ਤਰਲੋ ਮੱਛੀ – ਰਵੀ ਸਚਦੇਵਾ ਮੈਲਬੋਰਨ

0
1378

ਛੁਰੀ ਚੱਲੀ…..!! ਮੁਰਗੇ ਦੀ ਧੌਣ ਧਡ਼ ਤੋਂ ਅਲੱਗ ਹੋ ਗਈ। ਸਾਹਮਣੇ ਪਿੰਜਰੇ ‘ਚ ਤਡ਼ੇ ਮੁਰਗੇ ਤੇ ਮੁਰਗੀਆਂ ਕੁਰਲਾ ਉੱਠੇ। ਛੁਰੀ ਫਿਰ ਚੱਲੀ…..!! ਪਰ ਇਸ ਵਾਰ ਮੁਰਗੇ ਦੀ ਥਾਂ ਕੋਲ ਖੇਡ ਰਹੇ ਕਸਾਈ ਦੇ ਮੁੰਡੇ ਦੀਆਂ ਉਂਗਲਾਂ ਹੱਥ ਤੋਂ ਅਲੱਗ ਹੋ ਗਈਆਂ। ਕਸਾਈ ਕੁਰਲਾ ਉੱਠਿਆ। ਮੁਰਗੇ ਤੇ ਮੁਰਗੀਆਂ ਖੁਸ਼ੀ ਨਾਲ ਝੂਮ ਉੱਠੇ ਜਿਵੇਂ ਕਸਾਈ ਨੂੰ ਚਿਡ਼ਾ ਰਹੇ ਹੋਣ,‘ਤੇ ਕਹਿ ਰਹੇ ਹੋਣ, – ਸਾਡੇ ਕਲੇਜੇ ਦੇ ਟੁਕਡ਼ਿਆਂ ‘ਤੇ ਛੁਰੀ ਚਲਾ ਕੇ ਹੱਸਣ ਵਾਲਿਆ, ਅੱਜ ਤੈਨੂੰ ਕਿਹਡ਼ਾ ਸੱਪ ਸੁੰਘ ਗਿਆ। ਕਮੰਡਲੀ ਮੱਝ ਵਾਂਗ ਅੱਜ ਤੂੰ ਦਲੱਤਿਆ  ਜੇਹੀਆਂ ਕਿਉਂ ਮਾਰਦਾ ਫਿਰਦੈਂ…..??  ਆਪਣੇ ਖੂਨ ਦਾ ਜ਼ਰਾ ਕੁ ਰੱਤ ਵਹਿੰਦਾ ਵੇਖ, ਅੱਜ ਤੂੰ ਲੋਟ-ਪੋਟਣੀਆਂ ਖਾਂਦਾ ਐਵੇ ਬੇਕਾਬੂ ਹੋਇਆ, ਕਚ੍ਹੀਰਾ ਵੱਟੀ, ਬਿਨ ਪਾਣੀ ਵਾਲੀ ਤਰਲੋ ਮੱਛੀ ਕਿਉਂ ਬਣਿਆਂ ਫਿਰਦੈ….?? ਆਪਣੇ ਪੁੱਤ ਦੇ ਮਾਸ ਦੇ ਇਹ ਲੋਥਡ਼ੇ ਅੱਜ ਤੈਂਨੂੰ.. ਬਾਸੀ ਅਲੂਣੇਂ ਕਿਉਂ ਜਾਪਦੈ ਨੇ। ਅੱਜ ਤੇਰੇ ਰੂਹ ਅੰਦਰੋ-ਅੰਦਰੀ ਪੀਡ਼ ਨਾਲ ਕਿਉਂ ਬਿਲਕੀ ਏਂ। ਅੱਜ ਬੰਬ ਫੱਟਿਆ ਤੇਰੀ ਹਿੱਕ ‘ਤੇ। ਭਰ ਸਿਸਕੀਆਂ, ਮਚਣ ਦੇ ਓਹੀ ਭੰਦਰੋਲ਼, ਭਗਦਡ਼ ਜੋ ਕਦੇ ਸਾਡੇ ਸੀਨੇ ‘ਚ ਮਚਦੀ ਸੀ। ਸਾਡੇ ਮਾਸੂਮ ਬਾਲਾਂ ਦੀਆਂ ਚੀਕਾਂ ਤੈਂਨੂੰ ਕਦੇ ਕਿਉਂ ਨਾ ਸੁਣਿਆ…ਬੇਰਿਹਮ…ਦਿਲਜਲੇ…..!! ਆਪਣੇ ਬੁਚਰਖਾਨੇ ਦੀਆਂ  ਨਾਲੀਆਂ ‘ਚ ਵਹਿੰਦਾ ਪਾਣੀ  ਤੈਂਨੂੰ ਕਦੇ ਲਾਲ ਕਿਉਂ ਨਹੀਂ ਲੱਗਾ। ਅੱਜ ਵਹਿੰਣ ਦੇ ਓਹੀ ਲਾਲ ਰੰਗ…!! ਲੈ ਅਲੌਕਿਕ ਨਜ਼ਾਰੇ ‘ਤੇ ਦੂਜਿਆਂ ਨੂੰ ਵੀ ਦੇ ਚੱਟਕਾਰੇ……!!