ਗਾਹਾਂ ਨੂੰ ਸਿਆਣ ਰੱਖਾਂਗੇ – ਜਗਮੀਤ ਸਿੰਘ ਪੰਧੇਰ

0
1277

ਬੱਸ ਸਟੈਂਡ ਦੇ ਨੇੜਲਾ ਫਾਟਕ ਬੰਦ ਹੋਣ ਕਰਕੇ ਮੈਂ ਸਕੂਟਰ ਰੋਕਿਆ ਹੀ ਸੀ ਕਿ ਇੱਕ ਅੱਧਖੜ ਜਿਹਾ ਵਿਅਕਤੀ ਮੇਰੇ ਨੇੜੇ ਨੂੰ ਹੋ ਕੇ ਬੜੀ ਹਲੀਮੀ ਨਾਲ ਬੋਲਿਆ, “ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਵੈਸੇ ਤਾਂ ਗਂਲ ਕਰਦਿਆਂ ਸ਼ਰਮ ਵੀ ਆਉਂਦੀ ਐ ਪਰ ਮਜਬੁਰੀ ਐ । ਰਾਏਕੋਟ ਪਹੁੰਚਣੈ ,..ਪੰਜ ਰੁਪਈਏ ਘਟਦੇ ਐ, ਜੇ……ਤੁਸੀਂ.. ਕ੍ਰਿਪਾ ਕਰ ਦਿਉਂ”। ਪਹਿਲਾਂ ਤਾਂ ਮੈਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਪਰ ਛੇਤੀ ਹੀ ਮਨ ਵਿੱਚ ਆਇਆ ਕਿ ‘ਚਲੋ, ਪੰਜ ਰੁਪਏ ਪਿਛੇ ਕੋਈ ਭਲਾਮਾਣਸ ਐਵੇਂ ਤਾਂ ਨੀ ਹੱਥ ਅੱਡਦਾ ? ਮਜਬੂਰੀ ਐ ਵਿਚਾਰੇ ਦੀ’। ਮੈਂ ਪੰਜ ਰੁਪਏ ਦਾ ਸਿੱਕਾ ਜੇਬ ਵਿੱਚੋਂ ਕੱਢ ਕੇ ਉਸ ਨੂੰ ਫੜਾ ਦਿੱਤਾ।

“ਥੋਡੇ ਬੱਚੇ ਜਿਉਣ ਸਰਦਾਰ ਜੀ, ਮੈਂ ਇਹ ਥੋਤੋਂ ਉਧਾਰ ਸਮਝ ਕੇ ਲਏ ਐ।ਜੇ ਕਿਤੇ ਫੇਰ ਮਿਲੇ ਤਾਂ ਮੋੜੂੰਗਾ ਜਰੂਰ”।ਦੋਨਾਂ ਹੱਥਾਂ ਨੂੰ ਥੋੜ੍ਹਾ ਜਿਹਾ ਇਕੱਠਾ ਜਿਹਾ ਕਰਕੇ ਪਿੱਛੇ ਮੁੜਦੇ ਹੋਏ ਇੰਨਾ ਕਹਿਕੇ ਉਹ ਚਲਾ ਗਿਆ।

ਫਾਟਕ ਖੁੱਲ੍ਹਿਆ, ਮੈਂ ਆਪਣੇ ਕੰਮ ਧੰਦੇ ਨਿਪਟਾਉਣ ਲਈ ਬਜ਼ਾਰ ਵਿੱਚ ਚਲਾ ਗਿਆ।ਜਦੋਂ ਮੈਂ ਪਿੰਡ ਜਾਣ ਲਈ ਵਾਪਿਸ ਮੁੜਿਆ ਤਾਂ ਮੂੰਹ ਹਨੇਰਾ ਹੋ ਗਿਆ ਸੀ ਅਤੇ ਲਾਈਟਾਂ ਲੱਗ ਗਈਆਂ ਸਨ।ਜਦੋਂ ਮੈਂ ਰਸਤੇ ਵਿੱਚ ਪੈਂਦੇ ਸ਼ਰਾਬ ਦੇ ਠੇਕੇ ਕੋਲੋਂ ਲੰਘ ਰਿਹਾ ਸਾਂ ਤਾਂ ੱਿਕ ਇੱਕ ਆਦਮੀ ਨੇ ਤੇਜ਼ ਰੌਸ਼ਨੀ ਸਾਹਮਣੇ ਅੱਖਾਂ ਝਮਕਦੇ ਹੋਏ ਹੱਥ ਤੇਜ਼ੀ ਨਾਲ ਉੱਪਰ ਥੱਲੇ ਕਰਦੇ ਹੋਏ ਮੈਨੂੰ ਸਕੂਟਰ ਰੋਕਣ ਲਈ ਇਸ਼ਾਰਾ ਕੀਤਾ।ਸਕੂਟਰ ਰੋਕਿਆ ਤਾਂ ਮੈਂ ਹੈਰਾਨ ਰਹਿ ਗਿਆ। ਉਹੀ ਆਦਮੀ ਜਿਸ ਨੂੰ ਮੈਂ ਥ੍ਹੋੜੀ ਦੇਰ ਪਹਿਲਾਂ ਪੰਜ ਰੁਪਏ ਦਿੱਤੇ ਸਨ,ਸ਼ਰਾਬੀ ਹੋਇਆ ਮੇਰੇ ਸਾਹਮਣੇ ਖੜ੍ਹਾ ਝੂਲ ਰਿਹਾ ਸੀ ।ਉਸਨੇ ਵੀ ਮੈਨੂੰ ਝੱਟ ਸਿਆਣ ਲਿਆ।“ਓ…ਹੋ…ਤੁਸੀਂ ਓ..ਆ ਗੇ ?” ਅੱਖਾਂ ਪੂਰੀ ਤਰ੍ਹਾਂ ਟੱਡ ਕੇ ਮੇਰੇ ਵੱਲ ਝਾਕਦੇ ਹੋਏ ਉਹ ਬੇਸ਼ਰਮ ਜਿਹਾ ਹਾਸਾ ਹੱਸਿਆ।“ ਆਹ ਮੈਨੂੰ ਗਾਹਾਂ ਅੱਡੇ ਤੱਕ ਲੈ ਕੇ ਚੱਲਿਉ”।ਮੇਰੇ ਮੂਹੋਂ ਕੋਈ ਵੀ ਸ਼ਬਦ ਨਿਕਲਣ ਤੋਂ ਪਹਿਲਾਂ ਉਹ ਝੱਟ ਦੇਣੇ ਸਕੂਟਰ ਦੀ ਪਿਛਲੀ ਸੀਟ ਉੱਪਰ ਬੈਠ ਗਿਆ।ਮੈਨੂੰ ਮਨ ਵਿੱਚ ਗੁੱਸਾ ਤਾਂ ਬਹੁਤ ਆਇਆ ਪਰ ਆਪਣੇ ਆਪ ਤੇ ਕਾਬੂ ਰੱਖਕੇ ਮੈਂ ਸਕੂਟਰ ਤੋਰਦੇ ਹੋਏ ਥੋੜ੍ਹੀ ਤਲਖੀ ਨਾਲ ਪੁੱਛਿਆ, “ਨਾ …ਅ.. ਤੂੰ ਤਾਂ ਕਹਿੰਦਾ ਸੀ ਰਾਏਕੋਟ ਜਾਣੈ ਪੰਜ ਰੁਪਏ ਘਟਦੇ ਐ ਪਰ ਆਹ ਕੀ ?”

“ ਘਟਦੇ ਤਾਂ ਬਾਈ ਸਿਆਂ ਪੰਜ ਰੁਪਈਏ ਈ ਸੀ।ਪਰ ਮੈਂ ਅੱਧਾ ਝੂਠ ਬੋਲਤਾ……ਜੇ ਮੈਂ ਸਾਰਾ ਸੱਚ ਦੱਸ ਦਿੰਦਾ …ਤਾਂ ਤੂੰ ਦੇਣੇ ਨੀ ਸੀ…ਮਾਫ ਕਰਿਉ ਬਾਈ ਜੀ …ਹੈ ..ਨਾ ?” ਉਸਦੇ ਟੁੱਟਦੇ ਜੁੜਦੇ ਬੋਲਾਂ ਵਿੱਚ ਮੈਨੂੰ ਸਚਾਈ ਲੱਗੀ ।

“ ਨਹੀਂ ਯਾਰ, ਜੇ ਤੂੰ ਸਚਾਈ ਦੱਸ ਦਿੰਦਾ ਪੰਜ ਰੁਪਏ ਤਾਂ ਮੈਂ ਤੈਨੂੰ ਫੇਰ ਵੀ ਦੇ ਦਿੰਦਾ”।ਮੇਰੇ ਮੂੰਹੋਂ ਅਚਾਨਕ ਹੀ ਪਤਾ ਨਹੀਂ ਕਿਵੇਂ ਨਿਕਲ ਗਿਆ।

“ਅੱ..ਛਾ,…ਬੜਾ ਲੱਠਾ ਬੰਦੈ ਤੂੰ ਤਾਂ ਯਾਰ……ਕੋਈ ਨਾ ‘ਗਾਹਾਂ ਨੂੰ ਸਿਆਣ ਰੱਖਾਂਗੇ।ਬੱਸ..ਐ..ਅ..ਥੇ ਲਾਹ ਦੇ ਮੈਨੂੰ”।ਮੇਰੇ ਮੋਢੇ ਤੇ ਹੱਥ ਮਾਰ ਕੇ ਥਾਪੀ ਜਿਹੀ ਦਿੰਦੇ ਹੋਏ ਉਹ ਬੋਲਿਆ।ਮੈਂ ਸਕੂਟਰ ਰੋਕ ਲਿਆ।ਪਿਛਲੀ ਸੀਟ ਤੋਂ ਉੱਤਰ ਕੇ ਉਹ ਲੜਖੜਾਉਂਦਾ ਹੋਇਆ ਉੱਪਰ ਹੱਥ ਚੁੱਕ ਕੇ ਗਾੳਂਦਾ ਜਾ ਰਿਹਾ ਸੀ।‘ ਓ…ਚੰਗੇ..ਬੰਦਿਆਂ ਦੀ …ਤੋਟ…ਨਹੀਉਂ ਜੱਗ….ਤੇ..’।