ਮਸਾਂ ਮਸਾਂ ਸੀ ਮੌਸਮ ਆਇਆ – ਜਗਮੀਤ ਸਿੰਘ ਪੰਧੇਰ

0
968

ਮਸਾਂ ਮਸਾਂ ਸੀ ਮੌਸਮ ਆਇਆ
ਮੌਸਮ ਆਇਆ ਵੋਟਾਂ ਦਾ।
ਬਣੀ ਬਣਾਈ ਖੇਡ ਵਿਗੜ ਗਈ
ਪੰਗਾ ਪੈ ਗਿਆ ਨੋਟਾਂ ਦਾ।
ਨਾ ਦਾਰੂ ਨਾ ਫੀਮ ਤੇ ਭੁੱਕੀ
ਜੋ ਸ਼ਰੇ ਆਮ ਪਈ ਰੁਲਦੀ ਸੀ।
ਲੱਗ ਜਾਂਦੀਆਂ ਸੀ ਮੌਜ਼ ਬਹਾਰਾਂ
ਗੱਲ ਲੋਹੜੇ ਦੀ ਫੁਰਦੀ ਸੀ।
ਸਵੇਰੇ ਭੁੱਕੀ, ਸ਼ਾਮ ਨੂੰ ਦਾਰੂ
ਨੀਂਦ ਵੀ ਵਧੀਆ ਆਉਂਦੀ ਸੀ।
ਹਰ ਵੇਲੇ ਸੀ ਮਸਤ ਮਲੰਗੀ
ਫੁੱਲਾਂ ਤੇ ਕਾਟੋ ਗਾਉਂਦੀ ਸੀ।
ਖਾ ‘ਖੁਰਾਕਾਂ’ਕਾਇਮ ਜਿਹੇ ਹੋ ਕੇ
ਕਿੱਲ੍ਹ ਕਿੱਲ੍ਹ ਨਾਹਰੇ ਲਾਉਂਦੇ ਸੀ।
ਵਾਧ ਘਾਟ ਵਿੱਚ ਪਤਾ ਨਾ ਲਗਦਾ
ਕਿਹਨੂੰ ਜਤਾਉਂਦੇ ਅਤੇ ਹਰਾਉਂਦੇ ਸੀ।
ਅੱਗੋਂ ਪਿੱਛੋਂ ਕੋਈ ਨਾ ਪੁੱਛੇ
ਮਸਾਂ ਮਸਾਂ ਸੀ ਤੀਰਥ ਆਇਆ।
ਤੀਆਂ ਵਰਗੇ ਦਿਨ ਸੀ ਲੰਘਣੇ
ਕਮਿਸ਼ਨ ਕਿਸੇ ਨੇ ਪੰਗਾ ਪਾਇਆ।
ਲੱਗੇ ਨਾ ਜੇ ਰੋਣਕ ਮੇਲੇ
ਲਾਈ ਨਾ ਛਹਿਬਰ ਨੋਟਾਂ ਦੀ।
ਸਾਡੇ ਮੂੰਹ ਤੇ ਛਿੱਕਲੀ ਲਾ ਕੇ
ਕੀ ਵੁੱਕਤ ਇਹ ਵੋਟਾਂ ਦੀ ।
ਹਾਲੇ ਅਸਾਂ ਨੇ ਆਸ ਨੀ ਛੱਡੀ
ਲੁਕਵਾਂ ਛਿਪਵਾਂ ਸਭ ਕੁਝ ਚੱਲੂ।
ਹਰ ਇੱਕ ਦਾ ਖਿਆਲ ਹੈ ‘ਓਹਨੂੰ’
‘ਓਹ’ ਤਾਂ ਪੱਥਰਾਂ ਵਿੱਚ ਵੀ ਘੱਲੂ।
ਦੇਖਦੇ ਆਂ ਓਹਦੇ ਢੰਗ ਨਿਰਾਲੇ
ਹੀਲਾ ਕੋਈ ਬਣਾਵੇਗਾ।
ਗੁੜ ਹੀ ਜੇਕਰ ਨਾ ਪਾਇਆ ਤਾਂ
ਮਿੱਠੇ ਤੋਂ ਵੀ ਜਾਵੇਗਾ।