ਕੱਲ੍ਹ ਗੱਲ ਕਰਾਂਗੇ – ਲਾਲ ਸਿੰਘ ਦਸੂਹਾ

0
1044

ਫੈਕਟਰੀ ਕਾਮੇ ,ਫੈਕਟਰੀ ਦਫ਼ਤਰ  ਤੋਂ ਬਾਹਰ , ਸੱਤ ਤਾਰੀਖ਼ ਨੂੰ  ਸ਼ਾਮ ਪੰਜ ਵਜੇ , ਤਨਖਾਹ ਲੈਣ  ਲਈ ਖੜੇ , ਫਿਟਰ ਹੱਥ ਫੋਰਮੈਨ ਦੇ ਓਵਰਟਾਇਮ ਲਾਉਣ ਦੇ ਸੁਨੇਹੇ ਦਾ ਓਤਰ ਭੇਜਦੇ ਹਨ – ਉਹਨੂੰ ਆਖ , ਕੱਲ੍ਹ ਗੱਲ ਕਰਾਂਗੇ । ਫੈਕਟਰੀ ਮਾਲਕ , ਦਫ਼ਤਰ ਨਾਲ ਲੱਗਦੇ ਆਰਾਮ ਕਮਰੇ ਵਿਚ ਵਿਸਕੀ ਦੀਆਂ ਦੋ ਤਿੰਨ ਗਲਾਸੀਆਂ ਚਾੜ੍ਹ ਕੇ , ਸੌਫੇ ਤੇ ਟੇਡਾ ਹੋ , ਸਿਗਰਟ ਦੇ ਲੰਮੇ ਕਸ਼ਾਂ ਦਾ ਧੂੰਆਂ ਗੋਲ ਚੱਕਰ ਬਣਾ ਕੇ ਛੱਤ ਵੱਲ ਉਲਾਰਦਾ , ਗੇਟ-ਮੈਨ ਨੂੰ ਬੁਲਾ ਕੇ ਕਹਿੰਦਾ ਹੈ – ਉਨ ਕੋ ਬੋਲੋ , ਕੱਲ੍ਹ ਗੱਲ ਕਰਾਂਗੇ । ਭੜਕੇ ਹੋਏ ਕਾਮੇ ਅੰਦਰ ਧਸ , ਮੇਜ਼ ਨੂੰ ਲੱਤ ਮਾਰ ਬੋਤਲ ਤੋੜਦੇ ਫੜੇ ਗਏ । ਆਪਣੀਆਂ ਹੀ ਪੱਗਾਂ ਨਾਲ ਨੂੜੇ ਹੱਥਾਂ ਨਾਲ ਠਾਣੇ ਵਿਚ ਵੜਦਿਆਂ ਨੂੰ ਹੁਕਮ ਸੁਣਦਾ ਹੈ – ਸਾਲਿਆਂ ਨੂੰ ।ਹਵਾਲਾਤ , ਕੱਲ੍ਹ ਗੱਲ ਕਰਾਂਗੇ ।

ਰਿਹਾਈ ਦਾ ਹੁਕਮ ਕਰਵਾਉਣ ਲਈ ਕਾਮਿਆਂ ਦੀ ਯੂਨੀਅਨ ਦਾ ‘ਨੇਤਾ’ ਜਨ-ਨਾਇਕ ਦੇ ਨਿਵਾਸ-ਅਸਥਾਨ ‘ਤੇ ਪਹੁੰਚਦਾ ਹੈ , ਤਾਂ ਉਥੇ ਹੀ ਰੰਗ ਜਮਾਈ ਬੈਠਾ ਪੁਲਿਸ ਦਾ ਵੱਡਾ ਅਫ਼ਸਰ ਅੰਦਰੋਂ ਸੁਨੇਹਾ ਭੇਜਦਾ ਹੈ – ਹੁਣ ਮੂਡ ਠੀਕ ਨਹੀਂ , ਕੱਲ੍ਹ ਗੱਲ ਕਰਾਂਗੇ । ਭੁੱਖੇ ਭਾਣੇ ,ਕੋਠੜੀ  ਵਿੱਚ ਦੜੇ , ਹੁਸੜ ਵਿਚ ਤੜਫ਼ਦੇ , ਮਾਂਗਣੂਆਂ ਮੱਛਰਾਂ ਦੀ ਜਲਣ ਨੂੰ ਖੁਰਕਦੇ , ਕਾਮੇ ਕਚੀਚੀਆਂ ਵੱਟ ਰਹੇ ਹਨ  – ਅੱਜ ਦੀ ਰਾਤ ਕੱਟੋ , ਕੱਲ੍ਹ ਗੱਲ ਕਰਾਂਗੇ ।