ਸੱਤਾ ਤੱਕ ਪਹੁੰਚ ਲਈ ਧਰਮ ਦੀ ਵਰਤੋਂ ਭਵਿੱਖ ਵਿੱਚ ਮਹਿੰਗੀ ਵੀ ਪੈ ਸਕਦੀ ਹੈ

0
27

ਦੇਸ਼ਾਂ ਦਰਮਿਆਨ ਲੜਾਈ ਹੋਵੇ ਜਾਂ ਇੱਕੋ ਦੇਸ਼ ਵਿੱਚ ਕੁਝ ਸਿਆਸੀ ਧਿਰਾਂ ਵਿੱਚ ਕੁਰਸੀਆਂ ਉੱਤੇ ਕਬਜ਼ਾ ਕਰਨ ਦੀ ਜੰਗ ਹੋਵੇ, ਆਦਿ ਕਾਲ ਤੋਂ ਲੈ ਕੇ ਅਜੋਕੇ ਦੌਰ ਤੱਕ ਮੋਹਰੇ ਭਾਵੇਂ ਬਦਲਦੇ ਰਹੇ ਤੇ ਜੰਗ ਦਾ ਰੰਗ ਵੀ ਬਦਲਦਾ ਰਿਹਾ, ਪਰ ਧਰਮ ਦੀ ਦੁਰਵਰਤੋਂ ਹਰ ਦੌਰ ਦੌਰਾਨ ਹੋਈ ਹੈ ਤੇ ਇਹ ਦੁਰਵਰਤੋਂ ਅੱਜ ਵੀ ਹੁੰਦੀ ਹੈ। ਜੰਮੂ-ਕਸ਼ਮੀਰ ਸੂਬੇ ਉੱਤੇ ਕਬਜ਼ਾ ਕਰਨ ਲਈ ਪਾਕਿਸਤਾਨ ਦੀ ਸਰਕਾਰ ਭਾਰਤ ਵਿਰੁੱਧ ਖਾਸ ਧਰਮ ਨੂੰ ਨਾਅਰਾ ਬਣਾ ਕੇ ਇਸ ਜੰਗ ਨੂੰ ਉਸ ਧਰਮ ਦਾ ਜਹਾਦ ਕਹਿੰਦੀ ਹੈ, ਜਿਸ ਉੱਤੇ ਉਸ ਦੇਸ਼ ਦੀ ਆਪਣੀ ਬੁਨਿਆਦ ਖੜੀ ਹੈ। ਇਹੋ ਜਿਹੀ ਲੜਾਈ ਅਫਗਾਨਿਸਤਾਨ ਦੇ ਪਾਸੇ ਵੀ ਪਾਕਿਸਤਾਨ ਛੇੜੀ ਬੈਠਾ ਹੈ, ਪਰ ਉਸ ਨੂੰ ਜਹਾਦ ਕਹਿਣਾ ਔਖਾ ਹੋਣ ਕਾਰਨ ‘ਅਮਰੀਕੀਆਂ ਤੇ ਹਿੰਦੁਸਤਾਨ ਦੇ ਏਜੰਟਾਂ’ ਵਿਰੁੱਧ ਜੰਗ ਦਾ ਨਾਂਅ ਦੇਂਦਾ ਹੈ। ਖੁਦ ਪਾਕਿਸਤਾਨ ਸਰਕਾਰ ਦਹਾਕਿਆਂ ਬੱਧੀ ਅਮਰੀਕਾ ਦੀ ਏਜੰਟ ਰਹੀ ਸੀ ਤੇ ਅੱਜ ਕੱਲ੍ਹ ਉਹ ਚੀਨ ਦੇ ਕਾਰਿੰਦੇ ਵਾਂਗ ਕੰਮ ਕਰ ਰਹੀ ਹੈ। ਇਸ ਹਕੀਕਤ ਨੂੰ ਕੋਈ ਬਦਲ ਨਹੀਂ ਸਕਦਾ।
ਕਿਉਂਕਿ ਦੇਸ਼ਾਂ ਵਿਚਾਲੇ ਵੀ ਅਤੇ ਸਿਆਸੀ ਧਿਰਾਂ ਵਿਚਾਲੇ ਵੀ ਜੰਗ ਵਿੱਚ ਧਰਮ ਦੀ ਦੁਰਵਰਤੋਂ ਹੁੰਦੀ ਹੈ, ਇਸ ਲਈ ਇਸ ਜੰਗ ਵਿੱਚ ਮੋਹਰੇ ਉਹ ਲੋਕ ਬਣਾਏ ਜਾਂਦੇ ਹਨ, ਜਿਹੜੇ ਆਪਣੇ ਧਰਮ ਖਾਤਰ ਕਿਸੇ ਨੂੰ ਮਾਰਨ ਲਈ ਤਿਆਰ ਹੋ ਸਕਦੇ ਹਨ ਤੇ ਖੁਦ ਮਰਨੋਂ ਵੀ ਝਿਜਕਦੇ ਨਹੀਂ। ਇਹ ਮੋਹਰੇ ਇਸ ਖਾਸ ਮਕਸਦ ਲਈ ਖਾਸ ਤੌਰ ਉੱਤੇ ਸਿਰਜੇ ਜਾਂਦੇ ਹਨ। ਨਤੀਜਾ ਉਨ੍ਹਾਂ ਦੀ ਆਪਣੀ ਮੌਤ ਦਾ ਹੋਵੇ ਜਾਂ ਉਨ੍ਹਾਂ ਹੱਥੋਂ ਹੋਰ ਲੋਕਾਂ ਦੀ ਮੌਤ ਦਾ, ਜਿਹੜੇ ਧਰਮ ਦੇ ਨਾਂਅ ਉੱਤੇ ਇਹ ਕੁਝ ਕੀਤਾ ਜਾਵੇ, ਉਸ ਧਰਮ ਦੇ ਆਗੂ ਆਮ ਤੌਰ ਉੱਤੇ ਇਸ ਬਾਰੇ ਬੋਲਦੇ ਨਹੀਂ, ਪਰ ਜਦੋਂ ਕਦੇ ਉਨ੍ਹਾਂ ਦੇ ਭਾਈਚਾਰੇ ਨੂੰ ਆਪਣੇ ਅੰਦਰ ਕਿਸੇ ਮੋੜਵੀਂ ਕਾਰਵਾਈ ਦੀ ਚਿੰਤਾ ਤੇ ਅਸੁਰੱਖਿਆ ਵਰਗੀ ਭਾਵਨਾ ਮਹਿਸੂਸ ਹੋਵੇ ਤਾਂ ਓਦੋਂ ਚੁੱਪ ਤੋੜਦੇ ਹਨ। ਹਕੀਕੀ ਧਰਮ ਏਦਾਂ ਦੇ ਮਤਲਬੀ ਪੈਂਤੜੇ ਲੈਣੇ ਨਹੀਂ ਸਿਖਾਉਂਦਾ ਕਿ ਦੂਜੇ ਮਰਨ ਤਾਂ ਚੁੱਪ ਕੀਤੇ ਰਹਿਣਾ ਹੈ ਤੇ ਜਦੋਂ ਅੱਗ ਆਪਣੇ ਘਰ ਵੱਲ ਵਧਦੀ ਹੋਵੇ ਤਾਂ ਮਨੁੱਖਤਾ ਦੇ ਸਾਂਝੇ ਭਲੇ ਦੀ ਮੁਹਾਰਨੀ ਓਦੋਂ ਹੀ ਪੜ੍ਹਨੀ ਚਾਹੀਦੀ ਹੈ।
ਨਿਊਜ਼ੀਲੈਂਡ ਦੀਆਂ ਘਟਨਾਵਾਂ ਤੋਂ ਬਾਅਦ ਸੰਸਾਰ ਦੇ ਭਲੇ ਲੋਕਾਂ ਨੇ ਇਹ ਪੈਂਤੜਾ ਲਿਆ ਹੈ ਕਿ ਕਿਸੇ ਸੂਰਤ ਵਿੱਚ ਵੀ ਕਿਸੇ ਇੱਕ ਵਿਅਕਤੀ ਦੇ ਕਾਰਨ ਕਿਸੇ ਧਾਰਮਿਕ ਭਾਈਚਾਰੇ ਖਿਲਾਫ ਜਨੂੰਨੀ ਪੱਖੋਂ ਸੋਚਣਾ ਗਲਤ ਹੈ ਤੇ ਇਸ ਗਲਤ ਸੋਚ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਬਾਅਦ ਮੁਸਲਿਮ ਭਾਈਚਾਰੇ ਨਾਲ ਇੱਕਮੁਠਤਾ ਦੇ ਇਹੋ ਜਿਹੇ ਪ੍ਰਗਟਾਵੇ ਹੋਏ ਹਨ ਕਿ ਕੋਈ ਵੀ ਜਜ਼ਬਾਤੀ ਹੋ ਸਕਦਾ ਹੈ। ਨਿਊਜ਼ੀਲੈਂਡ ਵਿੱਚ ਸਕੂਲੀ ਬੱਚੀਆਂ ਨੇ ਸਿਰਾਂ ਉੱਤੇ ਸਕਾਰਫ ਬੰਨ੍ਹ ਕੇ ਮੁਸਲਿਮ ਸਮਾਜ ਨਾਲ ਆਪਣੀ ਹਮਾਇਤ ਪ੍ਰਗਟ ਕੀਤੀ ਹੈ। ਬ੍ਰਿਟੇਨ ਦਾ ਇੱਕ ਈਸਾਈ ਗੋਰਾ ਆਪਣੇ ਘਰ ਨੇੜਲੀ ਮਸਜਿਦ ਮੂਹਰੇ ਵਾਲੰਟੀਅਰ ਗਾਰਡ ਬਣ ਕੇ ਜਾ ਖੜੋਤਾ ਤੇ ਨਾਲ ਲਿਖ ਕੇ ਫੱਟੀ ਲਾ ਦਿੱਤੀ ਕਿ ਤੁਸੀਂ ਮਸਜਿਦ ਦੇ ਅੰਦਰ ਇਬਾਦਤ ਕਰੋ, ਰਾਖੀ ਤੁਹਾਡੀ ਮੈਂ ਕਰਾਂਗਾ। ਸਿਰਫ ਇੱਕ ਜਣੇ ਨੇ ਇਹ ਸਵਾਲ ਪੁੱਛਿਆ ਹੈ ਕਿ ਏਦੂੰ ਪਹਿਲਾਂ ਇਸਲਾਮੀ ਅੱਤਵਾਦੀਆਂ ਨੇ ਜਦੋਂ ਹਮਲੇ ਕੀਤੇ ਸਨ, ਉਸ ਵੇਲੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਆਗੂਆਂ ਨੇ ਮਨੁੱਖੀ ਭਾਵਨਾਵਾਂ ਦੇ ਇਹੋ ਪ੍ਰਗਟਾਵੇ ਆਮ ਤੌਰ ਉੱਤੇ ਕਿਉਂ ਨਹੀਂ ਸੀ ਕੀਤੇ। ਨਾਲ ਉਸ ਨੇ ਸੁਝਾਅ ਦਿੱਤਾ ਹੈ ਕਿ ਜੇ ਸੰਸਾਰ ਦੀ ਸਲਾਮਤੀ ਚਾਹੀਦੀ ਹੈ ਤਾਂ ਇਹ ਪ੍ਰਗਟਾਵੇ ਹਰ ਪਾਸਿਓਂ ਹਮੇਸ਼ਾ ਹੋਣੇ ਚਾਹੀਦੇ ਹਨ। ਉਸ ਵੱਲੋਂ ਪੇਸ਼ ਕੀਤੇ ਸਵਾਲ ਨੂੰ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਸੋਚ ਸਕਦੇ ਹਨ, ਪਰ ਬਾਅਦ ਵਿੱਚ ਉਸ ਦਾ ਦਿੱਤਾ ਗਿਆ ਸੁਝਾਅ ਇਹੋ ਜਿਹਾ ਹੈ ਕਿ ਉਸ ਸਵਾਲ ਬਾਰੇ ਕਿਸੇ ਨੂੰ ਆਮ ਕਰ ਕੇ ਮੱਤਭੇਦ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਵਿੱਚ ਸਮੁੱਚੇ ਸੰਸਾਰ ਦੀ ਸਲਾਮਤੀ ਦੀ ਸੋਚ ਹੈ।
ਮੈਂ ਇਸ ਚੌਖਟੇ ਵਿੱਚ ਆਪਣੇ ਦੇਸ਼ ਭਾਰਤ ਦੇ ਅੰਦਰੂਨੀ ਹਾਲਾਤ ਨੂੰ ਵੇਖਣ ਦਾ ਯਤਨ ਕਰਦਾ ਹਾਂ ਤਾਂ ਇਹ ਸੋਚਾਂ ਉੱਭਰ ਪੈਂਦੀਆਂ ਹਨ ਕਿ ਸਾਡੇ ਲੋਕਾਂ ਨੂੰ ਇਸਲਾਮ ਵਿਚਲੇ ਸੂਫੀ ਸੰਤਾਂ ਤੇ ਹਿੰਦੂ ਧਰਮ ਵਿੱਚੋਂ ਮੱਧ ਯੁੱਗ ਵਿੱਚ ਉੱਭਰੇ ਤੇ ਖਾਸ ਸਤਿਕਾਰਤ ਥਾਂ ਬਣਾਉਣ ਵਾਲੀ ਭਗਤੀ ਲਹਿਰ ਦੇ ਸੰਤਾਂ ਦੀ ਸੋਚ ਕਿਉਂ ਭੁੱਲ ਜਾਂਦੀ ਹੈ? ਜੰਗਾਂ ਤੇ ਉਹ ਸਾਕੇ ਸਾਨੂੰ ਵੱਧ ਯਾਦ ਰਹਿੰਦੇ ਹਨ, ਜਿਨ੍ਹਾਂ ਦੌਰਾਨ ਸਾਡੇ ਵੱਡਿਆਂ ਨੇ ਧਰਮ ਦੇ ਨਾਂਅ ਉੱਤੇ ਜੰਗਾਂ ਅਤੇ ਯੁੱਧ ਲੜੇ ਸਨ ਤੇ ਉਹ ਹਵਾਲੇ ਚੇਤੇ ਨਹੀਂ ਰਹਿੰਦੇ, ਜਿਹੜੇ ਦੋਵਾਂ ਧਿਰਾਂ ਦੀ ਸਾਂਝ ਬਾਰੇ ਇਤਹਾਸ ਵਿੱਚ ਮਿਲਦੇ ਹਨ। ਸਮੇਂ-ਸਮੇਂ ਦੀਆਂ ਗੱਲਾਂ ਹੋਣ ਕਰ ਕੇ ਇੱਕ ਸਮੇਂ ਸਮਰਾਟ ਅਸ਼ੋਕ ਨੇ ਇੱਕ ਜੰਗ ਲੜ ਲਈ, ਪਰ ਜੰਗਾਂ ਦੀ ਤਬਾਹੀ ਵੇਖਣ ਮਗਰੋਂ ਇਸ ਤਰ੍ਹਾਂ ਦਾ ਸ਼ਾਂਤੀ ਦਾ ਦੂਤ ਬਣਿਆ ਕਿ ਫਿਰ ਉਸ ਨੇ ਕਦੇ ਕੋਈ ਜੰਗ ਨਹੀਂ ਲੜੀ। ਏਹੋ ਸੋਚ ਜੰਗਾਂ ਲੜੇ ਬਿਨਾਂ ਉਪਜਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਵੀ ਕਈ ਲੋਕ ਕਹਿੰਦੇ ਹਨ ਕਿ ਸ਼ਾਂਤੀ ਲਈ ਸਮਰਾਟ ਅਸ਼ੋਕ ਵਾਂਗ ਇੱਕ ਵਾਰ ਜੰਗ ਲੜ ਲੈਣੀ ਚਾਹੀਦੀ ਹੈ, ਪਰ ਏਦਾਂ ਦੀਆਂ ਗੱਲਾਂ ਉਹ ਲੋਕ ਹੀ ਕਰਦੇ ਹਨ, ਜਿਹੜੇ ਕਦੀ ਜੰਗ ਵਿੱਚ ਨਹੀਂ ਜਾਂਦੇ, ਸਿਰਫ ਪੰਜ-ਸੱਤ ਹਜ਼ਾਰ ਰੁਪਏ ‘ਵਾਰ-ਫੰਡ’ ਦੇ ਕੇ ਆਪਣੇ ਗਲ਼ ‘ਭਾਰਤ ਮਾਤਾ ਕੇ ਸਪੂਤ’ ਦੀ ਫੱਟੀ ਤਮਗੇ ਵਾਂਗ ਲਟਕਾਉਣੀ ਲੋਚਦੇ ਹਨ।
ਗੱਲ ਫਿਰ ਓਸੇ ਪਾਸੇ ਮੁੜ ਜਾਂਦੀ ਹੈ, ਜਿੱਥੋਂ ਸ਼ੁਰੂ ਕੀਤੀ ਗਈ ਸੀ। ਦੇਸ਼ਾਂ ਦੇ ਵਿਚਾਲੇ ਲੜਾਈ ਹੋਵੇ ਜਾਂ ਇੱਕੋ ਦੇਸ਼ ਦੀਆਂ ਕੁਝ ਧਿਰਾਂ ਵਿਚਾਲੇ ਕੁਰਸੀਆਂ ਉੱਤੇ ਕਬਜ਼ੇ ਦਾ ਭੇੜ ਹੋਵੇ, ਧਰਮ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਲੋਕ ਅੱਜ ਜਦੋਂ ਇੱਕ ਹੋਰ ਲੋਕਤੰਤਰੀ ਜੰਗ ਦੇ ਗਵਾਹ ਬਣਨ ਵਾਲੇ ਹਨ, ਉਸ ਵੇਲੇ ਧਰਮ ਦੀ ਦੁਰਵਰਤੋਂ ਫਿਰ ਸਿਖਰ ਛੋਹਣ ਲੱਗ ਪਈ ਹੈ। ਦੇਸ਼ ਉੱਤੇ ਰਾਜ ਕਰ ਰਹੀ ਪਾਰਟੀ ਇੱਕ ਖਾਸ ਧਰਮ ਦੀ ਛਤਰੀ ਤਾਣ ਕੇ ਇਸ ਪੜਾਅ ਤੱਕ ਪੁੱਜਣ ਪਿੱਛੋਂ ਇਸ ਫਾਰਮੂਲੇ ਨੂੰ ਲੁਕਮਾਨ ਹਕੀਮ ਦਾ ਨੁਸਖਾ ਮੰਨ ਬੈਠੀ ਹੈ। ਮੰਦਰਾਂ ਦੇ ਟੱਲ ਉਹ ਸਿਰਫ ਆਪਣੇ ਲਈ ਖੜਕਦੇ ਸੁਣਨ ਦੀ ਇਹੋ ਜਿਹੀ ਇੱਛਾ ਪਾਲ ਬੈਠੀ ਹੈ ਕਿ ਉਸ ਦਾ ਕੋਈ ਵਿਰੋਧੀ ਆਗੂ ਕਿਸੇ ਮੰਦਰ ਆਦਿ ਵੱਲ ਜਾਂਦਾ ਦਿੱਸੇ ਤਾਂ ਉਸ ਦੇ ਵਰਕਰ ਓਥੇ ਵੀ ਬੇਹੂਦਗੀ ਕਰਨ ਜਾ ਪਹੁੰਚਦੇ ਹਨ। ਦੂਸਰੀਆਂ ਧਿਰਾਂ ਵੀ ਧਰਮ ਦੀ ਵਰਤੋਂ ਦੀ ਹੱਦ ਤੱਕ ਰੁਕੀਆਂ ਨਹੀਂ, ਇਸ ਦੀ ਦੁਰਵਰਤੋਂ ਦੇ ਪੜਾਅ ਪਾਰ ਕਰਨ ਲੱਗੀਆਂ ਹਨ ਤੇ ਇਹ ਗੱਲ ਭੁਲਾਈ ਪਈ ਹੈ ਕਿ ਇਹੋ ਜਿਹੇ ਮੁਕਾਬਲੇ ਵਿੱਚ ਸ਼ਾਮਲ ਭਾਵੇਂ ਕਦੇ ਵੀ ਹੋਇਆ ਜਾ ਸਕਦਾ ਹੈ, ਇਸ ਤੋਂ ਨਿਕਲਣਾ ਆਪਣੀ ਮਰਜ਼ੀ ਉੱਤੇ ਨਿਰਭਰ ਨਹੀਂ ਹੋਇਆ ਕਰਦਾ। ਕਾਂਗਰਸ ਪਾਰਟੀ ਤੇ ਕੁਝ ਹੋਰ ਧਿਰਾਂ ਇਸ ਕੁਰਾਹੇ ਚੱਲ ਰਹੀਆਂ ਹਨ। ਲੋਹਾ ਭਾਵੇਂ ਲੋਹੇ ਨਾਲ ਕੱਟਿਆ ਜਾ ਸਕਦਾ ਹੈ, ਫਿਰਕਪ੍ਰਸਤੀ ਨੂੰ ਫਿਰਕਾਪ੍ਰਸਤੀ ਨਾਲ ਕੱਟਿਆ ਨਹੀਂ ਜਾ ਸਕਦਾ। ਇੱਕ ਤਰ੍ਹਾਂ ਫਿਰਕੂ ਸੋਚ ਦਾ ਪ੍ਰਗਟਾਵਾ ਵੀ ਦੂਸਰੀ ਤਰ੍ਹਾਂ ਦੀ ਫਿਰਕਾਪ੍ਰਸਤੀ ਨੂੰ ਉਬਾਲੇ ਖਾਣ ਲਈ ਸੁਖਾਵਾਂ ਮੌਕਾ ਦਿੱਤਾ ਕਰਦਾ ਹੈ।
ਭਾਰਤੀ ਜਨਤਾ ਪਾਰਟੀ ਰਾਜਸੀ ਲਾਭ ਲਈ ਧਰਮ ਦੀ ਦੁਰਵਰਤੋਂ ਕਰਨ ਨਾਲ ਤੁਰੀ ਤਾਂ ਉਸ ਦੇ ਵਿਰੋਧ ਵਾਲੀਆਂ ਧਿਰਾਂ ਵਿੱਚ ਅਕਾਲੀ ਦਲ ਵੀ ਹੁੰਦਾ ਸੀ, ਜਿਸ ਨੇ ‘ਸਿੱਖ ਇੱਕ ਵੱਖਰੀ ਕੌਮ’ ਦਾ ਨਾਅਰਾ ਦਿੱਤਾ ਤਾਂ ਜਨਤਾ ਪਾਰਟੀ ਵਿੱਚੋਂ ਨਿਕਲ ਕੇ ਨਵੀਂ ਬਣੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਹਜ਼ਮ ਨਹੀਂ ਸੀ ਹੁੰਦਾ। ਅਜੋਕੇ ਦੌਰ ਵਿੱਚ ਰਾਜਸੀ ਲਾਭ ਲਈ ਦੋਵਾਂ ਧਿਰਾਂ ਦਾ ਇਸ ਹੱਦ ਤੱਕ ਗੰਢ-ਚਿਤਰਾਵਾ ਹੋ ਚੁੱਕਾ ਹੈ ਕਿ ਭਾਜਪਾ ਦੇ ਹਿੰਦੂਤੱਵ ਤੋਂ ਅਕਾਲੀ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਭਾਸਦਾ ਤੇ ਕਈ ਵਾਰ ਭਾਜਪਾ ਆਗੂਆਂ ਦੇ ਭਾਸ਼ਣਾਂ ਦੌਰਾਨ ਓਸੇ ‘ਸਿੱਖ ਕੌਮ’ ਨਾਲ ਹਮਦਰਦੀ ਦਾ ਪ੍ਰਗਟਾਵਾ ਏਦਾਂ ਨਿਕਲਦਾ ਹੈ, ਜਿਵੇਂ ਉਹ ਅਕਾਲੀਆਂ ਤੋਂ ਵੱਡੇ ਸਿੱਖ ਹੋ ਗਏ ਹੋਣ। ਅਕਾਲੀਆਂ ਦੇ ਅਜੋਕੇ ਆਗੂ ਆਪਣੇ ਕਾਰੋਬਾਰ ਤੇ ਸਿਆਸੀ ਲਾਭਾਂ ਲਈ ਭਾਜਪਾ ਤੋਂ ਵੱਡੀ ਹਿੰਦੂਤੱਵੀ ਧਿਰ ਬਣਨ ਤੱਕ ਚਲੇ ਜਾਂਦੇ ਹਨ, ਪਰ ਜਦੋਂ ਕੁਝ ਗੱਲਾਂ ਵਿੱਚ ਹਿੱਤਾਂ ਦਾ ਟਕਰਾਅ ਹੁੰਦਾ ਹੈ, ਓਦੋਂ ਥੋੜ੍ਹੀ ਜਿਹੀ ਖਿਝ ਕੱਢ ਲੈਂਦੇ ਹਨ। ਤਖਤ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਧਾਨ ਦੀ ਨਿਯੁਕਤੀ ਬਾਰੇ ਅਕਾਲੀ ਦਲ ਨੇ ਓਸੇ ਮਨਜਿੰਦਰ ਸਿੰਘ ਸਿਰਸਾ ਤੋਂ ਭਾਜਪਾ ਨਾਲ ਗੱਠਜੋੜ ਤੋੜਨ ਵਾਲਾ ਬਿਆਨ ਦਿਵਾਇਆ ਸੀ, ਜਿਹੜਾ ਖੁਦ ਭਾਜਪਾ ਦੇ ਚੋਣ ਨਿਸ਼ਾਨ ਉੱਤੇ ਜਿੱਤਿਆ ਵਿਧਾਇਕ ਹੈ। ਕੁਝ ਦਿਨ ਲੰਘਣ ਦੇ ਬਾਅਦ ਓਸੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਓਸੇ ਤਖਤ ਦਾ ਪ੍ਰਧਾਨ ਯੋਗੀ ਬਾਬਾ ਰਾਮਦੇਵ ਦਾ ਇੱਕ ਚੇਲਾ ਨਿਯੁਕਤ ਕਰ ਦਿੱਤਾ ਤਾਂ ਅਕਾਲੀ ‘ਓਸੇ ਤਨਖਾਹ’ ਉੱਤੇ ਭਾਂਡੇ ਮਾਂਜਦੇ ਰਹਿਣਾ ਮੰਨ ਗਏ, ਕਿਉਂਕਿ ਜਿਨ੍ਹਾਂ ਨਿੱਜੀ ਹਿੱਤਾਂ ਲਈ ਟਕਰਾਅ ਹੋਇਆ ਸੀ, ਉਨ੍ਹਾਂ ਬਾਰੇ ਅੰਦਰ-ਖਾਤੇ ਸਮਝੌਤਾ ਹੋ ਚੁੱਕਾ ਸੀ। ਇਹੋ ਕਾਰਨ ਹੈ ਕਿ ਅੱਜ ਕੱਲ੍ਹ ਹੋਰ ਸਾਰੇ ਰੰਗਾਂ ਦੀਆਂ ਘੱਟ-ਗਿਣਤੀਆਂ ਦੇ ਬਾਰੇ ਫਿਕਰ ਕਰਨਾ ਛੱਡ ਕੇ ਅਕਾਲੀ ਆਗੂ ਰਾਜਸੀ ਗੱਠਜੋੜ ਉੱਤੇ ਡਟੇ ਹੋਏ ਹਨ।
ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ, ਮੌਸਮ ਬਦਲਿਆ ਤਾਂ ਸਿਧਾਂਤ ਤੋਂ ਸੱਖਣੀ ਤੇ ਰਾਜਸੀ ਲਾਭਾਂ ਲਈ ਵਰਤਣ ਦੀ ਜਿਸ ਨੀਤੀ ਨੇ ਅੱਜ ਸਾਰੇ ਸੰਸਾਰ ਦੇ ਲੋਕਾਂ ਨੂੰ ਚਿਤਵਣੀ ਲਾ ਰੱਖੀ ਹੈ, ਉਹ ਭਾਰਤ ਤੇ ਪੰਜਾਬ ਦੇ ਲੋਕਾਂ ਨੂੰ ਵੀ ਭਵਿੱਖ ਵਿੱਚ ਮਹਿੰਗੀ ਪੈ ਸਕਦੀ ਹੈ। ਇਸ ਦੇ ਨਤੀਜਿਆਂ ਬਾਰੇ ਜਿਹੜੇ ਲੋਕ ਸੋਚਦੇ ਹਨ, ਉਨ੍ਹਾਂ ਦੀ ਰਾਤਾਂ ਨੀਂਦ ਉੱਡ ਜਾਂਦੀ ਹੈ, ਪਰ ਜਿਨ੍ਹਾਂ ਨੂੰ ਸੋਚਣਾ ਚਾਹੀਦਾ ਹੈ, ਉਹ ਸਿਰਫ ਤੇ ਸਿਰਫ ਕੁਰਸੀਆਂ ਤੱਕ ਪੁੱਜਣ ਦੇ ਦਾਅ ਸੋਚਦੇ ਹਨ।

ਜਤਿੰਦਰ ਪਨੂੰ