ਨਾ ਹੋ ਕਮੀਜ਼ ਤੋ ਘੁਟਨੋ ਸੇ ਪੇਟ ਢਕ ਲੇਂਗੇ, ਯੇ ਲੋਗ ਕਿਤਨੇ ਮਨਾਸਿਬ ਹੈਂ ਇਸ ਸਫਰ ਕੇ ਲੀਏ

0
109

ਭਾਰਤ ਦੀ ਸਮੁੱਚੀ ਫਿਜ਼ਾ ਬਦਲ ਰਹੀ ਜਾਪਣ ਲੱਗ ਪਈ ਹੈ। ਇਸ ਵਿੱਚ ਪੰਜਾਬ ਵੀ ਬਦਲਦਾ ਨਜ਼ਰ ਆ ਜਾਂਦਾ ਹੈ ਤੇ ਇਸ ਵਿੱਚ ਵੱਸਦੇ ਅਤੇ ਅਸਲ ਵਿੱਚ ਇਸ ਵਿੱਚ ਜੜ੍ਹਾਂ ਰੱਖਣ ਵਾਲੇ ਸਿੱਖ ਭਾਈਚਾਰੇ ਵਿੱਚ ਵੀ ਅਸਲੋਂ ਨਵਾਂ ਮੋੜਾ ਆ ਰਿਹਾ ਜਾਪਦਾ ਹੈ। ਅਸੀਂ ਉਸ ਦੌਰ ਵਿੱਚ ਬਚਪਨ ਹੰਢਾਇਆ ਸੀ, ਜਿਸ ਵਿੱਚ ਇੱਕ ਪਾਸੇ ਅਕਾਲੀ ਆਗੂਆਂ ਦੇ ਇਹ ਭਾਸ਼ਣ ਸੁਣਨ ਨੂੰ ਮਿਲਦੇ ਸਨ ਕਿ ਸਿੱਖ ਧਰਮ ਨੂੰ ਮੁਗਲਾਂ ਤੋਂ ਤਾਂ ਬਚਾ ਲਿਆ ਸੀ, ਅੱਜ ਹਿੰਦੂ ਧਰਮ ਤੋਂ ਬਚਾਉਣ ਲਈ ਕੁਰਬਾਨੀਆਂ ਦੀ ਲੋੜ ਹੈ। ਦੂਸਰੇ ਪਾਸੇ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਜਨ ਸੰਘ ਦੇ ਆਗੂ ਇਨ੍ਹਾਂ ਨੂੰ ਚਿੜਾਉਣ ਲਈ ਜਵਾਬੀ ਨਾਅਰਾ ‘ਕੱਛ ਕੜਾ ਕ੍ਰਿਪਾਨ, ਧੱਕ ਦਿਆਂਗੇ ਪਾਕਿਸਤਾਨ’ ਵਾਲਾ ਲਾਇਆ ਕਰਦੇ ਸਨ। ਓਦੋਂ ਦਾ ਜਨ ਸੰਘ ਹੀ ਪਿੱਛੋਂ ਭਾਰਤੀ ਜਨਤਾ ਪਾਰਟੀ ਬਣਿਆ ਸੀ ਤੇ ਅੱਜ ਭਾਰਤ ਦੀ ਕਮਾਨ ਉਸ ਦੇ ਕੋਲ ਹੈ। ਜਿਸ ਅਕਾਲੀ ਦਲ ਦੇ ਆਗੂ ਕਦੀ ਜਨ ਸੰਘ ਨਾਲ ਮੋਰਚੇਬਾਜ਼ੀ ਦਾ ਮੁਕਾਬਲਾ ਕਰਦੇ ਸਨ, ਇੱਕ ਪਾਸੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦਾ ਮਰਨ ਵਰਤ ਰਖਵਾਇਆ ਜਾਂਦਾ ਤੇ ਦੂਸਰੇ ਪਾਸੇ ਜਨ ਸੰਘ ਵੱਲੋਂ ਯੱਗ ਦੱਤ ਮਰਨ ਵਰਤ ਰੱਖ ਦੇਂਦਾ ਸੀ, ਆਪਸ ਵਿੱਚ ਭਿੜਨਾ ਛੱਡ ਕੇ ਖੰਡ-ਖੀਰ ਬਣੇ ਹੋਏ ਨਜ਼ਰ ਆਉਂਦੇ ਹਨ। ਇਸ ਦਾ ਮੁੱਢ ਪੰਜਾਬ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਵੇਲੇ ਹੀ ਬੱਝ ਗਿਆ ਸੀ, ਜਿਸ ਦਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸੀ ਤੇ ਮੰਤਰੀਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸੀ। ਉਹ ਸਾਂਝ ਦੋ ਵਾਰੀ ਟੁੱਟੀ, ਅਤੇ ਇੱਕ ਵਾਰੀ ਇਸ ਲਈ ਟੁੱਟੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਉੱਤੇ ਯੂਨੀਵਰਸਿਟੀ ਬਣਾਉਣ ਦਾ ਜਨ ਸੰਘ ਵਾਲਿਆਂ ਨੇ ਵਿਰੋਧ ਕੀਤਾ ਸੀ, ਦੂਸਰੀ ਵਾਰੀ ਆਰ ਐੱਸ ਐੱਸ ਨਾਲ ਸਾਂਝ ਦੇ ਸਵਾਲ ਉੱਤੇ ਟੁੱਟੀ ਸੀ, ਉਸ ਬਾਰੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਬਾਦਲ ਪਰਵਾਰ ਦਾ ਕੋਈ ਇੱਕ ਵੀ ਜੀਅ ਰਾਜਨੀਤੀ ਵਿੱਚ ਹੈ, ਇਹ ਸਾਂਝ ਕਦੇ ਨਹੀਂ ਟੁੱਟ ਸਕਦੀ। ਏਦਾਂ ਪ੍ਰਭਾਵ ਬਣਦਾ ਪਿਆ ਹੈ, ਜਿਵੇਂ ਸਾਂਝ ਅਕਾਲੀ ਦਲ ਅਤੇ ਭਾਜਪਾ ਦੀ ਨਹੀਂ, ਸੰਘ ਪਰਵਾਰ ਅਤੇ ਬਾਦਲ ਪਰਵਾਰ ਦੀ ਰਿਸ਼ਤੇਦਾਰੀ ਬਣ ਚੁੱਕੀ ਹੈ।
ਉੱਪਰਲਾ ਪ੍ਰਭਾਵ ਇਹੋ ਹੈ ਅਤੇ ਇੱਕ ਹੱਦ ਤੱਕ ਇਹ ਠੀਕ ਵੀ ਹੈ, ਪਰ ਇੱਕ ਹੱਦ ਤੱਕ ਇਸ ਨੂੰ ਵਰਤਣ ਪਿੱਛੋਂ ਭਾਜਪਾ ਆਗੂ ਇਸ ਹੱਦ ਤੱਕ ਸੀਮਤ ਰਹਿਣ ਦੀ ਥਾਂ ਇਸ ਤੋਂ ਅਗਲੀ ਉਡਾਰੀ ਲਈ ਤਿਆਰ ਜਾਪਦੇ ਹਨ। ਕੁਝ ਕੁ ਦਿਨ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਦੋ ਸੀਟਾਂ ਭਾਜਪਾ ਨੇ ਜਿੱਤ ਲਈਆਂ ਤੇ ਅਕਾਲੀ ਵੀ ਮਸਾਂ ਦੋ ਹੀ ਜਿੱਤ ਸਕੇ ਅਤੇ ਉਹ ਵੀ ਮੀਆਂ-ਬੀਵੀ ਵਾਲੀਆਂ ਦੋ ਜਿੱਤ ਸਕੇ ਤਾਂ ਭਾਜਪਾ ਆਗੂਆਂ ਨੇ ਇਹ ਸੁਰ ਚੁੱਕ ਲਈ ਸੀ ਕਿ ਅਗਲੀ ਵਾਰੀ ਵਿਧਾਨ ਸਭਾ ਚੋਣਾਂ ਵੇਲੇ ਅਸੀਂ ਅੱਜ ਤੱਕ ਦੇ ਕੋਟੇ ਵਾਲੀਆਂ ਤੇਈ ਸੀਟਾਂ ਤੱਕ ਨਹੀਂ ਰੁਕਣਾ। ਉਹ ਦੋ-ਦੋ ਲੋਕ ਸਭਾ ਸੀਟਾਂ ਵਾਲੀ ਨਵੀਂ ਸਥਿਤੀ ਵਿੱਚ ਵਿਧਾਨ ਸਭਾ ਦੀਆਂ ਅੱਧੋ-ਅੱਧ ਸੀਟਾਂ ਮੰਗ ਕੇ ਘੱਟੋ-ਘੱਟ ਤੀਸਰਾ ਹਿੱਸਾ ਬਣਦੇ ਪੈਂਤੀ ਤੋਂ ਵੱਧ ਹਲਕਿਆਂ ਵੱਲ ਝਾਕਦੇ ਸੁਣੇ ਜਾਣ ਲੱਗ ਪਏ ਸਨ। ਅਕਾਲੀ ਦਲ ਬਾਹਰੋਂ ਇਸ ਤੋਂ ਬੇਫਿਕਰ ਰਿਹਾ, ਪਰ ਅੰਦਰੋਂ ਉਸ ਦੀ ਲੀਡਰਸ਼ਿਪ ਚਿੰਤਾ ਵਿੱਚ ਹੈ ਤੇ ਚਿੰਤਾ ਇਨ੍ਹਾਂ ਬਿਆਨਾਂ ਦੀ ਨਹੀਂ, ਕੁਝ ਹੋਰ ਗੱਲਾਂ ਨਾਲ ਹੈ।
ਦਿੱਲੀ ਦੀ ਸਿੱਖ ਰਾਜਨੀਤੀ ਇਸ ਦੇਸ਼ ਦੀ ਆਜ਼ਾਦੀ ਦੇ ਤੀਹ ਸਾਲ ਤੋਂ ਵੱਧ ਸਮੇਂ ਤੱਕ ਉਸ ਆਦਮੀ ਨੂੰ ਆਪਣਾ ਆਗੂ ਮੰਨਦੀ ਰਹੀ ਹੈ, ਜਿਹੜਾ ਕੇਂਦਰ ਦੇ ਹਾਕਮਾਂ ਨਾਲ ਮਿਲ ਕੇ ਚੱਲਦਾ ਰਿਹਾ ਹੈ। ਜਥੇਦਾਰ ਸੰਤੋਖ ਸਿੰਘ ਅਤੇ ਰਛਪਾਲ ਸਿੰਘ ਇਸੇ ਧਾਰਨਾ ਦੇ ਪ੍ਰਤੀਕ ਆਗੂ ਹੋਇਆ ਕਰਦੇ ਸਨ। ਫਿਰ ਇੱਕ ਸਮਾਂ ਏਦਾਂ ਦਾ ਆਇਆ ਕਿ ਦਿੱਲੀ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਦਲ ਅਕਾਲੀ ਦਲ ਦਾ ਦਬਦਬਾ ਬਣ ਗਿਆ, ਪਰ ਇਸ ਬਾਰੇ ਇਸ ਅਕਾਲੀ ਦਲ ਦਾ ਇਹ ਸੋਚਣਾ ਠੀਕ ਨਹੀਂ ਸੀ ਕਿ ਪੱਕੀ ਧਿਰ ਲੱਭ ਪਈ ਹੈ। ਅਕਾਲੀਆਂ ਦੀ ਉਹ ਧਿਰ ਇਸ ਵੇਲੇ ਖਿਸਕਦੀ ਦਿੱਸ ਰਹੀ ਹੈ। ਸਿਰਫ ਉਸੇ ਧਿਰ ਬਾਰੇ ਗੱਲ ਕੀ ਕਰਨੀ, ਬੜਾ ਕੁਝ ਖਿਸਕ ਰਿਹਾ ਹੈ। ਇਸ ਵਿੱਚ ਹੋਰ ਕਿੰਨਾ ਕੁਝ ਖਿਸਕ ਰਿਹਾ ਹੈ, ਉਸ ਦੀ ਕਹਾਣੀ ਸਿਰਫ ਸਿੱਖਾਂ ਜਾਂ ਅਕਾਲੀ ਆਗੂਆਂ ਤੇ ਉਨ੍ਹਾਂ ਦੇ ਖਾਸ ਪਿਛਲੱਗਾਂ, ਜਾਂ ਪਿਛਲੱਗ ਹੋਣ ਦਾ ਭਰਮ ਪਾਉਣ ਵਾਲੇ ਲੋਕਾਂ ਤੱਕ ਨਹੀਂ ਰਹਿੰਦੀ, ਪੂਰੇ ਭਾਰਤ ਦੀ ਰਾਜਨੀਤੀ ਨੂੰ ਸਮਝਣ ਦੀ ਲੋੜ ਹੈ।
ਜਿਵੇਂ ਕਿਸੇ ਸਮੇਂ ਦਿੱਲੀ ਦੇ ਸਿੱਖ ਆਗੂ ਹੀ ਨਹੀਂ, ਭਾਰਤ ਦੇ ਬਹੁਤੇ ਰਾਜਾਂ ਦੇ ਵੱਖ-ਵੱਖ ਸੋਚਾਂ ਵਾਲੇ ਰਾਜਨੀਤਕ ਪਿੜ ਦੇ ਘੁਲਾਟੀਏ ਵੀ ਦਿੱਲੀ ਦਰਬਾਰ ਅਤੇ ਨਹਿਰੂ ਪਰਵਾਰ ਨੂੰ ਸਜਦੇ ਕਰਨ ਲਈ ਝੁਕੇ ਨਜ਼ਰ ਆਉਂਦੇ ਸਨ, ਏਦਾਂ ਦਾ ਮਾਹੌਲ ਇਸ ਵਕਤ ਭਾਜਪਾ ਦੇ ਪੱਖ ਵਿੱਚ ਬਣਦਾ ਜਾਂਦਾ ਹੈ। ਪਹਿਲ ਹਰਿਆਣੇ ਅਤੇ ਉੱਤਰ ਪ੍ਰਦੇਸ਼ ਤੋਂ ਹੋਈ ਮੰਨ ਸਕਦੇ ਹਾਂ, ਜਿੱਥੋਂ ਰਾਓ ਬਰਿੰਦਰ ਸਿੰਘ ਖੁਦ ਭਾਜਪਾ ਵਿੱਚ ਚਲਾ ਗਿਆ ਅਤੇ ਐੱਚ ਐੱਨ ਬਹੁਗੁਣਾ ਦਾ ਪੁੱਤਰ-ਧੀ ਪਾਸਾ ਬਦਲ ਕੇ ਭਾਜਪਾ ਵਿੱਚ ਜਾ ਵੜੇ ਸਨ। ਜਿਨ੍ਹਾਂ ਸਾਰੀ ਉਮਰ ਧਰਮ ਨਿਰਪੱਖਤਾ ਦਾ ਚੋਲਾ ਪਾ ਰੱਖਿਆ ਸੀ, ਉਸ ਟੱਬਰ ਦੀ ਰੀਟਾ ਬਹੁਗੁਣਾ ਜੋਸ਼ੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਮੰਤਰੀ ਜਾ ਬਣੀ। ਐੱਮ ਜੇ ਅਕਬਰ ਵਰਗਾ ਲੇਖਕ ਜਿਵੇਂ ਸਿਰਫ ਇੱਕ ਵਜ਼ੀਰੀ ਖਾਤਰ ਸੋਚ-ਧਾਰਾ ਦੀ ਲਛਮਣ ਰੇਖਾ ਟੱਪ ਕੇ ਭਾਜਪਾ ਵਿੱਚ ਪਹੁੰਚ ਗਿਆ, ਉਸ ਨੇ ਕਈ ਲੋਕਾਂ ਨੂੰ ਆਪਣੇ ਹੱਥਾਂ ਦੀਆਂ ਉਂਗਲਾਂ ਟੁੱਕਣ ਲਾ ਦਿੱਤਾ ਸੀ। ਉਹ ਮੁੱਢਲੇ ਪ੍ਰਗਟਾਵੇ ਸਨ। ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਇਸ ਦੇਸ਼ ਦੇ ਲੋਕਾਂ ਤੋਂ ਲਗਾਤਾਰ ਨਾ ਸਿਰਫ ਦੂਸਰੀ ਵਾਰ, ਸਗੋਂ ਪਹਿਲਾਂ ਤੋਂ ਵੀ ਵੱਡਾ ਲੋਕ ਫਤਵਾ ਹਾਸਲ ਕਰ ਗਈ ਤਾਂ ਉਸ ਪਾਸੇ ਵੱਲ ਜਾਣ ਵਾਲੇ ਲੋਕਾਂ ਦੀ ਲੰਮੀ ਲਾਈਨ ਲੱਗ ਗਈ ਹੈ। ਤੇਲਗੂ ਦੇਸਮ ਦੇ ਦੋ ਤਿਹਾਈ ਰਾਜ ਸਭਾ ਮੈਂਬਰ ਭਾਜਪਾ ਵੱਲ ਚਲੇ ਗਏ ਅਤੇ ਭਾਜਪਾ ਨਾਲ ਸਭ ਤੋਂ ਤਿੱਖੀ ਲੜਾਈ ਲੜਨ ਵਾਲੀ ਤ੍ਰਿਣਮੂਲ ਕਾਂਗਰਸ ਦੇ ਕਈ ਵਿਧਾਇਕ ਉਸ ਦਾ ਸਾਥ ਛੱਡ ਕੇ ਭਾਜਪਾ ਵੱਲ ਤੁਰੇ ਜਾਂਦੇ ਹਨ। ਪਿਛਲੇ ਦਿਨੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੰਜਾਬ ਆਏ ਇੱਕ ਪ੍ਰਮੁੱਖ ਬੁੱਧੀਜੀਵੀ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਸਾਲਾਂ ਬੱਧੀ ਖੱਬੀ ਧਿਰ ਦਾ ਮਜ਼ਬੂਤ ਆਧਾਰ ਬਣੇ ਦਿਖਾਈ ਦੇਣ ਵਾਲੇ ਕਈ ਲੋਕ ਅੱਜ ‘ਪਹਿਲੇ ਰਾਮ, ਫਿਰ ਵਾਮ’, ਭਾਵ ਕਿ ਪਹਿਲਾਂ ਧਰਮ ਤੇ ਫਿਰ ਖੱਬਾ ਪੱਖ ਵਾਲੀ ਗੱਲ ਕਹਿ ਕੇ ਭਾਜਪਾ ਵੱਲ ਜਾ ਰਹੇ ਹਨ। ਤ੍ਰਿਪੁਰਾ ਅਤੇ ਪੱਛਮੀ ਬੰਗਾਲ ਦੇ ਹਾਲਾਤ ਵਿੱਚ ਆਖੀ ਗਈ ਇਹ ਗੱਲ ਸਿਰਫ ਓਥੋਂ ਤੱਕ ਸੀਮਤ ਨਹੀਂ, ਪੰਜਾਬ ਤੱਕ ਪਹੁੰਚਣ ਲੱਗ ਪਈ ਹੈ। ਸਾਨੂੰ ਇਸ ਦੀ ਝਲਕ ਇਸ ਹਫਤੇ ਮਿਲੀ ਹੈ। ਇੱਕ ਖੱਬੇ ਪੱਖੀ ਸੋਚ ਵਾਲੇ ਲੇਖਕ ਨੇ ਇੱਕ ਹੋਰ ਲੇਖਕ ਬਾਰੇ ਦੱਸਿਆ ਕਿ ਉਹ ਭਾਜਪਾ ਵੱਲ ਜਾ ਰਿਹਾ ਹੈ ਤਾਂ ਅਗਲੀ ਮਿਲਣੀ ਮੌਕੇ ਉਸ ਲੇਖਕ ਨੂੰ ਅਸੀਂ ਇਸ ਬਾਰੇ ਪੁੱਛ ਲਿਆ। ਹੈਰਾਨੀ ਦੀ ਗੱਲ ਸੀ ਕਿ ਉਸ ਨੇ ਝੱਟ ਮੰਨ ਲਿਆ ਅਤੇ ਸਾਨੂੰ ਆਪਣੇ ਇਰਾਦੇ ਦੇ ਜਾਇਜ਼ ਹੋਣ ਬਾਰੇ ਕਈ ਮਿੰਟਾਂ ਤੱਕ ਸਮਝਾਉਣੀ ਦੇਂਦਾ ਰਿਹਾ ਕਿ ਇਹ ਅੱਜ ਦੇ ਵਕਤ ਜ਼ਰੂਰੀ ਹੋ ਗਿਆ ਹੈ।
ਰਾਹੁਲ ਗਾਂਧੀ ਦੁਖੀ ਹੈ ਕਿ ਏਡੀ ਵੱਡੀ ਹਾਰ ਪਿੱਛੋਂ ਵੀ ਸਿਰਫ ਉਸ ਨੇ ਅਸਤੀਫਾ ਦਿੱਤਾ ਹੈ, ਹੋਰ ਕਿਸੇ ਨੇ ਇਸ ਹਾਰ ਦੀ ਜ਼ਿਮੇਵਾਰੀ ਲੈ ਕੇ ਅਸਤੀਫਾ ਦੇਣ ਦੀ ਲੋੜ ਨਹੀਂ ਸਮਝੀ, ਪਰ ਉਸ ਨੂੰ ਪਤਾ ਨਹੀਂ ਕਿ ਉਸ ਪਾਰਟੀ ਵਿੱਚੋਂ ਕਈ ਸੱਜਣ ਅਸਤੀਫੇ ਲਿਖ ਕੇ ਆਪਣੀ ਜੇਬ ਵਿੱਚ ਪਾਈ ਬੈਠੇ ਹਨ। ਉਨ੍ਹਾਂ ਦੀ ਭਾਜਪਾ ਲੀਡਰਾਂ ਦੇ ਨਾਲ ਗੱਲ ਚੱਲਦੀ ਹੈ ਕਿ ਅਸੀਂ ਕਦੋਂ ਆਈਏ, ਜਿਸ ਦਿਨ ਉਸ ਪਾਸੇ ਤੋਂ ਮਹੂਰਤ ਦੱਸਿਆ ਗਿਆ, ਇਨ੍ਹਾਂ ਨੇ ਓਧਰ ਚਲੇ ਜਾਣਾ ਹੈ। ਮਾਇਆਵਤੀ ਅਤੇ ਅਖਿਲੇਸ਼ ਸਿੰਘ ਦੀਆਂ ਪਾਰਟੀਆਂ ਦੇ ਕਈ ਲੋਕ ਉਸ ਪਾਸੇ ਚਲੇ ਗਏ ਹਨ ਤੇ ਬਿਹਾਰ ਵਿੱਚ ਚਮਕੀ ਬੁਖਾਰ ਦੇ ਰੌਲੇ ਵਿੱਚ ਭਾਜਪਾ ਦਾ ਕੋਈ ਆਗੂ ਨਿਤੀਸ਼ ਕੁਮਾਰ ਦੇ ਪੱਖ ਵਿੱਚ ਬੋਲਿਆ ਨਹੀਂ ਤੇ ਉਸ ਦੇ ਵਿਰੋਧ ਵਿੱਚ ਬੋਲ ਕੇ ਨਿਤੀਸ਼ ਦੀ ਪਾਰਟੀ ਵਿੱਚ ਸੰਨ੍ਹ ਲਾਉਣ ਦਾ ਕੰਮ ਕਰਦੇ ਪਏ ਹਨ। ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਿਹਾਰ ਵਿੱਚ ਭਾਜਪਾ ਆਗੂ ਓਥੇ ਵੀ ਓਦਾਂ ਦਾ ਵੱਡਾ ਦਾਅ ਖੇਡਣ ਦੇ ਰੌਂਅ ਵਿੱਚ ਸੁਣੇ ਜਾਂਦੇ ਹਨ, ਜਿੱਦਾਂ ਦਾ ਉੱਤਰਾ ਖੰਡ, ਆਸਾਮ, ਤ੍ਰਿਪੁਰਾ ਤੇ ਹੋਰ ਕਈ ਰਾਜਾਂ ਵਿੱਚ ਪਹਿਲਾਂ ਕਾਂਗਰਸੀ ਆਗੂਆਂ ਨੂੰ ਆਪਣੇ ਪਿਆਦੇ ਬਣਾ ਕੇ ਕਾਮਯਾਬੀ ਨਾਲ ਖੇਡ ਚੁੱਕੇ ਹਨ। ਪੰਜਾਬ ਦੀ ਵਾਰੀ ਇਸ ਤੋਂ ਬਾਅਦ ਆਉਣ ਵਾਲੀ ਹੈ, ਜਿਸ ਦੇ ਲਈ ਕੁਝ ਅਕਾਲੀ ਤੇ ਕੁਝ ਕਾਂਗਰਸੀ ਆਗੂ ਤਿਆਰ ਬੈਠੇ ਹਨ।
ਗੱਲ ਫਿਰ ਪੰਜਾਬ ਵਿੱਚ ਪੱਕੀ ਜੜ੍ਹ ਵਾਲੇ ਸਿੱਖ ਭਾਈਚਾਰੇ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਆ ਜਾਂਦੀ ਹੈ। ਦਿੱਲੀ ਵਿੱਚ ਇਸ ਦਲ ਨੂੰ ਸੰਨ੍ਹ ਲੱਗਣ ਦਾ ਕੰਮ ਹੋ ਚੁੱਕਾ ਹੈ। ਇੱਕ ਆਗੂ ਨੂੰ ਅਕਾਲੀ ਦਲ ਨੇ ਆਪ ਕੱਢ ਕੇ ਇਸ ਵਕਤ ਦੇ ਦਿੱਲੀ ਦਰਬਾਰ ਨਾਲ ਤਾਰਾਂ ਜੋੜਨ ਨੂੰ ਵਿਹਲਾ ਕਰ ਦਿੱਤਾ ਹੈ ਤੇ ਜਿਸ ਦੂਸਰੇ ਉੱਤੇ ਅਕਾਲੀ ਦਲ ਨੇ ਟੇਕ ਰੱਖੀ ਸੀ, ਉਸ ਨੂੰ ਇਹ ਪਤਾ ਹੈ ਕਿ ਦਿੱਲੀ ਵਿੱਚ ਕਾਰੋਬਾਰ ਲਈ ਅਕਾਲੀਆਂ ਦੀ ਥਾਂ ਭਾਜਪਾ ਨਾਲ ਮਿਲ ਕੇ ਚੱਲਣਾ ਪੈਣਾ ਹੈ। ਇੱਕ ਜਣਾ ਹਵੇਲੀ ਦੇ ਅਗਲੇ ਪਾਸਿਓਂ ਅਤੇ ਦੂਸਰਾ ਵੀਹੀ ਵਾਲੇ ਬੂਹੇ ਵੱਲੋਂ ਭਾਜਪਾ ਦੇ ਵੱਡੇ ਲੀਡਰਾਂ ਨਾਲ ਤਾਲਮੇਲ ਰੱਖਣ ਦਾ ਯਤਨ ਕਰ ਰਿਹਾ ਹੈ ਤੇ ਉਨ੍ਹਾਂ ਦੋਵਾਂ ਦਾ ਆਪਣੇ ਨੇੜਲੇ ਸਰਕਲ ਵਿੱਚ ਇਹ ਕਹਿਣਾ ਹੈ ਕਿ ਦਿੱਲੀ ਵਿੱਚ ਰਹਿਣਾ ਹੈ ਤਾਂ ਦਿੱਲੀ ਨਾਲ ਸਾਂਝ ਬਿਨਾਂ ਨਹੀਂ ਚੱਲ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਇਹ ਕਹਿੰਦੇ ਸੁਣਦੇ ਰਹੇ ਸਾਂ ਕਿ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਖਤਰਾ ਹੈ ਤੇ ਆਪਣੀ ਇਹ ਗੱਲ ਸਾਬਤ ਕਰਨ ਵਾਸਤੇ ਝੂਠੇ ਕਿੱਸੇ ਵੀ ਸੁਣਾਇਆ ਕਰਦੇ ਸਨ, ਅੱਜ ਉਹੀ ਆਗੂ ਇਹ ਦੱਸ ਰਹੇ ਹਨ ਕਿ ਰਾਮ, ਭਗਵਾਨ, ਸਵਰਗ-ਨਰਕ ਅਤੇ ਧਰਮਰਾਜ ਬਾਰੇ ਧਾਰਨਾ ਤੋਂ ਲੈ ਕੇ ਮਰਨੇ-ਪਰਨੇ ਦੀ ਸਾਡੀ ਸਾਂਝ ਹਿੰਦੂਤੱਵ ਨਾਲ ਹੈ।
ਅਸੀਂ ਚਾਲੀ ਕੁ ਸਾਲ ਪਹਿਲਾਂ ਕਦੀ ਮੱਧ ਭਾਰਤ ਵਿੱਚੋਂ ਸਫਰ ਕਰਦੇ ਸਮੇਂ ਕੁਝ ਰੇਲਵੇ ਸਟੇਸ਼ਨਾਂ ਉੱਤੇ ਨਾਅਰੇ ਲਿਖੇ ਪੜ੍ਹਦੇ ਹੁੰਦੇ ਸਾਂ: ‘ਭਾਰਤ ਮੇਂ ਯਦੀ ਰਹਿਨਾ ਹੋਗਾ ਤੋ ਵੰਦੇ ਮਾਤਰਮ ਕਹਿਨਾ ਹੋਗਾ।’ ਅੱਜ ਦੇ ਹਾਲਾਤ ਨਵਾਂ ਮਾਹੌਲ ਸਿਰਜ ਰਹੇ ਹਨ, ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ, ‘ਭਾਰਤ ਮੇਂ ਯਦੀ ਰਹਿਨਾ ਹੋਗਾ, ਯੇ ਸਾਰਾ ਕੁਝ ਸਹਿਨਾ ਹੋਗਾ’, ਕਿਉਂਕਿ ਫਿਜ਼ਾ ਬਦਲ ਰਹੀ ਹੈ। ਫਿਜ਼ਾ ਬਦਲ ਰਹੀ ਹੈ, ਕੁਝ ਲੋਕ ਬਦਲ ਰਹੇ ਹਨ, ਪਰ ਸਾਰੇ ਲੋਕ ਕਦੇ ਫਿਜ਼ਾ ਦੇ ਨਾਲ ਬਦਲਣ ਵਾਲੇ ਨਹੀਂ ਹੋਇਆ ਕਰਦੇ। ਕੁਝ ਲੋਕ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਜਿਹੜੇ ਬਦਲਦੇ ਜਾ ਰਹੇ ਹਨ, ਉਨ੍ਹਾਂ ਬਾਰੇ ਹਿੰਦੀ ਕਵੀ ਦੁਸ਼ਿਅੰਤ ਨੇ ਬਹੁਤ ਦੇਰ ਪਹਿਲਾਂ ਲਿਖ ਦਿੱਤਾ ਸੀ:
ਨਾ ਹੋ ਕਮੀਜ਼ ਤੋ ਘੁਟਨੋ ਸੇ ਪੇਟ ਢਕ ਲੇਂਗੇ,
ਯੇ ਲੋਗ ਕਿਤਨੇ ਮਨਾਸਿਬ ਹੈਂ ਇਸ ਸਫਰ ਕੇ ਲੀਏ।
ਇਸ ਮਾਹੌਲ ਵਿੱਚ ਵੀ, ਬਦਲਦੇ ਹੋਏ ਮਾਹੌਲ ਵਿੱਚ ਵੀ, ਜਿਹੜੇ ਲੋਕ ਦੇਸ਼ ਦੇ ਪਰਦੇ ਕੱਜਣ ਅਤੇ ਪੇਟ ਦੀ ਅੱਗ ਬੁਝਾਉਣ ਬਾਰੇ ਕਦੀ-ਕਦੀ ਸੋਚ ਲਿਆ ਕਰਦੇ ਹਨ, ਉਨ੍ਹਾਂ ਤੋਂ ਬਦਲਦੀ ਫਿਜ਼ਾ ਦੇ ਨਾਲ ਵੀ ਬਦਲਿਆ ਨਹੀਂ ਜਾਣਾ।

ਜਤਿੰਦਰ ਪਨੂੰ