ਪਵਣੁ ਗੁਰੂ ਪਾਣੀ ਪਿਤਾ…

0
92

ਜਪੁ-ਜੀ ਸਾਹਿਬ ਦਾ ਪਾਠ-ਦੀਦਾਰ ਕਰਦਿਆਂ ਅਸੀਂ ਦਰਸ਼ਨ ਕਰਦੇ ਹਾਂ ਕਿ ਜਪਜੀ ਸਾਹਿਬ ਦੇ ਆਰੰਭ ਵਿੱਚ ੴ ਤੋਂ ਗੁਰਪ੍ਰਸਾਦਿ` ਤੱਕ ਦਾ ਮੰਗਲਾ-ਚਰਨ ਹੈ, ਜਿਸ ਦੁਆਰਾ ਗੁਣ-ਨਿਧਾਨ ਅਕਾਲ-ਪੁਰਖ ਵਾਹਗੁਰੂ ਨੇ ਕ੍ਰਿਪਾ ਕਰਕੇ ਗੁਰੁ ਨਾਨਕ ਸਾਹਿਬ ਜੀ ਦੁਆਰਾ ਆਪਣੇ ਗੁਣਾਤਮਿਕ ਦਰਸ਼ਨ ਕਰਵਾਏ ਹਨ। ਤਾਂ ਕਿ ਸਾਨੂੰ ਬੋਧ ਹੋ ਜਾਏ ਕਿ ਇੱਕ ਓਹੀ ਹੈ ਸਾਰੀ ਸ੍ਰਿਸ਼ਟੀ ਦਾ ਮੂਲ। ਇੱਕ ਓਹੀ ਹੈ ਸੰਸਾਰ ਰੂਪ ਦਰਖ਼ਤ ਦਾ ਬੀਜ ਰੂਪ ਮੁੱਢ। ਇਸ ਲਈ ਜ਼ਰੂਰੀ ਹੈ ਕਿ ਸਾਡੇ ਜੀਵਨ ਵਿਹਾਰ ਵਿਚੋਂ ਰੱਬੀ ਗੁਣਾਂ ਦੇ ਝਲਕਾਰੇ ਵੱਜਣ। ਕਿਉਂਕਿ, ਫਲ ਵਿਚੋਂ ਬੀਜਕ ਗੁਣਾਂ ਦਾ ਪ੍ਰਗਟਾ ਹੋਣਾ ਸੁਭਾਵਿਕ ਹੈ। ਅਸਲ ਵਿੱਚ ਇਹੀ ਹੈ ਗੁਰਮਤਿ ਅਨੁਸਾਰ ਰਾਮ-ਨਾਮ ਪ੍ਰਗਾਸ, ਇਹੀ ਹੈ ਰੱਬੀ ਮਿਲਾਪ ਅਥਵਾ ਰੱਬ ਦਾ ਹਿਰਦੇ ਵਿੱਚ ਪ੍ਰਗਟ ਹੋਣਾ।

ਰੱਬੀ ਹੋਂਦ ਨੂੰ ਮੰਨਣ ਵਾਲੇ ਸਾਰੇ ਮਜ਼ਹਬੀ ਆਗੂਆਂ ਨੇ ਰੱਬ ਨਾਲ ਜੁੜ ਕੇ ਰੱਬੀ ਗੁਣ ਗ੍ਰਹਿਣ ਕਰਨ ਦਾ ਸਾਧਨ ਜਪ ਅਥਵਾ ਸਿਮਰਨ ਨੂੰ ਦੱਸਿਆ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅਨੁਭਵ ਕੀਤਾ ਕਿ ਇਹ ਸਾਧਨ ਹੈ ਤਾਂ ਬਿਲਕੁਲ ਸਹੀ, ਪਰ ਬਦਕਿਸਮਤੀ ਨਾਲ ਧਾਰਮਿਕ ਖੇਤਰ ਦੇ ਸੁਆਰਥੀ ਲੋਕਾਂ ਨੇ ਇਸ ਦਾ ਵਪਾਰੀਕਰਨ ਕਰਕੇ ਕਰਮਕਾਂਡੀ ਤੇ ਗੋਰਖਧੰਦਾ ਬਣਾ ਦਿੱਤਾ ਹੈ। ਜਿਸ ਕਰਕੇ ਜਪ ਅਥਵਾ ਸਿਮਰਨ ਦੀਆਂ ਵਖ ਵਖ ਵਿਧੀਆਂ ਮਨੁਖਤਾ ਦੇ ਸਰਬ-ਪੱਖੀ ਵਿਕਾਸ ਵਿੱਚ ਰੁਕਾਵਟ ਬਣ ਰਹੀਆਂ ਹਨ। ਇਸ ਲਈ ਸੰਸਾਰ ਭਰ ਦੇ ਲੋਕਾਂ ਨੂੰ ਜਪ ਅਥਵਾ ਸਿਮਰਨ ਦੀ ਅਸਲੀਅਤ ਤੋਂ ਜਾਣੂ ਕਰਾਉਣ ਲਈ ਜਪਜੀ ਸਾਹਿਬ ਦੀ ਰਚਨਾ ਕਰਨ ਦਾ ਪਰਉਪਕਾਰ ਕੀਤਾ। ਗੁਰਦੇਵ ਜੀ ਸਮਝਾਇਆ ਕਿ ਰੱਬ-ਰੂਪ ਸਚਿਆਰ ਹੋ ਕੇ ਜੀਊਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ ਅਤੇ ਐਸੀ ਜ਼ਿੰਦਗੀ ਲਈ ਇੱਕੋ-ਇੱਕ ਤਰੀਕਾ ਹੈ, ‘ਹੁਕਮ ਰਜ਼ਾਈ ਚੱਲਣਾ` ਰੱਬੀ ਰਜ਼ਾ ਵਿੱਚ ਰਾਜੀ ਹੋ ਕੇ ਜੀਉਣਾ, ਜਿਸ ਨੂੰ ਸਿਰਜਨਹਾਰ ਅਕਾਲਪੁਰਖ ਨੇ ਸੰਸਾਰ ਦੀ ਸਿਰਜਨਾ ਵੇਲੇ ਤੋਂ ਹੀ ਕਾਇਮ ਕੀਤਾ ਹੋਇਆ ਹੈ।

ਆਪ ਜੀ ਸਾਰੇ ਜਾਣਦੇ ਹੋ ਕਿ ਜਪਜੀ ਸਾਹਿਬ ਦੀ ਬਣਤਰ ਵਿੱਖੇ ਅਰੰਭ ਵਿੱਚ ਤੇ ਅਖ਼ੀਰ ਵਿੱਚ, ਇੱਕ ਇੱਕ ਸਲੋਕ ਹੈ ਅਤੇ ਵਿਚਕਾਰ ੩੮ ਪਉੜੀਆਂ ਹਨ। ਆਦਿ ਸਚੁ, ਜੁਗਾਦਿ ਸਚੁ` ਵਾਲਾ ਅਰੰਭਕ ਸਲੋਕ ਜਪਜੀ ਸਾਹਿਬ ਦੀ ਭੂਮਿਕਾ ਹੈ, ਜਿਸ ਰਾਹੀਂ ਜਪੁ ਬਾਣੀ ਮਨੋਰਥ ਪ੍ਰਗਟ ਕੀਤਾ ਗਿਆ ਹੈ। ਉਹ ਹੈ ਮਨੁਖਤਾ ਨੂੰ ਸਦਾ ਥਿਰ ਅਕਾਲਪੁਰਖ ਦੇ ਜਪੁ ਅਥਵਾ ਸਿਮਰਨ ਰਾਹੀਂ ਸੱਚਖੰਡ-ਵਾਸੀ ਸਚਿਆਰ ਬਣ ਕੇ ਜੀਊਣ ਦੀ ਕੁਦਰਤੀ ਜੁਗਤਿ ਸਮਝਾਉਣਾ। ੩੮ ਪਉੜੀਆਂ ਉਸ ਜੁਗਤਿ ਦੀ ਵਿਸ਼ੇਸ਼ ਵਿਆਖਿਆ ਹਨ। ਸਾਹਿਤਕ ਭਾਸ਼ਾ ਵਿੱਚ ਅਰੰਭਕ ਸਲੋਕ ਨੂੰ ਉਪਕ੍ਰਮ ਅਤੇ ਅਖੀਰਲੇ ਸਲੋਕ ਨੂੰ ਉਪਸੰਹਾਰ ਆਖਿਆ ਜਾਂਦਾ ਹੈ, ਜਿਸ ਵਿੱਚ ਸਾਰੀ ਰਚਨਾ ਦਾ ਸਾਰੰਸ਼ ਦਿੱਤਾ ਹੁੰਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਜਪਜੀ ਸਾਹਿਬ ਦਾ ਅਖ਼ੀਰਲਾ ਸਲੋਕ ਜਪਜੀ ਸਾਹਿਬ ਦਾ ਸਾਰ-ਤੱਤ ਹੈ। ਇਸ ਰਾਹੀਂ ਰਾਹੀਂ ਸਮਝਾਇਆ ਗਿਆ ਹੈ ਕਿ ਉਠਦਿਆਂ, ਬਹਿੰਦਿਆਂ, ਚਲਦਿਆਂ ਫਿਰਦਿਆਂ, ਖਾਂਦਿਆਂ ਪੀਂਦਿਆਂ, ਜਾਗਦਿਆਂ ਸੁਤਿਆਂ ਅਤੇ ਕਿਰਤਕਾਰ ਕਰਦਿਆਂ, ਅਸੀਂ ਕਿਸ ਤਰਾਂ ਸਵਾਸ ਸਵਾਸ ਨਾਮ-ਜਪੁ ਅਥਵਾ ਨਾਮ-ਸਿਮਰਨ ਵਿੱਚ ਜੀਊ ਸਕਦੇ ਹਾਂ। ਕਿਉਂਕਿ, ਜਪਜੀ ਸਾਹਿਬ ਵਿੱਚ ਸਮਝਾਈ ਜੀਵਨ ਜੁਗਤਿ ਤੋਂ ਇਲਾਵਾ, ਹੋਰ ਕੋਈ ਐਸੀ ਵਿਧੀ-ਵਿਧਾਨ ਅ੍ਰਥਾਤ ਜੁਗਤੀ ਨਹੀਂ, ਜਿਸ ਦੀ ਬਦੌਲਤ ਅੱਠੇ ਪਹਿਰ ਰੱਬੀ ਯਾਦ ਵਿੱਚ ਜੀਵਿਆ ਜਾ ਸਕੇ। ਨਾਮ ਧਿਆਇਆ ਜਾ ਸਕੇ। ਜਿਸ ਦੀ ਬਦੌਲਤ ਜ਼ਿੰਦਗੀ ਦੀ ਸਾਰੀ ਮਸ਼ੱਕਤ ਭਰੀ ਘਾਲਣਾ ਰੱਬੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹੇ। ਅਸੀਂ ਜਪੁ-ਜੀ ਸਾਹਿਬ ਵਿੱਚ ਪ੍ਰਗਟਾਏ ਸੱਚ ਦੇ ਗਵਾਹ ਬਣੀਏ ਤੇ ਜੀਵਨ ਦੇ ਹਰੇਕ ਖੇਤਰ ਵਿੱਚ ਸਾਡਾ ਮੁਖ ਉਜਲਾ ਹੋਵੇ।

ਗੁਰਬਾਣੀ ਦਾ ਵਿਚਾਰ ਪੂਰਵਕ ਪਾਠ ਕਰਨ ਵਾਲੇ ਸਤਿਸੰਗੀ ਜਾਣਦੇ ਹਨ ਕਿ ਜਪਜੀ ਸਾਹਿਬ ਰਾਹੀਂ ਦਰਸਾਈ ਗਈ ਉਹ ਸਰਬਸਾਂਝੀ, ਸਰਬਦੇਸ਼ੀ, ਸਰਬਕਾਲੀ ਤੇ ਸਰਲਤਾ ਭਰਪੂਰ ਸਹਜਮਈ ਜੀਵਨ ਜੁਗਤਿ ਹੈ: ਰੱਬੀ ਹੁਕਮ ਦੁਆਰਾ “ਰਾਤੀ ਰੁਤੀ ਥਿਤੀ ਵਾਰ।। ਪਵਣ ਪਾਣੀ ਅਗਨੀ ਪਾਤਾਲ।।” ਦੇ ਰੂਪ ਵਿੱਚ ਬਣੀ ਜਗਤ ਦੀ ਬਣਤਰ, ਜਿਸ ਵਿੱਚ ਧਰਤੀ ਥਾਪ ਰੱਖੀ ਹੈ ਧਰਮਸ਼ਾਲ, ਉਸ ਵਿੱਚ ‘ਹੁਕਮੀ ਹੁਕਮ ਚਲਾਏ ਰਾਹੁ` ਦੇ ਮੁਖਵਾਕ ਮੁਤਾਬਿਕ ਜਗਤ ਦੇ ਵਖ ਵਖ ਕੁਦਰਤੀ ਅੰਗਾਂ ਨੂੰ ਆਪੋ ਆਪਣੇ ਰਾਹ `ਤੇ ਚਲਾਈ ਜਾ ਰਹੇ ਹੁਕਮ (ਕੁਦਰਤੀ ਨਿਯਮ) ਨੂੰ ਸਮਝਦਿਆਂ, ਕੁਦਰਤੀ ਅੰਗਾਂ ਚੋਂ ਪ੍ਰਗਟ ਹੁੰਦੇ ਰੱਬੀ ਗੁਣਾਂ ਨੂੰ ਗ੍ਰਹਿਣ ਕਰਕੇ ਜੀਊਣਾ। ਇਹੀ ਹੈ ਰੱਬੀ ਹੁਕਮ ਨੂੰ ਬੁੱਝਣਾ ਤੇ ਹੁਕਮ ਰਜ਼ਾਈ ਚੱਲਣਾ, ਜਿਸ ਦੀ ਬਦੌਲਤ ਸਾਡੇ ਅੰਦਰਲੀ ਹਉਮੈ ਰੂਪ ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਅਸੀਂ ਰੱਬ-ਰੂਪ ਸਚਿਆਰ ਹੋ ਕੇ ਮਾਲਕ ਪ੍ਰਭੂ ਦੀ ਪਾਰਖੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਾਂ।

ਕਿਉਂਕਿ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸਿਖਿਆ ਸੁਣ ਕੇ ਸਮਝ ਆ ਜਾਂਦੀ ਹੈ ਕਿ ਪਵਣ, ਪਾਣੀ, ਅਗਨੀ ਅਤੇ ਧਰਤੀ ਤੇ ਅਕਾਸ਼ ਆਦਿਕ ਤੱਤਾਂ ਦੇ ਸੁਮੇਲ ਵਾਲੇ ਜਗਤ ਦੇ ਇਸ ‘ਤੀਨ ਛੰਦੇ` (ਤ੍ਰਿਗੁਣੀ) ਖੇਲ ਵਿੱਚ, ਹੁਕਮੀ ਪ੍ਰਭੂ ਆਪ ਹੀ ਹੁਕਮ ਰੂਪ ਹੋ ਕੇ ਇਹ ਸਾਰਾ ਖੇਲ ਖੇਡ ਰਿਹਾ ਹੈ। ਗੁਰਵਾਕ ਹੈ:

ਗੁਰਮੁਖਿ ਧਰਤੀ, ਗੁਰਮੁਖਿ ਪਾਣੀ।। ਗੁਰਮੁਖਿ, ਪਵਣੁ ਬੈਸੰਤਰੁ ਖੇਲੈ ਵਿਡਾਣੀ।।

ਸਤਿਗੁਰਾਂ ਦਾ ਨਿਰਣਾ ਹੈ ਕਿ ਐਸੀ ਸੋਝੀ ਰੱਖਣ ਵਾਲਾ ਗੁਰਮੁਖ ਮਨੁਖ, ਵਿਕਾਰਾਂ ਦੇ ਟਾਕਰੇ ਜੀਵਨ ਖੇਲ ਦੀ ਬਾਜ਼ੀ ਜਿੱਤ ਜਾਂਦਾ ਹੈ ਅਤੇ ਪ੍ਰਭੂ ਦੇ ਦਰ ਪ੍ਰਵਾਨ ਚੜ੍ਹਦਾ ਹੈ। ਗੁਰਵਾਕ ਹੈ:

ਹਰਿ ਆਪੇ ਖੇਲੈ, ਆਪੇ ਦੇਖੈ; ਹਰਿ ਆਪੇ ਰਚਨੁ ਰਚਾਇਆ।।

ਜਨ ਨਾਨਕ, ਗੁਰਮੁਖਿ ਜੋ ਨਰੁ ਖੇਲੈ; ਸੋ, ਜਿਣਿ ਬਾਜੀ ਘਰਿ ਆਇਆ।। ੪।।

“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।” ਗੁਰਵਾਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾਉਂਦੇ ਹਨ ਕਿ ਜਗਤ ਲਈ ਪਵਣ ਅ੍ਰਥਾਤ ਹਵਾ ਇਉਂ ਹੈ, ਜਿਵੇਂ ਆਤਮਕ ਤੌਰ `ਤੇ ਜ਼ਿੰਦਾ ਰਹਿਣ ਲਈ ਗੁਰੂ। ਕਿਉਂਕਿ, ਜੀਵਾਂ ਅੰਦਰ ਚੱਲਣ ਵਾਲੇ ਪ੍ਰਾਣ, ਪਵਣ ਦਾ ਹੀ ਇੱਕ ਰੂਪ ਹਨ, ਜਿਨ੍ਹਾਂ ਤੋਂ ਬਿਨਾਂ ਸਰੀਰਕ ਤਲ `ਤੇ ਜ਼ਿੰਦਾ ਰਹਿ ਸਕਣਾ ਅਸੰਭਵ ਹੈ। ਪ੍ਰਾਣੀਆਂ ਦੇ ਸਰੀਰਾਂ ਅਤੇ ਸਾਜਾਂ ਆਦਿਕ ਰਾਹੀਂ ਪੈਦਾ ਹੋਣ ਵਾਲੀ ਜਿਤਨੀ ਵੀ ਸ਼ਬਦ ਧੁਨੀ ਹੈ, ਭਾਵੇਂ ਜੀਵਾਂ ਦੀਆਂ ਅਵਾਜ਼ਾਂ ਤੇ ਹੋਰ ਗੱਲ-ਬਾਤ ਅਤੇ ਭਾਵੇਂ ਰਾਗ ਨਾਦ, ਇਸ ਦਾ ਅਧਾਰ ਵੀ ਹਵਾ ਹੈ। ਜੇ ਹਵਾ ਨਾ ਹੋਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਅਵਾਜ਼ ਪੈਦਾ ਹੀ ਨਹੀਂ ਹੋ ਸਕਦੀ ਅਤੇ ਨਾ ਹੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਹੈ। ਗੁਰਬਾਣੀ ਦੇ ਰੂਪ ਵਿੱਚ ਜਿਨ੍ਹੇ ਵੀ ਸ਼ਬਦ ਗੁਰੁ ਸਾਹਿਬਾਨ ਤੇ ਵਖ ਵਖ ਭਗਤ-ਜਨਾਂ ਵਲੋਂ ਉਚਾਰਨ ਕੀਤੇ ਗਏ ਹਨ, ਉਹ ਵੀ ਹਵਾ ਦਾ ਸਹਾਰੇ ਹੀ ਪ੍ਰਗਟ ਹੋਏ ਹਨ।

ਪਾਣੀ ਪਿਤਾ, ਮਾਤਾ ਧਰਤਿ ਮਹਤ` ਪਾਣੀ ਜਗਤ ਲਈ ਇਉਂ ਹੈ, ਜਿਵੇਂ ਪ੍ਰਾਣੀਆਂ ਲਈ ਪਿਤਾ ਅਤੇ ਧਰਤੀ ਇਉਂ ਹੈ, ਜਿਵੇਂ ਮਹਾਨ ਮਾਤਾ। ਕਿਉਂਕਿ, ਜਿਵੇਂ ਪਿਤਾ ਅਤੇ ਮਾਤਾ ਦੇ ਸਰੀਰਕ ਸੰਜੋਗ ਤੋਂ ਜੀਵਾਂ ਦਾ ਜਨਮ ਹੁੰਦਾ ਹੈ, ਮਾਂ ਆਪਣੀ ਕੁਖ ਵਿੱਚ ਬੱਚੇ ਨੂੰ ਪਾਲਦੀ ਹੈ। ਤਿਵੇਂ ਹੀ ਪਾਣੀ ਅਤੇ ਧਰਤੀ ਦੇ ਸੰਜੋਗ ਤੋਂ ਹੀ ਜੀਵਾਂ ਦੀ ਉਤਪਤੀ ਤੇ ਪਾਲਣਾ ਦਾ ਸਿਲਸਲਾ ਚਲਦਾ ਹੈ। ਮਨੁਖੀ ਸਰੀਰ ਦਾ ਪੁਤਲਾ ਵੀ ਤਾਂ ਪਿਤਾ ਦੇ ਵੀਰਜ ਰੂਪ ਪਾਣੀ ਅਤੇ ਮਾਂ ਦੀ ਰਕਤ ਰੂਪ ਮਿੱਟੀ ਦੇ ਮੇਲ ਤੋਂ ਹੀ ਹੋਂਦ ਵਿੱਚ ਆਇਆ ਹੈ, ਜਿਹੜਾ ਪ੍ਰਾਣਾਂ ਦੇ ਰੂਪ ਵਿੱਚ ਹਵਾ ਦੇ ਥੰਮਾਂ `ਤੇ ਖੜਾ ਹੈ। ਗੁਰਵਾਕ ਹੈ: ਪਾਣੀ ਮੈਲਾ, ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ। ਇਸ ਤੋਂ ਇਲਾਵਾ ‘ਪਾਣੀ ਪਿਤਾ ਜਗਤ ਕਾ, ਫਿਰਿ ਪਾਣੀ ਸਭੁ ਖਾਇ।। ਗੁਰਵਾਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਹੈ।

ਦਿਵਸੁ ਰਾਤਿ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ।।

ਸ਼ਾਹੀ ਘਰਾਣਿਆਂ ਵਿੱਚ ਬੱਚਿਆਂ ਨੂੰ ਦਿਨ ਵੇਲੇ ਖਿਡਾਉਣ ਅਤੇ ਸੈਰ ਆਦਿਕ ਕਰਾਉਣ ਲਈ ਖਿਡਾਵਾ ਰੱਖਿਆ ਹੁੰਦਾ ਹੈ, ਜਿਸ ਨੂੰ ਦਾਇਆ ਕਿਹਾ ਜਾਂਦਾ ਹੈ। ਰਾਤ ਵੇਲੇ ਬੱਚਿਆਂ ਨੂੰ ਸਲਾਉਣ ਅਤੇ ਦੁੱਧ ਆਦਿਕ ਪਿਲਾਉਣ ਲਈ ਨੌਕਰਾਣੀ ਰੱਖੀ ਜਾਂਦੀ ਹੈ, ਉਸ ਨੂੰ ਦਾਈ ਕਿਹਾ ਜਾਂਦਾ ਹੈ। ਹਜ਼ੂਰ ਦਾ ਕਥਨ ਹੈ ਕਿ ਪ੍ਰਭੂ ਪਾਤਸ਼ਾਹ ਦੀ ਸੰਤਾਨ ਜਗਤ ਦੇ ਜੀਵਾਂ ਲਈ ‘ਦਿਵਸ ਰਾਤ ਦੁਇ ਦਾਈ ਦਾਇਆ` ਹਨ। ਭਾਵ, ਦਿਨ ਤੇ ਰਾਤ ਦੋਵੇਂ ਦਾਈ ਦਾਇਆ ਦੇ ਰੂਪ ਵਿੱਚ ਖਿਡਾਵੇ ਹਨ, ਜਿਨ੍ਹਾਂ ਦੀ ਗੋਦ ਵਿੱਚ ‘ਖੇਲੇ ਸਗਲ ਜਗਤ; ਸਾਰਾ ਸੰਸਾਰ ਖੇਲ ਰਿਹਾ ਹੈ। ਦਿਨ ਵੇਲੇ ਜੀਅ-ਜੰਤ ਕਈ ਤਰ੍ਹਾਂ ਦੇ ਕਿਰਿਆ ਕਰਮ ਕਰਦੇ ਹਨ ਅਤੇ ਰਾਤ ਨੂੰ ਅਰਾਮ ਲਈ ਸੌਂਦੇ ਹਨ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਗ ਮਾਰੂ ਦੇ ਇੱਕ ਸ਼ਬਦ ਰਾਹੀਂ ਜਪਜੀ ਸਾਹਿਬ ਦੇ ਇਸ ਸ਼ਲੋਕ ਵਿੱਚਲੀ ਪਹਿਲੀ ਤੁਕ ਦੀ ਵਿਆਖਿਆ ਕਰਦਿਆਂ ਇਹ ਰਾਜ਼ ਖੋਲਿਆ ਹੈ ਕਿ ਪਵਣ, ਪਾਣੀ ਤੇ ਧਰਤੀ ਆਦਿਕ, ਜੋ ਸਰੀਰਕ ਪੱਖ ਤੋਂ ਸਾਡੀ ਹੋਂਦ ਦਾ ਅਧਾਰ ਪਏ ਜਾਪਦੇ ਹਨ, ਅਸਲ ਵਿੱਚ ਇਨ੍ਹਾਂ ਦੇ ਰਾਹੀਂ ਅਕਾਲ ਪੁਰਖ ਵਾਹਗੁਰੂ ਆਪ ਹੀ ਜਗਤ ਦਾ ਇਹ ਸਾਰਾ ਖੇਲ, ਖੇਲ ਰਿਹਾ ਹੈ। ਗੁਰਵਾਕ ਹੈ:

ਪਉਣੁ ਗੁਰੂ ਪਾਣੀ ਪਿਤ ਜਾਤਾ।। ਉਦਰ ਸੰਜੋਗੀ ਧਰਤੀ ਮਾਤਾ।। ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ।। ੧੦।। ਗੁਰੂ ਗ੍ਰੰਥ ਸਾਹਿਬ – ਅੰਗ ੧੦੨੧

ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜਪਜੀ ਸਾਹਿਬ ਦੇ ਇਸ ਪਾਵਨ ਸਲੋਕ ਨੂੰ ਇਸੇ ਹੀ ਦ੍ਰਿਸ਼ਟੀਕੋਨ ਤੋਂ ਵਿਚਾਰਿਆ ਹੈ:

ਪਵਣ ਗੁਰੂ ਗੁਰੁ ਸਬਦੁ ਹੈ, ਰਾਗ ਨਾਦ ਵੀਚਾਰਾ।

ਮਾਤ ਪਿਤਾ ਜਲੁ ਧਰਤਿ ਹੈ, ਉਤਪਤ ਸੰਸਾਰਾ।

ਦਾਈ ਦਾਇਆ ਰਾਤਿ ਦਿਹੁ, ਵਰਤੇ ਵਰਤਾਰਾ।

ਸਿਵ ਸਕਤੀ ਦਾ ਖੇਲੁ ਮੇਲੁ, ਪਰਕਿਰਤਿ ਪਸਾਰਾ।

ਪਾਰਬ੍ਰਹਮ ਪੂਰਨ ਬ੍ਰਹਮ, ਘਟਿ ਚੰਦ੍ਰ ਅਕਾਰਾ।

ਆਪੇ ਆਪਿ ਵਰਤਦਾ ਗੁਰਮੁਖਿ ਨਿਰਧਾਰਾ।। ੧੯।।

ਭਾਈ ਗੁਰਦਾਸ ਜੀ (ਵਾਰ ੨ ਪਉੜੀ ੧੯)

ਆਪੇ ਆਪਿ ਵਰਤਦਾ, ਗੁਰਮੁਖਿ ਨਿਰਧਾਰਾ। ਦੀ ਤੁਕ ਭਾਈ ਸਾਹਿਬ ਜੀ ਦੀ ਰਚਿਤ ਪਉੜੀ ਦਾ ਸਾਰ-ਤੱਤ ਹੈ। ਇਸ ਦਾ ਭਾਵਾਰਥ ਵੀ ਉਪਰੋਕਤ ਗੁਰਸ਼ਬਦ ਮੁਤਾਬਿਕ ਇਹੀ ਹੈ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਦਾ ਨਿਰਣੇ-ਜਨਕ ਵਿਸ਼ਵਾਸ ਹੁੰਦਾ ਹੈ ਕਿ ਕੁਦਰਤ ਅੰਦਰਲੇ ਤੱਤਾਂ ਦੇ ਰੂਪ ਵਿੱਚ ਅਕਾਲ ਪੁਰਖ ਆਪ ਹੀ ਸਾਡੀ ਜ਼ਿੰਦਗੀ ਦਾ ਸਾਰਾ ਖੇਲ, ਖੇਲ ਰਿਹਾ ਹੈ।

ਸੋ ਇਸ ਪ੍ਰਕਾਰ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੀ ਹਸਤੀ ਹੋਂਦ ਦੇ ਵਿਖਰੇਵੇਂ ਦੀ ਹਉਮੈ ਵਾਲੀ ਕੂੜ ਦੀ ਪਾਲ ਨੂੰ ਢਾਹ ਕੇ ਜਿਹੜਾ ਮਨੁਖ ਰੱਬੀ ਹੋਂਦ ਦੇ ਵਿਸ਼ਵਾਸ਼ ਅਤੇ ਉਹਦੀ ਹਜ਼ੂਰੀ ਦੇ ਅਹਿਸਾਸ ਵਿੱਚ ਜਿਊਂਦਾ ਹੈ, ਉਸ ਕੋਲੋਂ ਕਿਸੇ ਵੀ ਖੇਤਰ ਵਿੱਚ ਕੋਈ ਅਜਿਹਾ ਬੁਰਾ ਕੰਮ ਹੋਣਾ ਅਸੰਭਵ ਹੋ ਜਾਂਦਾ ਹੈ, ਜਿਸ ਕਾਰਨ ਉਸ ਨੂੰ ਰੱਬੀ ਹਜ਼ੂਰੀ ਵਿੱਚ ਸ਼ਰਮਿੰਦਗੀ ਉਠਾਉਣੀ ਪਵੇ। ਕਿਉਂਕਿ, ਜਗਤ ਦਾ ਖੇਲ ਚਲਾ ਰਹੇ ਪਵਣ, ਪਾਣੀ ਤੇ ਧਰਤੀ ਆਦਿਕ ਅੰਗਾਂ ਦੁਆਰਾ ਉਸ ਨੂੰ ਕਈ ਤਰ੍ਹਾਂ ਰੱਬੀ-ਗੁਣ ਪ੍ਰਗਟ ਹੁੰਦੇ ਜਾਪਦੇ ਹਨ। ਕਿਉਂਕਿ, ਅਜਿਹੇ ਕੁਦਰਤੀ ਅੰਗਾਂ ਨੂੰ ਉਹ ਸਧਾਰਨ ਪਦਾਰਥ ਦੇਖਣ ਦੀ ਥਾਂ ਸ੍ਰਿਸ਼ਟੀ ਦੇ ਮੂਲ ਅਕਾਲ-ਪੁਰਖ ਦਾ ਰੂਪ ਦੇਖਦਾ ਹੈ। ਦਿਨ ਅਤੇ ਰਾਤ ਉਸ ਨੂੰ ਆਪਣੇ ਕੀਤੇ ਕੰਮਾਂ ਦੇ ਗਵਾਹ ਦਿਸਣ ਲਗਦੇ ਹਨ। ਸੋ ਅਜਿਹੀ ਦਿਬ-ਦ੍ਰਿਸ਼ਟੀ ਹੋਣ ਕਰਕੇ ਜਿਥੇ ਉਹ ਭੈੜੇ ਕੰਮਾਂ ਤੋਂ ਬਚਿਆ ਰਹਿੰਦਾ ਹੈ; ਉਥੇ ਉਹ, ਪਵਣ ਤੋਂ ਰੱਬੀ ਰਜ਼ਾ ਵਿੱਚ ਚੱਲਦਿਆਂ ਸਮਾਨਤਾ ਅਤੇ ਕਿਸੇ ਦੀ ਮੁੱਠੀ ਵਿੱਚ ਬੰਦ ਨਾ ਹੋਣ ਦੀ ਭਾਵਨਾ ਦਾ ਗੁਣ, ਪਾਣੀ ਤੋਂ ਨਿਮਰਤਾ ਤੇ ਨਿਰਮਲਤਾ ਦਾ ਗੁਣ ਅਤੇ ਧਰਤੀ ਤੋਂ ਧੀਰਜ, ਖਿਮਾਂ ਤੇ ਸਹਿਨ-ਸ਼ੀਲਤਾ ਆਦਿਕ ਦੈਵੀ-ਗੁਣ ਗ੍ਰਹਿਣ ਕਰਕੇ ਜੀਊਣ ਲਈ ਯਤਨਸ਼ੀਲ ਰਹਿੰਦਾ ਹੈ।

ਭਗਤ ਕਬੀਰ ਸਾਹਿਬ ਜੀ ਕਥਨ ਹੈ ਕਿ ਐਸੀ ਰਹਿਤ ਰਹਿ ਕੇ ਮੈਂ ਹਰੀ ਦੇ ਪਾਸ ਰਹਿੰਦਾ ਹੈ। ਭਾਵ, ਆਪਣੇ ਆਪ ਨੂੰ ਹਰੀ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਮਹਿਸੂਸ ਕਰਦਾ ਹਾਂ। ਇਸ ਪ੍ਰਕਾਰ ਨਾਮ ਧਿਆਉਂਦਾ ਹੋਇਆ ਸਹਿਜ ਅਵਸਥਾ ਅਜਿਹੇ ਘਰ ਵਿੱਚ ਟਿਕ ਜਾਂਦਾ ਹੈ, ਜਿਥੇ ਮਨ ਦੇ ਭਟਕਣ ਦੀ ਕੋਈ ਸੰਭਾਵਨਾ ਹੀ ਨਹੀਂ ਰਹਿੰਦੀ। ਭਗਤ ਜੀ ਨੇ ਆਪਣੀ ਰਚਨਾ ਵਿੱਚ ਪਾਣੀ ਲਈ ਅਪ, ਅਗਨੀ ਲਈ ਤੇਜ, ਹਵਾ ਲਈ ਬਾਇ ਅਤੇ ਧਰਤੀ ਲਈ ਪ੍ਰਿਥਮੀ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੇ ਅੰਮ੍ਰਿਤ ਬਚਨ ਹਨ:

ਅਪੁ, ਤੇਜੁ, ਬਾਇ, ਪ੍ਰਿਥਮੀ ਆਕਾਸਾ।। ਐਸੀ ਰਹਤ ਰਹਉ ਹਰਿ ਪਾਸਾ।। ਕਹੈ ਕਬੀਰ ਨਿਰੰਜਨ ਧਿਆਵਉ।। ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ।। ੪।। ੧੮।। – ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ – ਅੰਗ ੩੨੭

ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ।।

‘ਸਾਚਾ ਸਾਹਿਬ, ਸਾਚ ਨਾਇ` ਗੁਰਵਾਕ ਅਨੁਸਾਰ ਗੁਰੁ ਦੇ ਸਮਨੁਖ ਹੋ ਕੇ ਜੀਊਣ ਵਾਲੇ ਵਡਭਾਗੀ ਬੰਦੇ ਅੰਦਰ, ਅਕਾਲਪੁਰਖ ਦੀ ਸਰਬ ਵਿਆਪਕ ਹੋਂਦ ਦਾ ਭਰੋਸਾ ਹੋਣ ਕਰਕੇ ਅਜਿਹਾ ਨਿਰਮਲ ਭਉ ਬਣਿਆ ਰਹਿੰਦਾ ਹੈ ਕਿ ਧਰਮਰਾਜ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਜੀਵਾਂ ਦੀਆਂ ਚੰਗਿਆਈਆਂ ਤੇ ਬੁਿਰਆਈਆਂ ਨੂੰ, ਚੰਗੇ ਤੇ ਮੰਦੇ ਕੰਮਾਂ ਨੂੰ ਵਿਚਾਰਦਾ ਹੈ। ਧਰਮੁ ਲਫ਼ਜ਼ ਇਥੇ ਧਰਮਰਾਜ ਦੇ ਅਰਥਾਂ ਵਿੱਚ ਮਾਨਵੀਕਰਨ ਅਲੰਕਾਰ ਵਿੱਚ ਵਰਤਿਆ ਹੈ। ਜਿਸ ਦਾ ਭਾਵ ਇਹ ਹੈ ਕਿ ਅਕਾਲ ਪੁਰਖ ਵਲੋਂ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਹੁਕਮ ਰੂਪੀ ਮਹਾਂ ਨੀਯਮ ਅਨੁਸਾਰ ਚੰਗੇ ਕੰਮ ਦਾ ਚੰਗਾ ਫਲ ਅਤੇ ਮੰਦੇ ਕੰਮ ਦਾ ਮੰਦਾ ਫਲ ਜੀਵਾਂ ਨਾਲੋ ਨਾਲ ਹੀ ਮਿਲੀ ਜਾਂਦਾ ਹੈ।

ਜਿਵੇਂ ਕੋਈ ਧਰਤੀ ਵਿੱਚ ਜੈਸਾ ਬੀਜੇ, ਓਸਾ ਹੀ ਉਹ ਫਲ ਖਾਂਦਾ ਹੈ। ਜ਼ਹਿਰ ਖਾ ਲਏ ਤਾਂ ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਵੀ ਉਸ ਦਾ ਤਤਕਾਲ ਮਰਨਾ ਅਵਸ਼ਕ ਹੈ। ਕਿਉਂਕਿ, ਰੱਬੀ ਹਜ਼ੂਰੀ ਵਿੱਚ ਨਿਬੇੜਾ, ਕਿਸੇ ਦੀਆਂ ਗੱਲਾਂ ਸੁਣ ਕੇ ਨਹੀਂ ਹੁੰਦਾ, ਕਰਮਾਂ ਅਨੁਸਾਰ ਹੁੰਦਾ ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਧਰਮੀ ਮਨੁਖ ਐਸਾ ਮੰਦਾ ਕੰਮ, ਮੂਲੋਂ ਹੀ ਨਹੀਂ ਕਰਦਾ, ਜਿਸ ਕਰਕੇ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਉੱਜਲ ਮੁਖ ਹੋਣ ਦੀ ਥਾਂ ਸ਼ਰਮਿੰਦਾ ਹੋਣਾ ਪਵੇ। ਕਿਉਂਕਿ, ਗੁਰਮੁਖ ਹੋਣ ਕਰਕੇ ਉਸ ਨੂੰ ਸੋਝੀ ਹੁੰਦੀ ਹੈ:

ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ।।

ਆਪਣੇ ਕਰਮਾ ਕਰਕੇ ਕਈ ਜੀਵ ਰਬ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਰੱਬ ਤੋਂ ਦੂਰ ਹੋ ਜਾਂਦੇ ਹਨ। ਭਾਵ, ਰੱਬ ਦੀ ਨੇੜਤਾ ਅਤੇ ਰੱਬ ਤੋਂ ਦੂਰੀ, ਸਾਡੇ ਜੀਵਨ ਵਿਹਾਰ ਤੇ ਨਿਰਭਰ ਕਰਦੀ ਹੈ, ਨਾ ਕਿ ਸਾਡੀਆਂ ਧਾਰਮਿਕ ਗੱਲਾਂ, ਧਾਰਮਿਕ ਲਿਬਾਸ ਅਤੇ ਮਿਥੇ ਹੋਏ ਵਿਖਾਵੇ ਦੇ ਧਾਰਮਿਕ ਕਰਮਕਾਂਡਾ ਉਪਰ।

ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ।।

ਸੋ, ਜਿਨ੍ਹਾਂ ਵਡਭਾਗੀ ਮਨੁਖਾਂ ਨੇ ਜਪਜੀ ਸਾਹਿਬ ਦੇ ਆਰੰਭਕ ਸੁਆਲ ‘ਕਿਵ ਸਚਿਆਰਾ ਹੋਈਐ` ਨੂੰ ਆਪਣੀ ਜ਼ਿੰਦਗੀ ਦਾ ਟੀਚਾ ਮੰਨ ਕੇ ਨਾਮ ਧਿਆਇਆ, ਭਾਵ ਰੱਬ ਨੂੰ ਸਦਾ ਆਪਣੇ ਧਿਆਨ ਵਿੱਚ ਰੱਖ ਕੇ ‘ਜੋ ਤੁਧ ਭਾਵੈ ਸਾਈ ਭਲੀਕਾਰ` ਦਾ ਇਲਾਹੀ ਗੀਤ ਗਉਂਦਿਆਂ ਸਰਬਤ ਦੇ ਭਲੇ ਵਾਲੇ ਨੇਕ ਕੰਮ ਕੀਤੇ, ਉਹ ਵਿਕਾਰਾਂ ਤੋਂ ਬਚ ਕੇ ਆਪਣੀ ਮਿਹਨਤ ਨੂੰ ਸਫਲ ਕਰ ਗਏ। ਕਿਉਂਕਿ, ਜ਼ਿੰਦਗੀ ਦੀ ਐਸੀ ਖੇਲ ਹਰੀ ਅਕਾਲਪੁਰਖ ਨੂੰ ਪਿਆਰੀ ਲਗਦੀ ਹੈ। ਇਹੀ ਕਾਰਨ ਹੈ ਕਿ ਅਕਾਲਪੁਰਖ ਦੇ ਸਰਬ ਵਿਆਪਕ ਦਰ-ਘਰ ਦੇ ਹੁਕਮ ਰੂਪ ਵਰਤਾਰੇ ਨੂੰ ਸਮਝਣ ਤੇ ਸਮਝਾਉਣ ਵਾਲੇ ਜਗਤ ਗੁਰੁ, ਗੁਰੁ ਨਾਨਕ ਸਾਹਿਬ ਜੀ ਮਹਾਰਾਜ ਜਪਜੀ ਸਾਹਿਬ ਦੇ ਅੰਤਲੇ ਤੇ ਸਾਰੰਸ਼ ਸਲੋਕ ਦੀ ਅੰਤਲੀ ਤੁਕ ਵਿੱਚ ਐਲਾਨ ਕਰਦੇ ਹਨ:

ਨਾਨਕ, ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ।। ੧।।

ਹੇ ਨਾਨਕ ਆਖ! ਜਗਤ ਦੀ ਬਣਤਰ ਅੰਦਰਲੀ ਕੁਦਰਤੀ ਸਚਾਈ ਤੇ ਨਿਆਂ ਭਰਪੂਰ ਵਰਤਾਰੇ ਨੂੰ ਸਮਝ ਕੇ ਨਾਮ ਜਪਣ ਅਥਵਾ ਸਿਮਰਨ ਕਰਨ ਵਾਲੇ ਜੀਵਾਂ ਦੇ ਮੁਖ ਧਰਮ ਦਾ ਨਿਆਉਂ ਕਰਨ ਵਾਲੇ ਅਕਾਲ ਪੁਰਖ ਦੇ ਸਾਹਮਣੇ ਉੱਜਲੇ ਹੁੰਦੇ ਹਨ ਤੇ ਐਸੇ ਸਚਿਆਰ ਮਨੁਖਾਂ ਦੀ ਬਦੌਲਤ ਹੋਰ ਵੀ ਕਈਆਂ ਦਾ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਖ਼ਾਲਸਾ ਪੰਥ ਦੀ ਅਰਦਾਸ ਵਿੱਚ ਪੰਜਾਂ ਪਿਆਰਿਆਂ, ਚੌਂਹ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ ਅਤੇ ਸ਼ਹੀਦ ਸਿੰਘਾਂ ਸਿੰਘਣੀਆਂ ਤੇ ਹੋਰ ਗੁਰਮੁਖ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਅਕਾਲ ਪੁਰਖ ਨਾਲ ਜੁੜਣ ਦੀ ਪ੍ਰੇਰਨਾ ਕੀਤੀ ਮਿਲਦੀ ਹੈ। ਕਿਉਂਕਿ, ਉਨ੍ਹਾਂ ਦੀ ਕੀਤੀ ਧਰਮੀ ਕਮਾਈ, ਹੋਰਨਾਂ ਦੇ ਹਿਰਦੇ ਅੰਦਰ ਵੀ ਰੱਬੀ ਹੋਂਦ ਦਾ ਵਿਸ਼ਵਾਸ਼ ਦ੍ਰਿੜ ਕਰਵਾਅ ਕੇ ਗੁਰੂ ਰਾਹੀਂ ਰੱਬੀ ਯਾਦ ਵਿੱਚ ਜੋੜਣ ਦਾ ਕਾਰਣ ਬਣਦੀ ਹੈ।

ਗਿ: ਜਗਤਾਰ ਸਿੰਘ ਜਾਚਕ