’ ਮਹਾਰਾਸ਼ਟਰ ਤੋਂ ਆਪਣੀ ਸਮਾਜ ਸੁਧਾਰ ਯਾਤਰਾ ਸ਼ੁਰੂ ਕਰ ਕੇ ਬਾਬਾ ਨਾਮਦੇਵ ਨੇ ਪੰਜਾਬ ਵਿੱਚ ਆਉਣ ਤੱਕ ਇਸ ਕੱਟੜਪੁਣੇ ਦੇ ਵਰਤਾਰੇ ਦਾ ਵਿਰੋਧ ਕਰਨ ਲਈ ਲਿਖਿਆ ਸੀ: ‘ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥’ ਓਸੇ ਦੌਰ ਵਿੱਚ ਸੰਤ ਕਬੀਰ ਜੀ ਨੂੰ ਇਹ ਕਹਿਣ ਦੀ ਲੋੜ ਪੈ ਗਈ ਸੀ: ‘ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ, ਮੁਲਾਂ ਛਾਡੇ ਦੋਊ॥’ ਤੇ ਇਹ ਵੀ ਕਹਿ ਦਿੱਤਾ ਸੀ ਕਿ ‘ਪੰਡਿਤ, ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ, ਕਛੂ ਨ ਲੀਆ॥’ ਇਸ ਦੇ ਵੱਡੇ ਅਰਥ ਨਿਕਲਦੇ ਹਨ।
ਅੱਜ ਪੰਡਿਤ ਤੇ ਮੁੱਲਾਂ ਨਹੀਂ ਲੜਦੇ, ਉਨ੍ਹਾਂ ਦੇ ਨਾਂਅ ਉੱਤੇ ਰਾਜਨੀਤੀ ਕਰਦੇ ਆਗੂ ਤੇ ਆਗੂਆਂ ਦੇ ਕੱਟੜਪੁਣੇ ਦਾ ਝੰਡਾ ਚੁੱਕੀ ਫਿਰਦੇ ਪਿਛਲੱਗ ਲੜਦੇ ਹਨ। ਉਹ ਆਪਣੇ ਤੋਂ ਸਿਵਾ ਕਿਸੇ ਦੀ ਗੱਲ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਤੇ ਜਿਹੜਾ ਕੋਈ ਆਪਣੀ ਗੱਲ ਕਹਿਣੀ ਚਾਹੁੰਦਾ ਹੈ, ਉਸ ਨੂੰ ‘ਪਾਕਿਸਤਾਨ ਚਲਾ ਜਾਹ’ ਸਮੇਤ ਕੋਈ ਵੀ ਫਤਵਾ ਦੇਣ ਨੂੰ ਕਮਰਾਂ ਕੱਸੀ ਫਿਰਦੇ ਹਨ। ਇਤਹਾਸ ਸਿਰਫ ਕਿਤਾਬਾਂ ਵਿੱਚ ਨਹੀਂ ਦਰਜ ਹੁੰਦਾ, ਇਸ ਦਾ ਇੱਕ ਹਿੱਸਾ ਜਨਤਕ ਕਥਾਵਾਂ ਅਤੇ ਕਹਾਣੀਆਂ ਵਿੱਚ ਮਿਲਦਾ ਹੈ। ਔਰੰਗਜ਼ੇਬ ਦੇ ਵਕਤ ਦੀ ਵੀ ਇੱਕ ਲੋਕ-ਕਥਾ ਸੁਣੀ ਜਾਂਦੀ ਹੈ। ਕਹਿੰਦੇ ਹਨ ਕਿ ਕੁਝ ਨੇਕ-ਦਿਲ ਸੂਫੀ ਫਕੀਰਾਂ ਨੇ ਔਰੰਗਜ਼ੇਬ ਨੂੰ ਦੱਸਣ ਦਾ ਮਨ ਬਣਾਇਆ ਕਿ ਅੱਲ੍ਹਾ ਅਤੇ ਰਾਮ ਦੋਵੇਂ ਇੱਕੋ ਹੁੰਦੇ ਨੇ, ਫਰਕ ਤਾਂ ਦੁਨੀਆ ਵਿੱਚ ਮਨੁੱਖਾਂ ਨੇ ਪਾਏ ਨੇ। ਉਨ੍ਹਾਂ ਦਰਬਾਰ ਵਿੱਚ ਜਾ ਕੇ ਔਰੰਗਜ਼ੇਬ ਨੂੰ ਮਿਲਣ ਦਾ ਸੁਨੇਹਾ ਭੇਜਿਆ ਤਾਂ ਅੱਗੋਂ ਗੱਲ-ਬਾਤ ਲਈ ਮੁੱਦਾ ਪੁੱਛਿਆ ਗਿਆ। ਆਉਣ ਵਾਲਿਆਂ ਨੇ ਕਿਹਾ ਕਿ ਉਹ ਦੱਸਣ ਆਏ ਹਨ ਕਿ ਅੱਲ੍ਹਾ ਤੇ ਰਾਮ ਦੋਵਾਂ ਦਾ ਭਾਵ ਇੱਕੋ ਹੁੰਦਾ ਹੈ, ਸਿਰਫ ਭਾਸ਼ਾ ਵਿੱਚ ਫਰਕ ਹੈ। ਔਰੰਗਜ਼ੇਬ ਨੇ ਦਰਬਾਰ ਵਿੱਚ ਆ ਕੇ ਪਹਿਲੀ ਗੱਲ ਇਹ ਪੁੱਛ ਲਈ: ‘ਕਿਸ ਕਾਫਰ ਨੇ ਬੋਲਾ ਹੈ?’ ਸੂਫੀ ਸੰਤ ਜਾਣਦੇ ਸਨ ਕਿ ਕੁਫਰ ਦੀ ਸਜ਼ਾ ਮੌਤ ਹੈ ਤੇ ਜਿਸ ਨੇ ਮੰਨਿਆ ਕਿ ਉਸ ਨੇ ਇਹ ਕਿਹਾ ਹੈ, ਬਾਦਸ਼ਾਹ ਪਹਿਲਾਂ ਹੀ ਕਹਿ ਚੁੱਕਾ ਹੈ ਕਿ ‘ਕਿਸ ਕਾਫਰ ਨੇ ਬੋਲਾ ਹੈ’, ਇਸ ਲਈ ਕਾਫਰ ਹੋਣ ਲਈ ਮੌਤ ਦੀ ਸਜ਼ਾ ਤੋਂ ਨਹੀਂ ਬਚ ਸਕੇਗਾ। ਕਹਿੰਦੇ ਹਨ ਕਿ ਓਦੋਂ ਉਹ ਸੂਫੀ ਸੰਤ ਮੁੜ ਆਏ ਸਨ। ਅੱਜ ਵਾਲੇ ਸਮੇਂ ਵਿੱਚ ਵੀ ਜਿਹੜਾ ਕੋਈ ਸਾਂਝੀਵਾਲਤਾ ਦੀ ਗੱਲ ਕਰਨ ਦੀ ਹਿੰਮਤ ਕਰੇ, ਉਸ ਨੂੰ ‘ਨਕਲੀ ਧਰਮ ਨਿਰਪੱਖਤਾ ਗੈਂਗ’ ਦਾ ਬੰਦਾ ਕਹਿ ਕੇ ਇਸ ਤਰ੍ਹਾਂ ਦੇ ਫਤਵੇ ਦਿੱਤੇ ਜਾਣ ਲੱਗਦੇ ਹਨ ਕਿ ਕੱਲ੍ਹ ਨੂੰ ਕਿਸੇ ਥਾਂ ਭੜਕੀ ਭੀੜ ਉਸ ਨੂੰ ਧਰਮ-ਦੋਖੀ ਕਹਿ ਕੇ ਉਸ ਦਾ ਹਰ ਹਸ਼ਰ ਕਰਨ ਤੱਕ ਜਾ ਸਕਦੀ ਹੈ। ਅਸਲ ਵਿੱਚ ਸਾਂਝੀਵਾਲਤਾ ਦੇ ਨਾਂਅ ਉੱਤੇ ਕੋਈ ਗੈਂਗ ਨਹੀਂ, ਕੱਟੜਪੰਥੀਆਂ ਦੇ ਇਹੋ ਜਿਹੇ ਗੈਂਗ ਅੱਜ ਕੱਲ੍ਹ ਭਾਰਤ ਵਿੱਚ ਖੁੰਬਾਂ ਵਾਂਗ ਉੱਗ ਰਹੇ ਹਨ। ਜਦੋਂ ਇਸ ਕਿਸਮ ਦੇ ਪੜ੍ਹੇ-ਲਿਖੇ ਲੋਕ ਏਦਾਂ ਦਾ ਵਿਹਾਰ ਕਰਨ ਲੱਗੇ ਹਨ ਤਾਂ ਜਣੇ-ਖਣੇ ਅਨਪੜ੍ਹਾਂ ਦੀ ਭੀੜ ਵੱਲੋਂ ਰਾਹ ਜਾਂਦੇ ਕਿਸੇ ਬੰਦੇ ਨੂੰ ਕੁੱਟਣ ਤੋਂ ਲੈ ਕੇ ਮਾਰ ਸੁੱਟਣ ਤੱਕ ਦੇ ਵਰਤਾਰੇ ਨੂੰ ਨਿੰਦ ਕੇ ਕੀ ਲੱਭੇਗਾ। ਫੌਜੀ ਦੇ ਮਾਪਿਆਂ ਦੀ ਚਿੱਠੀ ਵਾਂਗ ਇਸ ਵੇਲੇ ਇਸ ਦੇਸ਼ ਵਿੱਚ ਹਾਲਾਤ ਜਦੋਂ ਇਹੋ ਜਿਹੇ ਨਹੀਂ ਰਹਿ ਗਏ ਕਿ ਮਨ ਦੀ ਗੱਲ ਖੁੱਲ੍ਹੇ ਦਿਲ ਨਾਲ ਕਹੀ ਜਾਵੇ, ਓਦੋਂ ਉਸ ਚਿੱਠੀ ਦੇ ਲੇਖਕ ਵਾਂਗ ਇਹ ਹੀ ਲਿਖਣਾ ਰਹਿ ਜਾਂਦਾ ਹੈ ਕਿ ‘ਬਾਕੀ ਸਭ ਠੀਕ-ਠਾਕ ਜਿਹਾ ਹੀ ਲੱਗਦਾ ਹੈ!’ ਸਚਮੁੱਚ ਠੀਕ-ਠਾਕ ਹੀ ਤਾਂ ਹੈ!

ਜਤਿੰਦਰ ਪਨੂੰ