ਪਿਆਜ਼ੀ ਚੁੰਨੀ

0
25

ਡਾਕਟਰ ਪਸ਼ੌਰਾ ਸਿੰਘ ਵਿਚ ਖ਼ਾਨਦਾਨੀ ਅਣਖ ਤੇ ਖਡ਼ਕਾ-ਦਡ਼ਕਾ ਸੀ।

ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਵੀ ਕਲਾ, ਕਲਾਲਾਂ ਦੇ ਮੁੰਡੇ ਨਾਲ ਰਲੀ ਹੋਈ ਹੈ, ਤਾਂ ਉਹ ਲੋਹਾ-ਲਾਖਾ ਹੋ ਗਿਆ। ਉਸ ਨੇ ਬੀਵੀ ਨੂੰ ਕੁੱਟਿਆ, ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿਚ ਝੱਗਾਂ ਛੱਡਦਾ ਹੋਇਆ ਉਸ ਦੀ ਹਿੱਕ ਉਤੇ ਚਡ਼੍ਹ ਬੈਠਾ। ਪੇਟੀ ਨਾਲ ਲਟਕਦਾ ਛੁਰਾ ਕੱਢ ਕੇ ਸੰਘੀ ਨੱਪ ਕੇ ਗਰਜਿਆ “ਦੇਖਣੀ ਏਂ!ਸਿਰ ਕੱਟ ਕੇ ਕਿੱਲੀ ਉੱਤੇ ਟੰਗ ਦੇਸਾਂ!”

ਉਸ ਦਿਨ ਪਿੱਛੋਂ ਉਸ ਦੀ ਬੀਵੀ ਬੱਕਰੀ ਵਾਂਗ ਉਸ ਦੇ ਨਾਲ ਨਾਲ ਤੁਰ ਕੇ ਦੁਕਾਨ ਆਉਂਦੀ, ਸਾਰਾ ਦਿਨ ਉਥੇ ਬੈਠੀ ਰਹਿੰਦੀ ਅਤੇ ਸ਼ਾਮ ਨੂੰ ਉਸੇ ਤਰ੍ਹਾਂ ਚੁੱਪ-ਚਾਪ ਉਸ ਦੇ ਨਾਲ ਘਰ ਮੁਡ਼ਦੀ।

ਦੂਰ-ਦੂਰ ਦੇ ਪਿੰਡਾਂ ਤੀਕ ਪਸ਼ੌਰਾ ਸਿੰਘ ਦੀ ਚਰਚਾ ਸੀ। ਕਿਸੇ ਨੂੰ ਦਾਡ਼੍ਹ-ਪੀਡ਼ ਹੁੰਦੀ ਜਾਂ ਕਿਸੇ ਸ਼ੁਕੀਨ ਨੇ ਦੰਦਾਂ ਵਿਚ ਮੇਖਾਂ ਠੁਕਵਾਉਣੀਆਂ ਹੁੰਦੀਆਂ, ਜਾਂ ਕਿਸੇ ਬੁੱਢੇ ਨੇ ਨਵੇਂ ਦੰਦ ਲਗਵਾਉਣੇ ਹੁੰਦੇ, ਤਾਂ ਸਿੱਧੇ ਡਾਕਟਰ ਪਸ਼ੌਰਾ ਸਿੰਘ ਕੋਲ ਆਉਂਦੇ।

ਇਸ ਦੇ ਇਲਾਵਾ ਖੁੰਢਾਂ ਉੱਤੇ ਬੈਠੇ ਜੱਟਾਂ ਦੇ ਮੁੰਡੇ ਤੇ ਢਾਬੇ ਉਤੇ ਚਾਹ ਪੀਂਦੇ ਬੱਸਾਂ ਦੇ ਡਰਾਈਵਰ ਵੀ ਉਸ ਦੀਆਂ ਗੱਲਾਂ ਕਰਦੇ। ਇਨ੍ਹਾਂ ਵਿਚੋਂ ਕਈ ਮਨਚਲੇ ਦਾਡ਼੍ਹ-ਪੀਡ਼ ਦੇ ਪੱਜ, ਹਾਏ-ਹਾਏ ਕਰਦੇ ਉਸ ਦੀ ਹੱਟੀ ਉਤੇ ਹੋ ਆਏ ਸਨ, ਜਿੱਥੇ ਉਸ ਦੀ ਸੁਹਣੀ ਪੋਠੋਹਾਰਨ ਬੀਵੀ ਬੈਠੀ ਹੁੰਦੀ।

ਪਸ਼ੌਰਾ ਸਿੰਘ ਦੇ ਆਪਣੇ ਦੰਦ ਬਹੁਤ ਮੈਲੇ ਸਨ। ਪਿਲਪਿਲੇ ਮਸੂਡ਼੍ਹੇ, ਵਿਰਲਾਂ ਵਾਲੀ ਪੀਲੀ ਦੰਦਰਾਲ। ਪਰ ਉਹ ਆਖਦਾ, “ਧੋਬੀ ਦੇ ਆਪਣੇ ਕੱਪਡ਼ੇ ਸਦਾ ਮੈਲੇ ਹੀ ਥੀਸਨ।”ਉਹ ਆਪਣੀ ਮਹਿੰਦੀ ਰੰਗੀ ਦਾਡ਼੍ਹੀ, ਫ਼ੌਜੀਆਂ ਵਾਂਗ ਚਡ਼੍ਹਾ ਕੇ ਰਖਦਾ। ਪੂੰਝੇ ਵਾਲੀ ਨੀਲੀ ਪੱਗ ਤੇ ਪਤਲੂਣ ਦੀ ਪੇਟੀ ਨਾਲ ਲਟਕਦੇ ਛੁਰੇ ਦਾ ਬਡ਼ੇ ਫ਼ਖਰ ਨਾਲ ਜ਼ਿਕਰ ਕਰਦਾ। ਜੇ ਇਲਾਕੇ ਦਾ ਕੋਈ ਥਾਣੇਦਾਰ ਜਾਂ ਪਟਵਾਰੀ ਦੁਕਾਨ ਅੱਗੋਂ ਦੀ ਲੰਘਦਾ, ਤਾਂ ਉਹ ਬਡ਼ੇ ਤਪਾਕ ਨਾਲ ਉਸ ਨੂੰ ਫ਼ਤਹਿ ਬੁਲਾਉਂਦਾ ਤੇ ਹੱਥ ਜੋਡ਼ ਕੇ ਆਖਦਾ, “ਸਾਡੇ ਵਲ ਵੀ ਧਿਆਨ ਰਖਣਾ! ਤੁਹਾਡੇ ਸਦਕੇ ਦਾਸ ਵੀ ਚਾਰ ਪੈਸੇ ਖੱਟ ਲੈਸੀ।”

ਹੱਟੀ ਦੇ ਬਾਹਰ ਦੋ ਬੋਰਡ ਲਟਕਦੇ ਸਨ। ਇਕ ਆਦਮੀ ਬਗ਼ੈਰ ਦੰਦਾਂ ਦੇ ਹੱਸ ਰਿਹਾ ਹੈ, ਦੂਜਾ ਨਵੇਂ ਦੰਦਾਂ ਦਾ ਸੈਟ ਲਾਈ ਬੈਠਾ ਮੁਸਕਰਾ ਰਿਹਾ ਹੈ। ਇਕ ਮੈਲੇ ਪਰਦੇ ਪਿਛੇ ਦੰਦਾਂ ਦਾ ਮੁਆਇਨਾ ਕਰਨ ਵਾਲੀ ਲੰਮੀ ਗੱਦੇਦਾਰ ਕੁਰਸੀ ਪਈ ਹੁੰਦੀ, ਜਿਸ ਨੂੰ ਉਹ ਰਾਵਲਪਿੰਡੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ। ਕੋਲ ਫੱਟੇ ਉਤੇ ਕਈ ਪ੍ਰਕਾਰ ਦੇ ਜਮੂਰ ਤੇ ਖੁਰਚਣ ਵਾਲੇ ਔਜ਼ਾਰ ਪਏ ਹੁੰਦੇ। ਇਕ ਪਾਸੇ ਸਟੂਲ ਉਤੇ ਉਸ ਦੀ ਸੋਹਣੀ ਪੋਠੋਹਾਰਨ ਬੀਵੀ ਬੈਠੀ ਹੁੰਦੀ, ਜਿਸ ਦੀ ਪਿਆਜ਼ੀ ਚੁੰਨੀ ਵਾਰ-ਵਾਰ ਉਸ ਦੀਆਂ ਛਾਤੀਆਂ ਉਤੇ ਤਿਲਕਦੀ ਰਹਿੰਦੀ।

ਸਾਰੀ ਮੰਡੀ ਵਿਚ ਪਸ਼ੌਰਾ ਸਿੰਘ ਦੇ ਜਮੂਰ ਤੇ ਪਿਆਜ਼ੀ ਚੁੰਨੀ ਦੀ ਜ਼ਿਕਰ ਸੀ। ਲੋਕ ਡਾਕਟਰ ਨੂੰ ਜਮੂਰ ਤੇ ਉਸ ਦੀ ਬੀਵੀ ਨੂੰ ਪਿਆਜ਼ੀ ਚੁੰਨੀ ਦੇ ਨਾਂ ਨਾਲ ਯਾਦ ਕਰਦੇ। ਇਹ ਕੁਝ ਠੀਕ ਵੀ ਸੀ। ਪਸ਼ੌਰਾ ਸਿੰਘ ਨੇ ਜਮੂਰ ਵਾਂਗ ਹੀ ਪਿਆਜ਼ੀ ਚੁੰਨੀ ਨੂੰ ਫਡ਼ਿਆ ਹੋਇਆ ਸੀ।

ਗੱਲ ਇਸ ਤਰ੍ਹਾਂ ਹੋਈ ਕਿ ਪਸ਼ੌਰਾ ਸਿੰਘ ਦੀ ਪਹਿਲੀ ਬੀਵੀ ਤੇ ਦੋ ਧੀਆਂ ਪਾਕਿਸਤਾਨ ਵਿਚ ਹੀ ਕਤਲ ਹੋ ਗਈਆਂ ਸਨ। ਜਦੋਂ ਉਹ ਇਸ ਮੰਡੀ ਵਿਚ ਆਇਆ ਤਾਂ ਸਿਰਫ਼ ਆਪਣੀ ਬੁੱਢੀ ਮਾਂ ਤੇ ਪੁਰਾਣੀ ਕੁਰਸੀ ਨੂੰ ਹੀ ਨਾਲ ਲਿਆ ਸਕਿਆ ਸੀ। ਉਸ ਦੇ ਗੁਆਂਢ ਵਿਚ ਇਕ ਅੰਨ੍ਹੀ ਪੋਠੋਹਾਰਨ ਤੇ ਉਸ ਦੀ ਜਵਾਨ ਧੀ ਆ ਵਸੇ ਸਨ। ਥੋਡ਼੍ਹੇ ਦਿਨਾਂ ਪਿਛੋਂ ਉਹ ਪਸ਼ੌਰਾ ਸਿੰਘ ਦੇ ਵੱਡੇ ਮਕਾਨ ਵਿਚ ਹੀ ਰਹਿਣ ਲੱਗੇ। ਉਨ੍ਹਾਂ ਨੂੰ ਪਸ਼ੌਰਾ ਸਿੰਘ ਦਾ ਆਸਰਾ ਸੀ। ਮਰਨ ਲੱਗਿਆਂ ਬੁੱਢੀ ਨੇ ਆਪਣੀ ਜਵਾਨ ਧੀ ਦਾ ਵਿਆਹ ਪਸ਼ੌਰਾ ਸਿੰਘ ਨਾਲ ਕਰ ਦਿੱਤਾ ਸੀ।

ਇਕ ਦਿਨ ਦੁਕਾਨ ਤੋਂ ਵਿਹਲਾ ਹੋ ਕੇ ਪਸ਼ੌਰਾ ਸਿੰਘ ਆਪਣੀ ਬੀਵੀ ਨਾਲ ਘਰ ਪਰਤ ਰਿਹਾ ਸੀ। ਬਾਜ਼ਾਰ ਵਿਚ ਕੁੰਜਡ਼ੇ ਦੀ ਦੁਕਾਨ ਉਤੇ ਉਹ ਸਬਜ਼ੀ ਲੈਣ ਲਈ ਰੁਕ ਗਏ। ਉਹ ਭਿੰਡੀਆਂ ਦਾ ਭਾਅ ਕਰਨ ਲੱਗਾ ਤੇ ਉਸ ਦੀ ਬੀਵੀ ਇਕ ਪਾਸੇ ਖਡ਼ੀ ਹੋ ਕੇ  ਉਸ ਨੂੰ ਉਡੀਕਣ ਲੱਗੀ। ਜਦ ਉਹ ਭਿੰਡੀਆਂ ਚੁਣ ਕੇ ਤੇ ਤੁਲਵਾ ਕੇ ਮੁਡ਼ਿਆ ਤਾਂ ਦੇਖਿਆ ਕਿ ਪੱਕੇ ਰੰਗ ਦਾ ਪਤਲਾ, ਲੰਮਾ ਆਦਮੀ ਖੰਭੇ ਹੇਠ ਖਡ਼ਾ ਹੈ ਤੇ ਉਸ ਦੀ ਬੀਵੀ ਉਸ ਵਲ ਵੇਖ ਕੇ ਮੁਸਕਰਾ ਰਹੀ ਹੈ।

ਪਸ਼ੌਰਾ ਸਿੰਘ ਨੇ ਭਿੰਡੀਆਂ ਸੁੱਟ ਕੇ ਬੀਵੀ ਦਾ ਗਲ ਜਾ ਫਡ਼ਿਆ। ਉਸ ਨੂੰ ਝੰਜੋਡ਼ਦਾ ਤੇ ਮਾਰਦਾ ਹੋਇਆ ਬੁੱਕਿਆ, “ਤੂੰ ਉਸ ਕਲਾਲਾਂ ਦੇ ਕੁੱਤੇ ਦਾ ਖਹਿਡ਼ਾ ਨਹੀਂ ਛਡਸੈਂ? ਮੈਂ ਤੇਰੀ ਪਿਆਜ਼ੀ ਚੁੰਨੀ ਫਾਡ਼ ਕੇ ਕਿੱਲੀ ਉਤੇ ਟੰਗ ਦੇਸਾਂ।”

ਲੋਕ ਦੁਕਾਨਾਂ ਦੇ ਥਡ਼੍ਹਿਆਂ ਉਤੇ ਖਡ਼ੇ ਹੋ ਕੇ ਤੱਕਣ ਲੱਗੇ, ਪਰ ਕੋਈ ਨੇਡ਼ੇ ਨਾ ਆਇਆ। ਸਭ ਨੂੰ ਪਸ਼ੌਰਾ ਸਿੰਘ ਦੇ ਗੁੱਸੇ ਅਤੇ ਸ਼ੱਕੀ ਸੁਭਾਅ ਦਾ ਪਤਾ ਸੀ। ਜੇ ਕੋਈ ਹਮਦਰਦੀ ਵਜੋਂ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਪਸ਼ੌਰਾ ਸਿੰਘ ਨੇ ਉਸ ਦੀ ਮੱਕੂ ਵੀ ਠੱਪ ਦੇਣਾ ਸੀ। ਉਹ ਉਸ ਨੂੰ ਥੱਪਡ਼ ਮਾਰਦਾ ਹੋਇਆ ਸਾਰੀ ਮੰਡੀ ਵਿਚੋਂ ਦੀ ਰੋਂਦੀ ਨੂੰ ਘਰ ਲੈ ਗਿਆ।

ਇਸ ਪਿੱਛੋਂ ਬਾਰੂ ਕੁੰਜਡ਼ੇ ਤੇ ਮੁਨਸ਼ੀ ਗੰਗਾ ਰਾਮ ਨੇ ਸਿਰਫ਼ ਇਹੋ ਆਖਿਆ, “ਭਾਈ ਸਾਨੂੰ ਕੀ, ਉਸ ਦੀ ਬੀਵੀ ਐ, ਜੋ ਮਰਜ਼ੀ ਕਰੇ!”

ਇਸੇ ਤਰ੍ਹਾਂ ਛੇ ਮਹੀਨੇ ਲੰਘ ਗਏ। ਪਸ਼ੌਰਾ ਸਿੰਘ ਤੇ ਉਸ ਦੀ ਬੀਵੀ ਰੋਟੀ ਖਾ ਕੇ ਦਸ ਵਜੇ ਦੁਕਾਨ ਉਤੇ ਆਉਂਦੇ। ਸਾਰਾ ਦਿਨ ਉਹ ਦੁਕਾਨ ਉਤੇ ਕੰਮ ਕਰਦਾ। ਜਦੋਂ ਕੋਈ ਗਾਹਕ ਨਾ ਹੁੰਦਾ ਤਾਂ ਉਹ ਰਬਡ਼ ਦੇ ਮਸੂਡ਼੍ਹਿਆਂ ਵਾਲੇ ਦੰਦਾਂ ਦੇ ਸੈੱਟ ਬਣਾਉਣ ਵਿਚ ਰੁੱਝਿਆ ਰਹਿੰਦਾ। ਬੀਵੀ ਨਾਲ ਦਿਨ ਵਿਚ ਮਸਾਂ ਦੋ-ਚਾਰ ਵਾਰ ਹੀ ਗੱਲ ਹੁੰਦੀ।

ਇਕ ਦਿਨ ਉਹ ਘਰੋਂ ਦੁਕਾਨ ਵਲ ਆ ਰਹੇ ਸਨ। ਜੂਨ ਦਾ ਮਹੀਨਾ ਸੀ। ਦਸ ਵਜੇ ਹੀ ਸੂਰਜ ਭੱਠ ਵਾਂਗ ਤਪ ਰਿਹਾ ਸੀ। ਪਸ਼ੌਰਾ ਸਿੰਘ ਤੇ ਉਸ ਦੀ ਬੀਵੀ ਬਾਜ਼ਾਰ ਵਿਚ ਜਾ ਰਹੇ ਸਨ। ਉਸ ਦੀ ਬੀਵੀ ਰਤਾ ਕੁ ਪਿੱਛੇ ਰਹਿ ਗਈ ਸੀ। ਉਹ ਖਡ਼ਾ ਹੋ ਕੇ ਤਿੱਖੀ ਆਵਾਜ਼ ਵਿਚ ਬੋਲਿਆ, “ਪੈਰਾਂ ਨੂੰ ਮਹਿੰਦੀ ਲੱਗੀ ਸਾਈ। ਛੇਤੀ ਤੁਰ, ਹੱਟੀ ਉਤੇ ਗਾਹਕ ਉਡੀਕਦੇ ਹੋਸਨ।”

ਉਸ ਦੀ ਬੀਵੀ ਖਲੋ ਗਈ। ਉਸ ਨੇ ਚੀਖ ਮਾਰੀ ਤੇ ਜੁੱਤੀ ਸੁੱਟ ਕੇ ਨੰਗੇ ਪੈਰੀਂ ਪਿਛਾਂਹ ਨੂੰ ਨੱਸ ਪਈ। ਪਸ਼ੌਰਾ ਸਿੰਘ ਨੇ ਲਲਕਾਰ ਕੇ ਆਖਿਆ, “ਹਰਾਮਜ਼ਾਦੀਏ, ਮੈਂ ਤਾਂ… ”ਉਹ ਉਸ ਦੇ ਮਗਰ ਉਹਨੂੰ ਫਡ਼ਣ ਲਈ ਦੌਡ਼ ਪਿਆ।

ਬੀਵੀ ਇਕ ਥਾਂ ਖਡ਼ੀ ਹੋ ਗਈ ਤੇ ਤਣ ਕੇ ਬੋਲੀ, “ਅੱਗੇ ਵਧਿਆ ਤਾਂ ਮੈਂ ਤੇਰਾ ਢਿੱਡ ਪਾਡ਼ ਦੇਸਾਂ!” ਉਸ ਨੇ ਵਾਲ ਖ਼ਿਲਾਰੇ ਲਏ ਤੇ ਚੰਡੀ ਦਾ ਰੂਪ ਧਾਰ ਕੇ ਗਰਜ਼ੀ, “ਮੈਂ ਅੱਗ ਲਾਉਨੀਂ ਐਂ ਤੇਰੀ ਹੱਟੀ ਨੂੰ! ਦਾਡ਼੍ਹੀ ਪੁੱਟ ਕੇ ਕਿੱਲੇ ਤੇ ਟੰਗ ਦੇਸਾਂ !” ਉਸ ਨੇ ਕੱਖ-ਡੋਰੀਏ ਦੀ ਚੁੰਨੀ ਪਾਡ਼ ਕੇ ਉਸ ਦੇ ਮੂੰਹ ਉਤੇ ਦੇ ਮਾਰੀ ਅਤੇ ਬਾਜ਼ਾਰ ਦੇ ਵਿਚਕਾਰ ਢਾਕਾਂ ਉਤੇ ਹੱਥ ਰੱਖ ਕੇ ਉੱਚੀ-ਉੱਚੀ ਹੱਸਣ ਲੱਗੀ। ਪਸ਼ੌਰਾ ਸਿੰਘ ਸਕਤੇ ਵਿਚ ਆ ਗਿਆ। ਉਹ ਬੋਲਿਆ, “ਕੀ ਬਕਨੀ ਏਂ?”

ਉਹ ਹੋਰ ਵੀ ਉੱਚੀ-ਉੱਚੀ ਹੱਸੀ। ਉਸ ਨੇ ਆਪਣੀ ਕੁਡ਼ਤੀ ਦਾ ਗਲਵਾ ਪਾਡ਼ ਕੇ ਜ਼ੋਰ ਦੀ ਛਾਤੀਆਂ ਉਤੇ ਦੁਹੱਥਡ਼ ਮਾਰੇ ਤੇ ਫਿਰ ਕੂਕਾਂ ਮਾਰਦੀ ਹੋਈ ਨੱਸ ਗਈ।

ਪਸ਼ੌਰਾ ਸਿੰਘ ਦਾ ਸਾਹ-ਸਤ ਜਾਂਦਾ ਰਿਹਾ। ਉਹ ਉਥੇ ਹੀ ਖਡ਼ਾ ਰਹਿ ਗਿਆ। ਲੋਕ ਇਕੱਠੇ ਹੋ ਗਏ।

ਮੁਨਸ਼ੀ ਗੰਗਾ ਰਾਮ ਬੋਲਿਆ, “ਮਗਜ਼ ਨੂੰ ਗਰਮੀ ਚਡ਼੍ਹ ਗਈ!”

ਬਾਰੂ ਕੁੰਜਡ਼ੇ ਨੇ ਆਖਿਆ, “ਵਿਚਾਰੇ ਡਾਕਟਰ ਦਾ ਘਰ ਉਜਡ਼ ਗਿਆ!”

ਪਸ਼ੌਰਾ ਸਿੰਘ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਨੀਵੀਂ ਪਾ ਕੇ ਦੁਕਾਨ ਵਲ ਤੁਰ ਪਿਆ

ਸਾਰੀ ਮੰਡੀ ਵਿਚ ਇਹ ਗੱਲ ਧੁੰਮ ਗਈ ਕਿ ਡਾਕਟਰ ਪਸ਼ੌਰਾ ਸਿੰਘ ਦੀ ਬੀਵੀ ਪਾਗਲ ਹੋ ਗਈ।

ਉਹ ਖੁਲ੍ਹੇ ਗਲਮੇ, ਖੁੱਲ੍ਹੇ ਵਾਲੀਂ. ਨੰਗੇ ਪੈਰੀਂ ਢਾਬਿਆਂ ਤੇ ਮੋਟਰਾਂ ਦੇ ਅੱਡੇ ਤੁਰੀ ਫਿਰਦੀ। ਢਾਬੇ ਉਤੇ ਬੈਠਾ ਕੋਈ ਬਦਮਾਸ਼ ਜੱਟ ਮੁੱਛਾਂ ਨੂੰ ਵੱਟ ਦੇ ਕੇ ਉਸ ਦੇ ਹੁਸਨ ਵੱਲ ਵੇਖਦਾ। ਉਸ ਨੂੰ ਚਾਹ ਪਿਆਉਣ ਦੇ ਬਹਾਨੇ ਅੰਦਰ ਬੁਲਾ ਲੈਂਦਾ ਤੇ ਫੇਰ ਪਿਛਲੀ ਕੋਠਡ਼ੀ ਵਿਚ ਲੈ ਵਡ਼ਦਾ। ਜਦੋਂ ਉਹ ਚਾਹ ਪੀ ਕੇ ਬਾਹਰ ਨਿਕਲਦੀ ਤਾਂ ਉਸ ਦੀਆਂ ਅੱਖਾਂ ਵਿਚ ਖੁਮਾਰ ਤੇ ਖੁਸ਼ੀ ਹੁੰਦੀ।

ਮੋਟਰਾਂ ਦੇ ਡਰਾਈਵਰਾਂ ਨਾਲ ਉਸ ਦਾ ਖ਼ਾਸ ਮੇਲ ਸੀ। ਕਦੇ-ਕਦੇ ਦਿਨ ਢਲੇ ਉਹ ਲਾਰੀ ਨੂੰ ਸਾਧਾਂ ਦੀ ਝਿਡ਼ੀ ਲਾਗੇ ਲਿਜਾ ਖਡ਼੍ਹੀ ਕਰਦੇ। ਉਸ ਦੀ ਛੱਤ ਉਤੇ ਡਾਕਟਰ ਦੀ ਬੀਵੀ ਮਸਤੀ ਵਿਚ ਪਈ ਹੁੰਦੀ। ਇਸ ਸਮੇਂ ਉਸ ਦਾ ਪਾਗਲਪਣ ਲੱਥਾ ਹੁੰਦਾ। ਉਹ ਹਲਕੀ ਫੁੱਲ ਖੁਸ਼ੀ ਵਿਚ ਝੂੰਮਦੀ ਹੋਈ ਕਦੇ ਸਾਧ ਦੇ ਡੇਰੇ ਜਾ ਵਡ਼ਦੀ ਜਾਂ ਬਿਜਲੀ-ਘਰ ਦੇ ਕੁਆਟਰਾਂ ਵਿਚ ਜਾ ਸੌਂਦੀ।

ਕਦੀ-ਕਦੀ ਉਹ ਕਲਾਲਾਂ ਦੇ ਮੁੰਡੇ ਨੂੰ ਮਿਲਣ ਉਸ ਦੀ ਬਗ਼ੀਚੀ ਵਿਚ ਜਾਂਦੀ। ਉਥੇ ਜਾ ਕੇ ਉਹ ਹਲਟੀ ਉਤੇ ਨਹਾਉਂਦੀ, ਕਪਡ਼ੇ ਬਦਲਦੀ ਤੇ ਉਚੇ-ਲੰਮੇ ਮੁਸ਼ਕੀ ਰੰਗ ਦੇ ਕਲਾਲ ਲਈ ਰੋਟੀ ਪਕਾਉਂਦੀ। ਉਸ ਰਾਤ ਉਹ ਉਥੇ ਹੀ ਸੌਂ ਜਾਂਦੀ ਤੇ ਉਸ ਨੂੰ ਆਖਦੀ, “ਇਸ ਪਸ਼ੌਰੇ ਦੇ ਬੱਚੇ ਦੇ ਵਲ ਕੱਢ ਕੇ ਛਡਸਾਂ।”

ਮੰਡੀ ਦੇ ਸਭ ਲੋਕ ਜਾਣਦੇ ਸਨ ਕਿ ਡਾਕਟਰ ਦੇ ਜ਼ੁਲਮ ਸਦਕਾ ਇਹ ਵਿਚਾਰੀ ਪਾਗਲ ਹੋ ਗਈ ਹੈ। ਸਿਰਫ਼ ਡਰਾਈਵਰਾਂ ਤੇ ਕਲਾਲਾਂ ਦੇ ਮੁੰਡੇ ਨੂੰ ਪਤਾ ਸੀ ਕਿ ਉਸ ਵਿਚ ਅਤ੍ਰਿਪਤ ਇਸਤਰੀ ਦੀ ਜਿੱਦ ਸੀ, ਜਿਸ ਨੇ ਲੋਕ-ਲਾਜ ਦੀ ਚੁੰਨੀ ਲਾਹ ਕੇ ਇਸ ਦੀਆਂ ਫੀਤੀਆਂ ਕਰ ਦਿੱਤੀਆਂ ਸਨ। ਉਹ ਤੂਫ਼ਾਨੀ ਨਦੀ ਵਾਂਗ ਮਰਿਆਦਾ ਦੀਆਂ ਹੱਦਾਂ ਤੋਡ਼ ਕੇ, ਅੰਨ੍ਹੇ ਵਾਹ, ਬਿੱਫਰੀ ਹੋਈ ਵਗ ਤੁਰੀ ਸੀ।

ਡਾਕਟਰ ਪਸ਼ੌਰਾ ਸਿੰਘ ਦੀ ਹੱਟੀ ਸੁੰਨੀ ਤੇ ਘਰ ਵੀਰਾਨ ਸੀ। ਬੀਵੀ ਨੂੰ ਮੋਡ਼ ਲਿਆਉਣ ਦੇ ਉਸ ਨੇ ਬਡ਼ੇ ਜਤਨ ਕੀਤੇ, ਪਰ ਕੋਈ ਪੇਸ਼ ਨਾ ਗਈ। ਉਹ ਢਾਬਿਆਂ ਤੇ ਮੋਟਰਾਂ ਦੇ ਅੱਡੇ ਉਤੇ ਕਈ ਵਾਰ ਪੁੱਛਦਾ ਫਿਰਦਾ। ਉਸ ਦੀ ਗੱਲ ਬਾਤ ਵਿਚ ਤਰਲਾ ਤੇ ਨਮੋਸ਼ੀ ਸੀ। ਉਹ ਸਾਧਾਂ ਤੇ ਗੰਡੇ-ਤਾਵੀਜ਼ ਕਰਨ ਵਾਲਿਆਂ ਕੋਲ ਗਿਆ। ਕਈ ਸੁੱਖਾਂ-ਸੁੱਖੀਆਂ ਪਰ ਸਭ ਕੁਝ ਵਿਅਰਥ।

ਕਈ ਵਾਰ ਉਹ ਪਛਤਾਉਂਦਾ ਕਿ ਉਸ ਨੇ ਬੀਵੀ ਨੂੰ ਭਰੇ ਬਾਜ਼ਾਰ ਵਿਚ ਕਿਉਂ ਕੁੱਟਿਆ ਸੀ। ਕਈ ਵਾਰ ਉਹ ਗੁੱਸੇ ਵਿਚ ਕਚੀਚੀਆਂ ਵੱਟਦਾ ਤੇ ਬੀਵੀ ਨੂੰ ਗਾਲ੍ਹਾਂ ਕੱਢਦਾ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੀ ਕਰੇ।

ਹੌਲੀ-ਹੌਲੀ ਉਸ ਨੂੰ ਡਰਾਈਵਰਾਂ ਵਾਲੀ ਗੱਲ ਦਾ ਵੀ ਪਤਾ ਲੱਗ ਗਿਆ। ਉਹ ਬੀਵੀ ਨੂੰ ਢੂੰਡਦਾ ਹੋਇਆ, ਮੱਥਾ ਪਟਕਦਾ, ਕਿਸਮਤ ਨੂੰ ਕੋਸਦਾ ਮੋਟਰਾਂ ਦੇ ਅੱਡੇ ਉਤੇ ਜਾ ਨਿਕਲਿਆ। ਬਾਰਸ਼ ਪੈ ਰਹੀ ਸੀ ਤੇ ਅੱਡੇ ਉਤੇ ਚਿੱਕਡ਼ ਸੀ। ਇਕ ਲਾਰੀ ਖ਼ਾਲੀ ਸੀ ਕਿਉਂਜੁ ਉਸ ਦੇ ਸਭ ਮੁਸਾਫ਼ਰ ਜਾ ਚੁੱਕੇ ਸਨ। ਲਾਰੀ ਦੀ ਛੱਤ ਉਤੇ ਤਰਪਾਲ ਪਈ ਸੀ ਤੇ ਉਸ ਹੇਠ ਬੁੱਘਾ ਡਰਾਈਵਰ ਉਸ ਦੀ ਬੀਵੀ ਨਾਲ ਸ਼ਰਾਬ ਪੀਂਦਾ ਪਿਆ ਸੀ। ਪਸ਼ੌਰਾ ਸਿੰਘ ਨੇ ਢਾਬੇ ਵਾਲੇ ਤੋਂ ਪੁੱਛਿਆ ਤਾਂ ਤਿੰਨ ਸ਼ਰਾਰਤੀ ਮੁੰਡਿਆਂ ਨੇ ਲਾਰੀ ਦੀ ਛੱਤ ਵਲ ਸੈਣਤ ਕੀਤੀ ਤੇ ਖਿਡ਼-ਖਿਡ਼ਾ ਕੇ ਹੱਸ ਪਏ। ਪਸ਼ੌਰਾ ਸਿੰਘ ਦੇ ਸਿਰ ਉਤੇ ਸੌ ਘਡ਼ੇ ਪਾਣੀ ਦੇ ਪੈ ਗਏ। ਉਹ ਹਾਰਿਆ ਹੋਇਆ ਘਰ ਮੁਡ਼ ਆਇਆ।

ਚਾਰ ਮਹੀਨਿਆਂ ਵਿਚ ਪਸ਼ੌਰਾ ਸਿੰਘ ਦੀਆਂ ਹਡ਼ਬਾਂ ਨਿਕਲ ਆਈਆਂ। ਪਤਲੂਣ ਦੀ ਪੇਟੀ ਨਾਲ ਲਟਕਦੇ ਛੁਰੇ ਤੇ ਫ਼ੌਜੀਆਂ ਵਾਂਗ ਚਾਡ਼੍ਹੀ ਦਾਡ਼੍ਹੀ ਦਾ ਸਾਰਾ ਘੁੰਮਡ ਜਾਂਦਾ ਰਿਹਾ।

ਇਕ ਦਿਨ ਉਹ ਦੁਕਾਨ ਤੋਂ ਮੁਡ਼ਿਆ ਤਾਂ ਉਸ ਦੀ ਬੀਵੀ ਘਰ ਬੈਠੀ ਸੀ। ਉਹ ਬਹੁਤ ਹੈਰਾਨ ਹੋਇਆ। ਉਸ ਨੂੰ ਇਉਂ ਲਗਿਆ ਜਿਵੇਂ ਉਹ ਕਿਸੇ ਬੇਗਾਨੇ ਘਰ ਜਾ ਵਡ਼ਿਆ ਹੋਵੇ। ਦੋਹਾਂ ਦੀ ਮੁਲਾਕਾਤ ਬਡ਼ੀ ਓਪਰੀ ਸੀ। ਉਸ ਦਾ ਦਿਲ ਡਰ ਨਾਲ ਕੰਬਣ ਲੱਗਾ। ਕੀ ਪਤਾ ਬੀਵੀ ਮੁਡ਼ ਨੱਸ ਜਾਵੇ। ਉਸ ਨੇ ਬਹੁਤ ਧੀਰਜ ਤੇ ਸੰਕੋਚ ਨਾਲ ਉਸ ਨੂੰ ਰੋਟੀ ਖਾਣ ਲਈ ਪੁੱਛਿਆ। ਬੀਵੀ ਨੇ ਪਸ਼ੌਰਾ ਸਿੰਘ ਦੇ ਧੀਮੇ ਸੁਭਾਅ ਨੂੰ ਜਾਂਚ ਕੇ ਸਿਰ ਹਿਲਾ ਦਿੱਤਾ।

ਪਸ਼ੌਰਾ ਸਿੰਘ ਨੇ ਪੁਚਕਾਰ ਕੇ ਆਖਿਆ, “ਮੁਰਗਾ ਖਾਸੇਂ?”

ਬੀਵੀ ਨੇ ਉਸ ਵਲ ਠਰ੍ਹਮੇ ਨਾਲ ਤੱਕਿਆ ਤੇ ਸਿਰ ਹਿਲਾ ਕੇ ਬੋਲੀ, “ਹਾਂ”

ਇਸ ਨਿੱਕੀ ਜਿਹੀ ਗੱਲ-ਬਾਤ ਪਿੱਛੇ ਸੈਂਕਡ਼ੇ ਅਣਕਹੀਆਂ ਗੱਲਾਂ ਵੀ ਸਨ।

ਪਸ਼ੌਰਾ ਸਿੰਘ ਖਡ਼ੇ-ਪੈਰੀਂ ਬਾਜ਼ਾਰ ਗਿਆ ਤੇ ਬੀਵੀ ਲਈ ਨਵੀਂ ਚੁੰਨੀ, ਕੱਜਲ, ਦੰਦਾਸਾ, ਬਦਾਮ ਤੇ ਮੁਰਗਾ ਲੈ ਆਇਆ। ਬਡ਼ੇ ਪਿਆਰ ਨਾਲ ਉਸ ਨੇ ਇਹ ਚੀਜ਼ਾਂ ਆਪਣੀ ਬੀਵੀ ਅੱਗੇ ਭੇਂਟ ਕੀਤੀਆਂ। ਉਸ ਵਿਚ ਮੁਡ਼ ਪੁਰਾਣਾ ਪਿਆਰ ਜਾਗ ਪਿਆ। ਨਾਲ ਹੀ ਡਰ, ਪਛਤਾਵਾ ਤੇ ਬੇਇੱਜ਼ਤੀ ਦੀ ਸੰਸਾ। ਮਨ ਦੇ ਅੰਦਰ ਕਿਧਰੇ ਗੁੱਸੇ ਦੀ ਚਿਣਗ ਵੀ ਮੱਘ ਰਹੀ ਸੀ।

ਉਹ ਉਸ ਦਾ ਹੱਥ ਫਡ਼ ਕੇ ਗੁੱਸੇ ਨਾਲ ਬੋਲਿਆ, “ਜੇ ਖੇਹ ਖਾਣੀ ਏਂ, ਤਾਂ ਘਰ ਵਿਚ ਬੈਠ ਕੇ ਖਾਹ। ਮੈਂ ਜਾ ਕੇ ਉਸ ਕਲਾਲ ਨੂੰ ਇਥੇ ਲੈ ਆਸਾਂ।”

ਉਸ ਨੇ ਪੇਟੀ ਨਾਲ ਲਟਕਦਾ ਛੁਰਾ ਲਾਹ ਕੇ ਸੰਦੂਕ ਵਿਚ ਰਖ ਦਿੱਤਾ ਤੇ ਸਾਈਕਲ ਉਤੇ ਚਡ਼੍ਹ ਕੇ ਕਲਾਲਾਂ ਦੇ ਮੁੰਡੇ ਨੂੰ ਬੁਲਾਉਣ ਬਗ਼ੀਚੀ ਵਲ ਤੁਰ ਪਿਆ।

ਉਸ ਦੀ ਬੀਵੀ ਨੇ ਅੱਖਾਂ ਵਿਚ ਕੱਜਲ ਪਾਇਆ, ਨਵੀਂ ਪਿਆਜ਼ੀ ਚੁੰਨੀ ਲੀਤੀ ਤੇ ਵਿਹਡ਼ੇ ਵਿਚ ਚੁੱਲ੍ਹੇ ਉਤੇ ਮੁਰਗਾ ਭੁੰਨਣ ਲੱਘੀ।

ਸਾਰੇ ਮੁਹੱਲੇ ਵਿਚ ਮਸਾਲੇ ਵਾਲੇ ਮੁਰਗੇ ਦੇ ਤਡ਼ਕਣ ਦੀ ਮਹਿਕ ਫੈਲ ਗਈ।

ਗੁਆਂਢ ਵਿਚ ਮੁਨਸ਼ੀ ਗੰਗਾ ਰਾਮ ਨੇ ਹੁੱਕੇ ਦੀ ਘੁੱਟ ਭਰ ਕੇ ਆਖਿਆ, ਸ਼ੁਕਰ ਏ, ਪਸ਼ੌਰਾ ਸਿੰਘ ਦਾ ਘਰ ਮੁਡ਼ ਵਸ ਗਿਆ!”