ਪੰਥਕ ਵ੍ਰਿਧਿ ਲਈ ਏਕਤਾ ਦੀ ਲੋੜ, ਸੰਭਾਵਨਾ, ਨਿਰਾਸ਼ਤਾ ਤੇ ਯਤਨ

0
49

ਪੰਥ ਦੀ ਅਜੋਕੀ ਸਮਾਜਿਕ, ਰਾਜਨੀਤਕ ਤੇ ਧਾਰਮਿਕ ਦਸ਼ਾ ਅਤੇ ਵਖਰੇਵੇਂ ਭਰਪੂਰ ਵਿਚਾਰਧਾਰਕ ਦਿਸ਼ਾ ਦੇਖ ਕੇ ਹਰੇਕ ਪੰਥ-ਦਰਦੀ ਦਾ ਹਿਰਦਾ ਦੁਖੀ ਹੈ। ਇਨ੍ਹਾਂ ਵਿੱਚੋਂ 50% ਤਾਂ ਐਸੇ ਹਨ, ਜਿਹੜੇ ਸਰਬਪੱਖੀ ਨਿਰਾਸ਼ਤਾ ਲੈ ਕੇ ਚੁੱਪ-ਚਾਪ ਘਰੀਂ ਬੈਠ ਗਏ ਹਨ। 40% ਐਸੇ ਹਨ, ਜਿਹੜੇ ਮੰਨਦੇ ਹਨ ਕਿ ਏਕਤਾ ਨਾਲ ਪੰਥਕ ਦਸ਼ਾ ਸੁਧਾਰੀ ਜਾ ਸਕਦੀ ਹੈ। ਪਰ, ਅਜੋਕੇ ਹਲਾਤਾਂ ਵਿੱਚ ਅਜਿਹਾ ਹੋ ਸਕਣਾ ਅਸੰਭਵ ਹੈ। ਪਰ, ਸ਼ੁਕਰ ਹੈ ਉਹ ਕਿਸੇ ਦੇ ਕਹਿਣ ਕਹਾਉਣ `ਤੇ ਆਪਣਾ ਥੋੜਾ ਬਹੁਤ ਯੋਗਦਾਨ ਪਾਉਣ ਲਈ ਬੱਧੋ-ਰੁਧੀ ਤਿਆਰ ਹੋ ਜਾਂਦੇ ਹਨ।

5% ਆਸ਼ਾਵਾਦੀ ਸੱਜਣ ਐਸੇ ਵੀ ਹਨ, ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਪੰਥਕ ਏਕਤਾ ਵਲ ਵਧਣ ਲਈ ਯਤਨਸ਼ੀਲ ਰਹਿੰਦੇ ਹਨ। ਪ੍ਰੰਤੂ, ਇਨ੍ਹਾਂ ਦੇ ਬਰਾਬਰ ਸ਼ਖ਼ਸੀ ਧੜੇਬੰਦੀ ਦਾ ਸ਼ਿਕਾਰ ਹੋਏ 5% ਲੋਕ ਐਸੇ ਵੀ ਬੈਠੇ ਹਨ, ਜਿਹੜੇ ਅਜਿਹੇ ਸੁਹਿਰਦ ਉਪਰਾਲਿਆਂ ਨੂੰ ਤਾਰਪੀਡੋ ਕਰਨ ਲਈ ਸਦਾ ਤਤਪਰ ਰਹਿੰਦੇ ਹਨ। ਐਸਾ ਵੀ ਨਹੀਂ ਕਿ ਉਹ ਵੀਰ ਪੰਥਕ ਏਕਤਾ ਨਹੀਂ ਚਹੁੰਦੇ। ਚਹੁੰਦੇ ਹਨ, ਪਰ ਜੇਕਰ ਉਨ੍ਹਾਂ ਦੇ ਮਨ ਪਸੰਦ ਵਿਅਕਤੀ ਨੂੰ ਪੰਥਕ ਆਗੂ ਮੰਨ ਲਿਆ ਜਾਏ। ਭਾਵੇਂ ਕਿ ਉਹ ਪੰਥ ਪ੍ਰਵਾਣਿਤ ਪੰਚ-ਪ੍ਰਧਾਨੀ ਪ੍ਰਨਾਲੀ ਦੀ ਥਾਂ ਡਿਕਟੇਟਰ ਬਣ ਕੇ ਅਗਵਾਈ ਕਰਨੀ ਚਹੁੰਦਾ ਹੋਵੇ।

ਇਸ ਵੇਲੇ ਪੰਥ ਨੂੰ ਧਾਰਮਿਕ, ਰਾਜਨੀਤਕ ਤੇ ਸਮਾਜਿਕ ਦ੍ਰਿਸ਼ਟੀਕੋਨ ਤੋਂ ਵਖਰੇ ਵਖਰੇ ਤਿੰਨ ਤਿੰਨ ਮੁਖ ਧੜਿਆਂ ਵਿੱਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ। ਧਾਰਮਿਕ ਦ੍ਰਿਸ਼ਟੀਕੋਨ ਤੋਂ ਇੱਕ ਉਹ ਹਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਇਲਾਵਾ, ਪੰਥਕ ਖੇਤਰ ਵਿੱਚ ਘੁਸਪੈਟੀਏ ਵਾਂਗ ਪੰਥ ਦਾ ਅੰਗ ਬਣ ਚੁੱਕੀ ਕਿਸੇ ਹੋਰ ਪੁਸਤਕ (ਬਚਿਤ੍ਰ ਨਾਟਕ ਤੇ ਸਰਬਲੋਹ ਗ੍ਰੰਥ ਆਦਿ) ਦੀ ਰਚਨਾ ਨੂੰ ਗੁਰਬਾਣੀ ਦਾ ਦਰਜ਼ਾ ਦੇਣ ਲਈ ਬਿਲਕੁਲ ਹੀ ਤਿਆਰ ਨਹੀਂ ਹਨ। ਇਹ ਸੱਜਣ ਆਪਣੇ ਆਪ ਨੂੰ ਪੰਥ ਦੀ ਜਾਗਰੂਕ ਧਿਰ ਅਖਵਾਉਂਦੇ ਹਨ। ਪਰ, ਦੁੱਖ ਦੀ ਗੱਲ ਹੈ ਕਿ ਵਿਦਵਤਾ ਦੀ ਹਉਮੈਂ ਨੇ ਇਨ੍ਹਾਂ ਅੰਦਰੋਂ ਇੱਕ ਦੂਜੇ ਨਾਲ ਸਤਿਕਾਰ ਸਹਿਤ ਮਿਲ ਕੇ ਚੱਲਣ ਦੀ ਸੰਭਾਵਨਾ ਨੂੰ ਹੀ ਖ਼ਤਮ ਕਰ ਦਿੱਤਾ ਹੈ ਅਤੇ ਉਹ ਕੋਈ ਉਸਾਰੂ ਕੰਮ ਕਰਨ ਦੀ ਥਾਂ ਰੁੱਖੇਪਣ ਕਾਰਨ ਆਪਸ ਵਿੱਚ ਉਲਝ ਕੇ ਸਮਾਂ ਤੇ ਸ਼ਕਤੀ ਬਰਬਾਦ ਕਰੀ ਜਾ ਰਹੇ ਹਨ।

ਇਸ ਦੇ ਉੱਲਟ ਦੂਜਾ ਗਰੁਪ ਉਹ ਹੈ, ਜਿਹੜਾ ਡੇਰੇਦਾਰੀ ਤੇ ਸੰਪਰਦਾਇਕਤਾ ਦੇ ਪ੍ਰਭਾਵ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਰਾਜ ਨੂੰ ਗੁਰੂ ਮੰਨਦਾ ਹੋਇਆ ਪੰਥਕ ਖੇਤਰ ਵਿੱਚ ਘੁਸਪੈਟ ਕਰ ਚੁੱਕੀਆਂ ਤਾਂਤ੍ਰਿਕੀ ਤੇ ਬ੍ਰਾਹਮਣ-ਮੱਤੀ ਰਚਨਾਵਾਂ ਨੂੰ ਪੂਰਨ ਤੌਰ `ਤੇ ਗੁਰਬਾਣੀ ਦਾ ਦਰਜ਼ਾ ਦੇ ਕੇ ਚੱਲਣ ਲਈ ਬਜ਼ਿਦ ਹੈ। ਭਾਵੇਂ ਕਿ ਇਸ ਗਰੁਪ ਦੇ ਮੁਖੀਏ ਮੰਨਦੇ ਹਨ ਕਿ ਬਚਿਤ੍ਰ ਨਾਟਕ ਤੇ ਸਰਬਲੋਹ ਆਦਿਕ ਪੁਸਤਕਾਂ ਵਿੱਚ ਬਹੁਤ ਸਾਰੀ ਸਮਗਰੀ ਬਿਪਰਵਾਦੀ ਗ੍ਰੰਥਾਂ ਦਾ ਤਰਜ਼ਮਾ ਹੈ ਅਤੇ ਉਹਦਾ ਗੁਰਮਤਿ ਨਾਲ ਮੇਲ ਵੀ ਨਹੀਂ ਬਣਦਾ। ਪਰ, ਗੱਦੀਦਾਰ ਡੇਰਦਾਰਾਂ ਨੂੰ ਇਹ ਡਰ ਖਾ ਰਿਹਾ ਹੈ ਕਿ ਜੇਕਰ ਅਸੀਂ ਪ੍ਰਵਾਨ ਕਰ ਲਿਆ ਕਿ ਇਹ ਗੁਰਬਾਣੀ ਨਹੀਂ ਤਾਂ ਸਾਡੇ ਡੇਰਿਆਂ ਜਾਂ ਸੰਪਰਦਾਵਾਂ ਦੇ ਮੋਢੀ ਵਿਦਵਾਨ, ਜਿਨ੍ਹਾਂ ਨੂੰ ਅਸੀਂ ਹੁਣ ਤੱਕ ਸੰਤ ਮਹਾਂਪੁਰਖ ਤੇ ਬ੍ਰਹਮਗਿਆਨੀ ਬਣਾ ਕੇ ਪੇਸ਼ ਕਰਦੇ ਆ ਰਹੇ ਹਾਂ, ਉਹ ਝੂਠੇ ਪੈ ਜਾਣਗੇ ਅਤੇ ਸਾਡੀ ਪੂਜਾ ਪਰਿਸ਼ਠਤਾ ਘਟ ਜਾਏਗੀ।

ਇਸ ਲਈ ਉਹ ਸਾਂਝੇ ਸਿੱਖ ਮਸਲਿਆਂ ਨੂੰ ਵਿਚਾਰ ਪੂਰਵਕ ਹੱਲ ਕਰਨ ਦੀ ਥਾਂ, ਗਾਲ਼ੀ ਗਲ਼ੋਚ ਤੇ ਤਲਵਾਰ ਨਾਲ ਡਰਾਉਣ ਧਮਕਾਉਣ ਦਾ ਰਾਹ ਅਖਤਿਆਰ ਕਰੀ ਬੈਠੇ ਹਨ। ਪਰ, ਇਹ ਕੋਈ ਸਿਆਣਪ ਨਹੀਂ। ਕਿਉਂਕਿ, ਸਿਆਣਾ ਮਨੁਖ ਉਹੀ ਮੰਨਿਆ ਜਾਂਦਾ ਹੈ ਜਿਹੜਾ ਗ਼ਲ਼ਤੀ ਦਾ ਬੋਧ ਹੋਣ `ਤੇ ਸੁਧਾਰ ਲੈਂਦਾ ਹੈ। ਹਾਂ! ਇਸ ਗਰੁਪ ਦੀ ਵਿਸ਼ੇਸ਼ ਸਿਫ਼ਤ ਇਹ ਹੈ ਕਿ ਸੰਪਰਦਾਈ ਮਰਯਾਦਾ ਦੀ ਭਿੰਨਤਾ ਹੋਣ ਦੇ ਬਾਵਜੂਦ ਵੀ ਇੱਕ-ਜੁੱਟ ਹਨ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਨ। ਬਾਣੀ ਤੇ ਬਾਣੇ ਦੇ ਬਾਹਰੀ ਪ੍ਰਭਾਵ ਅਧੀਨ ਉਹ ਜਨ-ਸਧਾਰਨ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਿੱਚ ਵੀ, ਤੱਤ ਗੁਰਮਤਿ ਦੇ ਪ੍ਰਚਾਰਕ ਅਖਵਾਉਣ ਵਾਲੇ ਸੱਜਣਾਂ ਨਾਲੋਂ ਵਧੇਰੇ ਸਫਲ ਸਿੱਧ ਹੋ ਰਹੇ ਹਨ। ਭਾਵੇਂ ਕਿ ਬ੍ਰਹਮਚਾਰੀ ਬਣੀ ਬੈਠੇ ਕੁੱਝ ਡੇਰਦਾਰਾਂ ਦੀਆਂ ਦੁਰਚਾਰੀ ਕਰਤੂਤਾਂ ਵੀ ਮੀਡੀਏ ਰਾਹੀਂ ਲੋਕਾਂ ਵਿੱਚ ਨਸ਼ਰ ਹੋ ਰਹੀਆਂ ਹਨ।

ਤੀਜਾ ਵੱਡਾ ਗਰੁਪ ਉਹ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਪੋਥੀ, ਗ੍ਰੰਥ ਅਤੇ ਵਿਅਕਤੀ ਨੂੰ ਗੁਰਬਾਣੀ ਜਾਂ ਗੁਰੂ ਦਾ ਦਰਜ਼ਾ ਤਾਂ ਨਹੀਂ ਦਿੰਦਾ। ਪਰ, ਸਿੱਖ ਰਹਿਤ ਮਰਯਾਦਾ ਰਾਹੀਂ ਗੁਰਸਿੱਖਾਂ ਦੇ ਨਿਤਨੇਮ ਦਾ ਅੰਗ ਬਣ ਚੁੱਕੀਆਂ ਰਚਨਾਵਾਂ ਨੂੰ ਪੰਥ ਪ੍ਰਵਾਣਿਤ ਬਾਣੀਆਂ ਮੰਨ ਕੇ ਆਦਰ ਦਿੰਦਾ ਹੈ। ਰਾਜਨੀਤਕ ਅਤੇ ਧਾਰਮਿਕ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਵਿਦਿਅਕ ਅਦਾਰੇ ਪੰਥ ਦੀ ਇਸ ਮੁਖ-ਧਾਰਾ ਦੇ ਅੰਤਰਗਤਿ ਚੱਲਣ ਵਿੱਚ ਹੀ ਆਪਣਾ ਭਲਾ ਸਮਝਦੇ ਹਨ। ਕਿਉਂਕਿ, ਉਨ੍ਹਾਂ ਨੇ ਸਾਰਿਆਂ ਦਾ ਸਹਿਯੋਗ ਲੈ ਕੇ ਚੱਲਣਾ ਹੁੰਦਾ ਹੈ ਅਤੇ ਅਜਿਹਾ ਵਰਤਾਰਾ ਵਧੇਰੇ ਹਾਨੀਕਾਰਕ ਵੀ ਨਹੀਂ। ਭਾਵੇਂ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਤੋਂ ਬਾਹਰਲੀਆਂ ਰਚਨਾਵਾਂ ਨੂੰ ਸਿੱਖ ਰਹਿਤ ਮਰਯਾਦਾ ਵਿੱਚ ਪ੍ਰਵਾਨਗੀ ਮਿਲਣ ਕਰਕੇ ਹੀ ਉਨ੍ਹਾਂ ਦੇ ਸ੍ਰੋਤਕ-ਗ੍ਰੰਥਾਂ ਦੀ ਪੰਥਕ ਮਾਨਤਾ ਬਣੀ ਹੋਈ ਹੈ।

ਦਾਸ ਸੰਨ 2007 ਤੋਂ, ਵਧੇਰੇ ਸਮਾਂ ਪੰਜਾਬ ਦੇ ਪਿੰਡਾਂ ਵਿੱਚ ਗੁਜ਼ਾਰ ਰਿਹਾ ਹੈ। ਕਿਉਂਕਿ, ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਸਮਾਗਮਾਂ ਦੇ ਚਾਅ ਵਿੱਚ ਲਗਾਤਾਰ ਮਾਝੇ ਦੇ ਪਿੰਡਾਂ ਵਿੱਚ ਪਚਾਰ ਕੀਤਾ। ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਿਆਂ ਚੋਂ ਕਬਰਾਂ ਤੇ ਸਮਾਧਾਂ ਢਾਹੀਆਂ। ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਨੇ ‘ਗੁਰੂ ਗ੍ਰੰਥ ਤੇ ਪੰਥ ਪ੍ਰਸਤੀ ਸਨਮਾਨ’ ਬਖ਼ਸ਼ਿਸ਼ ਕੀਤਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਪਾਠ, ਸ਼ਬਦਾਰਥ ਤੇ ਸਿਧਾਂਤਕ ਵਿਆਖਿਆ ਦਾ ਪ੍ਰੋਜੈਕਟ ਬਖ਼ਸ਼ ਦਿੱਤਾ, ਜਿਸ ਨੂੰ ਵਿਦਵਾਨਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਪਰ, ਇਸ ਦੇ ਨਾਲ ਪ੍ਰਚਾਰ ਸਰਗਰਮੀਆਂ ਤੇ ਹੋਰ ਕੌਮੀ ਕਾਰਜਾਂ ਵਿੱਚ ਵੀ ਯੋਗਦਾਨ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜਿਵੇਂ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਉਪਰਾਲਾ ਅਤੇ ਭਿੰਡਰ ਕਲਾਂ ਦੀ ਤਾਂਤਰਿਕ ਨੂੰ ਸਜ਼ਾ ਦਵਾਉਣ ਦਾ ਯਤਨ ਆਦਿ।

ਇਸ ਸਮੇਂ ਦਰਮਿਆਨ ਪੰਥਕ ਏਕਤਾ ਲਈ ਯਤਨ ਕਰਦਿਆਂ ਵੱਖ ਵੱਖ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਅਤੇ ਸੰਪਰਦਾਈ ਆਗੂਆਂ ਨੂੰ ਮਿਲਿਆ ਹਾਂ। ਖੁਸ਼ੀ ਦੀ ਗੱਲ ਹੈ ਕਿ ਟਕਸਾਲ ਭਿੰਡਰਾਂ (ਡੇਰਾ ਮਹਿਤਾ) ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਅਤੇ ਡੇਰਦਾਰ ਸਰਬਜੋਤ ਸਿੰਘ ਬੇਦੀ ਨੂੰ ਛੱਡ ਕੇ ਬਾਕੀ ਸਾਰੇ ਰਾਜਨੀਤਕ ਤੇ ਧਾਰਮਿਕ ਆਗੂ ਅਤੇ ਡੇਰੇਦਾਰ ਆਦਰ ਸਹਿਤ ਮਿਲੇ ਅਤੇ ਉਨ੍ਹਾਂ ਨੇ ਪੰਥਕ ਏਕਤਾ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੀ ਕੌਮੀ ਕਾਰਜਾਂ ਦੀ ਸਫਲਤਾ ਲਈ ਸਹਿਯੋਗ ਬਖਸ਼ਦੀ ਰਹੀ। ਹਾਂ! ਇਹ ਇੱਕ ਵਖਰੀ ਗੱਲ ਹੈ ਕਿ ਰਾਜਨੀਤਕ ਆਗੂਆਂ ਦੀ ਬਦਨੀਤੀ ਕਾਰਨ ਪੰਥਕ ਏਕਤਾ ਦਾ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ। ਪਰ, ਇਸ ਦਾ ਇਹ ਅਰਥ ਨਹੀਂ ਕਿ ਅਸੀਂ ਏਕਤਾ ਦੀ ਆਸ ਛਡ ਦਈਏ ਅਤੇ ਮੁੜ ਹੰਭਲਾ ਨਾ ਮਾਰੀਏ। ਇਹ ਕੰਮ ਔਖਾ ਜ਼ਰੂਰ ਹੈ, ਪਰ ਐਸਾ ਨਹੀਂ ਕਿ ਹੋ ਹੀ ਨਹੀਂ ਸਕਦਾ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਸਿੱਖ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ। ਗੁਰਵਾਕ ਹੈ:

ਨਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ॥ {ਅੰਗ 340}

ਦਾਸ ਇਨ੍ਹਾਂ ਪੰਜ ਕੁ ਸਾਲਾਂ ਦੇ ਸਘੰਰਸ਼ ਤੇ ਮੇਲ-ਜੋਲ ਉਪਰੰਤ ਇਸ ਨਤੀਜੇ `ਤੇ ਪਹੁੰਚਿਆ ਹੈ ਕਿ ਜੇ ਸਾਰੀਆਂ ਧਿਰਾਂ ਇੱਕ ਦੂਜੇ ਦੇ ਸਹੀ ਕੰਮਾਂ ਨੂੰ ਈਮਾਨਦਾਰੀ ਨਾਲ ਸਲਾਹੁਣ ਅਤੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਆਪਣੇ ਸਾਹਿਤਕ ਤੇ ਕੌਮੀ ਕਾਰਜਾਂ ਦੀ ਪੜਚੋਲ ਕਰਨ ਤਾਂ ਕੋਈ ਕਾਰਨ ਨਹੀਂ ਕਿ ਉਹ ਗੁਰਭਾਈ ਬਣ ਕੇ ਇੱਕ ਦੂਜੇ ਨਾਲ ਗਲਵਕੜੀਆਂ ਪਾ ਕੇ ਨਾ ਮਿਲ ਬੈਠਣ। ਕਿਉਂਕਿ, ਇੱਕ-ਦੂਜੇ ਨੂੰ ਦੁਸ਼ਮਣਾਂ ਵਾਗ ਵੇਖਣ ਵਾਲੇ ਸਾਰੇ ਧੜਿਆਂ ਅੰਦਰ ਐਸਾ ਕੋਈ ਵੀ ਨਹੀਂ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋਵੇ। ਸਾਰੇ ਅਰਦਾਸ ਵੀ ਇਹੀ ਕਰਦੇ ਹਨ ‘ਸਰਬਤ ਖ਼ਾਲਸਾ ਜੀ ਕੋ ਵਾਹਿਗੁਰੂ ਚਿੱਤ ਆਵੇ ……। ਸੰਪਰਦਾਈ ਇਹ ਨਹੀਂ ਆਖਦੇ ਕਿ ਮਿਸ਼ਨਰੀਆਂ ਨੂੰ ਚਿੱਤ ਨਾ ਆਵੇ ਅਤੇ ਮਿਸ਼ਨਰੀ ਇਹ ਨਹੀਂ ਆਖਦੇ ਕਿ ਸੰਪਰਦਾਈਆਂ ਨੂੰ ਚਿੱਤ ਨਾ ਆਵੇ। ‘ਪੰਥ ਕੀ ਜੀਤ’ ਹੀ ਮੰਗਦੇ ਹਨ, ਕੇਵਲ ਆਪਣੀ ਜਥੇਬੰਦੀ ਦੀ ਹੀ ਨਹੀਂ। ਹਕੀਕਤ ਤਾਂ ਇਹ ਹੈ ਕਿ ਹਰੇਕ ਸਿੱਖ ਮਿਸ਼ਨਰੀ (ਪ੍ਰਚਾਰਕ) ਹੈ। ਕਿਉਂਕਿ, ਸਿੱਖ ਧਰਮ ਪ੍ਰਚਾਰਕ ਧਰਮ ਹੈ।

ਇਹ ਠੀਕ ਹੈ ਕਿ ਅਜੋਕੇ ਦੌਰ ਵਿੱਚ ਸਿੱਖ ਮਿਸ਼ਨਰੀ ਕਾਲਜਾਂ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨਾਲ ਸਬੰਧਤ ਵਿਦਵਾਨਾਂ ਤੇ ਪ੍ਰਚਾਰਕਾਂ ਨੇ ਗੁਰਮਤਿ ਸਿਧਾਂਤਾਂ ਨੂੰ ਨਿਖਾਰਨ ਤੇ ਗੁਰਇਤਿਹਾਸ ਨੂੰ ਗੁਰਮਤ ਦਿਸ਼੍ਰਟੀਕੋਨ ਤੋਂ ਪ੍ਰਚਾਰਨ ਲਈ ਬੜਾ ਵੱਡਾ ਹੰਭਲਾ ਮਾਰਿਆ ਹੈ। ਸਿੱਖ ਭਾਈਚਾਰੇ ਵਿੱਚ ਬੜੀ ਜਾਗਰੂਕਤਾ ਆਈ ਹੈ, ਜਿਸ ਵਿੱਚ ਕੁੱਝ ਅਖ਼ਬਾਰਾਂ, ਰਸਾਲਿਆਂ ਤੇ ਵੈਬਸਾਈਟਾਂ ਦਾ ਯੋਗਦਾਨ ਵੀ ਸਲਾਹੁਣ ਯੋਗ ਹੈ। ਪਰ, ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 1984 ਤੋਂ ਪਹਿਲਾਂ ਤੱਕ ਪੰਜਾਬ ਵਿੱਚ ਜਿਤਨੀ ਸਿੱਖੀ ਸੀ, ਜਿਤਨਾ ਪੰਥਕ ਜਜ਼ਬਾ ਸੀ, ਉਹ ਹੁਣ ਨਹੀਂ। ਸਿੱਖੀ ਦੇ ਉਸ ਪ੍ਰਚਾਰ ਤੇ ਪ੍ਰਸਾਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਿੱਖ ਸੰਪਰਦਾਵਾਂ ਦੇ ਮੁਖੀ ਬਜ਼ੁਰਗਾਂ ਦੀ ਸੱਚੀ-ਸੁੱਚੀ ਕਰਣੀ ਅਤੇ ਗੁਰੂ ਤੇ ਪੰਥ ਤੋਂ ਮਰ ਮਿਟਣ ਵਾਲੀ ਭਾਵਨਾ ਦਾ। ਭਿੰਡਰਾਂ ਵਾਲੀ ਟਕਸਾਲ ਇਸ ਪੱਖੋਂ ਸਭ ਤੋਂ ਮੂਹਰੇ ਸੀ। ਭਾਵੇਂ ਕਿ ਅਜਿਹੀਆਂ ਸੰਪਰਦਾਵਾਂ ਵੱਲੋਂ ਪ੍ਰਕਾਸ਼ਤ ਹੋਣ ਵਾਲਾ ਸਾਹਿਤ ਅਤੇ ਪ੍ਰਚਾਰ, ਬਿਪਰਵਾਦੀ ਰੰਗ ਵਿੱਚ ਰੰਗਿਆ ਹੋਇਆ ਸੀ। ਅਮੀਰ ਪ੍ਰਵਾਰਾਂ ਵਿੱਚ ਸਿੱਖੀ ਦਾ ਰੰਗ ਲਾਉਣ ਵਾਲੇ ਸਨ ਸੰਪਰਦਾਈ ਪ੍ਰਭਾਵ ਵਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਤੇ ਪੜ੍ਹੇ ਲਿਖੇ ਤੇ ਮੁਲਾਜ਼ਮ ਤਬਕੇ ਅੰਦਰ ਪੰਥਕ ਜਜ਼ਬਾ ਭਰਨ ਵਾਲੇ ਗੁਰਮੁਖ ਪਿਆਰੇ ਸਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਭਾਵੇਂ ਕਿ ਉਨ੍ਹਾਂ ਦਾ ਸੁੱਚ-ਭਿੱਟ ਤੇ ਛੂਤ-ਛਾਤ ਵਾਲਾ ਵਰਤਾਰਾ ਗੁਰਮਤਿ ਨਾਲ ਮੇਲ ਖਾਂਦਾ ਨਹੀਂ ਜਾਪਦਾ।

ਪਰ, ਫਿਰ ਵੀ ਮੇਰਾ ਨਿਸ਼ਚਾ ਹੈ ਕਿ ਸਾਡੇ ਉਹ ਵਿਦਵਾਨ ਬਜ਼ੁਰਗ ਇਸ ਪੱਖੋਂ ਕਸੂਰਵਾਰ ਨਹੀਂ ਸਨ। ਕਿਉਂਕਿ, ਉਨ੍ਹਾਂ ਨੂੰ ਪੜ੍ਹਾਉਣ ਵਾਲੇ ਵਿਦਵਾਨ ਬਿਪਰਵਾਦੀ ਸੰਚੇ ਵਿੱਚ ਢਲੇ ਨਿਰਮਲੇ ਤੇ ਉਦਾਸੀ ਸਾਧੂ ਸਨ। ਬਚਿਤ੍ਰ ਨਾਟਕ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰਬਿਲਾਸ, ਹਨੂਮਾਨ ਨਾਟਕ, ਪ੍ਰਬੋਧ ਚੰਦਰ ਨਾਟਕ, ਸਰਬਲੋਹ ਗ੍ਰੰਥ, ਵਿਚਾਰ ਸਾਗਰ, ਵੈਰਾਗਸ਼ਤਕ, ਨੀਤੀਸ਼ਤਕ, ਚਾਣਕੀਆ ਨੀਤੀ, ਸਾਰਕੁਤਾਵਲੀ ਤੇ ਭਾਵਰਸਿਮ੍ਰਤੀ ਆਦਿਕ ਪੜ੍ਹੇ ਪੜ੍ਹਾਏ ਜਾਣ ਵਾਲੀਆਂ ਸਾਰੀਆਂ ਪੁਸਤਕਾਂ ਵੇਦਾਂਤ ਅਤੇ ਪੁਰਾਣਾ `ਤੇ ਅਧਾਰਿਤ ਸਨ। ਸਿੱਖ ਸੰਪਰਦਾਵਾਂ ਦੇ ਮੋਢੀ ਵਿਦਵਾਨ ਪੰਥ ਨੂੰ ਸਮਰਪਤ ਤੇ ਬੜੇ ਨੇਕ ਇਨਸਾਨ ਸਨ। ਸਾਡੇ ਉਹ ਮਹਾਨ ਬਜ਼ੁਰਗ ਆਪਣੇ ਵੱਲੋਂ ਨੇਕ ਨੀਤੀ ਨਾਲ ਗੁਰਮਤਿ ਹੀ ਪ੍ਰਚਾਰਦੇ ਸਨ। ਉਨ੍ਹਾਂ ਭੋਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਨਿਰਮਲੇ ਤੇ ਉਦਾਸੀ ਸਾਧੂਆਂ ਦੇ ਰੂਪ ਵਿੱਚ ਵਿੱਦਿਅਕ ਪੱਖੋਂ ਅਸੀਂ ਚਲਾਕ ਬ੍ਰਾਹਮਣਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਚੁੱਕੇ ਹਾਂ ਤੇ ਆਪਣੀ ਕੌਮ ਨੂੰ ਵਿਚਾਰਧਾਰਕ ਪੱਖੋਂ ਬਿਪਰਵਾਦ ਦੇ ਖਾਰੇ ਸਮੁੰਦਰ ਵਲ ਧੱਕੀ ਜਾ ਰਹੇ ਹਾਂ।

ਪਰ, ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜੋਕੇ ਦੌਰ ਦੇ ਸੰਪਰਦਾਈ ਵਿਦਵਾਨ ਆਪਣੇ ਸੰਪਰਦਾਈ ਗ੍ਰੰਥਾਂ ਨੂੰ ਤਾਂ ਭਾਵੇਂ ਚੁੱਪ-ਚਪੀਤੇ ਥੋੜਾ ਥੋੜਾ ਬਦਲੀ ਜਾ ਰਹੇ ਹਨ। ਪਰ, ਪ੍ਰਚਾਰਕ ਵੀਰ ਸਟੇਜਾਂ ਤੋਂ ਜਾਣ-ਬੁੱਝ ਕੇ ਤੇ ਜ਼ਿਦ ਨਾਲ ਓਹੀ ਬਿਪਰਵਾਦੀ ਗੱਲਾਂ ਤੇ ਗਪੌੜੇ ਪ੍ਰਚਾਰੀ ਜਾ ਰਹੇ ਹਨ। ਭਾਵੇਂ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਸਾਹਿਬ ਸਿੰਘ ਜੀ ਰਚਿਤ ਗੁਰਬਾਣੀ ਸਟੀਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਚੋਰੀਂ-ਛੁਪੇ ਸਾਰੇ ਹੀ ਪੜ੍ਹਦੇ ਹਨ। ਕਿਉਂਕਿ, ਅਜੋਕੇ ਦੌਰ ਵਿੱਚ ਉਸ ਤੋਂ ਬਿਨਾਂ ਕਿਸੇ ਵੱਲੋਂ ਵੀ ਸਟੇਜ `ਤੇ ਗੁਰਬਾਣੀ ਵਿਚਾਰ ਪੇਸ਼ ਕਰ ਸਕਣਾ ਅਸੰਭਵ ਹੈ। ਭਿੰਡਰਾਂ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਰਚਿਤ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਪੜ੍ਹਣ ਵਾਲਾ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਗੁਰਬਾਣੀ ਉਚਾਰਨ ਵੇਲੇ ਲੋੜੀਂਦੀਆਂ ਥਾਵਾਂ `ਤੇ ਬਿੰਦੀ, ਟਿੱਪੀ ਜਾਂ ਅਧਕ ਦਾ ਉਚਾਰਨ ਨਹੀਂ ਕਰਨਾ।

ਮੇਰੇ ਦਾਦਾ ਜੀ ਅਕਾਲੀ ਸੁੰਦਰ ਸਿੰਘ (ਪਿੰਡ ਚੰਬਾ ਕਲਾਂ, ਤਰਨਤਾਰਨ) ਦੇ ਭਰਾ ਭਾਈ ਇੰਦਰ ਸਿੰਘ ‘ਰਗੜਾ’, ਜਥੇਦਾਰ ਬਾਬਾ ਚੇਤ ਸਿੰਘ ਵੇਲੇ ਨਿਹੰਗ ਜਥਾ ‘ਬੁੱਢਾ ਦਲ’ ਦੇ ਚੱਕ੍ਰਵਤੀ ਮੁਖ ਪ੍ਰਚਾਰਕ ਸਨ। ਉਨ੍ਹਾਂ ਨੇ ਮੇਰੇ ਪਿਤਾ ਜੀ ਪ੍ਰੀਤਮ ਸਿੰਘ ਤੇ ਚਾਚਾ ਜੀ ਬਿਨੋਦ ਸਿੰਘ ਨੂੰ ਆਪਣੇ ਨਾਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਬਚਿਤ੍ਰ ਨਾਟਕ (ਦਸਮ ਗ੍ਰੰਥ) ਤੇ ਪੰਥ ਪ੍ਰਕਾਸ਼ ਪੜ੍ਹਾਇਆ ਅਤੇ ਸ਼ਸ਼ਤਰ ਵਿਦਿਆ ਵੀ ਸਖਾਈ। ਪਿਤਾ ਜੀ ਤੋਂ ਦਾਸ ਨੂੰ ਇਹ ਸਭ ਕੁੱਝ ਵਿਰਸੇ ਵਿੱਚ ਮਿਲਿਆ। ਭਾਵੇਂ ਕਿ ਉਹ ਜ਼ਿੰਮੀਦਾਰਾ ਕਰਦੇ ਸਨ। ਪਰ, ਸੰਨ 1974 ਵਿੱਚ ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਿੱਚ ਦਾਖਲ ਹੋਇਆ; ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ਵਿਚਾਰਧਾਰਕ ਵਾਰਸ ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਭਾਈ ਸਾਹਿਬ) ਹੁਰਾਂ ਤੋਂ ਗੁਰਬਾਣੀ ਤੇ ਗੁਰਮਤਿ ਫ਼ਿਲਾਸਫ਼ੀ ਪੜ੍ਹੀ। ਥੋੜੇ ਹੀ ਸਮੇਂ ਵਿੱਚ ਅੱਖਾਂ ਤੋਂ ਭਰਮ ਦੇ ਛੌੜ ਕੱਟੇ ਗਏ ਅਤੇ ਪਤਾ ਚੱਲਿਆ ਕਿ ਅਸੀਂ ਕਿਵੇਂ ਤੇ ਕਿਧਰ ਨੂੰ ਰੁੜ੍ਹੀ ਜਾ ਰਹੇ ਹਾਂ। ਪਿਤਾ ਜੀ ਨਾਲ ਵੀ ਕਈ ਵਾਰ ਅਦਬ ਸਹਿਤ ਵਿਚਾਰਧਾਰਕ ਤਕਰਾਰ ਵੀ ਹੋਇਆ। ਪਰ, ਆਖ਼ਰ ਉਹ ਮੰਨੇ ਤੇ ਆਖਿਆ “ਅਸਲੀਅਤ ਦਾ ਬੋਧ ਹੋ ਜਾਣ `ਤੇ ਮਨੁਖ ਨੂੰ ਆਪਣੀ ਗ਼ਲਤੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਇਸ ਵਿੱਚ ਹੀ ਆਪਣਾ ਤੇ ਕੌਮੀ ਭਲਾ ਹੈ। ਬੁੱਢੇ ਤੇ ਵੱਡੇ ਹੋਣ ਦੀ ਆਕੜ ਨਹੀਂ ਕਰਨੀ ਚਾਹੀਦੀ। ਬਜ਼ੁਰਗੀ ਦਾ ਸਬੰਧ ਅਕਲ ਨਾਲ ਹੈ, ਉਮਰ ਨਾਲ ਨਹੀਂ। ਗੁਰਬਾਣੀ ਦੇ ਉਚਾਰਨ ਤੇ ਗੁਰਮਤਿ ਦਰਸ਼ਨ ਪੱਖੋਂ ਪ੍ਰੋ. ਸਾਹਿਬ ਸਿੰਘ ਦੀ ਵਿਚਾਰਧਾਰਾ ਵਧੇਰੇ ਸਹੀ ਜਾਪਦੀ ਹੈ”।

ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ “ਸਿੱਖ ਧਰਮ ਸੰਪਰਦਾਇਕ ਨਹੀਂ ਹੈ।” ਜੇ ਸੰਪਰਦਾਇਕ ਨਹੀਂ ਤਾਂ ਸਿੱਖੀ ਵਿੱਚ ਸੰਪਰਦਾਵਾਂ ਦੀ ਵੀ ਕੋਈ ਥਾਂ ਨਹੀਂ। ਪਰ, ਫਿਰ ਵੀ ਹੁਣ ਤੱਕ ਪੰਥ ਵਿੱਚ ਵੱਖਰੀ ਹੋਂਦ ਰੱਖਣ ਵਾਲੇ ਜਿਹੜੇ ਜਥੇ ਤੇ ਜਿਹੜੀਆਂ ਸੰਪਰਦਾਵਾਂ ਕਿਸੇ ਤਰ੍ਹਾਂ ਸਥਾਪਿਤ ਹੋ ਚੁੱਕੀਆਂ ਹਨ, ਉਨ੍ਹਾਂ ਦਾ ਮਿਟਣਾ ਵੀ ਅਸੰਭਵ ਹੈ। ਇਸ ਲਈ ਦਾਸ ਦੀ ਨਿਮਾਣੀ ਰਾਏ ਹੈ ਕਿ ਜੇਕਰ ਉਨ੍ਹਾਂ ਦੇ ਮੁਖੀ ਅਤੇ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਵਿਦਵਾਨ ਮਿਲ ਬੈਠਣ ਅਤੇ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥’ ਗੁਰਵਾਕ ਦੀ ਰੌਸ਼ਨੀ ਵਿੱਚ ਬਚਿਤ੍ਰ ਨਾਟਕ, ਸਰਬਲੋਹ ਤੇ ਗੁਰਬਿਲਾਸ ਪਾ. 6 ਵੀਂ ਨੂੰ ਇਮਾਨਦਾਰੀ ਨਾਲ ਵਿਚਾਰਨ; ਤਾਂ ਕੋਈ ਕਾਰਨ ਨਹੀਂ ਕਿ ਉਹ ਆਪਣੇ ਆਪਣੇ ਮੋਢੀ ਵਿਦਵਾਨਾਂ ਵੱਲੋਂ ਹੋਈਆਂ ਭੁੱਲਾਂ ਨੂੰ ਪ੍ਰਵਾਨ ਕਰਕੇ, ਬਚਿਤ੍ਰ ਨਾਟਕੀ ਰਚਨਾਵਾਂ ਦਾ ਗਾਇਨ ਕਰਨ ਵਾਲੇ ਪ੍ਰੋ ਦਰਸ਼ਨ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਵਾਂਗ ਐਲਾਨ ਨਾ ਕਰ ਦੇਣ ਕਿ ਹੁਣ ਤੱਕ ਅਸੀਂ ਭੁਲੇਖੇ ਵਿੱਚ ਰਹੇ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੋ: ਸਾਹਿਬ ਜੀ ਦਾ ਪਿਛੋਕੜ ਵੀ ਮੇਰੇ ਵਾਂਗ ਸੰਪਰਦਾਈ ਹੈ।

ਦਾਸ ਦਾ ਨਿਸ਼ਚਾ ਹੈ ਕਿ ਉਹ ਸਾਰੇ ਮਿਲਵੀਂ ਅਵਾਜ਼ ਵਿੱਚ ਹੋਕਾ ਦੇਣਗੇ ਕਿ ਆਓ ਤੇ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ॥ {ਅੰਗ 1185} ਗੁਰਵਾਕ ਦੀ ਰੌਸ਼ਨੀ ਵਿੱਚ ਸਾਰੇ ਮਿਲ ਬੈਠੋ। ‘ਗਲਿ ਮਿਲਿ ਚਾਲੇ ਏਕੈ ਭਾਈ॥ {ਅੰਗ 887} ਗੁਰਵਾਕ ਮੁਤਾਬਿਕ ਗਲਵਕੜੀਆਂ ਪਾ ਕੇ ਪੰਥ ਦੇ ਸਰਬਪੱਖੀ ਵਿਕਾਸ ਲਈ ਅੱਗੇ ਵੱਲ ਕਦਮ ਪੁੱਟੋ। ਕਿਉਂਕਿ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਵਿੱਚ ਪੰਥਕ ਏਕੇ ਦੀ ਕਰਾਮਾਤ ਤਾਂ ਆਪਾਂ ਸਾਰੇ ਅੱਖੀਂ ਦੇਖ ਚੁੱਕੇ ਹਾਂ ਕਿ ਕਿਵੇਂ ਆਪਾਂ ਆਪਣੇ ਇੱਕ ਭਰਾ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਲਿਆ। ਭਾਰਤੀ ਪ੍ਰਸ਼ਾਸਨ ਤੇ ਕੰਨੂਨ ਬਿੱਟਰ ਬਿੱਟਰ ਤੱਕਦੇ ਰਹਿ ਗਏ। ਜੇ ਤੁਸੀਂ ਇਕੱਠੇ ਹੋ ਜਾਓ ਤਾਂ ਭਾਈ ਰਾਜੋਆਣਾ ਤੇ ਪ੍ਰੌ: ਭੁੱਲਰ ਵਰਗੇ ਕਈ ਹੋਰ ਕੌਮੀ ਹੀਰੇ ਤੇ ਮਾਵਾਂ ਦੇ ਨੌਨਿਹਾਲ, ਜਿਹੜੇ ਪੰਝੀ ਪੰਝੀ ਸਾਲਾਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਰੁਲ ਰਹੇ ਹਨ, ਉਨ੍ਹਾਂ ਨੂੰ ਰਿਹਾਅ ਕਰਵਾ ਸਕਦੇ ਹੋ। ਫਾਂਸੀ ਦੇ ਤਖਤਿਆਂ ਤੋਂ ਉਤਾਰ ਸਕਦੇ ਹੋ। ਨਸ਼ਿਆਂ ਵਿੱਚ ਗਲ਼ ਰਹੀ ਪੰਜਾਬ ਦੀ ਜਵਾਨੀ ਨੂੰ ਬਚਾ ਸਕਦੇ ਹੋ। ਗੁਰਬਾਣੀ ਨੂੰ ਘਰ ਘਰ ਪਹੁੰਚਾ ਕੇ ਸਿੱਖੀ ਦੇ ਬਗੀਚੇ ਨੂੰ ਹਰਿਆ ਭਰਿਆ ਤੇ ਫੁੱਲਿਆ ਫਲ਼ਿਆ ਵੇਖ ਸਕਦੇ ਹੋ।

ਇਨ੍ਹੀ ਦਿਨੀਂ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ), ਕੇਂਦਰੀ ਸਿੰਘ ਸਭਾ ਦੇ ਸੇਵਾਦਾਰ ਅਤੇ ਦਿੱਲੀ ਦੇ ਪ੍ਰਸਿੱਧ ਵਕੀਲ ਸ੍ਰ: ਫੂਲਕਾ ਜੀ, ਜਿਹੜੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਹੋਰ ਸਿੱਖ ਸੰਸਥਵਾਂ ਤੇ ਸਿੰਘ ਸਭਾਵਾਂ ਦੇ ਸਹਿਯੋਗ ਨਾਲ ‘ਪੰਥਕ ਤਾਲਮੇਲ ਸੰਗਠਨ’ ਦੇ ਨਾਮ ਹੇਠ ਪੰਥਕ ਏਕਤਾ ਲਈ ਯਤਨਸ਼ੀਲ ਹਨ। ਪਰ, ਪੰਜਾਬ ਦੀ ਸੱਤਾਧਾਰੀ ਸਿੱਖ ਰਾਜਨੀਤੀ ਨੂੰ ਧਿਆਨ ਵਿੱਚ ਰੱਖ ਕੇ ਜੇ ਉਹ ਕੁੱਝ ਸਥਾਪਤ ਜਥੇਬੰਦੀਆਂ ਦੇ ਮੁਖੀਆਂ ਜਾਂ ਕਈ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਨਾਲ ਆਪਣਾ ਤਾਲਮੇਲ ਬਣਾ ਕੇ ਚੱਲਣ ਤੋਂ ਅਸਮਰਥਾ ਪ੍ਰਗਟ ਕਰ ਰਹੇ ਹਨ। ਤਾਂ ਇਸ ਦਾ ਇਹ ਅਰਥ ਨਹੀਂ ਕਿ ਅਜਿਹੀਆਂ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਹਿਯੋਗੀ ਉਨ੍ਹਾਂ ਦੇ ਵਿਰੋਧ ਵਿੱਚ ਖੜੇ ਹੋ ਜਾਣ। ਕਿਉਂਕਿ, ਹੋ ਸਕਦਾ ਹੈ ਕਿ ਇੱਕ ਅਜਿਹਾ ਸਗੰਠਨ ਕਾਇਮ ਹੋ ਜਾਏ, ਜਿਹੜਾ ਗੁਰਮਤਿ ਦ੍ਰਿਸ਼ਟੀਕੋਨ ਤੋਂ ਇੱਕ ਪੰਥਕ ਅਵਾਜ਼ ਬਣ ਜਾਏ ਅਤੇ ਉਹ ਬਾਕੀ ਦੀਆਂ ਧਿਰਾਂ ਨੂੰ ਇੱਕ ਥਾਂ ਬੈਠਾਉਣ ਵਿੱਚ ਵੀ ਸਫਲ ਹੋ ਜਾਏ। ਕੀ ਹੋਇਆ ਜੇ ਹੁਣ ਪੱਤਝੜ ਹੈ, ਬਹਾਰ ਵੀ ਆ ਸਕਦੀ ਹੈ।