ਬੰਦ ਫਾਟਕ – ਭਵਨਦੀਪ ਸਿੰਘ ਪੁਰਬਾ

0
1144

12 ਵਜੇ ਵਾਲੀ ਗੱਡੀ ਦਾ ਟਾਈਮ ਸੀ। ਰੇਲਵੇ ਫਾਟਕ ਦਾ ਚੌਂਕੀਦਾਰ ਫਾਟਕ ਬੰਦ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਗਿਆ ਹੀ ਸੀ ਕਿ ਉਸ ਦਾ ਇਕ ਦੋਸਤ ਉਸਨੂੰ ਮਿਲਣ ਆ ਗਿਆ। ਚੌਂਕੀਦਾਰ ਨੇ ਚਾਹ ਮੰਗਵਾ ਲਈ। ਚਾਹ ਪੀਂਦੇ-ਪੀਂਦੇ ਗੱਲਾਂ ਵਿਚ ਏਨਾ ਰੁੱਝ ਗਏ ਕਿ ਚੌਂਕੀਦਾਰ ਨੂੰ ਪਤਾ ਹੀ ਨੀਂ ਲੱਗਿਆ ਕਿ ਗੱਡੀ ਕਦੋਂ ਕੋਲ ਦੀ ਲੰਘ ਗਈ। ਉਹ ਆਪਣੀਆਂ ਗੱਲਾਂ ਵਿਚ ਮਸਤ ਹੋ ਕੇ ਬੈਠੇ ਰਹੇ। ਫਾਟਕ ਉਸੇ ਤਰ੍ਹਾਂ ਬੰਦ ਪਿਆ ਸੀ। ਗੱਡੀਆਂ, ਜੀਪਾਂ, ਕਾਰਾਂ ਦਾ ਜੀ.ਟੀ. ਰੋਡ ਤੱਕ ਜਾਮ ਲੱਗ ਗਿਆ। 12 ਵੱਜ ਕੇ 40 ਮਿੰਟ ਹੋ ਗਏ ਹਨ, ਉਸਨੇ ਹਾਲੇ ਫਾਟਕ ਨਹੀਂ ਖੋਲ੍ਹਿਆ ਹੈ। ਚੌਂਕੀਦਾਰ ਨੇ ਕਿਹਾ, ‘‘ਲੈ ਆਪਾਂ ਨੂੰ ਤਾਂ ਗੱਲਾਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਏਨਾ ਟਾਈਮ ਹੋ ਗਿਆ। ਚੌਂਕੀਦਾਰ ਫਾਟਕ ਖੋਲ੍ਹਣ ਲਈ ਜਾਣ ਲੱਗਾ ਫਿਰ ਮੰਜੇ ’ਤੇ ਬੈਠ ਗਿਆ ਤੇ ਕਹਿਣ ਲੱਗਾ, ‘‘ਚੱਲ ਛੱਡ ਯਾਰ, 1 ਵਜੇ ਵਾਲੀ ਗੱਡੀ ਵੀ ਆਉਣ ਹੀ ਵਾਲੀ ਹੈ। ਹੁਣ ਇਕੱਠਾ ਹੀ ਖੋਲ੍ਹ ਦਿਆਂਗਾ।