ਪ੍ਰਸ਼ਨ-ਚਿੰਨ੍ਹ – ਲਾਲ ਸਿੰਘ ਦਸੂਹਾ

0
183

ਤੇਰਾਂ ਜਮਾਤਾਂ ਪਾਸ , ਹੜਤਾਲ  ਨਾ ਕਰਨ ਦਾ ਵਾਹਦਾ-ਫਾਰਮ ਭਰ ,ਕਪੜੇ ਦੀ ਵੱਡੀ ਮਿਲ ਵਿੱਚ ਨੌਕਰੀ  ਕਰਦੀ ਸੀਤਾ , ਬੀਮਾਰ ਬੱਚੀ ਨੂੰ  ਮੋਢੇ ਲਾਈ ਸਵੇਰੇ ਸੱਤ ਵਜੇ  ਹਸਪਤਾਲ ਦੇ ਖੱਬੇ ਦਰਵਾਜ਼ੇ ਸਾਹਮਣੇ ਲੱਗੀ ਲੰਮੀ ਕਤਾਰ ਵਿੱਚ ਆ ਖੜੌਂਦੀ ਹੈ । ਦਸ ਵਜੇ ਤਕ ਵੀ ਡਾਕਟਰ  ਦੇ ਨਾ ਪਹੁੰਚਣ ਕਾਰਨ ਪਾਣੀ ਨੂੰ  ਵਿਲਕਦੇ ਬੀਮਾਰ ਬੱਚਿਆਂ ਦੀਆਂ ਮਾਵਾਂ , ਮੰਤਰੀਆਂ ਦੀਆਂ ਕੋਠੀਆਂ ਵੱਲ ਜਾਂਦੇ ਪਾਣੀ ਦੇ ਟੈਂਕਰ  ਨੂੰ ਰੋਕਦੇ ਹੜਤਾਲੀ ਪਾਣੀ-ਕਾਮਿਆਂ ਦੀ ਬੇਕਾਬੂ ਭੀੜ ‘ਤੇ ਚੱਲੀ ਪੁਲੀਸ ਦੀ ਗੋਲੀ ਨਾਲ ਮਰੇ ਬੰਦਿਆਂ ਕਰਕੇ ਬੰਦ ਹੋਈ ਸੜਕ ਤੋਂ ਮੁੜਦੀਆਂ , ਸਰਕਾਰਾਂ , ਬੱਸਾਂ ,ਡਾਕਟਰਾਂ ,ਪੁਲਸੀਆਂ ,ਹੜਤਾਲੀਆਂ ਨੂੰ ਗਾਲ੍ਹਾਂ ਕੱਢਦੀਆਂ , ਘਬਰਾਹਟ ਉਗਲਦੀਆਂ ਹਨ । ਬਾਲ ਵਰ੍ਹਾ ਮਨਾਉਣ ਲਈ ਲੱਗੇ ਸ਼ਾਮਿਆਨੇ ਅੰਦਰ ਲਟਕਦੇ ਉਦੇਸ਼ਾਂ ਕੋਲ ਖੱਚਾ-ਖੱਚ ਭਰੇ ਬਰਾਂਡੇ ਦੇ ਹੁਸੜ ਵਿੱਚ ਖੜੀ ਸੀਤਾ ਨੂੰ ਬੱਚੀ ਦੇ ਵਧਦੇ ਬੁਖਾਰ ਦੀ ਵਧਦੀ ਤਪਸ਼ ਇਕਦਮ ਘਟ ਗਈ ਜਾਪਦੀ ਹੈ , ਜਦ ਉਸ ਦੇ ਮੋਢੇ ਨਾਲ ਲਮਕਿਆ ਵਿਸਮਿਕ ਚਿੰਨ੍ਹ ਉਸ ਦੀਆਂ ਬਾਹਾਂ ਵਿੱਚ ਪ੍ਰਸ਼ਨ-ਚਿੰਨ੍ਹ ਬਣ ਕੇ ਡਿੱਗ ਪੈਂਦਾ ਹੈ