ਖੰਭਾਂ ਦੀਆਂ ਉਡਾਰਾਂ – ਭਵਨਦੀਪ ਸਿੰਘ ਪੁਰਬਾ

0
850

ਬੀਤੇ ਦਿਨਾਂ ਦੀ ਗੱਲ ਹੈ ਕਿ ਸਾਡੇ ਪਿੰਡ ‘ਪਾਗਲਪੁਰ’ ਇਕ ਹਕੀਮ ਜੀ ਆਏ। ਹਕੀਮ ਜੀ ਬਜ਼ੁਰਗ ਸਿਆਣੇ, ਸਹਿਜ ਸੁਭਾਅ ਅਤੇ ਮਿੱਠ-ਬੋਲੜੇ ਇਨਸਾਨ ਸਨ। ਸ਼ਾਮ ਵੇਲੇ ਇਕ ਔਰਤ ਆਪਣੇ ਬੱਚੇ ਨੂੰ ਹਕੀਮ ਜੀ ਦੇ ਕੋਲ ਲੈ ਕੇ ਆਈ ਤੇ ਕਹਿਣ ਲੱਗੀ, ‘‘ਬਾਬਾ ਜੀ ਮੁੰਡੇ ਦਾ ਪੈਰ ਦੇਖਿਓ, ਕੱਲ੍ਹ ਦਾ ਨਿਆਣਾ ਭੁੰਜੇ ਹੀ ਨਹੀਂ ਲਾਉਂਦਾ।’’ ਹਕੀਮ ਜੀ ਨੇ ਪੈਰ ਨੱਪ-ਘੁੱਟ ਕੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਿੱਟੇ ਵਿਚ ਮੋਚ ਆਈ ਹੋਈ ਹੈ। ਹਕੀਮ ਜੀ ਨੇ ਮੋਚ ਕੱਢ ਦਿੱਤੀ, ਜਿਸ ਕਾਰਨ ਬੱਚਾ ਠੀਕ ਹੋ ਗਿਆ। ਔਰਤ ਗਰੀਬ ਹੋਣ ਕਾਰਨ ਹਕੀਮ ਜੀ ਨੇ ਉਸ ਕੋਲੋਂ ਕੋਈ ਦਕਸ਼ਨਾਂ ਵੀ ਨਹੀਂ ਲਈ। ਹਕੀਮ ਜੀ ਰਾਤ ਨੂੰ ਚੈਨ ਅਤੇ ਆਨੰਦ ਨਾਲ ਸੁੱਤੇ ਕਿਉਂਕਿ ਉਨ੍ਹਾਂ ਨੇ ਨੇਕੀ ਦਾ ਕੰਮ ਕੀਤਾ ਸੀ।

ਸਵੇਰ ਹੋਈ ਹੀ ਕਿ ਸਾਰਾ ਪਿੰਡ ਮਹਾਰਾਜ ਦੀ ਜੈ, ਮਹਾਰਾਜ ਦੀ ਜੈ, ਕਰਦਾ ਹੋਇਆ ਹਕੀਮ ਜੀ ਦੀ ਝੌਂਪੜੀ ਵੱਲ ਆ ਰਿਹਾ ਸੀ। ਹਕੀਮ ਜੀ ਦੀ ਝੌਂਪੜੀ ਵਿਚ ਪਹੁੰਚ ਲੋਕਾਂ ਨੇ ਹਕੀਮ ਜੀ ਨੂੰ ਮੋਢਿਆਂ ’ਤੇ ਚੁੱਕ ਲਿਆ। ਹਕੀਮ ਜੀ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ। ਪਰ ਕਿਸੇ ਨੇ ਉਨ੍ਹਾਂ ਦੀ ਗੱਲ ਵੱਲ ਧਿਆਨ ਹੀ ਨਾ ਦਿੱਤਾ। ਕੋਈ ਹਕੀਮ ਜੀ ਦੀਆਂ ਲੱਤਾਂ ਘੁੱਟੇ, ਕੋਈ ਬਾਹਾਂ। ਹਕੀਮ ਜੀ ਪ੍ਰੇਸ਼ਾਨ ਸਨ ਕਿ ਇਹ ਕੀ ਹੋ ਰਿਹਾ ਹੈ। ਕੋਈ ਕਹਿ ਰਿਹਾ ਸੀ, ‘‘ਬਾਬਾ ਜੀ ਨੇ ਕਈ ਸਾਲਾਂ ਤੋਂ ਬਿਮਾਰ ਪਏ ਲੋਕ ਠੀਕ ਕਰਤੇ, ਕੋਈ ਕਹੇ ਬਾਬਾ ਜੀ ਨੇ ਹੱਥ ਲਾ ਕੇ ਟੁੱਟੀ ਲੱਤ ਜੋੜ ਦਿੱਤੀ।’’ ਕੋਈ ਕੁਛ ਕਹੇ, ਕੋਈ ਕੁਛ।

ਲੋਕ ਬਾਬਾ ਜੀ ਦੀ ਜੈ-ਜੈ ਕਾਰ ਕਰਨ ਵਿਚ ਮਸਤ ਹੋਏ ਸਨ। ਹਕੀਮ ਜੀ ਅੱਖ ਬਚਾ ਕੇ ਉਥੋਂ ਨਿਕਲ ਆਏ। ਆਪਣੇ ਪਿੰਡ ਜਾ ਕੇ ਹਕੀਮ ਜੀ ਨੇ ਸੁੱਖ ਦਾ ਸਾਹ ਲਿਆ। ਹਕੀਮ ਜੀ ਪ੍ਰੇਸ਼ਾਨ ਸਨ ਕਿ ਪਿੰਡ ਵਿਚ ਹੋ ਕੀ ਗਿਆ, ਜੋ ਲੋਕ ਮੈਨੂੰ ਕਰਨੀ ਵਾਲਾ ਸਮਝਣ ਲੱਗ ਪਏ। ਦੋ-ਤਿੰਨ ਦਿਨਾਂ ਬਾਅਦ ਪਾਗਲਪੁਰ ਪਿੰਡ ਦਾ ਇਕ ਆਦਮੀ ਹਕੀਮ ਜੀ ਦੇ ਕੋਲ ਆਇਆ। ਉਸਨੇ ਸਾਰੀ ਘਟਨਾ ਹਕੀਮ ਜੀ ਨੂੰ ਸੁਣਾਈ ਕਿ ਤੁਸੀਂ ਜਿਸ ਬੱਚੇ ਦੇ ਗਿੱਟੇ ਦੀ ਮੋਚ ਕੱਢੀ ਸੀ ਉਸ ਦੀ ਮਾਂ ਨੇ ਜਾ ਕੇ ਆਪਣੀ ਗੁਆਂਢਣ ਨੂੰ ਆਖ ਦਿੱਤਾ, ‘‘ਬਾਬਾ ਜੀ ਆਏ ਹਨ। ਉਹ ਲੈਂਦੇ ਵੀ ਕੁਝ ਨਹੀਂ ਤੇ ਇਕ ਮਿੰਟ ਵਿਚ ਠੀਕ ਕਰ ਦਿੰਦੇ ਹਨ।’’ ਗੁਆਂਢਣ ਨੇ ਦੋ ਹੋਰ ਜਨਾਨੀਆਂ ਨੂੰ ਕਹਿ ਦਿੱਤਾ, ‘‘ਮਹਾਰਾਜ ਆਏ ਹਨ, ਜੋ ਜਾਣੀਜਾਣ ਹਨ, ਉਨ੍ਹਾਂ ਨੇ ਹੱਥ ਲਾ ਕੇ ਹੀ ਟੀਟੂ ਦਾ ਪੈਰ ਠੀਕ ਕਰ ਦਿੱਤਾ।’’

ਉਨ੍ਹਾਂ ਜਨਾਨੀਆਂ ਨੇ ਅੱਗੇ ਦੋ ਚਾਰ ਹੋਰ ਜਨਾਨੀਆਂ ਨੂੰ ਕਹਿ ਦਿੱਤਾ, ‘‘ਕਰਨੀ ਵਾਲੇ ਸੰਤ ਆਏ ਹਨ ਜਿਹੜੇ ਆਪਣੀ ਦ੍ਰਿਸ਼ਟੀ ਨਾਲ ਹੀ ਹਰ ਰੋਗ ਦਾ ਇਲਾਜ ਕਰ ਦਿੰਦੇ ਹਨ।’’ ਇਸ ਤਰ੍ਹਾਂ ਗੱਲ ਸਾਰੇ ਪਿੰਡ ਵਿਚ ਫੈਲ ਗਈ ਤੇ ਲੋਕ ਤੁਹਾਡੇ ਦਰਸ਼ਨਾਂ ਲਈ ਤਰਸਣ ਲੱਗੇ।’’

ਉਸ ਰਾਤ ਹਕੀਮ ਜੀ ਸਾਰੀ ਰਾਤ ਸੌਂ ਨਾ ਸਕੇ। ਸਾਰੀ ਰਾਤ ਇਹੀ ਸੋਚਦੇ ਰਹੇ ਕਿ ਕਿਸ ਤਰ੍ਹਾਂ ਖੰਭਾਂ ਦੀ ਉਡਾਰਾਂ ਬਣ ਜਾਂਦੀਆਂ ਹਨ।