ਤਾਰੇ ਟੁੱਟੇ – ਡਾ ਅਮਰਜੀਤ ਟਾਂਡਾ

0
155

ਮਿਲਣ ਜਾਂਦਾ ਹਾਂ ਕਿਸੇ ਨੂੰ ਤਾਰੇ ਟੁੱਟੇ ਦਿਸਦੇ ਹਨ ਰਾਹਵਾਂ ਵਿੱਚ
ਢਹਿ ਰਹੇ ਹਨ ਸਿਰਨਾਵੇਂ ਘਰਾਂ ਦੇ ਦੇਖਦਿਆਂ ਖੜ੍ਹੇ ਭਰਾਵਾਂ ਵਿਚ

ਰੋਟੀ ਕੱਪੜਾ ਕਦ ਮੰਗਿਆ ਸੀ ਮੰਜ਼ਿਲ ਦਾ ਇੱਕ ਚੰਨ ਕਿਹਾ ਸੀ
ਮੈਥੋਂ ਮੇਰਾ ਦਰ ਘਰ ਲੈ ਲੈਂਦੇ ਕੀ ਰੱਖਿਆ ਇਹਨਾਂ ਥਾਵਾਂ ਵਿਚ

ਖੇਡਣ ਲਈ ਇੱਕ ਧਰਤ ਦਾ ਵਿਹੜਾ ਝੂਟਣ ਲਈ ਅਰਸ਼ ਪੰਘੂੜਾ
ਗੀਤ ਲਿਖਣ ਲਈ ਸਫ਼ਾ ਨਦੀ ਦਾ ਸੰਗੀਤ ਪੱਿਤਆਂ ਹਵਾਵਾਂ ਵਿਚ

ਲੈ ਜਾਓ ਮੇਰੇ ਕੋਲੋਂ ਗੁਨਾਹ ਆਪਣੇ, ਫਿਰਦੇ ਜਿੰਨੇ ਖ਼ੁਦਾ ਆਪਣੇ
ਘਰਾਂ ਦਰਾਂ ‘ਤੋਂ ਅੱਗ ਜੇਹੀ ਲੈ ਜਾਓ ਰਹਿਣ ਦਿਓ ਰੰਗ ਛਾਵਾਂ ਵਿਚ

ਅੰਨ੍ਹੀ ਇਹ ਅਦਾਲਤ ਲੈ ਜਾਓ, ਕੁਫ਼ਰ ਲੱਦੀ ਵਕਾਲਤ ਲੈ ਜਾਓ
ਮੇਰੇ ਹਿੱਸੇ ਦਾ ਕਫ਼ਨ ਜੋ ਬਚਿਆ ਛੱਡ ਜਾਇਓ ਗਰਾਵਾਂ ਵਿਚ

ਚੁੱਪ ਤੇਰੀ ਤਸਵੀਰ ਕੀ ਕੰਮ,ਲਿਸ਼ਕਦੀ ਇਹ ਸ਼ਮਸ਼ੀਰ ਕੀ ਕੰਮ
ਗਲੀਆਂ ਚੋਂ ਨਫ਼ਰਤ ਲੈ ਜਾ ਗੱਲਵੱਕੜੀ ਰਹਿਣ ਦੇਈਂ ਬਾਹਵਾਂ ਵਿਚ