ਤਨਹਾਈ ਦੇ ਜ਼ਖਮਾਂ ਉੱਤੇ

0
704

ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।

ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।

ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,

ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।

ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,

ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।

ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,

ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।

ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,

ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।

ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,

ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੈ ਮਰ ਜਾਂਦੇ ਨੇ।

ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,

ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ।