ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ?

0
179

ਜੇ ਕੋਈ ਸਿੱਖਾਂ ਦਾ ਲੜਕਾ ਦਾਹੜੀ ਕੇਸ ਮੁਨਵਾ ਕੇ ਕਿਸੇ ਹੋਰ ਕੌਮ ਦੀ ਜਾਂ ਸਿੱਖ ਕੌਮ ਦੀ ਲੜਕੀ ਨਾਲ ਹੀ ਵਿਆਹ ਕਰਵਾ ਲਵੇ ਪਰ ਬਾਪ ਨੂੰ ਇਹ ਗੱਲ ਪਸੰਦ ਨਾ ਹੋਵੇ ਤਾਂ ਫਿਰ ਇਹ ਮਾੜਾ ਕੰਮ ਹੋਇਆ ਅਤੇ ਨਾਲੋ ਨਾਲ ਬਾਪ ਨੂੰ ਉਸਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਮਿਲ ਗਿਆ। ਹੋ ਸਕਦਾ ਹੈ ਕਿ ਇਹ ਘਟਨਾ ਕਿਸੇ ਹੋਰ ਲਈ ਜਰੂਰ ਚੰਗੀ ਹੋਵੇ ਤਾਂ ਫਿਰ ਉਨ੍ਹਾਂ ਵਾਸਤੇ ਏਹੀ ਕਰਮ ਉਨ੍ਹਾਂ ਦੇ ਨਹੀਂ ਬਲਕਿ ਕਿਸੇ ਹੋਰ ਦੇ ਪਿਛਲੇ ਜਨਮ ਵਿੱਚ ਕੀਤੇ ਕਰਮ ਅਤੇ ਇਸ ਜਨਮ ਵਿੱਚ ਕੀਤੇ ਕਰਮ ਚੰਗੇ ਬਣ ਗਏ। ਪਰ ਕਰਮਾਂ ਦਾ ਸਿਧਾਂਤ ਤਾਂ ਜਿਸ ਮਨੁੱਖੀ ਜੀਵ ਨੇ ਜਿਹੜੇ ਕਰਮ ਕੀਤੇ ਹਨ ਉਸ ਨੂੰ ਉਸਦੇ ਕਰਮਾਂ ਦਾ ਫਲ਼ ਹੀ ਦਿੰਦਾ ਹੈ ਪਰ ਆਪਾਂ ਹੁਣ ਸਿੱਖ ਇਤਹਾਸ ਵਿਚੋਂ ਕੁੱਝ ਉਦਾਹਰਣਾਂ ਲੈ ਕੇ ਸਿੱਧ ਕਰਾਂਗੇ ਕਿ ਇਹ ਕਰਮ ਸਿਧਾਂਤ ਗਲਤ ਹੈ।
ਅੱਜ-ਕੱਲ੍ਹ ਤੋਂ ਸ਼ੁਰੂ ਕਰੀਏ ਤਾਂ ਸੱਭ ਤੋਂ ਪਹਿਲਾਂ ਵਾਰੀ ਆਉਂਦੀ ਹੈ ਪੰਥ ਪ੍ਰੀਤ ਸਿੰਘ ਦੀ। ਉਸ ਦੇ ਮਾਪੇ ਹਿੰਦੂ ਹਨ ਤੇ ਉਹ ਸਿੱਖ ਬਣ ਗਿਆ। ਹਿੰਦੂਆਂ ਵਾਸਤੇ ਉਸਦਾ ਇਹ ਕਰਮ ਮਾੜਾ ਸਾਬਤ ਹੁੰਦਾ ਹੈ ਤੇ ਸਿੱਖਾਂ ਵਾਸਤੇ ਭਾਈ ਪੰਥ ਪ੍ਰੀਤ ਸਿੰਘ ਦਾ ਇਹ ਕਰਮ ਚੰਗਾ ਸਾਬਤ ਹੁੰਦਾ ਹੈ ਕਿਉਂਕਿ ਪੰਥ ਪ੍ਰੀਤ ਸਿੰਘ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਬਿਲਕੁਲ ਸਮਰਪੱਤ ਹੈ। ਹੋ ਸਕਦਾ ਹੈ ਕਿ ਉਹ ਕੁੱਝ ਗਲਤ ਪ੍ਰਚਾਰ ਵੀ ਕਰਦਾ ਹੋਵੇ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਅੱਗੇ ਨੂੰ ਹੀ ਵੱਧ ਰਿਹਾ ਹੈ। ਭਾਈ ਪੰਥ ਪ੍ਰੀਤ ਸਿੰਘ ਨੂੰ ਆਪਾਂ ਕਿਹੜੇ ਕਰਮਾਂ ਦੇ ਸਿਧਾਂਤ ਵਿੱਚ ਗਿਣਾਂਗੇ? ਸਿੱਖਾਂ ਵਾਸਤੇ ਵਰਦਾਨ ਅਤੇ ਆਪਣੇ ਹਿੰਦੂ ਸਮਾਜ ਵਾਸਤੇ ਕਲੰਕ।
ਹੋਰ ਥੋੜਾ ਜਿਹਾ ਪਿੱਛੇ ਵੱਲ ਨੂੰ ਜਾਈਏ ਤਾਂ ਵਾਰੀ ਆਉਂਦੀ ਹੈ ਪ੍ਰੋ. ਸਾਹਿਬ ਸਿੰਘ ਡੀ. ਲਿਟ. ਦੀ। ਉਹ ਵੀ ਹਿੰਦੂ ਘਰਾਣੇ ਵਿੱਚ ਪੈਦਾ ਹੋਇਆ। ਸਕੂਲ ਵਿੱਚ ਹੀ ਉਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਹੋ ਗਿਆ ਤੇ ਆਪਣੀ ਜੀਵਨੀ ਵਿੱਚ ਲਿਖਦੇ ਹਨ ਕਿ ਲੋਕ ਮੈਨੂੰ ਟਿਚਰਾਂ ਕਰਦੇ ਸਨ ਕਿ ਹੁਣ ਇਹ ਲੜਕਾ ਭਾਈ ਹੀ ਬਣੇਗਾ। ਪ੍ਰੋ. ਸਾਹਿਬ ਸਿੰਘ ਹਿੰਦੂ ਸਮਾਜ ਵਾਸਤੇ ਮਾੜਾ ਤੇ ਸਿੱਖਾਂ ਲਈ ਵਰਦਾਨ ਸਾਬਤ ਹੋਇਆ। ਪ੍ਰੋ. ਸਾਹਿਬ ਸਿੰਘ ਦੇ ਇਕੋ ਹੀ ਜੀਵਨ ਦੇ ਕਰਮ ਕਿਸੇ ਲਈ ਚੰਗੇ ਤੇ ਕਿਸੇ ਲਈ ਮਾੜੇ?
ਇਸੇ ਹੀ ਤਰ੍ਹਾਂ ਸ੍ਰ. ਕਰਮ ਸਿੰਘ ਹਿਸਟੋਰੀਅਨ ਦੀ ਕਹਾਣੀ ਸਾਹਮਣੇ ਆਉਂਦੀ ਹੈ। ਜਦੋਂ ਤੱਥਾਂ ਦੇ ਅਧਾਰ ਤੇ ਉਸਨੇ ਇਤਹਾਸ ਲਿਖਣਾ ਸ਼ੁਰੂ ਕੀਤਾ ਤਾਂ ਆਪਣੇ ਬੀ. ਏ ਦੇ ਪੇਪਰ ਵਿਚਕਾਰ ਹੀ ਛੱਡ ਦਿੱਤੇ ਤੇ ਸਿੱਖ ਧਰਮ ਦੇ ਇਤਹਾਸ ਪ੍ਰਤੀ ਇਤਨਾ ਪਿਆਰ ਪੈਦਾ ਹੋ ਗਿਆ ਕਿ ਸਿੱਖ ਰਾਜ ਦੇ ਚਸ਼ਮਦੀਦ ਗਵਾਹਾਂ ਦੇ ਘਰ ਲੱਭ ਲੱਭ ਕੇ ਇਤਹਾਸਕ ਗਵਾਹੀਆਂ ਨੋਟ ਕਰਨ ਲੱਗ ਪਿਆ ਤੇ ਇਸੇ ਮੁਸ਼ਕਲ ਕੰਮ ਕਾਰਨ ਹੀ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਾ। ਆਪਣੇ ਮਾਪਿਆਂ ਲਈ ਮਾੜਾ ਤੇ ਸਿੱਖਾਂ ਲਈ ਵਰਦਾਨ ਸਾਬਤ ਹੋਇਆ। ਹੁਣ ਇਹ ਦੱਸੋ ਕਿ ਸ੍ਰ. ਕਰਮ ਸਿੰਘ ਹਿਸਟੋਰੀਅਨ ਆਪਣੇ ਪਿਛਲੇ ਜਨਮ ਦੇ ਕਿਹੜੇ ਕਰਮਾਂ ਕਰਕੇ ਆਪਣੇ ਮਾਪਿਆਂ ਲਈ ਮਾੜਾ ਅਤੇ ਆਪਣੇ ਆਪ ਲਈ ਵੀ ਮਾੜਾ ਸਾਬਤ ਹੁੰਦਾ ਹੈ ਪਰ ਸਿੱਖਾਂ ਜਾਂ ਸਿੱਖੀ ਸੋਚ ਲਈ ਵਰਦਾਨ ਸਾਬਤ ਹੁੰਦਾ ਹੈ?
ਸਵਾਮੀ ਰਾਮ ਤੀਰਥ ਦੰਡੀ ਵੀ ਹੀ ਇਸੇ ਤਰ੍ਹਾਂ ਦੀ ਇੱਕ ਉਦਾਹਰਣ ਹਨ। ਉਹ ਸਾਰੀ ਉਮਰ ਹਿੰਦੂ ਰਿਹਾ ਤੇ ਆਪਣੇ ਅਖੀਰਲੇ ਸਮੇਂ ਜਦੋਂ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਿਆ ਤਾਂ ਉਹ ਲਿਖਣ ਤੇ ਮਜ਼ਬੂਰ ਹੋ ਗਿਆ ਕਿ ਹੇ ਪਰਮਾਤਮਾ! ਜੇ ਮੈਨੂੰ ਦੂਸਰਾ ਜਨਮ ਮਿਲਿਆ ਤਾਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਹੀ ਭੇਜਣਾ। ਆਪਣੀ ਸਾਰੀ ਆਰਜੂ ਹਿੰਦੂ ਰਹਿ ਕੇ ਗਵਾਈ ਹੈ ਤੇ ਜਿੰਦਗੀ ਦਾ ਮਨੋਰਥ ਕੀ ਹੈ ਇਸਦਾ ਮੈਨੂੰ ਹੁਣ ਹੀ ਪਤਾ ਚੱਲਿਆ ਹੈ। ਇਸ ਕਰਕੇ ਸਰਵੋਤਮ ਗ੍ਰੰਥ ‘ਗੁਰੂ ਗ੍ਰੰਥ’ ਹੀ ਹੈ ਤੇ ਵਿਸ਼ਵ ਨੂੰ ਇਸ ਦੇ ਹੀ ਲੜ ਲੱਗਣਾ ਚਾਹੀਦਾ ਹੈ। ਹੁਣ ਇਹ ਦੱਸੋ ਕਿ ਸਵਾਮੀ ਜੀ ਆਪਣੇ ਪਿਛਲੇ ਜਨਮ ਦੇ ਕਰਮਾਂ ਕਰਕੇ ਇੱਕ ਵਧੀਆ ਹਿੰਦੂ ਸਵਾਮੀ ਬਣੇ ਅਤੇ ਹਿੰਦੂ ਸਮਾਜ ਵਿੱਚ ਪੈਦਾ ਹੋਏ। ਪਰ ਵਧੀਆ ਸਵਾਮੀ ਬਣਨ ਦੇ ਬਾਵਜ਼ੂਦ ਵੀ ਉਹ ਹੋਰ ਕਿਹੜੇ ਕਰਮਾਂ ਕਰਕੇ ਉਨ੍ਹਾਂ ਦੇ ਮਨ ਵਿੱਚ ਸਿੱਖੀ ਧਾਰਨ ਕਰਨ ਦੀ ਅਭਿਲਾਸ਼ਾ ਜਾਗੀ ਅਤੇ ਉਨ੍ਹਾਂ ਇਹ ਕਰਕੇ ਦਿਖਾਇਆ?
ਕਰਮ ਸਿਧਾਂਤ ਮੁਤਾਬਕ ਤਾਂ ਆਪਣੇ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ ਡਾ. ਅੰਬੇਦਕਰ ਸ਼ੂਦਰ ਪੈਦਾ ਹੋਇਆ ਸੀ। ਦੇਖੋ! ਉਸ ਦੀ ਸਾਂਭ-ਸੰਭਾਲ ਕਰਨ ਤੇ ਪੜ੍ਹਾਈ ਕਰਾਉਣ ਵਾਲੇ ਮਿਲ ਗਏ ਤੇ ਉਹ ਇੱਕ ਸਤਿਕਾਰ ਯੋਗ ਹਸਤੀ ਬਣ ਗਿਆ। ਜਿਤਨੀ ਦੇਰ ਤਕ ਹਿੰਦੋਸਤਾਨ ਦਾ ਸਵਿਧਾਨ ਰਹੇਗਾ ਉਤਨੀ ਦੇਰ ਤਕ ਡਾ. ਅੰਬੇਦਕਰ ਦਾ ਨਾਮ ਭਾਰਤ ਤੇ ਇਤਹਾਸ ਵਿੱਚ ਚਮਕੇਗਾ। ਉਸਦੇ ਪਿਛਲੇ ਜਨਮ ਦੇ ਮਾੜੇ ਕਰਮਾਂ ਦੇ ਫਲ ਨੂੰ ਉਸ ਦੀ ਇਸ ਜਨਮ ਦੀ ਪੜ੍ਹਾਈ ਅਤੇ ਯੋਗਤਾ ਨੇ ਬਿਲਕੁਲ ਖਤਮ ਕਰ ਦਿੱਤਾ। ਹੁਣ ਇਹ ਦੱਸੋ ਕਿ ਡਾ. ਅੰਬੇਦਕਰ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਅਸਰ ਦਾਇਕ ਹੋਇਆ ਜਾਂ ਇਸ ਜਨਮ ਦੇ ਕਰਮਾਂ ਦਾ?
ਹੁਣ ਮੈਂ ਆਪਣੀ ਗੱਲ ਕਰਾਂਗਾ। ਬ੍ਰਾਹਮਣ ਦੇ ਕਰਮ-ਸਿਧਾਂਤ ਮੁਤਾਬਕ ਤਾਂ ਮੈਂ ਗਰੀਬ ਪਰੀਵਾਰ ਵਿੱਚ ਇਸ ਕਰਕੇ ਪੈਦਾ ਹੋਇਆ ਕਿ ਮੈਂ ਪਿਛਲੇ ਜਨਮ ਵਿੱਚ ਕੋਈ ਮਾੜੇ ਕੰਮ ਕੀਤੇ ਹੋਣੇ ਐ। ਮੇਰੇ ਭਰਾ ਨੂੰ ਪੜ੍ਹਾਈ ਦੀ ਲਗਨ ਨਹੀਂ ਲੱਗੀ ਤੇ ਉਹ ਕਿਰਸਾਨ ਹੀ ਰਹਿ ਗਿਆਂ ਤੇ ਮੈਂ ਆਪਣੀ ਪੜ੍ਹਾਈ ਕਾਰਨ ਸਾਰੀ ਦੁਨੀਆਂ ਵਿੱਚ ਵਿਚਰਨ ਵਿੱਚ ਸਫਲ ਹੋਇਆ। ਜਰਮਨੀ ਤੋਂ ਨੇਪਾਲ ਕਠਮੰਡੂ ਤਕ ਸੜਕ ਦੇ ਰਸਤੇ ਸਫਰ ਕਰਨ ਵਿੱਚ ਵੀ ਕਾਮਯਾਬ ਹੋਇਆ। ਗੱਡੇ ਤੇ ਬਹਿਣ ਵਾਲਾ ਪੇਂਡੂ ਬੱਚਾ ਹਵਾਈ ਜਾਹਜ਼ ਵਿੱਚ ਚੜ੍ਹਨ ਬਾਰੇ ਸੋਚ ਵੀ ਨਹੀਂ ਸਕਦਾ ਪਰ ਆਪਾਂ ਇਹ ਚਾਅ ਵੀ ਪੂਰਾ ਕਰ ਲਿਆ। ਮਰਸੀਡਜ਼ ਬਿਨਜ਼ ਤੇ ਵੀ ਚੜ੍ਹ ਲਿਆ। ਇੱਕ ਨਹੀਂ ਦੋ ਦੋ ਮਰਸੀਡਜ਼ ਬਿਨਜ਼ ਵੀ ਰੱਖੀਆਂ। ਨੌਕਰ ਇੱਕ ਨਹੀਂ 30 ਵੀ ਰੱਖੇ। ਇਸ ਬੱਚੇ ਨੂੰ ਪਿਛਲੇ ਜਨਮ ਦੇ ਕਰਮਾਂ ਨੇ ਤਾਂ ਗਰੀਬੀ ਹੀ ਬਖਸ਼ੀ ਸੀ। ਫਿਰ ਤਾਂ ਮੇਰੇ ਮੁਕਾਬਲੇ ਵਿੱਚ ਮੇਰੇ ਪਿਛਲੇ ਜਨਮ ਦੇ ਕਰਮ ਕੱਖ ਵੀ ਨਹੀਂ। ਕਿਉਂਕਿ ਮੈਂ ਆਪਣੀ ਜਿੰਦਗੀ ਦੇ ਸਾਰੇ ਚਾਅ ਪੂਰੇ ਕਰ ਲਏ ਹਨ ਤੇ ਮਨ ਵਿੱਚ ਕੋਈ ਐਸੀ ਖੁਆਸ਼ ਨਹੀਂ ਜਿਸਦੀ ਦੀ ਪੂਰਤੀ ਲਈ ਮਨ ਵਿੱਚ ਕਦੇ ਕੋਈ ਖਿਆਲ ਆਇਆ ਹੋਵੇ। ਲਿਖਣ ਨੂੰ ਤਾਂ ਹੋਰ ਬਹੁਤ ਸਾਰੀਆਂ ਉਦਾਹਰਣਾਂ ਲੈ ਕੇ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਪਰ ਨਹੀਂ ਇਤਨਾ ਹੀ ਕਾਫੀ ਹੈ। ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰ … … ਨੂੰ ਡੰਡੇ ਨਾਲ ਸਮਝਾਇਆ ਜਾ ਸਕਦਾ ਹੈ।
ਪਿਆਰੇ ਪਾਠਕੋ! ਫੈਸਲਾ ਤੁਹਾਡੇ ਹੱਥ ਵਿੱਚ ਹੈ। ਮੇਰਾ ਫੈਸਲਾ ਤਾਂ ਇਹੀ ਹੈ ਕਿ ਇਸ ਜਨਮ ਨੂੰ ਸਫਲਾ ਕਰੀਏ। ਜੇ ਹੋ ਸਕੇ ਤਾਂ ਆਪਣੀਆਂ ਪਰੀਵਾਰਕ ਜ਼ੁਮੇਵਾਰੀਆਂ ਨੂੰ ਨਿਭਾਉਂਦੇ ਹੋਏ ਸਮਾਜਕ ਭਲਾਈ ਦਾ ਮਰਨ ਤੋਂ ਪਹਿਲਾਂ ਜ਼ਰੂਰ ਬੀੜਾ ਉਠਾਈਏ। ਜਿਉਂਦੇ ਜੀਅ ਚੰਗਾ ਕੰਮ ਕਰਨਾ ਹੀ ਜੀਵਨ ਦੀ ਸਫਲਤਾ ਹੈ ਨਹੀਂ ਤਾਂ ਗੁਰਬਾਣੀ ਦਾ ਫੁਰਮਾਨ ਹੈ:
ੴ ਸਤਿਗੁਰ ਪ੍ਰਸਾਦਿ॥ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ॥ 1॥ {ਪੰਨਾ 608}
ਆਪਾਂ ਸਾਰੇ ਖਾਕ ਦੀ ਢੇਰੀ ਹੀ ਹਾਂ। ਪਰ ਜੇ ਚੰਗੇ ਕਰਮ ਕਰਕੇ ਜਨਮ ਸਵਾਰ ਲਾਵਾਂਗੇ ਤਾਂ ਠੀਕ ਹੈ ਨਹੀਂ ਤਾਂ ਗੁਰਬਾਣੀ ਦੇ ਫਰਮਾਣ ਮੁਤਾਬਕ ਆਪਾਂ ਰੋਗੀ ਹੀ ਹਾਂ।
ਭੈਰਉ ਮਹਲਾ 5॥ ਜੋ ਜੋ ਦੀਸੈ ਸੋ ਸੋ ਰੋਗੀ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ॥ 1॥ ਰਹਾਉ {ਪੰਨਾ 1140-1141}
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ