ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

0
264

ਇਹ ਛੇਵੇਂ ਦਹਾਕੇ ਦੀ ਗੱਲ ਹੈ ਜਦੋਂ ਕਿ ਮੈਂ ਅੰਮ੍ਰਿਤਸਰ ਵਿੱਚ ਸੁਣਿਆ ਸੀ ਕਿ ਕੋਈ ਨਵੀਂ ਮਸ਼ੀਨ ਜਿਹੀ ਬਣੀ ਹੈ ਜਿਸ ਦਾ, ਇਸ ਦੇ ਕਾਢੂਆਂ ਵੱਲੋਂ ਨਾਂ ਕੰਪਿਊਟਰ ਰੱਖਿਆ ਗਿਆ ਹੈ, ਪਰ ਵੇਖੀ ਨਹੀਂ ਸੀ।

ਸੱਤਰਵਿਆਂ ਵਾਲ਼ੇ ਦਹਾਕੇ ਦੇ ਮੁਢਲੇ ਸਾਲਾਂ ਸਮੇ, ਅੰਮ੍ਰਿਤਸਰ ਵਿੱਚ ਜਦੋਂ ਮੈ ਫੁਹਾਰੇ ਵਾਲ਼ੇ ਚੌਂਕ ਵਿਚ, ਸ. ਅਮ੍ਰੀਕ ਸਿੰਘ ਦੀ ਡਰਾਈ ਕਲੀਨ ਵਾਲ਼ੀ ਦੁਕਾਨ ਤੇ, ਕਦੀ ਕਦਾਈਂ ਗਰਮ ਕੱਪੜੇ ਡਰਾਈ ਕਲੀਨ ਕਰਵਾਉਣ ਜਾਇਆ ਕਰਦਾ ਸਾਂ ਤੇ ਓਥੇ ਰੀਸੈਪਸ਼ਨਿਸਟ ਲੜਕੀ, ਗਾਹਕਾਂ ਤੋਂ ਪੈਸੇ ਲੈਣ ਸਮੇ ਇੱਕ ਮਸ਼ੀਨ ਵਰਤਿਆ ਕਰਦੀ ਸੀ। ਮੈਂ ਸੋਚਦਾ ਸਾਂ ਕਿ ਸ਼ਾਇਦ ਉਹ ਕੰਪਿਊਟਰ ਹੋਵੇ ਕਿਉਂਕਿ ਮੈਂ ਇਹ ਵੀ ਸੁਣ ਰੱਖਿਆ ਸੀ ਕਿ ਕੰਪਿਊਟਰ ਹਿਸਾਬ ਬਹੁਤ ਛੇਤੀ ਕਰਦਾ ਹੈ। ਬਹੁਤ ਸਮਾ ਪਿੱਛੋਂ ਏਥੇ ਆਸਟ੍ਰੇਲੀਆ ਆ ਕੇ ਪਤਾ ਲੱਗਾ ਕਿ ਮੇਰਾ ਵਿਚਾਰ ਸਹੀ ਨਹੀਂ ਸੀ। ਉਹ ਕੰਪਿਊਟਰ ਨਹੀਂ, ਕੈਲਕੂਲੇਟਰ ਸੀ।

ਕਈ ਸਾਲ ਗੁਜਰ ਗਏ; ਇਸ ਪਾਸੇ ਕਦੀ ਧਿਆਨ ਈ ਨਾ ਗਿਆ। ੧੯੮੯ ਵਿੱਚ ਮੈਨੂੰ ਕਿਸੇ ਨੇ ਦੱਸਿਆ ਕਿ ਬਲੈਕ ਟਾਊਨ ਸਕਿੱਲ ਸ਼ੇਅਰ ਵਿੱਚ ਕੰਪਿਊਟਰ ਸਿਖਾਉਣ ਵਾਸਤੇ ਇੱਕ ਕੋਰਸ ਸ਼ੁਰੂ ਹੋਇਆ ਹੈ। ਮੈ ਉਸ ਕੋਰਸ ਵਿੱਚ ਦਾਖ਼ਲਾ ਲੈ ਲਿਆ। ਕੰਪਿਊਟਰ ਸੀ ‘ਐਪਲ ਮੈਕਿਨਤੋਸ਼। ‘ਥੋਹੜੇ ਹੀ ਦਿਨਾਂ ਵਿੱਚ ਮੈ, ਮਾਊਸ ਦੀ ਸਹਾਇਤਾ ਨਾਲ਼, ਅੰਗ੍ਰੇਜ਼ੀ ਵਿੱਚ ਲੇਖ ਲਿਖ ਕੇ, ਉਸ ਨੂੰ ਸੋਧ ਕੇ, ਵਾਧ ਘਾਟ ਕਰਕੇ ਲੇਜ਼ਰ ਪ੍ਰਿੰਟਰ ਤੇ ਛਾਪਣ ਦੇ ਯੋਗ ਹੋ ਗਿਆ। ਇਸ ‘ਕਾਮਯਾਬੀ’ ਨੇ ਮੈਨੂੰ ਏਨਾ ਖ਼ੁਸ਼ ਕਰ ਦਿਤਾ ਕਿ ਮੈਂ ਅੱਗੇ ਹੋਰ ਕੁੱਝ ਸਿੱਖਣ ਤੋਂ ਆਕੀ ਹੋ ਬੈਠਾ, ਇਸ ਡਰ ਤੋਂ ਕਿ ਹੋਰ ਅੱਗੇ ਸਿੱਖਣ ਦੇ ਯਤਨ ਵਿੱਚ ਮੈਂ ਕਿਤੇ ਇਹ ਕੁੱਝ ਵੀ ਆਪਣੇ ‘ਡਮਾਕ’ ਵਿਚੋਂ ਨਾ ਗਵਾ ਬਹਾਂ! ਮੈਂ ਆਪਣੇ ਪੰਜਾਬੀ ਦੇ ‘ਸਿੱਖ ਸਮਾਚਾਰ’ ਨਾਮੀ ਮਾਸਕ ਪੱਤਰ ਵਾਸਤੇ ਅੰਗ੍ਰੇਜ਼ੀ ਵਿੱਚ ਲੇਖ, ਖ਼ਬਰਾਂ ਆਦਿ ਛਾਪਣ ਲੱਗ ਪਿਆ।

ਕੰਪਿਊਟਰ ਨਾਲ਼ ਮੇਰਾ ਪੰਗਾ ਓਦੋਂ ਪਿਆ ਜਦੋਂ ੧੯੯੦ ਵਿੱਚ ਮੈਂ ਆਸਟ੍ਰੇਲੀਅਨ ਪਬਲਿਕ ਸਰਵਿਸ ਬੋਰਡ ਦੇ ਇਮਤਿਹਾਨ ਵਿੱਚ ਬੈਠਾ ਤੇ ਕੁੱਝ ਹਫ਼ਤਿਆਂ ਬਾਅਦ ਉਹਨਾਂ ਵੱਲੋਂ ਨਤੀਜੇ ਦੀ ਚਿੱਠੀ ਆਈ ਜਿਸ ਵਿੱਚ ਦੱਸਿਆ ਗਿਆ ਸੀ ਕਿ ਇਮਤਿਹਾਨ ਵਿੱਚ ਮੇਰੀ ਪਰਫੌਰਮੈਂਸ ਏਨੀ ਵਧੀਆ ਨਹੀਂ ਸੀ ਕਿ ਮੇਰੀ ਵਾਰੀ ਨੌਕਰੀ ਵਾਸਤੇ ਮੈਰਿਟ ਲਿਸਟ ਵਿੱਚ ਆ ਸਕੇ ਪਰ ਜੇਕਰ ਮੈਂ ਕੀ ਬੋਰਡ, ਵਰਡ ਪ੍ਰੋਸੈਸਿੰਗ ਜਾਂ ਕੰਪਿਊਟਰ ਵਿਚੋਂ ਕਿਸੇ ਇੱਕ ਜਾਂ ਇੱਕ ਤੋਂ ਵਧ ਬਾਰੇ ਕੁੱਝ ਜਾਣਦਾ ਹਾਂ ਤਾਂ ਮੇਰਾ ਨਾਂ ਮੈਰਿਟ ਲਿਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਫਿਰ ਮੈਂ ਇਹ ‘ਗੁੱਸਾ ਚੜ੍ਹਾਊ’ ਕਾਰਜ ਸਿੱਖਣ ਦੇ ਮਗਰ ਜਾਣੋ ਕਿ ਹੱਥ ਧੋ ਕੇ ਹੀ ਪੈ ਗਿਆ। ਕਿਉਂਕਿ ਮੇਰੇ ਪਾਸ ਆਪਣਾ ਕੰਪਿਊਟਰ ਨਹੀਂ ਸੀ ਅਤੇ ‘ਬੇਕਾਰ’ ਹੋਣ ਕਰਕੇ ਖ਼ਰੀਦਣ ਲਈ ਮਾਇਕ ਪਹੁੰਚ ਵੀ ਨਹੀਂ ਸੀ, ਇਸ ਲਈ ਕਿਸੇ ਹੋਰ ਕੋਰਸ ਵਿੱਚ ਦਾਖ਼ਲਾ ਲੈਣਾ ਹੀ ਯੋਗ ਜਾਤਾ ਤਾਂ ਕਿ ਨਾਲ਼ੇ ਤਾਂ ਇਸ ਬਾਰੇ ਕੁੱਝ ਹੋਰ ਜਾਣਕਾਰੀ ਮਿਲ਼ੇਗੀ ਤੇ ਨਾਲ਼ੇ ਕੰਪਿਊਟਰ ਵਰਤਣ ਲਈ ਕਲਾਸ ਦੇ ਸਮੇ, ਸਮਾ ਮਿਲ਼ੇਗਾ। ਏਧਰ ਓਧਰ ਹੱਥ ਪੱਲਾ ਮਾਰਨ ਨਾਲ਼ ਇੱਕ ਕੋਰਸ ਮੇਰੇ ਹੱਥ ਚੜ੍ਹ ਗਿਆ। ਕੋਰਸ ਦਾ ਨਾਂ ਸੀ ‘ਆਫ਼ਿਸ ਸਕਿੱਲ’ ਅਤੇ ਇਹ CTEC ਇਨਸਟੀਚਿਊਟ ਸਿਡਨੀ ਵਿੱਚ ਸੀ। ਇਸ ਕੋਰਸ ਵਿੱਚ ਸਾਨੂੰ ਦਫ਼ਤਰੀ ਅੰਗ੍ਰੇਜ਼ੀ, ਕੁੱਝ ਟਾਈਪਿੰਗ, ਕੰਪਿਊਟਰ ਅਤੇ ਵਰਡ ਪ੍ਰੋਸੈਸਿੰਗ ਸਿਖਾਉਣ ਦਾ ਯਤਨ ਕੀਤਾ ਗਿਆ। ਕੰਪਿਊਟਰ, ਟਾਈਪਿੰਗ, ਵਰਡ ਪ੍ਰੋਸੈਸਿੰਗ ਸਾਨੂੰ IBM ਉਤੇ ਸਿਖਾਉਇਆ ਜਾਂਦਾ ਸੀ ਅਤੇ ਇਸ ਕਾਰਜ ਲਈ WordPrfect 5.1 ਪੈਕੇਜ ਵਰਤਿਆ ਗਿਆ। ਅੱਗੇ ਹੋਰ ਸਮੱਸਿਆ ਇਹ ਹੋਈ ਕਿ ਏਥੇ ਮਾਊਸ ਨਹੀਂ ਸੀ ਵਰਤਿਆ ਜਾਂਦਾ ਤੇ ਇਸ ਲਈ ਸਾਰੀਆਂ ਕਮਾਂਡਾਂ ਜਬਾਨੀ ਹੀ ਯਾਦ ਕਰਨੀਆਂ ਪੈਂਦੀਆਂ ਸਨ। ਮਾੜੀ ਜਾਂ ਚੰਗੀ ਕਿਸਮਤ ਕਰਕੇ ਅਸੀਂ ਅਧ ਵਿਚਾਲ਼ੇ ਹੀ ਸਾਂ ਕਿ ਉਹ ਕੰਪਨੀ ਫੇਹਲ ਹੋ ਗਈ ਜੋ ਇਸ ਸੰਸਥਾ ਨੂੰ ਚਲਾਉਂਦੀ ਸੀ ਅਤੇ ਇਸ ਨਾਲ਼ ਸਾਡਾ ਇਨਸੀਚਿਊਟ ਵੀ ਬੰਦ ਹੋ ਗਿਆ। ਇਸ ਕਰਕੇ ਸਾਡਾ ਕੋਰਸ ਅੱਧ ਵਿਚਾਲ਼ੇ ਹੀ ਲਟਕਦਾ ਰਹਿ ਗਿਆ।

ਫਿਰ ਸਾਨੂੰ ਕੁੱਝ ਦਿਨਾਂ ਬਾਅਦ ਸਰਕਾਰ ਨੇ ਸਿਡਨੀ ਦੀ ਇੱਕ ਹੋਰ ਸੰਸਥਾ ਵਿੱਚ ਦਾਖ਼ਲ ਕਰਾ ਦਿਤਾ ਜਿਸ ਦਾ ਨਾਂ ਸੀ Key International Business College. ਕੋਰਸ ਦੇ ਅੰਤ ਉਪਰ ਇੱਕ ਲੇਡੀ ਅਜਿਹੀ ਆਈ ਜਿਸ ਨੇ ਸਾਡੀ ਪ੍ਰਾਪਤੀ ਨੂੰ ਜਾਂਚਿਆ। ਉਸ ਨੇ ਇਸ ਗੱਲ ਤੇ ਹੈਰਾਨੀ ਪਰਗਟ ਕੀਤੀ ਕਿ ਅਸੀਂ ਵਰਡ ਪ੍ਰੋਸੈਸਿੰਗ ਵਿੱਚ ਜਿੰਨੇ ਕਾਮਯਾਬ ਹੋਣੇ ਚਾਹੀਦੇ ਸਾਂ ਓਨੇ ਨਹੀ ਸੀ ਹੋਏ। ਮੈਂ ਉਸ ਨੂੰ ਪੁੱਛਿਆ ਕਿ ਪਹਿਲਾਂ ਕਿਉਂ ਨਹੀਂ ਉਸ ਦੇ ਸਾਨੂੰ ਦਰਸ਼ਨ ਹੋਏ ਤਾਂ ਉਸ ਦਾ ਜਵਾਬ ਸੀ ਕਿ ਉਹ ਛੁੱਟੀ ਤੇ ਸੀ। ਇਸ ਵਾਸਤੇ ਹੀ ਅਸੀਂ ਏਨੇ ਪਛੜ ਗਏ। ਜਦੋਂ ਮੈਂ ਉਸ ਨੂੰ ਆਪਣੀ ਇਸ ਪਾਸੇ ਹੋਰ ਅੱਗੇ ਵਧ ਸਕਣ ਦੀ ਸੰਭਾਵਨਾ ਬਾਰੇ ਪੁੱਛਿਆ ਤਾਂ ਉਸ ਦਾ ਅੰਗ੍ਰੇਜ਼ਾਂ ਵਰਗਾ ਹੀ ਗੋਲ਼ ਮੋਲ਼ ਉਤਰ ਸੀ ਕਿ ਮੈਂ ਇਸ ਖੇਤਰ ਵਿੱਚ ਅੱਗੇ ਵਧ ਸਕਦਾ ਹਾਂ।

ਇਸ ਕੋਰਸ ਦੌਰਾਨ ਇੱਕ ਛੋਟੇ ਕੱਦ, ਪਤਲੇ ਸਰੀਰ ਅਤੇ ਸਖ਼ਤ ਸੁਭਾ ਵਾਲ਼ੀ ਫ਼ਿਲਪੀਨੋ ਟੀਚਰ ਦੀ ਸਖ਼ਤੀ ਕਾਰਨ ਮੈ ਹੌਲ਼ੀ ਹੌਲ਼ੀ ਅੰਗ੍ਰੇਜ਼ੀ ਟਾਈਪਣ ਲੱਗ ਪਿਆ। ਇਹ ਬੀਬੀ ਵਿਆਹ ਦੀ ਉਮਰੋਂ ਟੱਪ ਚੁੱਕੀ ਸੀ। ਪਤਾ ਨਹੀਂ ਇਸ ਨੇ ਵਿਆਹ ਕਰਵਾਇਆ ਨਹੀਂ ਸੀ ਜਾਂ ਕਿ ਇਸ ਦੀ ਛੱਡ ਛਡਾਈ ਹੋਈ ਹੋਈ ਸੀ; ਅਜਿਹਾ ਨਾ ਕਿਸੇ ਨੂੰ ਜਾਨਣ ਦੀ ਲੋੜ ਸੀ ਤੇ ਨਾ ਹੀ ਉਸ ਨੇ ਕਲਾਸ ਵਿੱਚ ਕਿਸੇ ਨੂੰ ਦੱਸਿਆ ਸੀ। ਹਾਂ, ਇੱਕ ਦਿਨ ਉਸ ਨੇ ਬੜੀ ਖ਼ੁਸ਼ੀ ਨਾਲ਼ ਹੁੱਬ ਕੇ ਕਲਾਸ ਵਿੱਚ ਇਹ ਖ਼ਬਰ ਸੁਣਾਈ ਕਿ ਉਹ ਨਾਨੀ ਬਣ ਗਈ ਹੈ। ਅੱਗੇ ਵਿਸਥਾਰ ਉਸ ਨੇ ਇਉਂ ਕੀਤਾ ਕਿ ਉਸ ਦੀ ਪਾਲ਼ੀ ਹੋਈ ਤੋਤੀ ਨੇ ਆਂਡਾ ਦਿਤਾ ਹੈ। ਉਸ ਨੇ ਨਿੱਕੇ ਨਿੱਕੇ ਤੋਤਿਆਂ ਦਾ ਇੱਕ ਜੋੜਾ ਪਾਲ਼ ਰੱਖਿਆ ਸੀ ਅਤੇ ਉਹਨਾਂ ਨੂੰ ਉਹ ਆਪਣੇ ਬੱਚੇ ਸਮਝਦੀ ਸੀ, ਇਸ ਲਈ ਉਹ ਖ਼ੁਦ ਨੂੰ ਨਾਨੀ ਬਣ ਜਾਣ ਦੀ ਖ਼ੁਸ਼ੀ ਮਾਣ ਰਹੀ ਸੀ।

ਟਾਈਪਣ ਵਾਲ਼ੇ ਬਿਜ਼ਨਿਸ ਵਿੱਚ ਕੁੱਝ ਕਾਰਨਾਂ ਕਰਕੇ ਦੂਜੇ ਵਿਦਿਆਰਥੀਆਂ ਨਾਲ਼ੋਂ ਖ਼ੁਦ ਨੂੰ ਮੈਂ ਪਛੜਿਆ ਹੋਇਆ ਸਮਝਦਾ ਸਾਂ। ਇੱਕ ਤਾਂ ਉਮਰ ਵਡੇਰੀ, ਉਪਰੋਂ ਵਿਸ਼ਾ ਅਤਿ ਖ਼ੁਸ਼ਕ ਕਿਉਂਕਿ ਮੈਨੂੰ ਆਪਣੀ ਰੁਚੀ ਤੋਂ ਉਲ਼ਟ ਕੰਮ ਕਰਨਾ ਬੜਾ ਮੁਸ਼ਕਲ ਮਹਿਸੂਸ ਹੁੰਦਾ ਹੈ ਤੇ ਤੀਜਾ ਇਹ ਕਿ ਪੰਜਾਬੀ ਦੀ ਟਾਈਪ, ਬਿਨਾ ਕਿਸੇ ਉਸਤਾਦ ਦੀ ਸਹਾਇਤਾ ਜਾਂ ਅਗਵਾਈ ਦੇ, ੧੯੮੫ ਤੋਂ ਖ਼ੁਦ ਹੀ ਠੋਹ ਟੋਹ ਕੇ ਅੱਖਰ ਲਭ ਲਭ ਕੇ, ਬੇਤਰਤੀਬੀ ਜਿਹੀ ਟਾਈਪ ਕਰਨ ਕਰਕੇ, ਮੇਰੀ ਆਦਤ ਵਿਗੜੀ ਹੋਈ। ਇਹ ਟਾਈਪ ਰਾਈਟਰ ਮੈਂ ੧੯੮੫ ਦੇ ਆਰੰਭ ਵਿਚ, ਆਪਣੀ ਅੰਮ੍ਰਿਤਸਰ ਦੀ ਯਾਤਰਾ ਸਮੇ ਲੈ ਆਇਆ ਸਾਂ। ਫਿਰ ਮੈਕਿਨਤੋਸ਼ ਸਿੱਖਣ ਸਮੇ ਅੰਗ੍ਰੇਜ਼ੀ ਟਾਈਪ ਵੀ ਉਘੜ ਦੁੱਘੜੀ ਹੀ ਕਰਦਾ ਸਾਂ। ਇਸ ਵਿਗੜੀ ਹੋਈ ਆਦਤ ਨੂੰ ਪਹਿਲਾਂ ਸੁਧਾਰਨ ਦੀ ਲੋੜ ਸੀ। ਅਜਿਹੀਆਂ ਪਾਣੀ ਮਾਰਵੀਆਂ ਜਿਹੀਆਂ ਗੱਲਾਂ ਦਾ ਬਹਾਨਾ ਬਣਾ ਕੇ ਮੈਂ ਸਮਝਦਾ ਸਾਂ ਕਿ ਇਹ ਕੰਮ ਮੇਰੀ ਪਹੁੰਚ ਤੋਂ ਪਰੇ ਹੈ। ਇਸ ਕਰਕੇ ਮੇਰੀ ਦੋਹਾਂ ਭਾਸ਼ਾਵਾਂ ਵਿੱਚ ਹੀ ਬੇਤਰਤੀਬੀ ਨਾਲ਼ ਟਾਈਪ ਕਰਨ ਸਮੇ ਵਿਗੜੀ ਹੋਈ ਆਦਤ ਕਰਕੇ, ਮੈਂ ਇਸ ਨੂੰ ਸਹੀ ਤਰੀਕੇ ਨਾਲ਼ ਸਿੱਖਣ ਦਾ ਵਿਚਾਰ ਛੱਡ ਦਿਤਾ ਹੋਇਆ ਸੀ ਪਰ ਉਸ ਟੀਚਰ ਨੇ ਮੇਰਾ ਕੋਈ ਬਹਾਨਾ ਸੁਣਨ ਤੋਂ ਨਾਂਹ ਕਰ ਦਿਤੀ ਤੇ ਮੈਨੂੰ ਇਉਂ ਅਹਿਸਾਸ ਕਰਵਾ ਦਿਤਾ ਕਿ ਕਲਾਸ ਵਿੱਚ ਉਸ ਦੀ ਮਰਜੀ ਚੱਲੇਗੀ, ਮੇਰੀ ਨਹੀਂ। ਉਸ ਦੀ ਸਖ਼ਤੀ ਕਰਕੇ ਮੈਂ ਹੌਲ਼ੀ ਹੌਲ਼ੀ ਕੀ ਬੋਰਡ ਨੂੰ ਕੁਤਕਤਾਰੀਆਂ ਜਿਹੀਆਂ ਕੱਢਣ ਲੱਗ ਹੀ ਪਿਆ। ਇਹ ਜਾਣ ਕੇ ਵੀ ਪਾਠਕ ਹੈਰਾਨ ਹੋਣਗੇ ਕਿ ਕਈ ਦਿਨ ਟਾਈਪ ਸਿਖਦਿਆਂ ਨੂੰ ਹੋ ਗਏ ਤਾਂ ਇੱਕ ਦਿਨ ਕਲਾਸ ਵਿੱਚ ਨਾਲ਼ ਬੈਠੀ ਲੇਡੀ ਨੂੰ ਪੁੱਛਿਆ ਕਿ ਸਾਨੂੰ ਕੀ ਬੋਰਡ ਕਦੋਂ ਸਿਖਾਉਣਗੇ! ਉਸ ਨੇ ਦੱਸਿਆ ਕਿ ਇਹੋ ਹੀ ਤਾਂ ਕੀ ਬੋਰਡ ਹੈ ਜੋ ਅਸੀਂ ਰੋਜ ਸਿੱਖ ਰਹੇ ਹਾਂ! ਮੈਨੂੰ ਓਦੋਂ ਤੱਕ ਨਹੀ ਸੀ ਪਤਾ ਕਿ ਟਾਈਪ ਰਾਈਟਰ ਨੂੰ ਹੀ ਕੀ ਬੋਰਡ ਆਖਿਆ ਜਾਂਦਾ ਹੈ। ਮੈਂ ਇਸ ਤੋਂ ਕਿਸੇ ਵੱਡੀ ਅਤੇ ਮਹੱਤਵਪੂਰਣ ਵਸਤੂ ਨੂੰ, ਕੀ ਬੋਰਡ ਵਜੋਂ, ਆਪਣੀ ਕਲਪਣਾ ਦੇ ਸੰਸਾਰ ਵਿੱਚ ਵਸਾਈ ਬੈਠਾ ਸਾਂ।

ਇਸ ਕੋਰਸ ਦੀ ਸਮਾਪਤੀ ਤੇ ਅਸੀਂ ਤਕਰੀਬਨ ਸਾਰੇ, ਵਿਦਿਆਰਥੀ ਵੀ ਅਤੇ ਉਸਤਾਦ ਵੀ, ਇਸ ਨਤੀਜੇ ਉਪਰ ਪਹੁੰਚੇ ਕਿ ਹਰੇਕ ਟੀਚਰ ਆਪਣੇ ਤਰੀਕੇ ਨਾਲ ਵੱਖ ਵੱਖ ਪੈਕੇਜਾਂ ਰਾਹੀਂ ਸਾਨੂੰ ਇਹ ਕੁੱਝ ਸਿਖਾਉਣ ਦਾ ਯਤਨ ਕਰਦਾ ਰਿਹਾ। ਇਸ ਕਰ ਕੇ ਅਸੀਂ ਕਿਸੇ ਵੀ ਇੱਕ ਪੈਕੇਜ ਨੂੰ ਵਰਤਣ ਦੀ ਤਸੱਲੀ ਬਖ਼ਸ਼ ਯੋਗਤਾ ਨਾ ਹਾਸਲ ਕਰ ਸਕੇ। ਵਾਹਿਗੁਰੂ ਦੀ ਕਿਰਪਾ ਨਾਲ਼ ਅਸੀਂ ਇਸ ਕੋਰਸ ਨੂੰ ਪੂਰਾ ਕਰ ਲੈਣ ਦੇ ਸਰਟੀਫੀਕੇਟ ਲੈ ਕੇ ਬੜੀ ਸ਼ਾਨ ਨਾਲ਼ ਘਰਾਂ ਨੂੰ ਮੁੜ ਆਏ ਅਤੇ ਆਪਣੀਆਂ ਪੱਕੀਆਂ ਨੌਕਰੀਆਂ ਉਪਰ ਡਟ ਗਏ। ਸਾਡੀਆਂ ਪੱਕੀਆਂ ਨੌਕਰੀਆਂ ਸਨ, ਨੌਕਰੀਆਂ ਲਭਣੀਆਂ।

ਮੈਂ ਉਸ ਟੀਚਰ ਨੂੰ ਆਪਣੀ ਵਰਡ ਪ੍ਰੋਸੈਸਿੰਗ ਦੀ ਯੋਗਤਾ ਜਾਂ ਅਯੋਗਤਾ ਬਾਰੇ ਨਿਜੀ ਤੌਰ ਤੇ ਪੁੁੱਛਿਆ ਤਾਂ ਉਸ ਦਾ ਉਤਰ ਹਾਂ ਪੱਖੀ ਸੀ। ਹੌਂਸਲਾ ਵਧਾਊ ਜਵਾਬ ਸੁਣ ਕੇ ਮੈ ਇਸ ਖੇਤਰ ਵਿੱਚ ਆਪਣੀ ਯੋਗਤਾ ਨੂੰ ਹੋਰ ਵਧਾਉਣ ਦਾ ਵਿਚਾਰ ਬਣਾ ਲਿਆ। ਮੇਰੇ ਪਾਸ ਕਿਉਂਕਿ ਆਪਣਾ ਕੰਪਿਊਟਰ ਕੋਈ ਨਹੀਂ ਸੀ ਤੇ ਨਾ ਹੀ ਉਸ ਸਮੇ ‘ਬੇਕਾਰ’ ਹੋਣ ਕਰਕੇ ਮੈਂ ਖ਼ਰੀਦਣ ਦੀ ਸ਼ਕਤੀ ਰੱਖਦਾ ਸਾਂ, ਇਸ ਲਈ ਮੈਂ ਬਲੈਕ ਟਾਊਨ ਦੇ ਟੈਫ਼ TAFE ਵਿੱਚ ਦਾਖਲ ਹੋਣ ਦਾ ਵਿਚਾਰ ਬਣਾ ਲਿਆ। ਕੋਰਸ ਦਾ ਨਾਂ ਸੀ ESP Comuter Programming. ਅਸੀਂ ਕਲਾਸ ਵਿੱਚ ਕੁੱਲ ੧੪ ਵਿਦਿਆਰਥੀ ਸਾਂ। ਤਕਰੀਬਨ ਸਾਰੇ ਹੀ ਮੈਚਿਉਰ ਉਮਰ ਦੇ ਅਤੇ ਆਪੋ ਆਪਣੇ ਦਾਇਰਿਆਂ ਵਿੱਚ ਕਾਫ਼ੀ ਹੱਦ ਤੱਕ ਸਫ਼ਲਤਾ ਪਰਾਪਤੀ ਵਾਲ਼ੇ ਸਾਂ ਪਰ ਨਵੇਂ ਮੁਲਕ ਵਿੱਚ ਆ ਕੇ ‘ਅਨਪੜ੍ਹ’ ਹੋ ਗਏ ਸਾਂ। ਪੂਰੀ ਤਰ੍ਹਾਂ ਏਥੇ ਢੁਕਦੀ ਤਾਂ ਭਾਵੇਂ ਨਹੀਂ ਪਰ ਸ਼ਾਇਦ ਦਿਲਚਸਪ ਲੱਗੇ ਪਾਤਰ ਦੀ ਇਹ ਪੰਗਤੀ:

ਪਿੰਡੀਂ ਜਿਨ੍ਹਾਂ ਦੇ ਗੱਡੇ ਚੱਲਣ, ਨਾਲ਼ੇ ਚੱਲੇ ਸਰਦਾਰੀ।

ਸ਼ਹਿਰੀਂ ਆ ਕੇ ਬਣ ਜਾਂਦੇ ਨੇ, ਬੱਸ ਦੀ ਇੱਕ ਸਵਾਰੀ।

ਇਸ ਤੋਂ ਇਲਾਵਾ ਦੁਨੀਆ ਦੇ ਦੂਰ ਦੁਰਾਡੇ, ਵੱਖ ਵੱਖ ਇਲਾਕਿਆਂ ਤੋਂ ਆਸਟ੍ਰੇਲੀਆ ਵਿੱਚ ਆ ਕੇ ਨਵੇਂ ਵੱਸੇ ਹੋਏ ਸਾਂ। ਸਾਰੇ ਹੀ ਗੁਜਾਰੇ ਜੋਗੇ ਹਾਸਰਸੀ ਸੁਭਾ ਦੇ ਮਾਲਕ ਵੀ ਸਾਂ। ਮੇਰੇ ਤੋਂ ਇਲਾਵਾ ਪਾਕਿਸਤਾਨ ਤੋਂ ਮਹਿਮੂਦ ਚੀਮਾ ਡਬਲ ਐਮ. ਏ. ਐਲ. ਐਲ. ਬੀ. , ਫਿਲਪਾਈਨ ਤੋਂ ਇੱਕ ਇਨਜੀਨੀਅਰ, ਬੰਗਲਾ ਦੇਸ਼ ਤੋਂ ਮੀਆਂ ਬੀਵੀ: ਮੀਆਂ ਇਨਜੀਨੀਅਰ ਅਤੇ ਬੀਵੀ ਪ੍ਰੋਫ਼ੈਸ਼ਨਲ ਕਲਾਸੀਕਲ ਸੰਗੀਤਕਾਰ, ਇੱਕ ਵੀਅਤਨਾਮ ਤੋਂ ਕੰਪਿਊਟਰ ਦੇ ਹਾਰਡਵੇਅਰ ਦਾ ਇਨਜੀਨੀਅਰ, ਹਾਂਗ ਕਾਂਗ ਤੋਂ ਇੱਕ ਲੇਡੀ, ਇੱਕ ਮੁਕਾਬਲਤਨ ਜਵਾਨ ਲੜਕੀ, ਹੁਣ ਯਾਦ ਨਹੀਂ ਕਿ ਕੇਹੜੇ ਮੁਲਕ ਤੋਂ ਸੀ। ਫਿਲਪੀਨੋ ਇਨਜੀਨੀਅਰ ਇਸ ਉਪਰ ਡੋਰੇ ਪਾਉਣ ਦੇ ਯਤਨਾਂ ਵਿੱਚ ਰਹਿੰਦਾ ਸੀ। ਸਿਡਨੀ ਵਾਸੀ ਲੋਹੇ ਦੇ ਪੁਰਜ਼ਿਆਂ ਦੇ ਸਫ਼ਲ ਵਾਪਾਰੀ, ਸ. ਗੁਰਮੀਤ ਸਿੰਘ ਦਾ ਛੋਟਾ ਭਰਾ, ਅੰਮ੍ਰਿਤਧਾਰੀ ਨੌਜਵਾਨ ਮਨਜੀਤ ਸਿੰਘ ਸੀ ਜੋ ਕਿ ਆਮ ਤੌਰ ਤੇ ਚੁੱਪ ਹੀ ਰਹਿੰਦਾ ਸੀ। ਇਹ ਪੰਜਾਬ ਦੇ ਇੱਕ ਉਘੇ ਅਕਾਲੀ ਵਰਕਰ ਦਾ ਪੁੱਤਰ ਸੀ। ਕੁੱਝ ਸਮੇ ਬਾਅਦ ਇਸ ਵਿਚਾਰੇ ਗੁਰਸਿੱਖ ਨੌਜਵਾਨ ਦੀ ਟਰੈਜਿਕ ਮੌਤ ਹੋ ਗਈ ਸੀ। ਇੱਕ ਹੋਰ ਮੇਰੇ ਇੱਕ ਮਿੱਤਰ ਦੀ ਪਤਨੀ ਜੋਤੀ ਵੀ ਸੀ। ਇੱਕ ਹੋਰ ਲੇਡੀ ਵੀ ਇੰਡੋ ਏਸ਼ੀਅਨ ਏਰੀਏ ਦੇ ਕਿਸੇ ਮੁਲਕ ਵਿਚੋਂ ਸੀ, ਜੋ ਇਸ ਵਿਚਾਰ ਨਾਲ਼ ਇਸ ਕਲਾਸ ਵਿੱਚ ਦਾਖ਼ਲ ਹੋਈ ਸੀ ਕਿ ਆਪਣੀ ਹਾਈ ਸਕੂਲ ਵਿੱਚ ਪੜ੍ਹ ਰਹੀ ਧੀ ਦੀ, ਇਸ ਪੱਖੋਂ ਸਹਾਇਤਾ ਕਰ ਸਕੇ। ਚਾਹ ਦੀ ਬਰੇਕ ਸਮੇ ਉਹ ਮੋਹਰੇ ਹੋ ਕੇ ਸਾਰਾ ਪ੍ਰਬੰਧ ਕਰਦੀ ਸੀ ਤੇ ਇਸ ਲਈ ਰਾਸ਼ਨ ਵੀ ਓਹੋ ਹੀ ਖ਼ਰੀਦ ਕੇ ਲਿਆਉਂਦੀ ਸੀ, ਭਾਵੇਂ ਕਿ ਬਾਅਦ ਵਿੱਚ ਹਿੱਸੇ ਆਉਂਦੇ ਪੈਸੇ ਉਹ ਸਾਰਿਆਂ ਪਾਸੋਂ ਲੈ ਲੈਂਦੀ ਸੀ। ਮੈਨੂੰ ਉਸ ਤੋਂ ਹੀ ਪਤਾ ਲੱਗਾ ਕਿ ਬਦਾਮਾਂ ਦਾ ਪਾਊਡਰ ਵੀ ਹੁੰਦਾ ਹੈ ਤੇ ਉਸ ਨੂੰ ਚਾਹ ਚਿੱਟੀ ਕਰਨ ਲਈ ਦੁਧ ਦੇ ਥਾਂ ਵਰਤਿਆ ਵੀ ਜਾ ਸਕਦਾ ਹੈ। ਇੱਕ ਕਰੋਸ਼ੀਆ ਤੋਂ ਲੇਡੀ ਸੀ ਜੋ ਕਿ ਸਰਬੀਆ ਦੇ ਚੁੰਗਲ ਵਿਚੋਂ ਆਪਣੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ, ਇਨਕਲਾਬੀ ਸਰਗਰਮੀਆਂ ਵਿੱਚ ਸਰਗਰਮ ਰਹੀ ਸੀ। ਇਹ ਲੇਡੀ ਦੁਨੀਆਂ ਦੀ ਰਾਜਨੀਤੀ ਅਤੇ ਗ਼ੁਲਾਮ ਕੌਮਾਂ ਦੀਆਂ ਆਜ਼ਾਦੀ ਹਿਤ ਕੀਤੀਆਂ ਜਾ ਰਹੀਆਂ ਜਦੋ ਜਹਿਦਾਂ ਬਾਰੇ ਚੋਖਾ ਗਿਆਨ ਰੱਖਦੀ ਸੀ। ਚੀਮਾ ਇਸ ਲੇਡੀ ਦਾ ਵਾਹਵਾ ਹੀ ‘ਪ੍ਰਸੰਸਕ’ ਸੀ। ਜਦੋਂ ਇੱਕ ਤਾਮਲ ਲੇਡੀ ਦੀ ਕੁਰਬਾਨੀ ਨਾਲ਼ ਰਾਜੀਵ ਪਰਲੋਕ ਸਿਧਾਰਿਆ, ਤਾਂ ਸਿੱਖ ਵਿਰੋਧੀ ਹੋਣ ਕਰਕੇ, ਹਿੰਦੁਸਤਾਨੀ ਮੀਡੀਏ ਦੀ ਹਰੇਕ ਖ਼ਬਰ ਦਾ ਪ੍ਰਤੱਖ ਇਸ਼ਾਰਾ ਸਿੱਖਾਂ ਵੱਲ ਸੀ। ਉਹਨਾਂ ਦਾ ਸਾਰਾ ਜੋਰ ਸਿੱਖਾਂ ਨੂੰ ਇਸ ਕਤਲ ਦਾ ‘ਕਰੈਡਿਟ’ ਦੇਣ ਤੇ ਹੀ ਲੱਗਾ ਹੋਇਆ ਸੀ। ਉਸ ‘ਗਰਮਾ ਗਰਮੀ’ ਦੇ ਦਿਨੀਂ ਇੱਕ ਦਿਨ ਟੀ ਬਰੇਕ ਸਮੇ ਇਹ ਕਰੋਸ਼ੀਅਨ ਲੇਡੀ ਮੈਨੂੰ ਪੁੱਛਣ ਲੱਗੀ, “ਤੁਸੀਂ ਮਾਰਿਆ?” ਮੈਂ ਪੂਰੇ ਭਰੋਸੇ ਨਾਲ਼ ਆਖਿਆ, “ਨਹੀਂ, ਅਸੀਂ ਨਹੀਂ ਮਾਰਿਆ। “ ਉਸ ਦਾ ਕਹਿਣਾ ਸੀ, “ਇਹ ਤਾਂ ਮੰਨ ਲਿਆ ਕਿ ਤੂੰ ਨਹੀਂ ਮਾਰਿਆ ਪਰ ਸਵਾ ਦੋ ਕਰੋੜ ਲੋਕਾਂ ਦੀ ਜੁੰਮੇਵਾਰੀ ਤੂੰ ਏਨੇ ਭਰੋਸੇ ਨਾਲ਼ ਕਿਵੇਂ ਚੁੱਕ ਸਕਦਾ ਹੈਂ! ਕੀ ਹਰੇਕ ਸਿੱਖ ਤੇਰੇ ਤੋਂ ਪੁੱਛ ਕੇ ਹੀ ਕੰਮ ਕਰਦਾ ਹੈ? ਹੋ ਸਕਦਾ ਹੈ ਕਿਸੇ ਨੇ ਮਾਰ ਦਿਤਾ ਹੋਵੇ!” ਮੈਂ ਆਖਿਆ, “ਜਿੰਨੀ ਸਿਆਣਪ ਭਰੀ ਸਕੀਮ ਨਾਲ ਉਸ ਨੂੰ ਮਾਰਿਆ ਗਿਆ ਹੈ ਓਨੀ ਸਮਝ ਅਜੇ ਸਾਡੇ ਵਿੱਚ ਨਹੀਂ ਆਈ। “ਮੇਰਾ ਇਹ ਜਵਾਬ ਸੁਣ ਕੇ ਸਾਰੇ ਹੱਸ ਪਏ। ਉਸ ਨੇ ਆਖਿਆ, “ਏਨੀ ਮਾਰ ਖਾ ਕੇ ਸ਼ਾਇਦ ਕਿਸੇ ਨੂੰ ਏਨੀ ਸਮਝ ਆ ਹੀ ਗਈ ਹੋਵੇ!” ਸਾਡੀ ਇਸ ਕਲਾਸ ਵਿੱਚ ਇੱਕ ਆਸਟ੍ਰੇਲੀਅਨ ਗੋਰਾ ਸੱਜਣ ਵੀ ਦਾਖ਼ਲ ਹੋਇਆ ਸੀ ਜੋ ਥੋਹੜੇ ਹੀ ਦਿਨਾਂ ਬਾਅਦ ਵਿਚੇ ਹੀ ਛੱਡ ਗਿਆ। ਇੱਕ ਗੋਰਾ ਜੋੜਾ ਵੀ ਸੀ; ਉਹ ਵੀ ਵਿਚਾਲੇ ਹੀ ਛੱਡ ਗਿਆ। ਸ਼ਾਇਦ ਇਸ ਕਲਾਸ ਵਿੱਚ ਏਸ਼ੀਅਨ ਲੋਕਾਂ ਦੀ ਭਰਮਾਰ ਹੋਣ ਕਰਕੇ, ਉਹਨਾਂ ਨੂੰ ਚੰਗਾ ਨਾ ਲੱਗਾ ਹੋਵੇ ਤੇ ਫਿਰ ਸਭ ਤੋਂ ਵਧ ਮੋਹਰੇ ਹੋ ਕੇ ਰੌਲ਼ਾ ਪਾਉਣ ਵਾਲਾ ਵੀ ਮੈਂ ਹੀ ਸਾਂ, ਜਿਸ ਦੀ ਪੰਜਾਬੀ ਨੁਮ੍ਹਾ ‘ਬਰੋਕਨ ਇੰਗਲਿਸ਼’ ਕੁੱਝ ਲਈ ਮਨੋਰੰਜਨ ਪਰ ਕੁੱਝ ਲਈ ਅਕਾਊ ਸੀ। ਸਾਡੇ ਵਿਚੋਂ ਮੈਜਾਰਟੀ ਉਹਨਾਂ ਲੋਕਾਂ ਦੀ ਸੀ ਜਿੰਨ੍ਹਾਂ ਉਪਰ, “ਤਾਲੋਂ ਘੁੱਥੀ ਡੂਮਣੀ, ਗਾਵੇ ਆਲ ਬੇਤਾਲ।” ਵਾਲ਼ੀ ਲੋਕੋਕਤੀ ਲਾਗੂ ਹੁੰਦੀ ਸੀ। ਭਾਵ ਕਿ ਭਾਵੇਂ ਅਸੀਂ ਸਾਰੇ ਹੀ ਆਪੋ ਆਪਣੇ ਖੇਤਰ ਵਿੱਚ ਖਾਸੀ ਮੁਹਾਰਤ ਰੱਖਦੇ ਸਾਂ ਪਰ ਉਹ ਮੁਹਾਰਤ ਆਪੋ ਆਪਣੇ ਦੇਸ਼ਾਂ ਵਿੱਚ ਹੀ ਕੰਮ ਆ ਸਕਦੀ ਸੀ। ਏਥੇ ਅਸੀਂ ਸਾਰੇ ਅਨਪੜ੍ਹ ਬਣ ਗਏ ਸਾਂ। ਜੇਹੜੇ ਤਾਂ ਜਵਾਨ ਉਮਰ ਵਿੱਚ ਅਨਪੜ੍ਹ ਜਾਂ “ਯੂ, ਮੀ” ਕਰਨ ਜੋਗੀ ਹੀ ਅੰਗ੍ਰੇਜ਼ੀ ਦਾ ਗਿਆਨ ਰੱਖਦੇ ਹਨ, ਉਹ ਤਾਂ ਫੈਕਟਰੀਆਂ ਜਾਂ ਖੇਤਾਂ ਵਿੱਚ ਆ ਕੇ ਪੈਸੇ ਕਮਾ ਲੈਂਦੇ ਹਨ ਪਰ ਜੇਹੜੇ ਸਾਡੇ ਵਰਗੇ ਇਸ ਸੋਸਾਇਟੀ ਵਿੱਚ ਸ਼ਾਮਲ ਹੋਣ ਲਈ, ਵਡੇਰੀ ਉਮਰ ਵਿੱਚ ਆ ਕੇ, ਏਥੋਂ ਦੀ ਪੜ੍ਹਾਈ ਕਰਕੇ, ਇਸ ਸੋਸਾਇਟੀ ਵਿੱਚ ਬਰਾਬਰ ਦੇ ਬਣਨ ਵਾਸਤੇ, ਖ਼ੁਦ ਨੂੰ ‘ਰੀ-ਸਾਈਕਲ’ ਕਰਨ ਦੇ ਚੱਕਰਾਂ ਵਿੱਚ ਫਸਦੇ ਹਨ, ਉਹਨਾਂ ਦਾ ਸਾਡੇ ਵਰਗਾ ਹੀ ਹਾਲ ਹੁੰਦਾ ਹੈ। ਹਾਂ, ਜਿਨ੍ਹਾਂ ਨੇ ਆਪਣੀ ਪੁਰਾਣੀ ‘ਭੜਾਈ’ ਭੁੱਲਾ ਕੇ, ਪੈਸਾ ਕਮਾਉਣ ਵੱਲ ਹੀ ਧਿਆਨ ਦਿਤਾ, ਉਹ ਚੰਗੇ ਗੁਜ਼ਾਰੇ ਵਾਲ਼ੇ ਬਣ ਗਏ। ਇੱਕ ਦਿਨ ਮੈਂ ਆਪਣੇ ਚੰਗੇ ਮਿੱਤਰ, ਸ. ਹਰਜਿੰਦਰ ਸਿੰਘ ਮਾਨ (ਪਾਲ) ਨੂੰ ਮੈ ਪੁੱਛਿਆ ਕਿ ਉਹ ਦੇਸ ਵਿੱਚ ਇੰਜੀਨੀਅਰ ਬਣਿਆ। ਉਮਰ ਦਾ ਚੰਗੇਰਾ ਤੇ ਵਡੇਰਾ ਭਾਗ ਪ੍ਰੋਫ਼ੈਸ਼ਨਲ ਬਣਨ ਲਈ ਖ਼ਰਚ ਕਰ ਦਿਤਾ। ਕੀ ਉਸ ਨੂੰ ਹੁਣ ਵਾਈਨਰੀ ਵਿੱਚ ਕੰਮ ਕਰਦਿਆਂ ਕਦੀ ਘਾਟ ਨਹੀਂ ਮਹਿਸੂਸ ਹੁੰਦੀ! ਇਹ ਕੰਮ ਤਾਂ ਇੱਕ ਦਸਵੀਂ ਪਾਸ ਜਾਂ ਫੇਹਲ ਬੰਦਾ ਵੀ ਕਰ ਸਕਦਾ ਹੈ ਜੋ ਉਹ ਕਰਦਾ ਹੈ! ਉਸ ਦਾ ਜਵਾਬ ਸੀ ਕਿ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚੋਂ ਲਈ ਡਿਗਰੀ ਨੇ ਮੇਮ ਦਾ ਕੰਮ ਕਰ ਦਿਤਾ ਹੈ। ਅਰਥਾਤ ਉਸ ਡਿਗਰੀ ਨੇ ਇਸ ਦੇਸ ਦੀ ਇਮੀਗ੍ਰੇਸ਼ਨ ਦੁਆ ਦਿਤੀ ਹੈ ਜੇਹੜੀ ਕਿ ਏਥੋਂ ਦੀ ਮੇਮ ਨਾਲ਼ ਝੂਠਾ/ਸੱਚਾ ਵਿਆਹ ਕਰਕੇ ਲੈਣੀ ਸੀ। ਹੁਣ ਡਿਗਰੀ ਨੂੰ ਬਾਰੀ ਵਿੱਚ ਬੰਦ ਕਰਕੇ ਮੈਂ ਰਾਤ ਦਿਨ ਪੈਸੇ ਕਮਾ ਰਿਹਾ ਹਾਂ; ਇਸ ਲਈ ਪਛਤਾਵਾ ਕਾਹਦਾ!

ਅਸੀਂ ਸਾਰਿਆਂ ਨੇ ਇਸ ਵਿਚਾਰ ਨਾਲ਼ ਇਸ ਕੋਰਸ ਵਿੱਚ ਦਾਖ਼ਲਾ ਲਿਆ ਸੀ ਕਿ ਅਸੀਂ ਕੰਪਿਊਟਰ ਸਿੱਖਾਂਗੇ। ਤਿੰਨ ਹਫ਼ਤਿਆਂ ਪਿੱਛੋਂ ਮੈਨੂੰ ਅਹਿਸਾਸ ਹੋਇਆ ਇਹ ਉਹ ਕੋਰਸ ਨਹੀਂ ਹੈ ਜੋ ਮੈ ਕਲਪ ਕੇ ਇਸ ਵਿੱਚ ਦਾਖ਼ਲਾ ਲਿਆ ਸੀ। ਜਦੋਂ ਮੈਂ ਦੂਸਰੇ ਸਾਥੀਆਂ ਨਾਲ਼ ਇਹ ਵਿਚਾਰ ਵਿਚਾਰਿਆ ਤਾਂ ਉਹ ਵੀ ਸਾਰੇ ਦੇ ਸਾਰੇ ਮੇਰੇ ਨਾਲ਼ ਸਹਿਮਤ ਸਨ। ਮੇਰੇ ਪਾਸ ਏਨੀ ਯੋਗਤਾ, ਧੀਰਜ, ਇੱਛਾ, ਪ੍ਰੇਰਨਾ, ਸ਼ਕਤੀ ਨਹੀਂ ਸੀ ਕਿ ਮੈਂ ਕੰਪਿਊਟਰ ਪ੍ਰੋਗਰਾਮਰ ਬਣਾਂ। ਮੈਂ ਤਾਂ ਸਿਰਫ਼ ਵਰਡ ਪ੍ਰੋਸੈਸਿੰਗ ਨੂੰ ਵਰਤ ਕੇ ਏਨਾ ਹੀ ਜਾਨਣਾ ਚਾਹੁਦਾ ਸਾਂ ਕਿ ਜਿਵੇਂ ਮੈਂ ਮੈਕਿਨਤੋਸ਼ ਉਪਰ ਡਾਕੂਮੈਂਟ ਬਣਾ ਲੈਨਾਂ, ਓਵੇਂ IBMਕੰਪਿਊਟਰ ਉਪਰ ਵੀ ਬਣਾ ਸਕਾਂ। ਇਵੇਂ ਅਹਿਸਾਸ ਹੁੰਦਾ ਸੀ ਕਿ ਜਿਵੇਂ ਅਸੀਂ ਤਾਂ ਇਸ ਕਲਾਸ ਵਿੱਚ ਕਿਤਾਬ ਪੜ੍ਹਨ ਦੀ ਜਾਚ ਸਿੱਖਣ ਲਈ ਦਾਖਲ ਹੋਏ ਹੋਈਏ ਪਰ ਸਾਨੂੰ ਸਿਖਾਇਆ ਜਾ ਰਿਹਾ ਹੋਵੇ ਕਿ ਕਿਤਾਬ ਲਿਖਣੀ ਕਿਵੇਂ ਹੈ!

ਮੈਨੂੰ ਟੀਚਰ ਵੀ ਪਸੰਦ ਸਨ ਅਤੇ ਸਾਥੀ ਵਿਦਿਆਰਥੀ ਵੀ। ਇਸ ਤੋਂ ਇਲਾਵਾ ਮੈਂ ਆਪਣੀ ਕੰਪਿਊਟਰੀ ਸ਼ਬਦਾਵਲੀ ਵਿੱਚ ਵੀ ਵਾਧਾ ਕਰ ਰਿਹਾ ਸਾਂ। ਜਿਵੇਂ ਕਿ PC, CU, CPU, ALU, WYSIWYG, Boot, Hardware, Software, “Cuddlyware”, LAN, Mainframe, Desktop, Laptop, Modem, Bits, Byts, Bugs, Virus, RAM, ROM, MSDOS, Configure, Application, Package, Scanner, SpreadSheet, Input-Output, Joystick, Light Pen, Touch Screen, Hard disk, FD, CD, CAT, Mouse, Monitor, Memory, Vairus etc. ਇਹ ਸਾਰਾ ਕੁੱਝ ਕਰਦਿਆਂ ਮੇਰੀ ਬੋਲਣੀ ਅੰਗ੍ਰੇਜ਼ੀ ਵਿੱਚ ਵੀ ਵਾਧਾ ਹੋ ਰਿਹਾ ਸੀ। ਪਰ ਮੈਂ ਪ੍ਰੋਗਰਾਮਿੰਗ ਵਾਲ਼ੇ ਬੇਲੋੜੇ ਬਿਜ਼ਨਿਸ ਵਿੱਚ ਆਪਣਾ ਸਮਾ ਨਹੀਂ ਸੀ ਗਵਾਉਣਾ ਚਾਹੁੰਦਾ ਕਿਉਂਕਿ ਮੇਰੇ ਪਾਸ ਨਾ ਤਾਂ ਅਜਿਹੇ ਵਸੀਲੇ ਸਨ ਕਿ ਮੈਂ ਕੰਪਿਊਟਰ ਪ੍ਰੋਗਰਾਮਰ ਬਣ ਸਕਾਂ ਤੇ ਨਾ ਮੈਨੂੰ ਇਸ ਵਿੱਦਿਆ ਦੀ ਲੋੜ ਹੀ ਸੀ।

ਮੈਂ ਆਪਣੀ ਇਹ ਸਮੱਸਿਆ ਹੈਡ ਟੀਚਰ ਮਿਸਟਰ ਗੋਲਡ ਕੋਲ਼ ਲੈ ਗਿਆ। ਸਾਰੀ ਮੇਰੀ ਗੱਲ ਸੁਣਨ ਪਿੱਛੋਂ ਉਸ ਨੇ ਆਖਿਆ ਕਿ ਜੇ ਮੈਂ ਬਾਕੀ ਕਲਾਸ ਨੂੰ ਡਿਸਟਰਬ ਨਾ ਕਰਾਂ ਤਾਂ ਉਹ ਮੈਨੂੰ ਕਲਾਸ ਦੇ ਇੱਕ ਕੋਨੇ ਵਿੱਚ ਚੁਪ ਚਾਪ ਆਪਣੀ ਟਾਈਪ ਦੀ ਪ੍ਰੈਕਟਿਸ ਕਰਦੇ ਰਹਿਣ ਦੀ ਆਗਿਆ ਦੇ ਸਕਦਾ ਹੈ। ਸੋ ਮੈਂ ਇੱਕ ਕੋਨੇ ਵਿਚ TQ ਉਪਰ ਟਾਈਪਿੰਗ ਦੀ ਪ੍ਰੈਕਟਿਸ ਕਰਦਾ ਰਹਿਣਾ ਜਦੋਂ ਕਿ ਬਾਕੀ ਦੇ ਵਿਦਿਆਰਥੀ ਆਪਣਾ ਸਮਾ ਪ੍ਰੋਗਰਾਮਿੰਗ ਵਿੱਚ ਬਿਤਾਉਂਦੇ ਰਹੇ। ਇਸ ਅਭਿਆਸ ਸਦਕਾ ੪੯ ਸ਼ਬਦਾਂ ਤੱਕ ਇੱਕ ਮਿੰਟ ਦੇ ਹਿਸਾਬ ਮੈਂ ਟਾਈਪ ਵੀ ਕਰਨ ਲੱਗ ਪਿਆ।

ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੋਰਸ ਦਾ ਇਹ ਪਹਿਲਾ ਹੀ ਸੈਸ਼ਨ ਸੀ ਤੇ ਇਸ ਤੋਂ ਬਾਅਦ ਇਸ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਕਿਉਂਕਿ ਇਸ ਕੋਰਸ ਨੇ ਸਿਖਾਂਦਰੂਆਂ ਨੂੰ ਕੋਈ ਲਾਭ ਨਹੀਂ ਸੀ ਪੁਚਾਇਆ।

ਮੈਂ ਅਜੇ ਵੀ ਕੰਪਿਊਟਰ ਵਰਤਣ ਦੇ ਕਾਬਲ ਨਹੀਂ ਸਾਂ ਹੋ ਸਕਿਆ, ਇਸ ਲਈ ਇੱਕ ਹੋਰ ਕੋਰਸ ਵਿੱਚ ਦਾਖ਼ਲ ਹੋ ਗਿਆ। ਏਥੇ ਪ੍ਰੋਗਰਾਮਿੰਗ ਦੀ ਤੇ ਕੋਈ ਸਮੱਸਿਆ ਨਹੀਂ ਸੀ ਪਰ ਹੋਰ ਤਰ੍ਹਾਂ ਦੀ, ਉਸ ਤੋਂ ਵੀ ਵੱਡੀ ਸਮੱਸਿਆ ਏਥੇ ਇਹ ਸੀ ਕਿ ਹਰੇਕ ਟੀਚਰ ਆਪਣੇ ਹੀ ਪੈਕੇਜ ਰਾਹੀਂ ਸਾਨੂੰ ਵਰਡ ਪ੍ਰੋਸੈਸਿੰਗ ਸਿਖਾਉਣਾ ਚਾਹੁੰਦਾ ਸੀ। ਵਧ ਪੈਕੈਜ ਅਤੇ ਵਧ ਟੀਚਰ ਹੀ ਸਾਡੀ ਵੱਡੀ ਸਮੱਸਿਆ ਸੀ। ਇੱਕ ਟੀਚਰ ਨੇ WordCraft isKwauxw qy dUjy ny Aw ky Awpxy pIrIAf ivc WordStar isKwauxw SurU kr dyxw[ qIjy ny Mr.Ed qy cOQy ny, jo ik iek lyfI sI, Mrs.Ed ਖੁਲ੍ਹਵਾ ਲੈਣਾਪੰਜਵੇਂ ਨੇ ਆ ਕੇ WordPerfext 5.0 ਤੇ ਛੇਵੇਂ ਨੇ ਆ ਕੇ WordPerfect 5.1 ਖੋਹਲਣ ਲਈ ਹੁਕਮ ਚਾਹੜ ਦੇਣਾ।

TAFE ਦੀ ਬਿਲਡਿੰਗ ਦੇ ਇੱਕ ਪਾਸੇ MSDOS ਪਰ ਸੜਕ ਤੋਂ ਦੂਜੇ ਪਾਸੇ Lotus 1-2-3 ਪ੍ਰੋਗਰਾਮ, ਪੈਕੇਜ ਜਾਂ ਜੋ ਵੀ ਤੁਸੀਂ ਇਸ ਨੂੰ ਆਖਣਾ ਚਾਹੋ ਆਖ ਸਕਦੇ ਹੋ, ਟੀਚਰ ਨੇ ਵਰਤਣ ਲਈ ਸ਼ੁਰੂ ਕਰਵਾ ਲੈਣਾ।

ਦੋ ਦਿਲਚਸਪ ਗੱਲਾਂ ਇਸ ਕੋਰਸ ਦੌਰਾਨ ਹੋਈਆਂ: ਇੱਕ ਭਾਰੇ ਕੱਦ ਅਤੇ ਬੇਢੱਬੇ ਜਿਹੇ ਲਿਬਾਸ ਵਾਲ਼ਾ ਟੀਚਰ ਪਹਿਲੇ ਦਿਨ ਕਲਾਸ ਵਿੱਚ ਆਇਆ। ਉਸ ਨੇ ਕੱਪੜੇ ਇਹੋ ਜਿਹੇ ਪਾਏ ਹੋਏ ਸਨ ਜਿਵੇਂ ਕਬਾੜੀਆਂ ਪਾਸੋਂ ਸਭ ਤੋਂ ਸਸਤੇ ਖ਼ਰੀਦੇ ਹੋਏ ਹੋਣ! ਉਸ ਦੀ ਜਰਸੀ ਇੱਕ ਮੋਢੇ ਤੋਂ ਵਾਹਵਾ ਥੱਲੇ ਨੂੰ ਢਿਲਕਵੀਂ ਸੀ ਤੇ ਜਰਸੀ ਦੀਆਂ ਬਾਹਵਾਂ ਉਸ ਦੇ ਗੁੱਟਾਂ ਤੋਂ ਖਾਸੀਆਂ ਨੀਵੀਆਂ ਸਨ। ਇਉਂ ਜਾਪਦਾ ਸੀ ਕਿ ਜਿਵੇਂ ਉਹ ਜਾਣ ਬੁਝ ਕੇ ਆਪਣੇ ਲੋੜੌਂ ਵਧ ਮੋਟੇ ਸਰਰਿ ਉਪਰ ਬੇਢੱਬਾ ਲਿਬਾਸ ਪਾਉਣ ਦਾ ਆਦੀ ਹੋਵੇ। ਪਹਿਲੇ ਦਿਨ ਉਹ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਦਿਤੇ ਜਾ ਰਹੇ ਲੈਕਚਰ ਵਿੱਚ ਆਖਣ ਲੱਗਾ, “ਇਫ਼ ਐਨੀ ਡੌਂਕੀ, ਐਨੀ ਡੌਂਕੀ, ਲਾਈਕ ਮੀ, ਕੈਨ ਲਰਨ ਕੰਪਿਊਟਰ ਦੈਨ ਐਨੀ ਬਾਡੀ, ਐਨੀ ਬਾਡੀ ਕੈਨ ਲਰਨ ਇਟ। ਇਟ ਇਸ ਰੱਬਿਸ਼ ਟੂ ਸੇ ਦੈਟ ਵੁਈ ਨੀਡ ਸਪੈਸ਼ਲ ਸਕਿੱਲ ਇਨ ਮੈਥ ਓਰ ਸਾਇੰਸ ਟੂ ਲਰਨ ਕੰਪਿਊਟਰ।” ਜੇ ਮੇਰੇ ਵਰਗਾ ਖੋਤਾ ਕੰਪਿਊਟਰ ਸਿੱਖ ਸਕਦਾ ਹੇ ਤਾਂ ਹਰੇਕ ਹੀ ਸਿੱਖ ਸਕਦਾ ਹੈ। ਇਸ ਨੂੰ ਸਿੱਖਣ ਲਈ ਹਿਸਾਬ ਜਾਂ ਵਿਗਿਆਨ ਦੇ ਵਿਸ਼ਿਆਂ ਵਿੱਚ ਖਾਸ ਮੁਹਾਰਤ ਦੀ ਲੋੜ ਨਹੀਂ। ਦੂਜੀ ਗੱਲ ਇਉਂ ਹੋਈ ਕਿ ਇੱਕ ਦਿਨ ਕਲਾਸ ਵਿੱਚ ਸਾਰੇ ਵਿਦਿਆਰਥੀਆਂ ਨੂੰ ਦਸਾਂ ਉਂਗਲ਼ਾਂ ਨਾਲ਼ ਟਾਈਪ ਕਰਦਿਆਂ ਵੇਖ ਕੇ, ਅੰਦਰੋਂ ਖ਼ੁਸ਼ੀ ਨਾਲ਼ ਪਰ ਬਾਹਰੋਂ ਗੁੱਸੇ ਦਾ ਵਿਖਾਵਾ ਕਰਦੇ ਹੋਏ, ਹੈਡ ਟੀਚਰ ਮਿਸਟਰ ਗੋਲਡ ਇਉਂ ਬੋਲਿਆ, “ਐਵਰੀ ਬਾਡੀ ਬਲੱਡੀ ਟਾਈਪਸ ਵਿਧ ਟੈਨ ਫਿੰਗਰਜ਼! ਆਈ ਲਾਈਕ ਟੂ ਬਰੇਕ ਦੇਅਰ ਫਿੰਗਰਜ਼। ਬਲੱਡੀ ਆਈ ਕਾਂਟ ਟਾਈਪ ਲਾਈਕ ਦਿਸ!” ਸਾਰੇ ਦਸਾਂ ਉਂਗਲ਼ਾਂ ਨਾਲ਼ ਟਾਈਪ ਕਰਦੇ ਨੇ। ਮੇਰਾ ਜੀ ਕਰਦਾ ਮੈ ਸਾਰਿਆਂ ਦੀਆਂ ਉਂਗਲ਼ਾਂ ਭੰਨ ਸੁਟਾਂ। ਮੇਰੇ ਕੋਲ਼ੋਂ ਨਹੀਂ ਦਸਾਂ ਉਗਲ਼ਾਂ ਨਾਲ਼ ਟਾਈਪ ਹੁੰਦਾ!

ਯਾਦ ਰਹੇ ਕਿ ਉਹ ਖ਼ੁਦ ਦੋ ਉਂਗਲ਼ਾਂ ਨਾਲ ਹੀ ਟਾਈਪ ਕਰਦਾ ਸੀ ਕਿਉਂਕਿ ਉਸ ਨੇ ਕੰਪਿਊਟਰ ਸਿੱਖਣ ਤੋਂ ਪਹਿਲਾਂ ਠੀਕ ਤਰੀਕੇ ਨਾਲ਼ ਟਾਈਪ ਕਰਨੀ ਨਹੀਂ ਸੀ ਸਿੱਖੀ।

ਫਿਰ ਮੈਂ ਚੌਥੇ ਕੋਰਸ ਵਿੱਚ ਦਾਖ਼ਲਾ ਲੈ ਲੈਣ ਬਾਰੇ ਸੋਚਿਆ। ਇਸ ਕੋਰਸ ਵਿੱਚ ਦਾਖ਼ਲੇ ਸਮੇ ਵੀ ਇੱਕ ਦਿਲਚਸਪ ਘਟਨਾ ਵਾਪਰੀ। ਜਦੋਂ ਕੋਰਸ ਦਾਖ਼ਲੇ ਲਈ ਬਲ਼ੈਕ ਟਾਊਨ TAFE ਵਿਚ ਗਿਆ ਤਾਂ ਦਾਖ਼ਲ ਹੋਣ ਵਾਲ਼ਿਆਂ ਦੀ ਬਹੁਤ ਲੰਮੀ ਕਤਾਰ ਮੇਰੇ ਜਾਣ ਤੋਂ ਪਹਿਲਾ ਹੀ ਲੱਗੀ ਹੋਈ ਸੀ। ਦਾਖ਼ਲਾ ਸਿਰਫ਼ ਚੌਦਾਂ ਵਿਦਿਆਰਥੀਆਂ ਨੂੰ ਹੀ ਮਿਲਣਾ ਸੀ। ਮੈਂ ਨਿਰਾਸ ਹੋ ਕੇ ਮੁੜਨ ਬਾਰੇ ਸੋਚ ਹੀ ਰਿਹਾ ਸਾਂ ਕਿ ਦਾਖ਼ਲੇ ਲਈ ਇੰਟਰਵਿਊ ਲੈਣ ਚਾਲ਼ੇ ਟੀਚਰ ਮਿਸਟਰ ਗੋਲਡ ਨੇ ਮੈਨੂੰ ਖਲੋਤੇ ਨੂੰ ਵੇਖ ਲਿਆ। ਮਿਸਟਰ ਗੋਲਡ ਨੇ ਹੀ ਇੰਟਰਵਿਊ ਲੈਣੀ ਸੀ ਤੇ ਉਹ ਮੈਨੂੰ ਪਿਛਲੀ ਕਲਾਸ ਪ੍ਰੋਗਰਾਮਿੰਗ ਵਾਲੀ ਤੋਂ ਜਾਣਦਾ ਸੀ। ਏਸੇ ਤੋਂ ਹੀ ਪ੍ਰੋਗਰਾਮਿੰਗ ਤੋਂ ਛੁਟਕਾਰਾ ਹਾਸਲ ਕਰਨ ਲਈ ਮੈਂ ਆਗਿਆ ਪਰਾਪਤ ਕੀਤੀ ਸੀ। ਇਹ ਉਸ ਕਲਾਸ ਦਾ ਵੀ ਹੈਡ ਸੀ ਤੇ ਹੁਣ ਅਗਲੀ ਕਲਾਸ ਦਾ ਵੀ ਹੈਡ ਇਹੋ ਹੀ ਹੋਣਾ ਸੀ ਤੇ ਏਸੇ ਕਰਕੇ ਇੰਟਰਵਿਊ ਵੀ ਏਸੇ ਨੇ ਕਰਨਾ ਸੀ। ਉਸ ਨੇ ਮੈਨੂੰ ਆਵਾਜ਼ ਮਾਰ ਕੇ ਆਪਣੇ ਨਾਲ਼ ਬੈਂਚ, ਕੁਰਸੀਆਂ ਆਦਿ ਨੂੰ ਥਾਂ ਸਿਰ ਕਰਨ ਕਰਵਾਉਣ ਲਈ ਲਾ ਲਿਆ। ਇਹ ਕੁੱਝ ਕਰਨ ਪਿੱਛੋਂ ਮੈ ਦਾਖ਼ਲੀਆਂ ਦੀ ਕਤਾਰ ਦੇ ਸਭ ਤੋਂ ਮੋਹਰੇ ਖਲੋ ਗਿਆ। ਲਾਈਨ ਵਿੱਚ ਖਲੋਤਿਆਂ ਵਿਚੋਂ ਕਿਸੇ ਨੇ ਇਤਰਾਜ਼ ਨਾ ਕੀਤਾ। ਸ਼ਾਇਦ ਉਹਨਾਂ ਨੇ ਇਉਂ ਸਮਝਿਆ ਹੋਵੇ ਕਿ ਮੈਂ ਵੀ ਪ੍ਰਬੰਧਕਾਂ ਵਿਚੋਂ ਹਾਂ। ਕੋਰਸ ਦੇ ਦਾਖਲੇ ਵਿੱਚ ਹੋਣ ਸਮੇ ਵੀ ਮੇਰੇ ਕੰਪਿਟਊਟਰ ਬਾਰੇ ਗਿਆਨ ਵਿੱਚ ਕੋਈ ਵਾਧਾ ਨਾ ਹੋਇਆ। ਜਦੋਂ ਮੈਂ ਇਸ ਕੋਰਸ ਵਿੱਚ ਦਾਖਲ ਹੋਇਆ ਸਾਂ ਜਿੰਨਾ ਕੁ ਗਿਆਨ ਮੈਨੂੰ ਓਦੋਂ ਸੀ ਕੰਪਿਊਟਰ ਬਾਰੇ ਓਨਾ ਕੁ ਹੀ ਇਸ ਕੋਰਸ ਸਮੇ ਹੋਇਆ। ਇਸ ਤੋਂ ਇਲਾਵਾ ਵਧ ਭੰਬਲ਼ਭੂਸਿਆਂ ਵਿੱਚ ਪੈ ਗਿਆ। ਕਿਸੇ ਇੱਕ ਪੈਕੇਜ ਦਾ ਪ੍ਰਯੋਗ ਕਰਕੇ ਵੀ ਮੈਂ ਆਪਣੀ ਪਸੰਦ ਦਾ ਡਾਕੂਮੈਂਟ ਤਿਆਰ ਨਹੀਂ ਕਰ ਸਕਣ ਦੇ ਕਾਬਲ ਨਾ ਹੋ ਸਕਿਆ ਜਿਹੋ ਜਿਹਾ ਪਹਿਲਾਂ ਹੀ ਮੈਕਿਨਤੋਸ਼ ਵਰਤ ਕੇ ਕਰ ਸਕਦਾ ਸਾਂ।

ਮੈਨੂੰ ਇਹੋ ਜਿਹੇ ਅੱਖੀਂ ਪਲਾਹੀਂ ਹੱਥ ਮਾਰਦਿਆਂ, ਅਰਥਾਤ ਆਏ ਦਿਨ ਕਿਸੇ ਨਾ ਕਿਸੇ ਕੋਰਸ ਵਿੱਚ ਦਾਖ਼ਲਾ ਲੈਂਦਿਆਂ ਨੂੰ ਵੇਖ ਕੇ, ਇੱਕ ਦਿਨ ਸਾਡੇ ਬੱਚਿਆਂ ਦੀ ਮਾਂ ਆਖਣ ਲੱਗੀ, “ਕਰੀ ਜਾਓ ਕੋਰਸ; ਸ਼ਾਇਦ ਧਰਮ ਰਾਜ ਦੀ ਦਰਗਾਹ ਵਿੱਚ ਕੋਈ ਚੰਗੀ ਨੌਕਰੀ ਮਿਲ਼ ਜਾਵੇ!”

ਵਿਡੰਬਨਾ ਇਹ ਸੀ ਕਿ ਹਰੇਕ ਕੋਰਸ ਵਿੱਚ ਸਾਨੂੰ ਥੋਹੜਾ ਬਹੁਤਾ Wordperfect 5.1 ਸਿਖਾਇਆ ਜਾਂਦਾ ਰਿਹਾ ਪਰ ਮੈਂ ਬਿਨਾ ਕਿਸੇ ਦੀ ਸਹਾਇਤਾ ਦੇ, ਇਸ ਪੈਕੇਜ ਨੂੰ ਵਰਤ ਕੇ, ਇਸ ਯੋਗ ਨਾ ਹੋ ਸਕਿਆ ਕਿ ਤਸੱਲੀ ਨਾਲ਼ ਕੋਈ ਡਾਕੂਮੈਂਟ ਤਿਆਰ ਕਰ ਸਕਦਾ। ਫਿਰ ਮੈਂ ਆਪਣੇ ਬੱਚਿਆਂ ਵਾਸਤੇ IBM ਕੰਪਿਊਟਰ ਖਰੀਦ ਲਿਆ। ਉਸ ਵਿੱਚ ਕੁੱਝ ਹੋਰ ਪੈਕੇਜਾਂ ਦੇ ਨਾਲ਼ WordPerfect 5.1ਵੀ ਹੈ ਸੀ ਤੇ ਮੈਂ ਇਸ ਨਾਲ਼ ‘ਛੇੜ ਛਾੜ’ ਵੀ ਕਰਦੇ ਰਹਿਣਾ। ਮੇਰਾ ਪੁੱਤਰ ਸੰਦੀਪ ਸਿੰਘ ਸਿਡਨੀ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰ ਰਿਹਾ ਸੀ। ਉਸ ਦੀ ਸਹਾਇਤਾ ਨਾਲ਼ ਮੈ WordPerfect 5.1 ਨਾਲ਼ ਕੁੱਝ ਮਗ਼ਜ਼ਮਾਰੀ ਕਰ ਕਰ ਕੇ, ‘ਚਿੱਠੀ ਚਪੱਠੀ’ ਕਰਨ ਜੋਗਾ ਗਿਆਨ ਹਾਸਲ ਕਰ ਹੀ ਲਿਆ ਪਰ ਦੂਜੇ ਸਾਰੇ ਪੈਕੇਜ ਡਮਾਕ ਚੋਂ ਨਿਕਲ਼ ਗਏ। ਫਿਰ ਸੰਦੀਪ ਨੇ ਕੰਪਿਊਟਰ ਵਿੱਚ MSWord ਇਨਸਟਾਲ ਕਰ ਦਿਤਾ ਤੇ ਮੈ ਹੁਣ ਆਪਣੀਆਂ ਸਾਰੀਆਂ ਕਿਤਾਬਾਂ, ਕਾਲ਼ੇ ਲੇਖ MSWord ਰਾਹੀਂ ਆਪਣੇ ਲੈਪ ਟੌਪ ਤੇ ਝਰੀਟ ਲੈਂਦਾ ਹਾਂ ਤੇ ਈ-ਮੇਲਾਂ ਵੀ ਮੇਲ਼ ਲੈਂਦਾ ਹਾਂ। ਅਖ਼ਬਾਰਾਂ ਪੜ੍ਹਨ ਦਾ ਝਸ ਵੀ ਪੂਰਾ ਕਰ ਲੈਂਦਾ ਹਾਂ ਪਰ ਹੋਰ ਕੁੱਝ ਕਰਨਾ ਨਹੀਂ ਆਉਂਦਾ। ਮੈਨੂੰ ਤਾਇਆ ਆਖ ਕੇ ਮਾਣ ਦੇਣ ਵਾਲ਼ੇ, ਗੁਰਵਿੰਦਰ ਸਿੰਘ ਢੱਟ ਔਕਲੈਂਡ ਵਾਲ਼ੇ ਨੇ, ਬਹੁਤ ਸਾਰੇ ਲਾਭ ਦੱਸ ਕੇ, ਮੇਰੇ ਤੋਂ ਹਾਂ ਕਰਵਾ ਕੇ ਮੇਰੀ ਫੇਸ ਬੁੱਕ ਬਣਾ ਧਰੀ। ਫਿਰ ਮੇਰੀ ਗ਼ਲਤੀ ਨਾਲ਼ ਉਸ ਰਾਹੀਂ ਮੈਨੂੰ ਏਨੇ ਸੁਨੇਹੇ ਆਉਣ ਲੱਗ ਪਏ ਕਿ ਰੋਜ ਉਹਨਾਂ ਨੂੰ ਡੀਲੀਟਣਾ ਪੈਣਾ। ਸੰਦੀਪ ਨੂੰ ਆਖ ਕੇ ਉਸ ਨੂੰ ਬੰਦ ਕਰਵਾਇਆ। ਉਸ ਨੇ ਆਖਿਆ ਵੀ ਕਿ ਉਹ ਸੋਚ ਰਿਹਾ ਸੀ ਕਿ ਪਾਪਾ ਇਸ ਪੰਗੇ ‘ਚ ਕਿਉਂ ਫਸ ਗਏ!

ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜੇਹੜਾ ਕੰਪਿਊਟਰ ਵਾਲ਼ਾ ਕੰਮ ਹੋਰ ਲੋਕ ਏਨੀ ਛੇਤੀ ਸਿੱਖ ਜਾਂਦੇ ਨੇ ਉਸ ਉਪਰ ਮੇਰਾ ਏਨਾ ਸਮਾ ਤੇ ਜੋਰ ਕਿਉ ਲੱਗ ਗਿਆ! ਫਿਰ ਅਜੇ ਵੀ ਮੈਂ ਬਿਨਾ ਕਿਸੇ ਦੀ ਸਹਾਇਤਾ ਦੇ, ਇਸ ‘ਮੈਜਿਕ ਬਾਕਸ’ ਉਪਰ ਬਹੁਤਾ ਕੁੱਝ ਨਹੀਂ ਕਰ ਸਕਦਾ। ਕੰਪਿਊਟਰ ਸਿੱਖਣ ਵਾਲ਼ੀ ਇਸ ਆਪੇ ਪਾਈ ‘ਘੜਮੱਸ ਚੌਂਦੇਂ ‘ਦਾ ਦੋਸ਼ ਮੈਂ ਕਿਸ ਨੂੰ ਦੇਵਾਂ? ਇਹ ਮੇਰੀ ਮੂਰਖਤਾ ਹੈ ਜਾਂ ਸੁਸਤੀ, ਜਾਂ ਚਾਹਨਾ ਦੀ ਘਾਟ, ਜਾਂ ਵਡੇਰੀ ਉਮਰ ਕਰਕੇ ਮੇਰੀ ਸਮਝਣ ਸ਼ਕਤੀ ਕਮਜੋਰ ਹੈ। ਜਾਂ ਅੰਗ੍ਰੇਜ਼ੀ ਭਾਸ਼ਾ ਵੱਲੋਂ ਹੱਥ ਤੰਗ ਹੋਣਾ ਹੈ। ਜਾਂ ਫਿਰ ਆਸਟ੍ਰੇਲੀਆ ਦੇ ਵਿਦਿਅਕ ਢਾਂਚੇ ਵਿੱਚ ਕੋਈ ਸਪੈਸ਼ਲ ਤਰੀਕਾ ਹੈ ਸਿਖਾਉਣ ਦਾ ਜਿਸ ਦੀ ਮੈਨੂੰ ਸਮਝ ਨਹੀਂ ਆ ਰਹੀ। ਜਾਂ ਫਿਰ ਇੱਕ ਟੀਚਰ ਦੀ ਸੋਚ ਅਨੁਸਾਰ ਐਪਲ ਮੈਕਿਨਤੋਸ਼ ਨੇ ਮੇਰੀ ਆਦਤ ਵਿਗਾੜ ਦਿਤੀ ਹੈ ਤੇ ਮੈਂ ਉਸ ਤੋਂ ਔਖਾ ਤਰੀਕਾ ਕੋਈ ਅਪਨਾ ਨਹੀਂ ਰਿਹਾ। ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਕੁੱਝ ਸਿੱਖਣ ਦੀ ਬਜਾਇ ਬੇਲੋੜਾ ਬੋਲ ਬੋਲ ਕੇ ਦੂਜਿਆਂ ਨੂੰ ਸਿਖਾਉਣ ਦੇ ਯਤਨ ਵਿੱਚ ਰਹਿੰਦਾ ਹਾਂ।

ਇਸ ਗੱਲ ਨਾਲ਼ ਮੈਂ ਪੂਰਨ ਤੌਰ ਤੇ ਸਹਿਮਤ ਹਾਂ ਕਿ ਡੰਗ ਟਪਾਊ ਕੰਮ ਤਾਂ ਚਾਹੇ ਜਿੰਨੇ ਮਰਜੀ ਸਿੱਖ ਲਏ ਜਾਣ ਪਰ ਘਟ ਤੋਂ ਘਟ ਇੱਕ ਕੰਮ ਵਿੱਚ ਤਾਂ ਬੰਦੇ ਨੂੰ ਮਾਹਰ ਹੋਣਾ ਹੀ ਚਾਹੀਦਾ ਹੈ।

ਮੁਢਲੇ ਤੌਰ ਤੇ ਇਹ ਲੇਖ, ੧੯੯੧ ਵਿਚ, ਕਲਾਸ ਅਸਾਈਨਮੈਂਟ ਵਜੋਂ ਅੰਗ੍ਰੇਜ਼ੀ ਵਿੱਚ ਲਿਖਿਆ ਸੀ। ਸੋਚਿਆ ਕਿ ਚਲੋ, ਵੇਹਲੇ ਬੈਠੇ ਇਸ ਦੀ ਪੰਜਾਬੀ ਹੀ ਬਣਾ ਧਰੀਏ!

ਗਿ: ਸੰਤੋਖ ਸਿੰਘ ਆਸਟ੍ਰੇਲੀਆ