ਤਿੰਨ ਡਾਇਨਾਂ – ਡਾ ਅਮਰੀਕ ਸਿੰਘ ਕੰਡਾ

0
1066

ਇੱਕ ਸਿਆਸਤ ਨਾਂ ਦੀ ਡਾਇਨ ਹੈ ਜਿਸਨੂੰ ਕਈ ਰਾਜਨੀਤਿਕ ਡਾਇਨ ਵੀ ਕਹਿ ਦਿੰਦੇ ਨੇ । ਇੱਕ ਜਨਤਾ ਹੈ ਜਿਸਨੂੰ ਭੀੜ ਵੀ ਕਹਿ ਦਿੰਦੇ ਨੇ । ਪਹਿਲਾਂ ਪਹਿਲਾਂ ਸਿਆਸਤ ਡਾਇਨ ਇੱਕਲੀ ਹੀ ਸੀ । ਸਿਆਸਤ ਚ ਕੁੱਝ ਕੁ ਨਵੀਆਂ ਡਾਇਨਾ ਆ ਗਈਆਂ ਸਨ । ਜਨਤਾ ਵੀ ਬਹੁਤ ਭੋਲੀ ਸੀ । ਜਨਤਾ ਹਰ ਵਾਰ ਸਿਆਸਤ ਦੀਆਂ ਗੱਲਾਂ ਵਿਚ ਆ ਜਾਂਦੀ ਪਰ ਕਹਿੰਦੇ ਜਨਤਾ ਕਹਿਣ ਨੂੰ ਹੌਲੀ ਹੌਲੀ ਸਿਆਣੀ ਹੋ ਗਈ । ਜਨਸੰਖਿਆ ਬਹੁਤ ਵਧ ਗਈ । ਜਨਤਾ ਬਹੁਤ ਵਧ ਗਈ । ਸਿਆਸਤ ਚ ਹੋਰ ਸਿਆਸੀ ਆ ਗਏ । ਪਰ ਸਿਆਸਤ ਚਲਾਕ ਸੀ । ਗਠਜੋੜ ਹੋ ਜਾਂਦੇ । ਹੱਥ ਮਿਲ ਜਾਂਦੇ । ਹਾਥੀ ਹਾਰ ਜਾਂਦੇ ਚੂਹੇ ਜਿੱਤ ਜਾਂਦੇ । ਜਨਤਾ ਚ ਅਚਾਨਕ ਕੁਛ ਬੋਲਣ ਵਾਲਿਆਂ ਤੇ ਸਿਆਸੀ ਡਾਇਨ ਦਾ ਮੁਕਾਬਲਾ ਕਰਨ ਲਈ ਇੱਕ ਦੁੱਕਾ ਬੰਦੇ ਆਉਂਦੇ ਉਹ ਜਾਂ ਤਾਂ ਸਿਆਸਤ ਚ ਮਿਲ ਜਾਂਦੇ ਜਾਂ ਸਰਮਾਇਆ ਨਾ ਹੋਣ ਕਾਰਨ ਖਤਮ ਹੋ ਜਾਂਦੇ । ਹੁਣ ਜਦ ਜਦ ਵੀ ਕੋਈ ਸਿਆਸੀ ਡਾਇਨ ਖਿਲਾਫ਼ ਬੋਲਦਾ ਤਾਂ ਸਿਆਸੀ ਡਾਇਨ ਉਸ ਨੂੰ ਕੋਈ ਅੁਹਦਾ ਦੇ ਕੇ ਉਸਦੀ ਜ਼ਮੀਰ ਨੂੰ ਮਾਰ ਦਿੰਦੀ । ਪਰ ਕੁੱਛ ਕੁ ਜਨਤਾ ਦੇ ਬੰਦੇ ਸਿਆਸੀ ਡਾਇਨ ਤੋਂ ਬਚ ਗਏ ਸਨ ਉਹਨਾਂ ਨੂੰ ਇਲੈਕਟਰੋਨਿਕ ਮੀਡੀਆ ਕਿਹਾ ਜਾਂਦਾ ਸੀ । ਪਰ ਸਿਆਸੀ ਡਾਇਨ ਨੇ ਸਿਆਸਤ ਤੇ ਸਿਆਸਤ ਖੇਡੀ । ਇਕ ਦਿਨ ਸਿਆਸੀ ਡਾਇਨ ਨੇ ਮੀਡੀਆ ਨੂੰ ਆਪਣੀ ਰਖੇਲ ਬਣਾ ਲਿਆ ਤਾਂ ਹੁਣ ਸਿਆਸੀ ਤੇ ਮੀਡੀਆ ਡਾਇਨ ਇੱਕਠੇ ਰਹਿਣ ਲੱਗੇ ਉਹਨਾਂ ਨੇ ਕਈ ਸਾਲ ਕੱਢ । ਇਸ ਦੌਰਾਨ ਜਨਤਾ ਚ ਕਈ ਸੱਚ ਪੁੱਤਰ ਪੈਦਾ ਹੋ ਗਏ । ਪਰ ਸਿਆਸੀ ਡਾਇਨ ਨੇ ਆਪਣੇ ਕੜਛੀਆਂ ਚਮਚਿਆਂ ਦੇ ਨਾਂ ਤੇ ਚੈਨਲ ਖੋਲ ਦਿੱਤੇ ਤੇ ਉਹਨਾਂ ਚੈਨਲਾਂ ਵਾਲੀਆਂ ਭੂਤਾਂ ਪ੍ਰੇਤਾਂ ਕੇਵਲ ਸਿਆਸੀ ਡਾਇਨ ਦੇ ਸ਼ਪਸ਼ਟੀਕਰਨ ਹੀ ਦਿੰਦੀਆਂ । ਹੁਣ ਸਿਆਸੀ ਡਾਇਨਾ ਦੇ ਹਰ ਰੋਜ਼ ਦਾ ਖਰਚਾ ਬਹੁਤ ਹੋਣ ਕਾਰਨ ਸਿਆਸੀ ਡਾਇਨ ਤੇ ਮੀਡੀਆ ਡਾਇਨ ਦੀ ਅਰਥ ਵਿਵਅਸਥਾ ਵਿਗੜ ਗਈ ਹੁਣ ਸਿਆਸਤ ਤੇ ਮੀਡੀਆ ਦੋਨਾਂ ਨੂੰ ਮਾਇਆ ਦੀ ਜਰੂਰਤ ਸੀ । ਨਸ਼ੇ ਦਾ ਕਾਰੋਬਾਰ ਵੀ ਸਿਆਸੀ ਡਾਇਨ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਕਰੋੜਾਂ ਰੁਪਇਆ ਬਨਣ ਲੱਗਾ । ਪਰ ਇਸਦਾ ਅਰਥਵਿਵਅਸਥਾ ਨਾਲ ਕੋਈ ਲੈਣ ਦੇਣ ਨਹੀਂ ਸੀ । ਸਿਆਸੀ ਡਾਇਨ ਨੇ ਆਮ ਜਨਤਾ ਦਾ ਖੁਨ ਚੂਸਣਾ ਸ਼ੁਰੂ ਕਰ ਦਿੱਤਾ ਏਥੇ ਹੀ ਨਹੀਂ ਉਸ ਨੇ ਮੀਡੀਆ ਡਾਇਨ ਨਾਲ ਮਿਲ ਕੇ ਵੱਡੀਆਂ ਵੱਡੀਆਂ ਵਿਦੇਸ਼ੀ ਡਾਇਨਾ ਨਾਲ ਹੱਥ ਮਿਲਾਇਆ ਕਾਰਨ ਕਿਉਂਕਿ ਅਰਥਵਿਵਅਸਥਾ ਡਗਮਗਾ ਰਹੀ ਸੀ । ਵੱਡੇ ਵੱਡੇ ਫਿਲਮੀ ਹੀਰੋ ਸੁਪਰ ਸਟਾਰ ਸਿਆਸੀ ਡਾਇਨ ਦੀ ਭੇਟ ਚੜੇ । ਸਿਆਸੀ ਡਾਇਨ ਦਾ ਢਿੱਡ ਬਹੁਤ ਵੱਡਾ ਹੋਣ ਕਾਰਨ ਲੋਕਾਂ ਤੇ ਟੈਕਸ਼ਾਂ ਦਾ ਬੋਝ ਪਾਇਆ । ਪਰ ਮੀਡੀਆ ਡਾਇਨ ਵਿਕਾਊ ਸੀ । ਜਦੋਂ ਵੀ ਮੀਡੀਆ ਡਾਇਨ ਬੋਲਦੀ ਤਾਂ ਸਿਆਸੀ ਡਾਇਨ ਦੇ ਹੱਕ ਚ ਹੀ ਬੋਲਦੀ । ਟੈਕਸ਼ਾਂ ਦਾ ਬੋਝ, ਬਿਜ਼ਲੀ, ਪਾਣੀ, ਸੀਵਰੇਜ, ਪੈਟਰੋਲ,ਡੀਜ਼ਲ,ਸੜਕਾਂ,ਨਵੇਂ ਨਵੇਂ ਟੈਕਸਾਂ ਦਾ ਬੋਝ ਪਾਅ ਕੇ ਵੀ ਅਰਥਵਿਵਅਸਥਾ ਡਗਮਗਾ ਰਹੀ ਸੀ । ਸਿਆਸੀ ਡਾਇਨ ਨੇ ਆਪਣੀ ਚਲਾਕੀ ਨੂੰ ਫੇਰ ਵਰਤਿਆ ਤੇ ਉਹ ਆਪਣੀ ਰਖੇਲ ਮੀਡੀਆ ਡਾਇਨ ਨੂੰ ਨਾਲ ਲੈ ਕੇ ਕਾਰਪੋਰੇਟ ਨਾਂ ਦੀ ਡਾਇਨ ਕੋਲ ਚਲੀ ਗਈ । ਤਿੰਨੇ ਡਾਇਨਾ ਇੱਕ ਹੋ ਗਈਆਂ । ਸਾਰਾ ਲੈਣ ਦੇਣ ਤਹਿ ਹੋ ਗਿਆ । ਤਿੰਨਾਂ ਡਾਇਨਾਂ ਨੇ ਬੈਠ ਕੇ ਇਹ ਵਿਚਾਰ ਵਟਾਂਦਰਾ ਕੀਤਾ ਕਿ ਜਨਤਾ ਨੂੰ ਕਿਵੇਂ ਹੋਲੀ ਹੋਲੀ ਖਾਧਾ ਜਾਵੇ । ਸਿਆਸੀ ਡਾਇਨ ਨੇ ਸਾਰੇ ਖਣਿਜ਼ ਪਦਾਰਥ ਕਾਰਪੋਰੇਟ ਨੂੰ ਵੇਚ ਦਿੱਤੇ ਨੇ । ਸਿਆਸੀ ਡਾਇਨ ਗਰੀਬਾਂ ਦੀਆਂ ਕਲੌਨੀਆਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਡਾਇਨ ਨੂੰ ਖਾਣ ਲਈ ਕਹਿੰਦੀ ਹੈ ਤੇ ਕਾਰਪੋਰੇਟ ਡਾਇਨ ਵੱਡੇ ਵੱਡੇ ਮਾੱਲ,ਸ਼ਾਪਿੰਗ ਕੰਪਲੈਕਸ ਬਣਾ ਕੇ ਜਨਤਾ ਦੀਆਂ ਜੇਬਾਂ ਕੱਟਦੇ ਨੇ । ਤੇ ਸਿਆਸੀ ਡਾਇਨ ਮੀਡੀਆ ਡਾਇਨ ਨੂੰ ਟੀ.ਵੀ. ਤੇ ਜਨਤਾ ਪੱਖੀ ਬੋਲਣ ਲਈ ਕਹਿੰਦੀ ਹੁਣ ਅਰਥਵਿਅਸਥਾ ਵੀ ਕਾਗਜ਼ਾਂ ਚ ਠੀਕ ਹੋ ਗਈ ਹੈ । ਤਿੰਨੇ ਡਾਇਨਾ ਆਪਣੀ ਵਧੀਆ ਜਿੰਦਗੀ ਕੱਟ ਰਹੀਆਂ ਨੇ ।