ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼

0
1316

੨੦-੨੧ ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ…
ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਦੇ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ
ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ
ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼aਮਪ; ਸਬੰਧਿਤ ਜਗ੍ਹਾ ਨੂੰ
ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪ੍ਰਚਾਰਣ ਦੇ
ਕੇਂਦਰ ਵੱਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ ਸੀ। ਕਿਉਂਕਿ ਸਮੇਂ ਦੇ ਮਹੰਤ
ਨਰੈਣੂ (ਨਰਾਇਣ ਦਾਸ) ਨੇ ਅਤੇ ਇਸਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਅਤੇ ਕਿਸ਼ਨ ਦਾਸ ਨੇ
ਨਨਕਾਣਾ ਸਾਹਿਬ ਵਿਖੇ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ ਬੱਦਤਰ ਹਾਲਾਤ ਉਸ ਸਥਾਨ ਤੇ ਬਣਾ
ਛੱਡੇ ਸਨ। ਹੁਣ ਕੇਵਲ ਉੱਥੇ ਨਾਚੀਆਂ ਦਾ ਨਾਚ ਹੀ ਨਹੀਂ ਸੀ ਹੁੰਦਾ ਬਲਕਿ ਹੁਣ ਤਾਂ ਉਸ ਅਸਥਾਨ ਦੇ ਦਰਸ਼ਨ
ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੇ ਇੱਜ਼ਤ ਵੀ ਮਹਿਫੂਸ ਨਹੀਂ ਸੀ ਰਹੀ। ਜਦ ਸੰਨ ੧੯੧੮ ਵਿੱਚ ਇੱਕ ਰਿਟਾਇਰਡ
ਸਿੰਧੀ ਅਫ਼aਮਪ;ਸਰ ਆਪਣੇ ਪਰਵਾਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਤਾਂ
ਰਾਤ ਸਮੇਂ ਉਸਦੀ ੧੩ ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਘਟੀਆ ਕੁਕਰਮ (ਬਲਾਤਕਾਰ)
ਕੀਤਾ। ਇਸੇ ਹੀ ਸਾਲ ਪੂਰਨਾਮਸੀ ਦੀ ਇੱਕ ਰਾਤ ਨੂੰ ਜਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ੬ ਬੀਬੀਆਂ
ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਹਿੱਤ ਪੁਜੀਆਂ ਉਹਨਾਂ ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ
ਅਤੇ ਖੇਹ ਖਾਧੀ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤੱਕ ਕਿ ਜੱਦ ਸਿੱਖਾਂ ਨੇ
ਮਹੰਤ ਦੀਆਂ ਇਹ ਆਪਹੁਦੀਆਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ
ਅਗੋਂ ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ
ਇਸਤਰੀਆਂ ਨੂੰ ਨਾ ਭੇਜਿਆ ਕਰੋ।
ਤਦ ਨਨਕਾਣਾ ਸਾਹਿਬ ਦੇ ਪਵਿੱਤਰ ਸਥਾਨ ਤੇ ਐਸੇ ਕੁਕਰਮਾਂ ਨੂੰ ਬੰਦ ਕਰਵਾਉਣ ਅਤੇ ਗੁਰ ਮਰਿਯਾਦਾ
ਲਾਗੂ ਕਰਵਾਉਣ ਹਿੱਤ ੨੬ ਜਨਵਰੀ ੧੯੨੧ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ
ਬਾਬਤ ਇੱਕ ਵਿਸ਼ੇਸ਼ ਗੁਰਮਤਾ ਪਾਸ ਕਰਕੇ ਮਿਤੀ ੪,੫,੬ ਮਾਰਚ ੧੯੨੧ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਕੌਮ
ਦਾ ਇੱਕ ਭਾਰੀ ਇਕੱਠ ਸਦਣ ਬਾਰੇ ਵੀਚਾਰ ਚਰਚਾ ਕੀਤੀ ਗਈ ਤਾਂ ਕਿ ਉਸ ਸਮੇਂ ਸਮੁੱਚੇ ਪੰਥਕ ਰੂਪ ਵਿੱਚ ਮਿਲ
ਬੈਠ ਕੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ, ਮਹੰਤ ਨਰਾਇਣ ਦਾਸ ਬਾਰੇ ਵੀਚਾਰ ਕੀਤਾ ਜਾ ਸਕੇ ਅਤੇ ਮਹੰਤ
ਨੂੰ ਸੁਧਰਨ ਲਈ ਕਿਹਾ ਜਾਵੇ ਕਿਉਂ ਜੁ ਇਸਨੇ ਪ੍ਰਬੰਧ ਸੰਭਾਲਣ ਵੇਲੇ ਇਹ ਗੱਲ ਮੰਨੀ ਸੀ ਕਿ ਪਹਿਲੇ ਮਹੰਤਾਂ ਦੀ
ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾeਤਿ ਨਹੀਂ ਆਵੇਗੀ।
ਹੋਣ ਵਾਲੇ ਇਸ ਪੰਥਕ ਇਕੱਠ ਦੀ ਸੂਹ ਮਹੰਤ ਨਰੈਣੂ ਨੂੰ ਲੱਗ ਗਈ ਤਾਂ ਉਸਨੇ ਵਿਉਂਤ ਘੜ ਲਈ ਕਿ ਉਸ
ਸਮੇਂ ਸਿੱਖਾਂ ਦੇ ਉਸ ਭਾਰੀ ਇਕੱਠ ਉੱਤੇ ਹਮਲਾ ਕਰਕੇ ਸੱਭ ਗੁਰਮਤ ਸੁਧਾਰਕਾਂ ਨੂੰ ਖਤਮ ਕਰ ਦੇਣਾ ਹੈ। ਇਸ
ਲਈ ਉਸਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ, ਸਿੱਕਾ, ਟਕੂਏ, ਪਿਸਤੌਲਾਂ,
ਬੰਦੂਕ, ਮਿੱਟੀ ਦੇ ਤੇਲ ਦੇ ਪੀਪਿਆਂ ਅਤੇ ਲੱਕੜਾਂ ਦਾ ਜ਼ਖੀਰਾ ਇਕੱਠਾ ਕਰ ਲਿਆ ਤਾਂ ਕਿ ਉੱਠ ਰਹੀ ਗੁਰਦੁਆਰਾ
ਸੁਧਾਰ ਲਹਿਰ ਦੇ ਮੁਖੀਆਂ ਸਮੇਤ ਹਾਜ਼ਰ ਸਾਰੇ ਸਿੱਖਾਂ ਦਾ ਖੁਰਾ ਖੋਜ ਉਸ ਦਿਨ ਹੋਣ ਵਾਲੀ ਇੱਤਰਤਾ ਮੌਕੇ
ਮਿਟਾਇਆ ਜਾ ਸਕੇ। ਮਹੰਤ ਨਰੈਣੂ ਦੇ ਇਸ ਕਾਰੇ ਦੀ ਸੂਹ ਗੁਰਸਿੱਖਾਂ ਕੋਲ ਪੁੱਜੀ ਤਾਂ ਉਹਨਾਂ ਨੇ ੧੭ ਫਰਵਰੀ
੧੯੨੧ ਨੂੰ ਇੱਕ ਵਿਸ਼ੇਟਸ਼ ਮੀਟਿੰਗ ਸੱਦ ਕੇ ਇਹ ਮਤਾ ਪਕਾ ਦਿੱਤਾ ਗਿਆ ਕਿ ੧੯ ਫਰਵਰੀ ਨੂੰ ਭਾਈ ਲਛਮਣ ਸਿੰਘ ਅਤੇ
ਭਾਈ ਕਰਤਾਰ ਸਿੰਘ ਝੱਬਰ ਸ੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਚਾਲੇ ਪਾ ਦੇਣਗੇ। ਕਿਉਂਕਿ ਉਸ ਮਹੰਤ ਦੇ
ਵਿਰੁੱਧ ਅਤੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਸੰਗਤਾਂ ਦੇ ਮਨਾਂ ਵਿੱਚ ਪਹਿਲਾਂ ਹੀ ਜੋਸ਼
ਠਾਠਾਂ ਮਾਰ ਰਿਹਾ ਸੀ ਤੇ ਮਹੰਤ ਦੀ ਸਿੱਖਾਂ ਉੱਪਰ ਹਮਲਾ ਕਰਨ ਦੀ ਬਦਨੀਤੀ ਨੇ ਸਿੱਖਾਂ ਵਿੱਚਲੇ ਰੋਹ ਨੂੰ ਭਾਂਬੜ
ਦਾ ਰੂਪ ਦੇ ਦਿੱਤਾ।
ਮਿਥੀ ਮਿਤੀ ਤੇ ਅਰਦਾਸਾ ਸੋਧ ਕੇ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਧਾਮ ਆਜ਼ਾਦ ਕਰਵਾਉਣ ਲਈ
ਗੁਰੂ ਦੀ ਸਿੱਖਿਆ ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥’ ਅਤੇ ‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ॥’ ਦੇ ਮਾਹਾਂਵਾਕਾਂ ਨੂੰ ਮੰਨਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਅਤੇ ਗੁਰੂ
ਅਸਥਾਨ ਦੀ ਬੇਅਦਬੀ ਰੋਕਣ ਲਈ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਪੰਥਕ ਲੀਡਰਾਂ ਦੇ ਕਹੇ
ਤੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਣ ਲਈ ਉਪਰਾਲਾ ਕੀਤਾ ਗਿਆ ਤਾਂ ਕਿ ਮਾਹੌਲ ਨਾ ਵਿਗੜੇ ਪਰ ਸਿੱਖਾਂ ਨੇ ਇੱਕੋ
ਗੱਲ ਕਹੀ ਕਿ “ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਤੁਰੇ ਹਾਂ, ਅਕਾਲ ਪੁਰਖ ਆਪ ਸਹਾਈ ਹੋਵੇਗਾ ਅਤੇ ਸਾਡੀ
ਜਿੱਤ ਨਿਸਚਿਤ ਹੈ। ਅਸੀਂ ਅੱਗੇ ਹੋ ਕੇ ਮਰ ਜਾਵਾਂਗੇ ਪਰ ਹੁਣ ਪਿੱਛੇ ਨਹੀਂ ਹਟਾਂਗੇ। ਜਾਂ ਨਾਨਕ ਦਾ ਨਨਕਾਣਾ
ਆਜ਼ਾਦ ਕਰਵਾਵਾਂਗੇ ਜਾਂ ਫਿਰ ਸ਼ਹੀਦ ਹੋਵਾਂਗੇ।” ਇਸ ਤਰ੍ਹਾਂ ਭਾਈ ਲਛਮਣ ਸਿੰਘ ਜੀ ਦਾ ਜੱਥਾ ਸ਼ਬਦ ਪੜ੍ਹਦਾ
ਹੋਇਆ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ। ਮਹੰਤ ਨੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਸ਼ਾਂਤਮਈ
ਸਿੰਘਾਂ ਉੱਤੇ ਮੀਂਹ ਦੀ ਤਰ੍ਹਾਂ ਗੋਲੀਆਂ ਦੀ ਬੁਛਾੜ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ
ਬੈਠੇ ਭਾਈ ਲੱਛਮਣ ਸਿੰਘ ਜੀ ਨੂੰ ਗੋਲੀਆਂ ਨਾਲ ਅਧਮੋਇਆ ਕਰਨ ਤੋਂ ਬਾਅਦ ਜੰਡ ਨਾਲ ਪੁੱਠਾ ਲਮਕਾ ਕੇ ਅੱਗ
ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਪਾਵਣ ਸਰੂਪ ਵਿੱਚ ਵੀ ਕਈ ਗੋਲੀਆਂ ਲੰਘੀਆਂ। ਇਹ ਸੀ ਜੁਲਮ ਦੀ ਇੰਤਹਾ ਸੀ।
ਇਸੇ ਤਰ੍ਹਾਂ ਭਾਈ ਦਲੀਪ ਸਿੰਘ ਜੀ ਜਦ ਗੁਰਦੁਆਰਾ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਵੀ ਬਲਦੀ ਭੱਠੀ ਵਿੱਚ
ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਕਿਹਾ ਜਾਂਦਾ ਹੈ ਕਿ
ਦੋ ਸਾਲ ਦਾ ਇੱਕ ਸਿੱਖ ਬੱਚਾ ਜੋ ਕਿ ਇੱਕ ਅਲਮਾਰੀ ਵਿੱਚ ਬੰਦ ਸੀ ਨੂੰ ਵੀ ਬਾਹਰ ਕੱਢ ਕੇ ਬਲਦੀ ਅੱਗ ਦੇ ਉੱਪਰ ਸੁੱਟ

ਕੇ ਸ਼ਹੀਦ ਕੀਤਾ ਗਿਆ ਜੋ ਜਰਗ (ਲੁਧਿਆਣਾ) ਨਿਵਾਸੀ ਸ਼ਹੀਦ ਕੇਹਰ ਸਿੰਘ ਦਾ ਪੁੱਤਰ ਸੀ ਅਤੇ ਆਪਣੇ ਪਿਤਾ ਨਾਲ
ਇਸ ਸ਼ਹੀਦੀ ਜੱਥੇ ਵਿੱਚ ਸ਼ਾਮਿਲ ਸੀ।
ਗੁ. ਸ੍ਰੀ ਨਨਕਾਣਾ ਸਾਹਿਬ ਦੇ ਇਸ ਸਾਕੇ ਦੀ ਇਹ ਖਬਰ ਜੰਗਲ ਦੀ ਅੱੱਗ ਵਾਂਗ ਫੈਲ ਗਈ ਅਤੇ ਸਿੱਖਾਂ ਦੀ
ਵੱਡੀ ਗਿਣਤੀ ਗੁਰਦੁਆਰਾ ਸਾਹਿਬ ਵਿਖੇ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ੨੩ ਫਰਵਰੀ ਨੂੰ ਸ਼ਹੀਦ ਸਿੰਘਾਂ
ਦਾ ਸਸਕਾਰ ਕੀਤਾ ਗਿਆ ਅਤੇ ਅੰਗਰੇਜ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਗੁਰਦੁਆਰਾ ਸਾਹਿਬ
ਦੀਆਂ ਚਾਬੀਆਂ ਸਿੱਖਾਂ ਨੂੰ ਸੌਪੀਆਂ ਅਤੇ ਅੰਗਰੇਜ ਸਰਕਾਰ ਵੱਲੋਂ ਮੌਕੇ ਤੇ ਫਰਾਰ ਹੋਏ ਮਹੰਤ ਨੂੰ ਵੀ ਸਖਤ
ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਸ਼ਹਾਦਤਾਂ ਤੋਂ ਬਾਅਦ ਗੁਰਧਾਮਾ ਨੂੰ ਆਜ਼ਾਦ ਕਰਵਾ ਕੇ ਉੱਥੇ ਗੁਰਮਰਿਯਾਦਾ
ਬਹਾਲ ਕੀਤੀ ਗਈ।
ਉਪਰੋਕਤ ਅਭੁੱਲ ਸਾਕੇ ਨੂੰ ਰੋਜ਼ਾਨਾ ਅਰਦਾਸ ਕਰਨ ਵੇਲੇ ਯਾਦ ਕੀਤਾ ਜਾਂਦਾ ਹੈ, ‘ਗੁਰਦੁਆਰਿਆਂ ਦੀ
ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ
ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

* * * * *

-ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ