ਡਾਕਟਰ ਕਹਿਣ ਲੱਗਾ ਬੁਖ਼ਾਰ ਨੂੰ – ਪਰਸ਼ੋਤਮ ਲਾਲ ਸਰੋਏ

0
899

ਡਾਕਟਰ ਕਹਿਣ ਲੱਗਾ ਬੁਖ਼ਾਰ ਨੂੰ,
ਚਲ ਭੱਜ ਤੂੰ ਇੱਥੋਂ ਜਾਹ।
ਬੰਦਾ ਬਣ ਕੇ ਦੌੜ ਜਾਹ,
ਨਹੀਂ ਤਾਂ ਟੀਕਾ ਦੇਣਾ ਮੈਂ ਲਾ।
ਡਾਕਟਰ ਕਹਿਣ ਲੱਗਾ ਬੁਖ਼ਾਰ———।

ਅੱਗਿਓ ਬੁਖ਼ਾਰ ਬੋਲਿਆ ਡਾਕਟਰ ਜੀ,
ਮੈਨੂੰ ਤਾਂ ਏਸੇ ਗੱਲ ਨਾਲ ਭਾਅ।
ਲੰਮਾ ਪਾ ਮਰੀਜ਼ ਨੂੰ ਮੈਂ ਜਦ ਤੋੜਦਾ,
ਮੈਨੂੰ ਮਜ਼ਾ ਜਾਂਦਾ ਹੈ ਆ।
ਡਾਕਟਰ ਕਹਿਣ ਲੱਗਾ ਬੁਖ਼ਾਰ———।

ਡਾਕਟਰ ਬੋਲਿਆ ਗੱਲ ਸੁਣ ਬੁੱਧੂਆ,
ਆਹ ਫੜ੍ਹ ਤੂੰ ਗੋਲੀਆਂ ਖਾ।
ਭਾਈ ਇਸ ਮਰੀਜ਼ ਨੂੰ ਛੱਡ ਕੇ,
ਕਿਤੇ ਦੂਰ ਦੁਰਾਡੇ ਜਾਹ।
ਡਾਕਟਰ ਕਹਿਣ ਲੱਗਾ ਬੁਖ਼ਾਰ———।

ਬੁਖ਼ਾਰ ਕਹਿੰਦਾ ਡਾਕਟਰ ਜੀ,
ਨਾ ਮੈਨੂੰ ਐਨੀ ਕਾਹਲੀ ਪਾ।
ਦੋ – ਚਾਰ ਦਿਨ ਤਾਂ ਰਹਿਣ ਦੇ,
ਮੇਰੇ ਲੱਥੇ ਨਹੀਂ ਪੂਰੇ ਚਾਅ।
ਡਾਕਟਰ ਕਹਿਣ ਲੱਗਾ ਬੁਖ਼ਾਰ———।

ਡਾਕਟਰ ਕਹਿੰਦਾ ਭਾਈ ਛੱਡ ਗੱਲ,
ਚੁੱਪ ਕਰਕੇ ਪੈ ਜਾ ਆਪਣੇ ਰਾਹ।
ਕਿਉਂ ਗਰੀਬਾਂ ਨੂੰ ਤੰਗ ਕਰਦਾ,
ਕਿਉਂ ਲੈ ਰਿਹਾ ਇਨ੍ਹਾਂ ਦੀ ਹਾਅ।
ਡਾਕਟਰ ਕਹਿਣ ਲੱਗਾ ਬੁਖ਼ਾਰ———।

ਪਰਸ਼ੋਤਮ ! ਢੀਠ ਹੋ ਕੇ ਬੁਖ਼ਾਰ ਫਿਰ ਬੋਲਿਆ,
ਡਾਕਟਰ ਜੀ ਤੂੰ ਆਪਣਾ ਜ਼ੋਰ ਲੈ ਲਾ।
ਮੈਂ ਵੀ ਆਪਣੀ ਮਰਜ਼ੀ ਕਰੂੰਗਾ,
ਤੂੰ ਵੀ ਆਪਣੀ ਲਾ ਕੇ ਦੇਖ ਲੈ ਵਾਹ।
ਡਾਕਟਰ ਕਹਿਣ ਲੱਗਾ ਬੁਖ਼ਾਰ———।