ਮੇਰੀ ਧੀ

0
762

ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ

ਮੂੰਹੋ ਬੋਲੇਂ ਜਾਂ ਨਾ ਬੋਲੇਂ

ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ।

ਤੇਰੇ ਚੇਹਰੇ ਦੇ ਸਭ ਹਾਵ ਭਾਵ

ਸਬ ਹਕੀਕਤਾਂ ਬੇਪਰਦ ਕਰ ਦੇਵਣ।

ਤੇਰਾ ਸਹਿਮੇ ਜਹੇ ਕਹਿਣਾ, ਪਾਪਾ ਸਭ ਠੀਕ ਹੈ

ਅੱਖਾਂ ਵਿਚ ਅੱਥਰੂਆਂ ਦਾ ਛਲਕ ਜਾਣਾ

ਸ਼ਬਦਾਂ ਦਾ ਗਲੇ ਵਿਚ ਅਟਕ ਜਾਣਾ

ਖੋਲ੍ਹ ਦੇਵੇ ਰਾਜ਼, ਸਭ ਠੀਕ ਨਹੀਂ ਏ।

ਤੇਰਾ ਫੋਨ ’ਤੇ ਮੱਧਮ ਅਵਾਜ਼ ਵਿਚ ਬੋਲਣਾ

ਕਦੇ ਚੁੱਪ ਕਰ ਜਾਣਾ

ਦੱਸ ਦਿੰਦਾ ਏ,  ਤੇਰੀਆਂ ਮਜ਼ਬੂਰੀਆਂ।

ਮੇਰੀ ਪਿਆਰ, ਦੁਲਾਰ ਨਾਲ ਪਾਲੀ, ਉੱਚ ਸਿੱਖਿਅਤ ਧੀ

ਤੈਨੂੰ ਉੱਚੇ ਆਦਰਸ਼ਾਂ ਦਾ, ਸਬਕ ਜੋ ਪਡ਼੍ਹਾਇਆ ਸੀ

ਆਦਰਸ਼ਹੀਣ ਲੋਕਾਂ ਅੱਗੇ, ਬੇਅਰਥ ਹੋ ਕੇ ਰਹਿ ਗਿਆ ਏ।

ਤੇਰੀ ਮਜ਼ਬੂਰੀ, ਤੂੰ ਘਰ ਛੱਡ

ਇੱਥੇ ਆ, ਜੱਗ ਹਸਾਈ ਸਹਿ ਨਹੀਂ ਸਕਦੀ

ਬੇਲਿਹਾਜ਼ਾ, ਜ਼ਿਲਤ ਭਰਿਆ, ਜੀਵਣ ਜਿਉਣਾ

ਦੁਸ਼ਵਾਰੀਆਂ ਸਹਿਣਾ, ਬਣ ਗਿਆ ਤੇਰੀ ਮਜ਼ਬੂਰੀ।

ਮੈਂ ਖ਼ੁਦ, ਸੋਚਾਂ ਦੇ ਭੰਵਰ ਵਿਚ, ਫਸ ਗਿਆ ਹਾਂ

ਕਿਉਂ ਲੋਕਾਂ ਨੂੰ ਇਨਸਾਨਾਂ ਵਾਂਗ ਜਿਉਣਾ ਪਸੰਦ ਨਹੀਂ?

ਹਰ ਹੀਲੇ ਪਡ਼੍ਹੀ ਲਿਖੀ ਨੂੰਹ ਨੂੰ, ਕਿਉਂ ਨੀਵਾਂ ਵਿਖਾਵਣ?

ਰੂਡ਼ਵਾਦੀ ਫਲਸਫਾ, ਦੂਸਰਿਆਂ ਤੇ, ਕਿਉਂ ਮਡ਼੍ਹਦੇ ਜਾਵਣ?

ਸ਼ਾਇਦ ਇਸ ਤਰਾਂ, ਕਿਸੇ ਜਿੱਤ ਦਾ ਅਹਿਸਾਸ ਪਾਵਣ।

ਧੀਏ, ਮੈਂ ਮਜ਼ਬੂਰ, ਤੇਰੇ ਸੰਘਰਸ਼ ਵਿਚ, ਕੁੱਦ ਨਹੀਂ ਸਕਦਾ

ਸੁਣਦਾ ਹਾਂ, ਤੇਰੀ ਵਿਥਿਆ, ਬਡ਼ੇ ਧਿਆਨ ਨਾਲ

ਹਰ ਵਾਰ ਦੋ ਸ਼ਬਦ ਕਹਿ, ਪੱਲਾ ਝਾਡ਼ ਲੈਂਦਾ ਹਾਂ

“ਧੀਏ ਦਲੇਰੀ ਨਾਲ ਜਿਉਂ, ਜੀਵਨ ਸੰਘਰਸ਼ ਏ

ਆਪਣੇ ਆਦਰਸ਼ਾਂ ਤੋਂ ਨਾ ਡਿੱਗੀਂ, ਸਖ਼ਤ ਮਿਹਨਤ ਕਰ

ਚੰਗੇ ਆਚਾਰ, ਵਿਚਾਰ, ਵਿਹਾਰ ਨਾਲ ਸਬ ਬਦਲੋ”

ਪਾਪਾ, ਮੇਰੇ ਮਨ ਦੀ ਢਾਰਸ ਬਣ ਜਾਂਦੇ ਨੇ, ਤੁਹਾਡੇ ਸ਼ਬਦ

“ਪਾਪਾ, ਮੈਂ ਕੋਮਲ ਹਾਂ ਬੁਜਦਿਲ ਨਹੀਂ ਹਾਂ”

ਆਪਣੀ ਸੂਝ, ਸਿਰਡ਼, ਸਬਰ ਸੰਤੋਖ ਨਾਲ

ਸਿਰਜ ਲਵਾਂਗੀ, ਨਵਾਂ ਜਹਾਨ।

ਪਾਪਾ, ਚੁੱਲ੍ਹੇ ਚੌਂਕੇ, ਪੋਚੇ ਛੁਡ਼ਾ ਮੈਨੂੰ, ਪਡ਼੍ਹਾਈ ’ਚ ਲਾ ਛੱਡਿਆ

ਧੀਏ ਪਡ਼੍ਹ ਲੈ, ਪਡ਼੍ਹਾਈ ਵੱਡਮੁੱਲਾ ਗਹਿਣਾ ਦਾ ਹੋਕਾ ਲਾ ਛੱਡਿਆ

ਤੁਸੀਂ ਕੰਮ ਵਾਲੀ ਫੌਲਾਦੀ ਮਸ਼ੀਨ ਕਿਉਂ ਨਹੀਂ ਬਣਾਇਆ।

ਪਾਪਾ, ਮੈਂ ਕੋਸ਼ਿਸ਼ ਕਰ ਰਹੀ ਹਾਂ, ਥੱਕ ਜਾਂਦੀ ਹਾਂ

ਰੋਜ਼ ਦੀ ਜ਼ਿਲਤ, ਬੇਜ਼ਤੀ ਸਹਿ ਨਾ ਪਾਵਾਂ

ਪਾਪਾ, ਤੁਹਾਡੀ ਰਾਣੀ, ਮੀਰਾਂ ਬੇਟੀ

ਇਸ ਘਰ, ਝੱਲੀ, ਖ਼ੋਤੀ ਕਹਿਲਾਵੇ।

ਪਾਪਾ, ਤੁਸੀਂ ਕਹਿੰਦੇ ਤੇ ਲਿਖਦੇ ਵੀ ਹੋ

“ਜ਼ੁਲਮ ਸਹਿਣਾ ਬੁਜ਼ਦਿਲੀ, ਜ਼ੁਲਮ ਕਰਨਾ ਗੁਨਾਹ”

ਪਰ ਵਿਰੋਧ ਵਿਚ ਕੁੱਝ ਬੋਲੀ

ਹੱਥ ਆਵੇਗਾ, ਉਨ੍ਹਾਂ ਦੇ ਇਕ ਨਵਾਂ ਮੁੱਦਾ

ਮੂੰਹ ਫੱਟ ਹੈ, ਦੂਸ਼ਣ ਲਗਾਵਣਗੇ

ਘਰੋਂ ਕੱਢਣ ਦੀ, ਨਵੀਂ ਰਣਨੀਤੀ ਆਪਣਾਵਣਗੇ।

ਆਪਣੀ ਧੀ ਦੇ ਦੁੱਖ ਦਰਦ ਨੇ ਜਦੋਂ ਵੰਡਾਉਂਦੇ

ਮਨ ਵਿਚ ਟੀਸ ਉਠ ਦੀ ਏ, ਕੀ ਮੈਂ ਕਿਸੇ ਦੀ ਧੀ ਨਹੀਂ

ਮੈਨੂੰ ਕਿਉਂ ਬੇਜ਼ੁਬਾਨ ਜਾਨਵਰ ਸਮਝਣ।

ਮੇਰੇ ਜਨਮ ਦਾਤਿਓ, ਤੁਸਾਂ ਬਾਖ਼ੂਬੀ ਫਰਜ਼ ਪੂਰੇ ਕੀਤੇ

ਵਿਦਾ ਕਰਦਿਆਂ ਕਿਹਾ ਸੀ, ਹੁਣ ਨਵੇਂ ਘਰ ਤੇਰੇ ਮਾਪੇ

ਮੈਂ ਹੈਰਾਨ ਹਾਂ ਪਰੇਸ਼ਾਨ ਹਾਂ

ਮਾਪਿਆਂ ਦਾ ਰੂਪ ਐਨਾ ਭਿਆਨਕ ਵੀ ਹੁੰਦਾ ਏ।

ਮੇਰਾ ਨੰਨ੍ਹਾਂ ਬਾਲ ਰੁਲ ਰਿਹਾ ਏ, ਵਾਧੂ ਦੀ ਕਸ਼ਮਕਸ਼ ਵਿਚ

ਨਾ ਚਾਹੁੰਦੇ ਵੀ ਨਿਰਮੋਹੀ ਬਣ ਛੱਡ ਤੁਰਦੀ ਹਾਂ ਚਾਰ ਦਮਡ਼ੇ ਕਮਾਉਣ।

ਮੇਰਾ ਸਬਰ ਪਿਆਲਾ ਭਰ ਰਿਹਾ ਏ

ਫਟ ਜਾਵੇਗਾ ਕਿਸੇ ਦਿਨ ਐਟਮੀ ਬੰਬ ਦੀ ਤਰ੍ਹਾਂ

ਤਹਿਸ ਨਹਿਸ ਕਰ ਦੇਵੇਗਾ, ਝੂਠੇ ਦੰਭ ਦੀ ਕੁਟੀਆ।

ਪਾਪਾ ਮੈਂ ਹੌਸਲਾ ਨਹੀਂ ਹਾਰੀ ਮੌਕੇ ਦੇ ਰਹੀ ਹਾਂ

ਕਦੇ ਤਾਂ ਹਨੇਰੇ ਚੀਰ ਚਾਣਨੀ ਪਸਰ ਜਾਵੇਗੀ

ਪਾਪਾ ਤੁਸੀਂ ਡੋਲਨਾ ਨਹੀਂ

ਮੈਂ ਖ਼ੂਨ ਹਾਂ ਤੁਹਾਡਾ

ਹਰ ਜਬਰ ਨਾਲ ਟੱਕਰ ਲਵਾਂਗੀ

ਹਨੇਰਿਆਂ ਨੂੰ ਭਾਜਡ਼ਾਂ ਪਾ ਰਾਹ ਰੋਸ਼ਨਾਵਾਂਗੀ।