ਚਰਚਾ ਚਾਰ ਪ੍ਰਕਾਰ ਦੀ

0
79

(ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਸੰਤੋਖ ਸਿੰਘ ਜੀ ਲਿਖਤ ਉਪਰ ਆਧਾਰਤ)

ਸਤਿਗੁਰੂ ਸਾਹਿਬਾਨ ਸਮੇ ਸਮੇ ਕਿਸੇ ਵਾਪਰੀ ਖਾਸ ਘਟਨਾ ਜਾਂ ਕਿਸੇ ਜਗਿਆਸੂ ਵੱਲੋਂ ਪੁੱਛੇ ਗਏ ਪ੍ਰਸ਼ਨ ਦੇ ਉਤਰ ਵਿੱਚ ਜੋ ਸਤਿਗੁਰੂ ਜੀ ਫੁਰਮਾਇਆ ਕਰਦੇ ਸਨ ਉਹ, “ਪ੍ਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ।।” (ਪੰਨਾ ੬੪੭) ਦੇ ਕਥਨ ਅਨੁਸਾਰ, ਸਦੀਵ ਕਾਲ ਵਾਸਤੇ ਮਨੁਖਤਾ ਦੀ ਭਲਾਈ ਹੇਤ ਉਪਦੇਸ਼ ਹੁੰਦਾ ਸੀ ਤੇ ਹੈ।
ਅਜਿਹਾ ਹੀ ਇੱਕ ਵਾਕਿਆ ਛੇਵੇਂ ਪਾਤਿਸ਼ਾਹ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇ ਵਾਪਰਿਆ। ਗੁਰੂ ਘਰ ਦੇ ਸੂਝਵਾਨ, ਧੀਰਜਵਾਨ, ਅਨਿਨ ਸੇਵਕ, ਗੁਰੂ ਦਰਬਾਰ ਦੀ ਭਰਪੂਰ ਸੇਵਾ ਕਰਨ ਵਾਲ਼ੇ, ਭਾਈ ਦਰਗਾਹਾ ਭੰਡਾਰੀਆ ਨੇ ਗੁਰੂ ਜੀ ਪਾਸੋਂ ਪੁੱਛਿਆ ਕਿ ਕਈ ਵਾਰ ਸਿੱਖ ਗੁਰਬਾਣੀ ਦੀ ਚਰਚਾ ਕਰਨ ਸਮੇ, ਕਈ ਆਪਸ ਵਿੱਚ ਲੜ ਪੈਂਦੇ ਹਨ। ਆਪਣੀ ਆਪਣੀ ਸਮਝ ਵਿੱਚ ਆਏ ਗੁਰਬਾਣੀ ਦੇ ਅਰਥਾਂ ਉਪਰ ਅੜ ਕੇ, ਝਗੜ ਪੈਂਦੇ ਹਨ ਪਰ ਆਪੋ ਆਪਣੇ ਵਿਚਾਰਾਂ ਉਪਰ ਡਟੇ ਰਹਿੰਦੇ ਹਨ। ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਉਪਦੇਸ਼ ਬਖ਼ਸ਼ਦਿਆਂ ਫੁਰਮਾਇਆ ਕਿ ਚਰਚਾ ਚਾਰ ਪ੍ਰਕਾਰ ਦੀ ਹੁੰਦੀ ਹੈ; ਸਿੱਖਾਂ ਨੂੰ ਦੋ ਪ੍ਰਕਾਰ ਦੀ ਚਰਚਾ ਕਰਨੀ ਚਾਹੀਏ ਤੇ ਦੋ ਤੋਂ ਸਦਾ ਹੀ ਬਚਣਾ ਚਾਹੀਏ:
ਪਹਿਲੀ ਹੈ ਵਾਦ ਚਰਚਾ:
ਗੁਰਮਖ ਜਨ ਗੁਰਬਾਣੀ ਦੇ ਜੇਹੜੇ ਅਰਥਾਂ ਦੀ ਸਮਝ ਨਾ ਲੱਗੇ ਤਾਂ ਪਰੇਮ ਅਤੇ ਸਤਿਕਾਰ ਸਹਿਤ ਦੂਸਰੇ ਕੋਲ਼ੋਂ ਪੁੱਛ ਲੈਂਦੇ ਹਨ ਤੇ ਸੁਣ ਕੇ ਪ੍ਰੇਮ ਸਹਿਤ ਧਾਰਨ ਕਰਦੇ ਹਨ।
ਦੂਜੀ ਹੈ ਹੇਤ ਚਰਚਾ:
ਜੋ ਖ਼ੁਦ ਨੂੰ ਪਤਾ ਹੈ ਉਸ ਦਾ ਬਿਆਨ ਕਰਨਾ ਤੇ ਜੋ ਦੂਜਾ ਕਹੇ ਉਸ ਨੂੰ ਪ੍ਰੇਮ ਸਹਿਤ ਧਿਆਨ ਦੇ ਕੇ ਸੁਣਨਾ। ਪਰਸਪਰ ਵਿਚਾਰ ਵਟਾਂਦਰੇ ਤੋਂ ਬਾਅਦ ਜੋ ਸਹੀ ਲੱਗੇ, ਬਿਨਾ ਸ਼ੰਕਾ ਉਸ ਨੂੰ ਮੰਨ ਲੈਣਾ। ਆਪ ਵਰਗੇ ਜਾਂ ਆਪ ਤੋਂ ਵਧੇਰੇ ਸਮਝਦਾਰ ਦੇ ਵਿਚਾਰਾਂ ਨੂੰ, ਜਿਵੇਂ ਉਹ ਸੁਣਾਵੇ ਭਲੀ ਪ੍ਰਕਾਰ ਸੁਣਨਾ ਚਾਹੀਦਾ ਹੈ। ਹਉਮੈ, ਪੱਖਵਾਦ ਆਦਿ ਨੂੰ ਤਜ ਕੇ, ਸਹੀ ਨਿਰਨਾ ਕਰਕੇ, ਯਥਾਰਥਕ ਗਿਆਨ ਨੂੰ ਹਿਰਦੇ ਵਿੱਚ ਧਾਰਨਾ। ਇੱਕ ਨੂੰ ਅਰਥ ਸਮਝ ਨਾ ਆਇਆ ਤੇ ਦੂਜੇ ਤੋਂ ਸੁਣ ਲਿਆ; ਦੋਵਾਂ ਨੇ ਮਿਲ਼ ਕੇ, ਬਹੁਤ ਪਰੇਮ ਨਾਲ਼ ਆਪਣੀ ਆਪਣੀ ਸਮਝ ਅਨੁਸਾਰ, ਆਪਣਾ ਵਿਚਾਰ ਪਰਗਟ ਕਰ ਦਿਤਾ। ਇਉਂ ਦੋਹਾਂ ਦੇ ਗਿਆਨ ਵਿੱਚ ਵਾਧਾ ਹੋਇਆ। ਜਿਵੇਂ ਦੀਵੇ ਦੇ ਥੱਲੇ ਹਨੇਰਾ ਰਹਿ ਜਾਂਦਾ ਹੈ ਪਰ ਦੂਜੇ ਦੀਵੇ ਨਾਲ਼ ਦੋਹਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ। ਏਸੇ ਤਰ੍ਹਾਂ ਦੋਵੇਂ ਸ਼ਰਧਾਵਾਨ ਗੁਰਸਿੱਖ ਇੱਕ ਦੂਜੇ ਦਾ ਅਗਿਆਨ ਰੂਪੀ ਹਨੇਰਾ ਦੂਰ ਕਰ ਦਿੰਦੇ ਹਨ। ਦੂਜੇ ਦੀ ਗੱਲ ਨਾ ਸੁਣਨ ਵਾਲ਼ਾ ਇਕੱਲਾ ਆਪਣੀ ਵਿਦਵਤਾ ਦੇ ਹੰਕਾਰ ਵਿੱਚ ਰਹਿੰਦਾ ਹੈ ਤੇ ਉਸ ਦੇ ਗਿਆਨ ਵਿੱਚ ਵਾਧਾ ਨਹੀਂ ਹੁੰਦਾ ਪਰ ਦੋਵੇਂ ਮਿਲ਼ ਕੇ ਸ਼ਬਦ ਦਾ ਸਹੀ ਅਨੰਦ ਲੈਂਦੇ ਹਨ। ਇਸ ਪ੍ਰਕਾਰ ਮਹਾਂ ਫਲ ਪ੍ਰਾਪਤ ਹੁੰਦਾ ਹੈ।
ਤੀਜੀ ਹੈ ਜਲਪਾ ਚਰਚਾ:
ਜੋ ਆਪਣੀ ਗੱਲ ਹੀ ਸੁਣਾਉਂਦਾ ਹੈ ਤੇ ਦੂਸਰੇ ਦੀ ਨਹੀਂ ਸੁਣਦਾ। ਆਪਣੀ ਗ਼ਲਤ ਗੱਲ ਤੇ ਵੀ ਅੜਿਆ ਰਹਿੰਦਾ ਹੈ। ਸਹੀ ਗੱਲ ਨੂੰ ਸਮਝ ਕੇ ਮੰਨਣ ਦੀ ਬਜਾਇ ਦੋਵੇਂ ਆਪਣੀ ਆਪਣੀ ਗੱਲ ਤੇ ਅੜੇ ਰਹਿੰਦੇ ਹਨ। ਉਕਤੀਆਂ ਜੁਗਤੀਆਂ ਕਰਕੇ ਦੋਵੇਂ ਆਪਣੇ ਆਪਣੇ ਪੱਖ ਨੂੰ, ਭਾਵੇਂ ਗ਼ਲਤ ਹੀ ਹੋਵੇ, ਸਿਧ ਕਰਨ ਦਾ ਯਤਨ ਕਰਦੇ ਹਨ। ਜਿਉਂ ਤਿਉਂ ਕਰਕੇ ਆਪਣੇ ਆਪਣੇ ਅਰਥਾਂ ਉਪਰ ਜਿਦ ਨਾਲ਼ ਦ੍ਰਿੜ੍ਹ ਰਹਿ ਕੇ, ਦੂਜੇ ਦੀ ਗੱਲ ਨੂੰ, ਭਾਵੇਂ ਸਹੀ ਹੀ ਹੋਵੇ, ਰੱਦ ਕਰਨ ਲਈ ਬਹਿਸ ਕਰਦੇ ਹਨ। ਇਉਂ ਆਪਣੇ ਕ੍ਰੋਧ ਵਿੱਚ ਵਾਧਾ ਕਰਦੇ ਹਨ। ਕਚਹਿਰੀ ਵਿਚਲੇ ਵਕੀਲਾਂ ਵਾਂਙ, ਅਨੇਕਾਂ ਦਲੀਲਾਂ ਦੇ ਦੇ ਕੇ, ਦੂਜੇ ਨੂੰ ਗ਼ਲਤ ਸਾਬਤ ਕਰਨ ਦੀ ਕੁਚੇਸ਼ਟਾ ਕਰਦੇ ਹਨ। ਇਸ ਤਰ੍ਹਾਂ ਕ੍ਰੋਧ ਦੇ ਵਸ ਹੋ ਕੇ, ਆਪਸ ਵਿੱਚ ਵੈਰ ਵਧਾਉਂਦੇ ਹਨ। ਇੱਕ ਦੂਜੇ ਨੂੰ ਜਰਦੇ ਨਹੀਂ ਤੇ ਨਾ ਹੀ ਇੱਕ ਨੂੰ ਦੂਜੇ ਦਾ ਜਸ ਭਾਉਂਦਾ ਹੈ। ਅਜਿਹਾ ਕਰਨ ਨਾਲ਼ ਵੈਰ ਭਾਵ ਉਪਜਦਾ ਹੈ।
ਚੌਥੀ ਵਿਤੰਡਾ ਚਰਚਾ ਹੈ:
ਇਸ ਚਰਚਾ ਅਨੁਸਾਰ ਆਪ ਨੂੰ ਕੁੱਝ ਸਮਝ ਨਹੀਂ ਤੇ ਦੂਜਾ ਜੋ ਆਖੇ ਉਸ ਨੂੰ ਮੰਨਣਾ ਨਹੀਂ। ਵਿਦਵਾਨ ਲੋਕ ਅਜਿਹੇ ਵਿਅਕਤੀ ਦੇ ਰਵਈਏ ਤੋਂ ਦੁਖੀ ਹੁੰਦੇ ਹਨ। ਅਜਿਹੀ ਚਰਚਾ ਵੀ ਸਿੱਖ ਨੇ ਤਿਆਗਣੀ ਹੈ।
ਸਿੱਖ ਨੂੰ ਚਾਹੀਦਾ ਹੈ ਕਿ ਉਹ ਪਰੇਮ ਸਹਿਤ ਸਾਰ ਨੂੰ ਗ੍ਰਹਿਣ ਕਰੇ। ਕਿਸੇ ਦਾ ਵੀ ਮਨ ਬਹਿਸ ਕਰਕੇ ਦੁਖਾਵੇ ਨਾ। ਪਰੇਮ ਸਹਿਤ ਗੁਰਬਾਣੀ, ਗੁਰੂ ਕੀ ਸਾਖੀ ਉਚਾਰ ਕੇ ਸਭ ਹਿਰਦਿਆਂ ਵਿੱਚ ਪ੍ਰਸੰਨਤਾ ਉਪਜਾਵੇ।
ਗੁਰੂ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਸਭ ਨੇ ਹਿਰਦੇ ਵਿੱਚ ਸ਼ਰਧਾ ਧਾਰੀ।
(ਅਧਿਆਇ ਇਕਤਾਲੀਵਾਂ, ਰਾਸ ਪੰਜਵੀਂ, ਬੰਦ ੧ ਤੋਂ ੧੭)
ਗਿਆਨੀ ਸੰਤੋਖ ਸਿੰਘ