ਫਰਕ – ਗੁਰਬਾਜ ਸਿੰਘ, ਖੈਰਦੀਨਕੇ,ਤਰਨ ਤਾਰਨ

0
1083

ਹਰਪਾਲ ਸਿੰਘ ਦੇ ਘਰ ਅੱਜ ਖੁਸੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ ਸੀ। ਦੋ ਕੁੜੀਆਂ ਹੋਣ ਦੇ ਬਾਦ ਉਸ ਨੂੰ ਪੂਰੀ ਉਮੀਦ ਸੀ, ਕਿ ਐਤਕੀਂ ਰੱਬ ਮੇਹਰ ਕਰੂਗਾ। ਦੂਜਾ ਉਸਦਾ ਜਮੀਨ ਸਬੰਧੀ ਕੇਸ ਅਦਾਲਤੇ ਚਲਦਾ ਸੀ ਤੇ ਅੱਜ ਉਸਦੀ ਤਾਰੀਖ ਸੀ, ਹਰਪਾਲ ਸਿੰਘ ਦੀ ਮਾਂ ਮਹਿੰਦਰ ਕੌਰ, ਪਹਾੜ ਜਿਡੀ ਉਮੀਦ ਲਾਈ ਬੈਠੀ ਸੀ ਤੇ ਗੁਰਦੁਆਰਾ ਸਾਹਿਬ ਅਰਦਾਸ ਸੁਖਣਾ ਵੀ ਕਰਕੇ ਆਈ ਸੀ।  ਹਰਪਾਲ ਸਿੰਘ ਬੱਚੇ ਦੇ ਜਨਮ ਦੀ ਉਡੀਕ ਕਰਦਾ ਕਦੇ ਕਦਮ ਬਾਹਰ ਬੂਹੇ ਵਲ ਨੂੰ ਲਿਜਾਵੇ ਤੇ ਕਦੇ ਵਾਪਿਸ ਲੈ ਲਵੇ, ਕਦੇ ਬੱਚੇ ਦੇ ਰੋਣ ਦੀ ਅਵਾਜ ਉਡੀਕਣ ਦੀ ਲਾਲਸਾ ਭਰੀਆਂ ਅੱਖਾਂ ਨਾਲ ਅੰਦਰ ਦਾਈ ਵਾਲੇ ਕਮਰੇ ਵੱਲ ਨੂੰ ਤੱਕੇ।

ਅਚਾਨਕ ਬ਼ੱਚੇ ਦੇ ਰੋਣ ਦੀ ਅਵਾਜ ਆਈ ਸਾਰੇ ਕਮਰੇ ਵੱਲੇ ਦੌੜੇ ਦਾਈ ਦੇ ਦੱਸਣ ਤੇ ਕਿ ਫੇਰ ਲੜਕੀ ਹੋਈ ਹੈ। ਸਭ ਨੂੰ ਉਦਾਸੀ ਦੇ ਗਹਿਰ ਗੰਭੀਰ ਬੱਦਲਾਂ ਨੇ ਘੇਰ ਲਿਆ, ਮਹਿੰਦਰ ਕੌਰ ਤਾਂ ਬੁੜ ਬੁੜ ਕਰਦੀ ਬਾਹਰ ਹੀ ਆ ਗਈ, ਹਏ! ਰੱਬਾ! ਖੌਰੇ ਕਿਹੜੇ ਜਨਮਾਂ ਦਾ ਬਦਲਾ ਤੈਂ ਲੈ ਰਿਹਾ ਮੇਰੇ ਪੁੱਤ ਤੋ ਫੇਰ ਕੁੜੀ!! ਖੌਰੇ ਕੇਹਾ ਚੰਦਰਾ ਦਿਨ ਚੜਿਆ ਅੱਜ?

ਭਾਲੇ ਦੀ ਤਾਈ ਕੁਲਵੰਤ ਕੌਰ ਆਈ , ਭਾਲਿਆ! ਸੁਣਿਆ, ਪੁੱਤ ਫੇਰ ਕੁੜੀ ਹੋਈ। ਬਾਹਲਾ! ਧੱਕਾ ਕੀਤਾ ਰੱਬ ਨੇ,,।। ਚੱਲ ਪੁੱਤ ਕੋਈ ਗੱਲ ਨੀ। ਹਰਪਾਲ ਸਿੰਘ ਕੋਲੋਂ ਸਿਰਫ ਹੂੰ ਹਾਂ ਹੀ ਹੋ ਸਕੀ।

ਹਰਪਾਲ ਸਿੰਘ ਚੁੱਪ ਜਿਵੇਂ ਪੱਥਰ ਹੋ ਗਿਆ ਹੋਵੇ, ਅੰਦਰ ਕਮਰੇ ਚ ਜਾਣ ਨੂੰ ਦਿਲ ਨਾ ਕਰਦਾ ਹੋਇਆਂ ਵੀ ਅੰਦਰ ਗਿਆ ਤੇ ਪਤਨੀ ਹਰਜੀਤ ਕੌਰ ਨੂੰ ਹੌਸਲਾਂ ਦਿੰਦਾ ਤੇ ਬੱਚੀ ਨੂੰ ਪਿਆਰ ਦੇ,,ਮਨ ਭਰਕੇ ਬਾਹਰ ਆ ਗਿਆ।

ਹੁਣ ਤਾਂ ਜਿਵੇਂ ਉਸਦਾ ਤਾਰੀਖੇ ਜਾਣ ਨੂੰ ਦਿਲ ਹੀ ਨਹੀ ਸੀ ਕਰ ਰਿਹਾ, ਪਰ ਘਰ ਰੁਕਣ ਨੂੰ ਵੀ ਮਨ ਕਿਹੜਾ ਕਰਦਾ ਸੀ, ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਕੇਸ ਤਾਂ ਉਹ ਜਿਵੇ ਹਾਰ ਹੀ ਗਿਆ ਹੋਵੇ। ਉਹ ਆਪਣਾ ਆਪ ਸਮੇਟਦਾ, ਨਾ ਚਾਹੁੰਦੇ ਹੋਏ ਘਰੋਂ ਬਾਹਰ ਹੋ ਗਿਆ। ਅੱਜ ਤਾਂ ਉਸ ਨੇ ਤਾਰੀਖੇ ਜਾਣ ਲਈ ਨਾ ਜਾਗਰ ਸਿੰਘ ਨੂੰ ਤੇ ਨਾ ਬਲਕਾਰ ਸਿੰਘ ਨੂੰ ਅਵਾਜ ਮਾਰੀ।

ਗਲੀ ਤੋਂ ਮੋੜ ਮੁੜਿਆ ਤਾਂ ਅਗਲੇ ਮੁਹੱਲੇ ਕਿਸੇ ਔਰਤ ਦੇ ਰੋਣ ਕੁਰਲਾਣ ਤੇ ਗਾਲ ਮੰਦੇ ਕਰਦੇ ਮਰਦ ਦੀ ਆਵਾਜ ਸੁਣੀ। ਇਹ ਕਹਿੰਦੇ ਕਹਾਉੱਦੇ ਸਾਵਾਂ ਦਾ ਘਰ ਸੀ। ਬੂਹੇ ਖੁੱਲੇ ਹੋਣ ਕਾਰਨ ਸਭ ਸਾਫ ਸੁਣ ਰਿਹਾ ਸੀ। ਕਸ਼ਮੀਰ ਸਿੰਘ ਦਾ ਪੁੱਤ ਜੱਗਾ ਆਪਦੇ ਬੁੱਢੇ ਪਿਓ ਨੂੰ ਗਾਲਾਂ ਕੱਢਦਾ ਜਮੀਨ ਵੇਚਣ ਲਈ ਕਹਿ ਰਿਹਾ ਸੀ ਤਾਂ ਜੋ ਉਸਨੂੰ ਸਮੈਕ ਖਰੀਦਣ ਲਈ ਪੈਸਾ ਮਿਲ ਸਕੇ। ਮਾਂ ਵਿਚਾਲੇ ਆਈ ਤਾਂ ਜੱਗੇ ਨੇ ਹੱਥ ਚੁੱਕ ਲਿਆ। ਮਾਂ ਜਾਰੋ ਜਾਰ ਰੋ ਰਹੀ ਸੀ, ਵੇ! ਤੇਰਾ ਕੱਖ ਨਾ ਰਹੇ, ਤੈਨੂੰ ਆ ਜੇ ਕਿਸੇ ਦੀ ਆਈ? ਤੂੰ ਥਾਏਂ ਹੀ ਮੁੱਕ ਜਾਏ? ਤੈਨੂੰ ਜਨਮ ਦੇਣ ਤੋਂ ਪਹਿਲਾਂ ਅਸੀ ਮਰ ਕਿਉਂ ਨਾ ਗਏ?

ਹਰਪਾਲ ਸਿੰਘ ਮਨ ਭਰ ਅੱਗੇ ਲੰਘ ਗਿਆ। ਉਹ ਸੋਚ ਰਿਹਾ ਸੀ ਕਿ ਅੱਜ ਤਾਂ ਜਿਵੇਂ ਦਿਨ ਹੀ ਮਾੜਾ ਚੜਿਆ ਸੀ। ਪਿੰਡ ਦੇ ਅੱਡੇ ਤੋਂ ਸ਼ਹਿਰ ਜਾਣ ਵਾਲੀ ਬੱਸ ਫੜੀ, ਬੱਸ ਅੰਦਰ ਨਜ਼ਰ ਦੌੜਾਈ ਤੇ ਉਦਾਸ ਨਜਰ ਤੇ ਬੇਜਾਨ ਹਿੰਮਤ ਨਾਲ, ਦੋਸੀਆਂ ਵਾਂਗ ਸਭ ਤੋਂ ਪਿੱਛੇ ਜਿਹੇ ਹੀ ਨੁੱਕਰੇ ਲੱਗ ਸੀਟ ਤੇ ਬੈਠ ਗਿਆ। ਸ਼ਹਿਰ ਆ ਗਿਆ ਤਾਂ ਹਰਪਾਲ ਸਿੰਘ ਰਿਕਸਾਂ ਫੜ੍ਹ ਕਚਹਿਰੀ ਪਹੁੰਚਿਆ। ਕਚਹਿਰੀ ਚ ਕਾਫੀ ਗਹਿਮਾਂ ਗਹਿਮੀ ਸੀ, ਤਾਰੀਖਾਂ ਭੁਗਤਣ ਜੱਟ ਝੁੰਡਾਂ ਦੇ ਝੁੰਡ ਆਏ ਸੀ, ਪਰ ਅੱਜ ਹਰਪਾਲ ਸਿੰਘ ਇਕੱਲਾ ਸੀ, ਅੱਜ ਉਸਨੂੰ ਲੱਗ ਰਿਹਾ ਸੀ ਜਿਹੀ ਉਹ ਤੇ ਇਹ ਜੱਗ ਵਾਲੀ ਕਚਹਿਰੀ ਇਕੱਲੇ ਹੀ ਹਨ। ਕਚਹਿਰੀ ਸੰਨਾਟੇ ਜਿਹੀ ਲੱਗ ਰਹੀ ਸੀ। ਜਿਸ ਅਦਾਲਤ ਵਿਚ ਉਸਦਾ ਕੇਸ ਚੱਲ ਰਿਹਾ ਸੀ, ਉਸਦੇ ਬਾਹਰ ਉਸ ਨੇ ਘੁਸਰ-ਮੁਸਰ ਸੁਣੀ, ਯਾਰ!! ਸੁਣਿਆ ਪਹਿਲਾਂ ਜੱਜ ਬਦਲ ਗਿਆ ?ਚੰਗਾ ਹੋਇਆ ਬਾਹਲਾ ਰੁੱਖੇ ਸੁਭਾਅ ਦਾ ਸੀ?

ਇੰਨੇ ਨੂੰ ਪੁਲਿਸ ਪਾਰਟੀ ਹੱਥਕੜੀ ਲਗਾਈ ਇੱਕ ੨੦-੨੫ ਵਰਿਆਂ ਦੇ ਗੱਭਰੂ ਨੂੰ ਲਈ ਆ ਰਹੀ ਸੀ। ਨੇੜੇ ਆਇਆ ਤਾਂ ਹਰਪਾਲ ਸਿੰਘ ਹੈਰਾਨ ਰਹਿ ਗਿਆ, ਓ ਹੋ !! ਏ ਤਾਂ ਨਾਲਦੇ ਪਿੰਡ ਦੇ ਅਮੀਰ ਸਰਦਾਰਾਂ ਦਾ ਪੁੱਤ ਪ੍ਰਿੰਸ ਹੈ, ਜੋ ਪਤਾ ਲੱਗਾ ਸੀ ਕਿ ਥੋੜੇ ਦਿਨਾ ਤੋਂ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਸੀ, ਨਸੇਂ ਦੀ ਸਮਗਲਿੰਗ ਤੇ ਲੁੱਟਾਂ-ਖੋਹਾਂ ਵਿੱਚ ਲੋੜੀਂਦਾ ਸੀ। ਅੱਜ ਉਸ ਦੀ ਏਸੇ ਅਦਾਲਤ ਵਲੋਂ ਸ਼ਜਾ ਮਿਲਣੀ ਸੀ।  ਹਰਪਾਲ ਸਿੰਘ ਜਰਾ ਅੰਦਰ ਹੋਇਆ ਤਾਂ ਸਾਹਮਣੇ ਦ੍ਰਿਸ਼ ਦੇਖ ਹੈਰਾਨ ਰਹਿ ਗਿਆ ਸਾਇਦ ਉਸ ਪਹਿਲੀ ਵਾਰ ਇਹ ਨਜਾਰਾ ਤੱਕਿਆ ਸੀ। ਸਾਹਮਣੇ ਜੱਜ ਸਾਹਿਬ ਦੀ ਕੁਰਸੀ ਤੇ ਇਕ ਨੌਜੁਆਨ ਲੜਕੀ ਬੈਠੀ ਸੀ, ਮਨ ਚ ਉਸਦੀ ਉਮਰ ਮਸਾਂ ੨੦-੨੨ ਜਾਂ ੨੫ ਸਾਲ ਦੀ ਕਿਆਸਦਾ ਹੈਰਾਨਗੀ ਤੇ ਖੁਸੀ ਦੇ ਆਲਮ ਵਿਚ ਸੀ ਹਰਪਾਲ ਸਿੰਘ। ਉਹ ਜੱਜ ਇਕ ਲੜਕੀ ਸੀ ਜੋ ਆਪਣੇ ਤੋਂ ਵੱਡੇ ਉਮਰ ਦੇ ਰੀਡਰ ਸਾਹਬ, ਸਟੈਨੋ ਸਾਬ, ਤੇ ਪੁਲਿਸ ਵਾਲਿਆਂ ਨੂੰ ਹੁਕਮ ਦੇ ਤੇ ਲਿਖਾ ਰਹੀ ਸੀ, ਦੋਸੀਆਂ ਦੀ ਕਿਸਮਤ ਦਾ ਫੈਸਲਾ ਕਰ ਰਹੀ ਸੀ। ਕੀ ਦੋਸੀ, ਨੋਜੁਆਨ, ਬੁੱਢੇ ਤੇ ਔਰਤਾਂ ਉਸ ਸਾਹਮਣੇ ਖੜੇ ਸਨ।

ਸਰਦਾਰਾਂ ਦੇ ਪੁੱਤ ਪ੍ਰਿੰਸ ਦੀ ਵਾਰੀ ਆਈ ਤਾਂ ਜੱਜ ਸਾਹਿਬਾ ਨੇ ਉਸ ਨੂੰ ੮ ਸਾਲ ਦੀ ਸਜਾ ਤੇ ੨ ਲੱਖ ਜੁਰਮਾਨ ਲਾ ਦਿੱਤਾ। ਪਲਾਂ ਵਿੱਚ ਹੀ ਜੱਜ ਸਾਹਿਬਾ ਫੈਸਲੇ ਕਰੀਂ ਜਾ ਰਹੀ ਸੀ। ਹਰਪਾਲ ਸਿੰਘ ਤਾਂ ਜਿਵੇਂ ਉਥੇ ਹੀ ਸਾਰਾ ਦਿਨ ਰੁੱਕ ਉਸ ਮੈਡਮ ਲੜਕੀ ਜੱਜ ਨੂੰ ਦੇਖੀ ਜਾਣਾ ਚਾਹੁੰਦਾ ਸੀ ਤੇ ਮਨ ਹੀ ਮਨ ਕਈ ਆਸੀਸਾਂ ਤੇ ਦੁਆਵਾਂ ਕਰੀਂ ਜਾ ਰਿਹਾ ਸੀ, ਕਦੇ ਉਸ ਵਾਸਤੇ ਤੇ ਕਦੇ ਉਸਦੇ ਮਾਂ ਬਾਪ ਲਈ ਜਿਨਾਂ ਨੇ ਉਸ ਵਰਗੀ ਬੇਟੀ ਨੂੰ ਜਨਮ ਦਿੱਤਾ। ਜੋ ਪ੍ਰਿੰਸ ਜਿਹੇ ਸਮਾਜ ਦੇ ਤੇ ਜੱਗੇ ਜਿਹੇ ਮਾਪਿਆਂ ਦੇ ਅਪਰਾਧੀਆਂ ਨੂੰ ਜੇਲੇ ਭੇਜ ਸਕਦੀਆਂ ਨੇ।

ਹਰਪਾਲ ਸਿੰਘ ਦੇ ਕੇਸ ਦੀ ਵਾਰੀ ਆ ਹੀ ਗਈ, ਕੇਸ ਦਾ ਫੈਸਲਾ ਹਰਪਾਲ ਸਿੰਘ ਦੇ ਹੱਕ ਵਿੱਚ ਹੋ ਗਿਆ। ਹਰਪਾਲ ਸਿੰਘ ਦੀ ਖੁਸੀ ਦੀ ਕੋਈ ਹੱਦ ਨਾ ਰਹੀ, ਅੱਖਾਂ ਭਰ ਆਈਆਂ, ਉਸ ਲਈ ਤਾਂ ਜਿਵੇਂ ਅੱਜ ਦਾ ਦਿਨ ਕਰਮਾਂ ਵਾਲਾ ਚੜਿਆ ਸੀ, ਕਿਸੇ ਭਾਗਾਂ ਵਾਲੇ ਦਾ ਪੈੜਾ, ਚੇਹਰਾ ਤੱਕਿਆ ਹੋਣ ਬਾਰੇ ਸੋਚ ਰਿਹਾ ਸੀ, ਹਰਪਾਲ ਸਿੰਘ। ਭੀੜ ਪਿੱਛੇ ਖੜੇ ਹਰਪਾਲ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲ ਪਿਆ, ਜਿਉੱਦੀ ਰਹਿ ਧੀਏ? ਫੇਰ ਬਸ ਫੜ੍ਹ ਸਾਮ ਦੇ ਘੁਸਮੁਸੇ ਜਿਹੇ ਹੋਏ ਘਰ ਬਹੁੜਿਆ।

ਘਰ ਵੱਲ ਕਾਹਲੀ ਕਾਹਲੀ ਕਦਮ ਪੁੱਟਦਾ, ਕਿਸੇ ਜਿੱਤ-ਖੁਸੀ ਦਾ ਭਰਿਆ ਸਿੱਧਾ ਹਰਜੀਤ ਕੌਰ ਕੋਲ ਗਿਆ ਤੇ ਨਵਜੰਮੀ ਬੱਚੀ ਨੂੰ ਗਲੇ ਲਾ ਲਿਆ ਤੇ ਹੰਝੂਆਂ ਦੀ ਛਹਿਬਰ ਲਾ ਦਿੱਤੀ। ਅੱਜ ਹਰਪਾਲ ਸਿੰਘ ਦੀਆਂ ਅੱਖਾਂ ਵਿੱਚ ਅਜੀਬ ਖੁਸੀ, ਸੰਤੁਸ਼ਟੀ ਤੇ ਸਬਰ ਭਰਿਆ ਛਲਕਦਾ ਪਿਆ ਸੀ ਤੇ ਇਕ ਟੱਕ ਨਵਜੰਮੀ ਬੱਚੀ ਵੱਲੇ ਵੇਖੀ ਜਾ ਰਿਹਾ ਸੀ, ਜਿਵੇਂ ਅੱਜ ਹਰਪਾਲ ਸਿੰਘ ਨੂੰ ਕਿਸੇ ਵੱਡੇ ਫਰਕ ਦਾ ਪਤਾ ਲੱਗ ਗਿਆ ਹੋਵੇ।