ਸਵਰਗਾਂ ਦਾ ਲਾਰਾ

0
138

ਨਾ ਦੇ ਇਹ ਸਵਰਗਾਂ ਦਾ ਲਾਰਾ

ਸਾਨੂੰ ਸਾਡਾ ਕੁਫ਼ਰ ਪਿਆਰਾ।

ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ

ਮੈਂ ਕੀ ਮੱਥੇ ਟੇਕਾਂ।

ਪੱਥਰ ਦਿਲ ਭਗਵਾਨ ਦਾ ਕੀਤਾ।

ਇਹ ਜੋਤਾਂ ਦਿਆਂ ਸੇਕਾਂ।

ਵੇਖਣ ਦਿਉ ਜਵਾਨੀ ਕੋਈ

ਮੈਨੂੰ ਬਹ ਬਹ ਲਾਗੇ।

ਮੇਰਾ ਰੱਬ ਲਕੋਈ ਬੈਠੇ

ਇਹ ਘੁੰਗਟ ਦੇ ਧਾਗੇ।

ਬਲਦੀ ਲਾਟ ਹੁਸਨ ਦੀ ਉਤੋਂ

ਜਾਂ ਉਸ ਘੁੰਡ ਸਰਕਾਇਆ।

ਲੱਖ ਨਸੀਹਤ ਕਰਦਾ ਸੀ ਜੋ

ਪਹਿਲੋਂ ਭੁੱਜਣ ਆਇਆ।

ਮਹੰਦੀ ਵਾਲੇ ਹੱਥ ਜਦੋਂ ਆ

ਕਰਨ ਇਸ਼ਾਰੇ ਲੱਗੇ।

ਕਾਫ਼ਰ ਸਾਰੇ ਪਿੱਛੇ ਰਹਿ ਗਏ

ਮੋਮਨ ਹੋਏ ਅੱਗੇ।

ਦੋਵੇਂ ਨੈਣ ਨਸ਼ੀਲੇ ਐਡੇ,

ਕੁਲ ਦੁਨੀਆਂ ਨਸ਼ਿਆਈ।

ਮੈਨੂੰ ਮੰਜ਼ਲ ਦੀ ਹੱਦ ਮੇਰੀ

ਉਥੋਂ ਕਰ ਦਿਸ ਆਈ।

ਹੁਣ ਕੀ ਐਵੇਂ ਰਾਹਾਂ ਦੇ ਵਿਚ

ਖੇਹ ਉਡਾਉਣੀ ਯਾਰਾ।

ਏਹੋ ਠੀਕਰ ਠਾਕਰ ਸਾਡਾ

ਏਹੋ ਠਾਕਰ-ਦਵਾਰਾ।

ਨਾਂ ਦੇ ਇਹ ਸਵਰਗਾਂ ਦਾ ਲਾਰਾ.

ਸਾਨੂੰ ਸਾਡਾ ਕੁਫ਼ਰ ਪਿਆਰਾ।