ਛਣ-ਛਣ – ਚਰਨਜੀਤ ਕੌਰ ਧਾਲੀਵਾਲ ਸੈਦੋਕੇ

0
1377

ਮੁਖੜੇ ‘ਤੇ ਰੱਖਦੀ ਪੱਲੇ ਨੂੰ, ਝਾਂਜ਼ਰ ਛਣ-ਛਣ ਛਣਕਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ ਖੇਤ ਲਿਆਉਂਦੀ ਤੂੰ…

ਭਾਵੇਂ ਰੁੱਖੀ ਮਿਸੀ ਰੋਟੀ ਸੀ, ਚਟਣੀ ਰਗੜੀ ਨਾਲ ਪਦੀਨੇ ਦੇ
ਸੁਣ ਚੂੜੀ ਦੇ ਛਣਕਾਟੇ ਨੂੰ, ਖੁਸ਼ੀ ਉਠਦੀ ਸੀ ਵਿਚ ਸੀਨੇ ਦੇ
ਝੂੰਮਰ ਬਣ ਕੇ ਨੱਚਦਾ ਸੀ, ਜਦ ਘੱਗਰਾ ਸੂਫ਼ ਦਾ ਪਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਮੇਰੇ ਬਲ਼ਦ ਨਗੌਰੀ ਡਰ ਜਾਂਦੇ, ਤੇਰੀ ਝਾਂਜ਼ਰ ਦੇ ਛਣਕਾਟੇ ਤੋਂ
ਮੈਂ ਤੱਤਾ-ਠੱਠਾ ਕਰਦਾ ਸੀ, ਸ਼ਰਮਾਉਂਦੀ ਤੂੰ ਮੇਰੇ ਹਾਸੇ ਤੋਂ
ਆਹ ਜੀ ਮਿਸੀ ਰੋਟੀ ਲੱਸੀ ਨਾ, ਨਿਆਣਿਆਂ ਦਾ ਬਾਪ ਬੁਲਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਮੈਂ ਹੱਥ ਝਾੜ ਕੇ ਮਿੱਟੀ ਦੇ, ਜਦ ਤੇਰੇ ਕੋਲੇ ਬਹਿੰਦਾ ਸੀ
ਮੈਨੂੰ ਵੱਟਾਂ ‘ਤੇ ਸਵਰਗ ਦਿਸੇ, ਰੱਬ ਨੂੰ ਸੁਕਰੀਆ ਕਹਿੰਦਾ ਸੀ
ਮੈਂ ਖੇਤ ਸਵਾਰਾ ਵਾਹ-ਵਾਹ ਕੇ, ਘਰ ਮਿਟੀ ਲਿਪ-ਲਿਪ ਲਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆੳਂੁਦੀ ਤੂੰ…

ਓਲ੍ਹੇ ਆਹਰ ਕਰੇ ਕੰਧੋਲੀ ਦੇ, ਜਦ ਸ਼ਾਂਮੀ ਘਰ ਨੂੰ ਆਉਂਦਾ ਮੈਂ
ਤੂੰ ਮੋਰੀਆਂ ਵਿਚੋਂ ਤੱਕਦੀ ਸੀ, ਜਦ ‘ਵਾਜਾਂ ਮਾਰ ਬਲਾਉਂਦਾ ਮੈਂ
ਤੌੜੀ ਦਾ ਕੜ੍ਹਿਆ ਦੁੱਧ ਲੈ ਕੇ, ਮੈਂਨੂੰ ਗੁੜ ਦੇ ਨਾਲ ਫੜਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਜਦੋਂ ‘ਕੱਠੇ ਬੈਠ ਕੇ ਬੋਤੇ ‘ਤੇ, ਕਦੇ ਜਾਂਦੇ ਸੀ ਤੇਰੇ ਪੇਕੇ ਨੂੰ
ਮੈਂ ਡੱਬ ‘ਚ ਬੋਤਲ ਲੈ ਜਾਂਦਾ, ਕੋਈ ਰਾਹ ‘ਚ ਦੇਖ ਕੇ ਠੇਕੇ ਨੂੰ
ਮੱਥੇ ਤਿਊੜੀ ਕਸ ਲੈਂਦੀ, ਮੈਨੂੰ ਹੁੱਝ੍ਹਾਂ ਮਾਰ ਸਮਝਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਕਾਂਸ਼! ਉਹ ਮੁੜਕੇ ਆਉਣ ਦਿਹਾੜੇ, ਦੁਖੜੇ ਫੋਲਾਂ ਨੇੜੇ ਹੋ
ਸਾਡੇ ਵਿਚ ਤਕਰਾਰ ਨਾ ਹੋਵੇ, ਜੀਅ ਲਈਏ ਬਸ ਤੇਰੇ ਹੋ

“ਧਾਲੀਵਾਲ” ਨਿੱਤ “ਸੈਦੋ” ਪਿੰਡ ਦੀਆਂ, ਹੱਦਾਂ ਚੀਰ ਕੇ ਆਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…