ਚੰਗਾ ਲੱਗਦੇ – ਇੰਦਰਜੀਤ ਪੁਰੇਵਾਲ

0
785

ਮਰਦੇ ਦਮ ਤੱਕ ਸਾਥ ਨਿਭਾਊ ਹਿਜ਼ਰ ਤੇਰੇ ਦਾ ਗਹਿਣਾ।
ਨਾ ਇਸ ਟੁੱਟਣਾ,ਨਾ ਇਸ ਗੁੰਮਨਾ ,ਨਾ ਇਸ ਦਾ ਰੰਗ ਲਹਿਣਾ।

ਮੇਰੇ ਅਤੇ ਹਾਲਾਤਾਂ ਦੇ ਵਿਚ ਜੰਗ ਛਿਡ਼ੀ ਹੈ ਚਿਰ ਤੋਂ,
ਪਤਾ ਨਹੀਂ ਇਹਨਾਂ ਦੋਨਾਂ ਵਿੱਚੋਂ ,ਪਹਿਲਾਂ ਕਿਸ ਨੇ ਢਹਿਣਾ ।

ਦਾਦੀ ਮਾਂ ਤੋਂ ਸੁਣੀਆਂ ਬਾਤਾਂ ਅੱਜ ਵੀ ਯਾਦ ਨ ਮੈਨੂੰ,
ਮੇਰੇ ਬੱਚਿਆਂ ਤਾਂਈ ਮੇਰਾ ਨਾਂ ਵੀ ਯਾਦ ਨਹੀਂ ਰਹਿਣਾ ।

ਚੇਤੇ ਦੀ ਤਹਿ ਹੇਠਾਂ ਦੱਬੀਆਂ ਯਾਦਾਂ ਨੇ ਕੁਝ ਦਿਲ ਵਿਚ,
ਜਦ ਕਿਧਰੇ ਇਹ ਉੱਠ ਖਲੋਵਣ ਮੁਸ਼ਕਿਲ ਹੋ ਜਾਏ ਰਹਿਣਾ ।

ਧੁੱਪ ਚਡ਼ੀ ਤਾਂ ਪਾਲੇ ਮਾਰੇ ਰੁੱਖਾਂ ਜਸ਼ਨ ਮਨਾਏ,
ਅਗਲੇ ਪਲ ਹੀ ਰੁੰਡੀਆਂ ਕਰ ਗਈਆਂ,ਤੇਜ਼ ਹਵਾਵਾਂ ਟਹਿਣਾ ।

ਨੱਚਦੀ ਟੱਪਦੀ ਉੱਡਦੀ ਤਿੱਤਲੀ ਕੰਡਿਆਂ ਨਾਲ ਝਰੀਟੀ,
ਫਿਰ ਵੀ ਉਸ ਨੂੰ ਚੰਗਾ ਲੱਗਦੇ ਫੁੱਲਾਂ ਉੱਤੇ ਬਹਿਣਾ ।