ਵਰ੍ਹਾ

0
213

ਨੁੱਚਡ਼ ਪਈਆਂ ਅੱਖੀਆਂ

ਵਿੱਛਡ਼ ਚੱਲੀ ਅੰਤਲੀ ਫੱਗਣ ਦੀ ਤਰਕਾਲ

ਵੇ ਚੇਤਰ ਆ ਗਿਆ !

ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ

ਮਿਲਿਆਂ ਨੂੰ ਹੋ ਗਿਆ ਸਾਲ

ਵੇ ਚੇਤਰ ਆ ਗਿਆ !

ਸੱਭੇ ਧੂਡ਼ਾਂ ਛੰਡ ਕੇ

ਕੰਨੀ ਬੀਤੇ ਸਮੇਂ ਦੀ ਕਣੀਆਂ ਲਈ ਹੰਗਾਲ

ਵੇ ਚੇਤਰ ਆ ਗਿਆ !

ਅੰਬਰ ਵੇਹਡ਼ਾ ਲਿੱਪਿਆ

ਉੱਘਡ਼ ਆਈਆਂ ਖਿੱਤੀਆਂ ਯਾਦਾਂ ਬੱਧੀ ਪਾਲ

ਵੇ ਚੇਤਰ ਆ ਗਿਆ !

ਖੰਭ ਸਮੇਂ ਨੇ ਝਾਡ਼ਿਆ

ਲੱਖ ਦਲੀਲਾਂ ਔਂਦੀਆਂ ਪੁੱਛਣ ਕਈ ਸਵਾਲ

ਵੇ ਚੇਤਰ ਆ ਗਿਆ !

ਕੀ ਜਾਣਾ ਦਿਨ ਕੇਤਡ਼ੇ

ਮੁੱਠ ਭਰੀਆਂ ਉਮਰ ਨੇ ਸੱਭੇ ਤਿਲ ਸੰਭਾਲ

ਵੇ ਚੇਤਰ ਆ ਗਿਆ !

ਵਰ੍ਹੇ ਨੇ ਪਾਸਾ ਪਰਤਿਆ

ਸੱਭੇ ਯਾਦਾਂ ਤੇਰੀਆਂ ਘੁੱਟ ਕਲੇਜੇ ਨਾਲ

ਵੇ ਚੇਤਰ ਆ ਗਿਆ !

ਮੁਡ਼ ਕੇ ਏਸ ਮੁਹਾਠ ਤੇ

ਮੈਂ ਦੀਵਾ ਧਰਿਆ, ਤਿੰਨ ਸੌ ਪੈਂਠ ਬੱਤੀਆਂ ਬਾਲ

ਵੇ ਚੇਤਰ ਆ ਗਿਆ !