ਛਾਉਣੀ – ਲਾਲ ਸਿੰਘ ਦਸੂਹਾ

0
1281

ਸੀਮਾ ਦੀ ਰੱਖਿਆ ਲਈ ਛਾਉਣੀ  ਵਿੱਚ ਕੀਤੇ ਗਏ ਵਾਧੇ ਹੇਠ ਆਈ ਪੰਜ ਕੁ ਏਕੜ ਜ਼ਮੀਨ ਦਾ ਅੱਖਾਂ  ਪੂੰਝਣ ਜਿੰਨਾ ਮੁਆਵਜ਼ਾ ਦੇ ਕੇ , ਕੇਂਦਰੀ ਸਰਕਾਰ ਦੀ ਪਾਈ  ‘ਫਾਹੀ ’ ਨੂੰ ਨਜਿੱਠਣ ਲਈ ਰਾਜ ਦੇ ਮੁੱਖ ਮੰਤਰੀ ਨੇ  ਸ਼ਹਿਰ ਦੇ ਰੈਸਟ-ਹਾਊਸ ਵਿੱਚ ਆਉਣਾ ਸੀ ।
ਰੈਸਟ-ਹਾਊਸ ਦੀ ਸਫਾਈ ਅਤੇ ਨੇੜਿਓਂ ਦੀ ਜਰਨੈਲੀ ਸੜਕ ਦੁਆਲੇ ਲੱਗੇ ਸਫੈਂਦਿਆਂ ਹੇਠ ਨਰਸਰੀ ਦੀਆਂ ਥੈਲੀਆਂ ਵਿਚ ਉਗਾਏ ਨਿੱਕੇ  ਨਿੱਕੇ ਬੂਟਿਆਂ ਨੂੰ ਸੁਆਰਨ  ਦਾ ਕੰਮ ਅਜਿਹੇ ਵੇਲੇ ਕਮੇਟੀ  ਵਾਲਿਆਂ ਲਈ ਬਹੁਤਾ ਹੀ ਵਧ ਜਾਂਦਾ  ਹੈ ।ਬਾਕੀ ਦੇ ਸ਼ਹਿਰ ਵਲੋਂ ਅਵੇਸਲੇ ਹੋ ਕੇ , ਇਕੋ ਹੀ ਥਾਂ ਝੋਕੇ ਗਏ ਸਾਰੇ ਸਫਾਈ-ਮਜ਼ਦੂਰਾਂ ਦੇ ਕੰਮ  ਦਾ ਨਰੀਖਣ ਕਰ ਕੇ ਪ੍ਰਧਾਨ ਹੋਰੀਂ  ਬੜੇ ਚੈਨ ਨਾਲ ਹਨੇਰੇ ਪਏ ਘਰ ਪਹੁੰਚੇ ਤੇ ਸੁਖ ਦੀ ਨੀਂਦ ਸੌਂ ਗਏ ।
ਕੇਲਿਆਂ ਦੇ ਬੂਟਿਆਂ ਨੂੰ ਧਰਤੀ ਵਿੱਚ ਗੱਡੀਆਂ ਬਾਂਸਾਂ ਦੀਆਂ ਪੌੜੀਆਂ ਦਾ ਆਸਰਾ ਦੇ ਕੇ ‘ਜੀ ਆਇਆ ਨੂੰ ‘ ਦਾ ਗੇਟ ਬਣਾਉਣ ਲਈ ਜਦ ਪ੍ਰਧਾਨ ਹੋਰੀਂ ਅਗਲੇ ਦਿਨ ਆਏ ਤਾਂ ਰੈਸਟ-ਹਾਊਸ ਅਤੇ ਸੜਕ ਵਿਚਕਾਰਲੀ ਥਾਂ ‘ਤੇ ਸਿਰਲੀਗਰਾਂ ਦੀਆਂ ਝੁੱਗੀਆਂ ਅਤੇ ਇੱਟਾਂ ਦੇ ਚੁਲ੍ਹਿਆਂ ਵਿਚ ਧੁਖਦਾ ਧੂੰਆਂ ਦੇਖ ਕੇ ਗੁੱਸਾ ਤਾਂ ਆਉਣਾ ਹੀ ਸੀ , ਪਰ ਲੀਰਾਂ-ਕਚੀਰਾਂ, ਗੰਦੀਆਂ ਝੁੱਗੀਆਂ ਲਾਗੇ ਠੰਢ ਨਾਲ ਕੁੰਗੜੀਆਂ ਖੱਚਰਾਂ ਦੀ ਖਿਲਰੀ ਲਿੱਦ ਅਤੇ ਨਿਆਣਿਆਂ ਦਾ ਮੱਲ-ਮੂਤਰ ਦੇਖ ਕੇ , ਉਹਨਾਂ ਨੂੰ ਅੱਗ ਹੀ ਲੱਗ ਗਈ । ਸਮਾਂ ਥੋੜ੍ਹਾ ਰਹਿੰਦਾ ਦੇਖ ਉਹ ਉਰਦੂ ਵਰਗੀ ਪੰਜਾਬੀ ਵਿੱਚ ਗਾਲ੍ਹਾਂ ਵਰ੍ਹਾਉਂਦੇ ਕਦੀ ਸਿਕਲੀਗਰਾਂ ਵੱਲ ਦੌੜਦੇ , ਕਦੀ ਟੈਲੀਫੋਨ ‘ਤੇ ਬੁਲਾਈ ਪੁਲਸ ਨੂੰ ਉਡੀਕਣ ਲਈ ਬਣਦੇ ਗੇਟ ਵੱਲ ।

ਉਜੜੇ ਲੋਕਾਂ ਦੇ ਵਫ਼ਦ ਨੂੰ  ਮਿਲਣ ਲਈ ਦਿੱਤੇ ਹੋਏ ਸਮੇਂ ਤੋਂ ਮੁੱਖ-ਮੰਤਰੀ ਭਾਵੇਂ  ਛੇ ਘੰਟੇ ਪੱਛੜ ਕੇ ਪਹੁੰਚੇ ਪਰ ਏਨਾ ਸਾਰਾ ਸਮਾਂ ਪੁਲੀਸ ਦਾ ਡੰਡਾ ਵਰਤ ਕੇ ਵੀ ਪ੍ਰਧਾਨ ਹੋਰੀਂ , ਝੁੱਗੀਆਂ ਦੀ ਛਾਉਣੀ ਨੂੰ ਗੈਸਟ-ਹਾਊਸ ਦੇ ਬਿਲਕੁਲ ਸਾਹਮਣਿਓਂ ਉਠਾਲ ਨਾ ਸਕੇ ।