ਅਪਮਾਨ – ਰਾਜਿੰਦਰ ਜਿੰਦ,ਨਿਊਯਾਰਕ

0
95

ਖੁਸ਼ਬੂ ਵੰਡਦੇ ਲੋਕਾਂ ਨੂੰ ਅਪਮਾਨ ਮਿਲੇ।
ਚੁੱਭਦੇ ਹੋਏ ਕੰਡਿਆਂ ਨੂੰ ਸਨਮਾਨ ਮਿਲੇ।

ਤੱਤੀਆਂ-ਤੱਤੀਆਂ ਛਾਂਵਾਂ ,ਧੁੱਪਾਂ ਠਰੀਆਂ ਨੇ,
ਬਾਗ ਵੀ ਉਸਨੂੰ ਉੱਜੜੇ ‘ਤੇ ਵੀਰਾਨ ਮਿਲੇ।

ਝੂਠੇ ਨੂੰ ਇਹ ਲੋਕ ਸਿੰਘਾਸਨ ਦੇਂਦੇ ਨੇ,
ਸੱਚ ਬੋਲਦੇ ਝੱਲਿਆਂ ਨੂੰ ਸ਼ਮਸ਼ਾਨ ਮਿਲੇ।

ਮਨ ਦਾ ਸੇਕ ਤਾਂ ਫਿਰ ਵੀ ਸੀਤਲ ਹੋਇਆ ਨਾ,
ਬੇਸ਼ੱਕ ਮੈਨੂੰ ਕਿੰਨੇ ਹੀ ਭਗਵਾਨ ਮਿਲੇ।

ਬਾਗ ਲਾਉਣ ਦੀਆਂ ਸੋਚਾਂ ਲੈ ਕੇ ਤੁਰਿਆ ਸੀ,
ਪੈਰ-ਪੈਰ ਤੇ ਜਿਸ ਨੂੰ ਬੀਆਬਾਨ ਮਿਲੇ।

ਹਾਲ ਅਸਾਂ ਦਾ ਪੁੱਛਣ ਆਏ ਰੋ ਪਏ ਉਹ,
ਦਰਦਾਂ ਦੇ ਕੁਝ ਐਸੇ ਵੀ ਵਰਦਾਨ ਮਿਲੇ।

ਮਲ੍ਹਮ ਲਾਉਦਿਆਂ ਜ਼ਖਮ ਜਿੰਨਾ ਤੋਂ ਛਿੱਲੇ ਗਏ,
ਜੀਵਣ ਵਿਚ ਕੁਝ ਐਸੇ ਵੀ ਅਣਜਾਨ ਮਿਲੇ।

ਮਾਰ ਕੇ ਵੀ ਉਹ ਮੈਨੂੰ ਸ਼ਾਇਦ ਚਾਹੁੰਦਾ ਸੀ,
ਉਸ ਦੇ ਘਰ ਚੋਂ ਕੁਝ ਐਸੇ ਪ੍ਰਮਾਣ ਮਿਲੇ।

ਸਾਰੀ ਉਮਰ ਹੀ ਥਾਂ ਨਾ ਲੱਭੀ ਬੈਠਣ ਲਈ,
‘ਜਿੰਦ’ ਚੰਦਰੇ ਨੂੰ ਧਰਤੀ ਨਾ ਅਸਮਾਨ ਮਿਲੇ