ਗੁਆਚੇ ਨੇ – ਬਲਜੀਤ ਪਾਲ ਸਿੰਘ ਝੰਡਾ ਕਲਾਂ

0
766

ਮੇਰੇ ਲਫਜ਼ਾਂ ਚੋਂ ਅੱਜ ਕੱਲ ਚੰਦ ਤਾਰੇ ਵੀ ਗੁਆਚੇ ਨੇ
ਕਿ ਫੁੱਲ ਕਲੀਆਂ ਹਰੇ ਪੱਤੇ ਨਜ਼ਾਰੇ ਵੀ ਗੁਆਚੇ ਨੇ

ਜਦੋਂ ਸੀ ਪਰਬਤਾਂ ਅੰਦਰ ਤਾਂ ਸੀ ਮੈਂ ਸ਼ੂਕਦਾ ਦਰਿਆ
ਥਲਾਂ ਵਿਚ ਵੇਖਿਆ ਆ ਕੇ ਕਿਨਾਰੇ ਵੀ ਗੁਆਚੇ ਨੇ

ਬੜੇ ਹੀ ਤੇਜ ਕਦਮੀ ਮੈਂ ਜਿੰਨਾਂ ਰਾਹਾਂ ਤੇ ਤੁਰਿਆ ਸੀ
ਮਿਲੇ ਜੋ ਰਸਤਿਆਂ ਵਿਚੋਂ ਇਸ਼ਾਰੇ ਵੀ ਗੁਆਚੇ ਨੇ

ਮਿਰੇ ਚਾਰੋਂ ਤਰਫ ਅੱਜ ਵਗਦੀਆਂ ਨੇ ਤੱਤੀਆਂ ਪੌਣਾਂ
ਚਮਨ ਚੋ ਤਿਤਲੀਆਂ, ਭੰਵਰੇ ਇਹ ਸਾਰੇ ਵੀ ਗੁਆਚੇ ਨੇ

ਉਹ ਜਿਹੜੇ ਆਖਦੇ ਸੀ ਆਜ਼ਮਾ ਲੈਣਾ ਜਦੋਂ ਮਰਜ਼ੀ
ਜਰਾ ਭੀੜਾਂ ਜਦੋਂ ਪਈਆਂ, ਸਹਾਰੇ ਵੀ ਗੁਆਚੇ ਨੇ

ਬੜਾ ਹੀ ਲਾਮ ਲਸ਼ਕਰ ਹੈ ਬੜੇ ਹਥਿਆਰ ਨੇ ਤਿੱਖੇ
ਸਦਾ ਜੰਗਾਂ ‘ਚ ਮਾਵਾਂ ਦੇ ਦੁਲਾਰੇ ਵੀ ਗੁਆਚੇ ਨੇ