ਰੁੱਤ ਚੋਣ – ਡਾ ਅਮਰਜੀਤ ਟਾਂਡਾ

0
741

ਰੁੱਤ ਚੋਣ ਹੈ ਆਈ ਰਹਿੰਦੇ ਸਾਹ ਗਿਣ ਲਈਏ
ਨੀਂਹ ਪੱਥਰ ਨਵੇਂ 2 ਧੜਕਣਾਂ ਚ ਉਣ ਲਈਏ

ਪੁੱਛੋ ਦਰ 2 ਜਾ ਕੇ ਸਮਾਂ ਉਦਾਸ ਜੇਹਾ ਹੋਇਆ
ਫੇਰ ਬੀਜਾਂਗੇ ਚੰਦ ਹੁਣ ਰੁੱਖਾਂ ਦੀ ਸੁਣ ਲਈਏ

ਪੁੱਤਰੋ ਜਾਇਓ ਨਾ ਦੂਰ ਮੱਥੇ ਲਿਸ਼ਕ ਜੇਹੀ ਲੈ ਕੇ
ਤੁਸੀਂ ਲਾਸ਼ਾਂ ਕੋਲ ਬੈਠੋ ਅਸੀਂ ਵੋਟਾਂ ਗਿਣ ਲਈਏ

ਦਿਲ ਕਰਦਾ ਹੈ ਤੁਹਾਡੇ ਲਈ ਖ਼ਾਬ ਕਈ ਬਣਾਵਾਂ
ਪਲ ਭਰ ਬਚੇ ਚਾਅ ਪੋਟਿਆਂ ‘ਚ ਉਣ ਲਈਏ

ਕਾਹਲੀ ਬਹੁਤ ਹੈ ਹੋਈ ਛੱਤੀਂ ਉਡੀਕਦੇ ਸਿਤਾਰੇ
ਲਿਆਓ ਮੇਚਦੇ ਸੀਨੇ ਪਲਾਂ ਵਿਚ ਮਿਣ ਲਈਏ

ਕਰ ਦੇਵਾਂਗੇ ਹਿਸਾਬ ਸਾਰਾ ਰਹਿੰਦਾ ਸਿਰਾਂ ਉੱਤੇ
ਕਰਨਾ ਹਿੱਕਾਂ ਦਾ ਸਨਮਾਨ ਗੋਲੀਆਂ ਗਿਣ ਲਈਏ

ਟੰਗ ਲਵੋ ਦਰੀਂ ਚਾਅ ਤੇ ਰੀਝਾਂ ਜੇਹੀਆਂ ਦੋ
ਮੈਲੀ ਬਦਲਣੀ ਹੈ ਵਾ ਸਿਵੀਂ ਲੱਕੜਾਂ ਚਿਣ ਲਈਏ

ਤੋੜ੍ਹ ਦੇਵੋ ਉਹ ਬੰਸਰੀ ਜਿਹਦੇ ਛੇਕਾਂ ‘ਚ ਨਾ ਤਰਜ਼
ਲਿਆਓ ਤਕਦੀਰੇ-ਏ-ਤਲੀ ਦੋ ਲੀਕਾਂ ਖੁਣ ਦਈਏ