ਸੁਪਨਾ – ਦੀਪ ਪੱਖੋਕੇ

0
216

ਮੇਰੇ ਪਿੰਡ ਦੀ ਸਵੇਰ ਕਿੰਨ੍ਹੀ ਸੋਹਣੀ ਲੱਗਦੀ,
ਚਿੜੀਆਂ ਦੀ ਚਹਿਕ ਪਈ ਦਿਲ ਨੂੰ ਏ ਠੱਗਦੀ.
ਪੱਤੀਆਂ ਤੇ ਬੂੰਦਾਂ ਪਈਆ ਚਮਕਦੀਆਂ,
ਦੇਣੀ ਪਊ ਦਾਦ ਸੱਚੇ ਰੱਬ ਵਾਲੀ ਰਗ ਦੀ.

ਮੇਰੇ ਪਿੰਡ ਦੀ ਸਵੇਰ ਬੜੀ ਸੋਹਣੀ ਲਗਦੀ.

ਹਾਲ੍ਹੀ ਚੱਲ ਪਏ ਫੜ ਹਲ੍ਹ ਤੇ ਪੰਜਾਲੀਆਂ,
ਰਿੜਕਦੀਆਂ ਪਈਆਂ ਦੁੱਧ ਬਾਹਾਂ ਚੂਰੇ ਵਾਲੀਆਂ.
ਕੱਢਦੀ ਪਈ ਏ ਬੇਬੇ ਧਾਰ ਬੂਰੀ ਮੱਝ ਦੀ…..
ਮੇਰੇ ਪਿੰਡ ਦੀ ਸਵੇਰ……

ਮੱਖਣ ਦਾ ਛੰਨਾਂ ਫੜ ਲਿਆ ਏ ਸਵਾਣੀਂ ਨੇ,
ਚੱਪੇ ਨਾਲ ਸਾਗ, ਵਿਚ ਪਾ ਦਿੱਤਾ ਰਾਣੀ ਨੇਂ.
ਹੁਣ ਪਿੰਡੇ ਵਾਲੀ ਖੁਸ਼ਕੀ ਤੂੰ ਵੇਖੀਂ ਕਿਵੇਂ ਭੱਜਦੀ…..
ਮੇਰੇ ਪਿੰਡ ਦੀ ਸਵੇਰ…..

ਧੀ ਵੀ ਨਾਂ ਵੇਹੜੇ ਵਿਚੋਂ ਅੱਖ ਚੁੱਕ ਤੱਕਦੀ,
ਮਾਪਿਆਂ ਦੀ ਲਾਜ ਬੰਨ੍ਹ ਚੁੰਨੀ ਪੱਲੇ ਰੱਖਦੀ.
ਕਰਦੀ ਸੰਭਾਲ਼ ਚਿੱਟੀ ਬਾਪ ਵਾਲੀ ਪੱਗ ਦੀ…..
ਮੇਰੇ ਪਿੰਡ ਦੀ ਸਵੇਰ…..

ਸ਼ੁੱਤੇ ਪਏ ਸੁਪਨਾਂ ਸੀ ਪਿੰਡ ਵਾਲਾ ਆ ਗਿਆ,
“ਦੀਪ” ਤੇਰਾ ਪਿੰਡ ਹੁਣ ਪਹਿਲਾਂ ਜਿਹਾ ਨਹੀ ਰਿਆ.
ਪਹਿਲਾਂ ਵਾਲੀ ਮੌਜ ਹੁਣ ਕਿਧਰੇ ਨਾਂ ਲੱਭਦੀ।.
ਮੇਰੇ ਪਿੰਡ ਦੀ ਸਵੇਰ ਕਾਹਤੋ ਰਹੀ ਨਈਓ ਚੱਜਦੀ?