ਮਾਂ – ਦੀਪ ਪੱਖੋਕੇ

0
163

ਨੌ ਮਹੀਨੇ ਕਸ਼ਟ ਭੋਗਕੇ ,
ਸੋਹਣਾ ਜਗਤ ਵਿਖਾਉਂਦੀ ਏ।
ਜਗ ਤੇ ਰੂਪ ਖੁਦ੍ਹਾ ਦਾ ਦੂਜਾ,
ਤਾਂਈਂਓ ਮਾਂ ਅਖਵਾਉਂਦੀ ਏ।
ਰੱਬ ਤਾਂ ਬਸ ਤਕਦੀਰਾਂ ਲਿਖਦਾ,
ਪਰ ਤਕਦੀਰਾਂ ਨੂੰ ਵੀਂ ਪਲਟਣ ਮਾਂਵਾ।
ਦੁੱਧ ਪਿਲਾ ਕੇ ਪੁੱਤ ਪਾਲਦੀਆਂ ਕਿਉਂ ਪਾਣੀ ਨੂੰ ਵੀਂ ਤਰਸਣ ਮਾਂਵਾਂ?

ਸਾਰੀ ਉਮਰ ਨਾਂ ਲਹਿ ਸਕਦੇ,
ਪੁਤਰਾਂ ਤੋਂ ਕਰਜੇ ਮਾਂਵਾਂ ਦੇ।
ਖੂਨ ਪਿਲਾ ਕੇ ਸਿੰਝਿਆ ਮਾਂ ਨੇਂ,
ਨਾਲ ਬੜੇ ਹੀ ਚਾਂਵਾਂ ਦੇ।
ਪੁੱਤਰ ਤੇ ਜਦ ਬਿਪਤਾ ਬਣਦੀ,
ਹਰ ਕਤਰਾ ਖੂਨ ਦਾ ਖਰਚਣ ਮਾਂਵਾਂ।
ਦੁੱਧ ਪਿਲਾ ਕੇ ਪੁੱਤ ਪਾਲਦੀਆਂ ਕਿਉਂ ਪਾਣੀ ਨੂੰ ਵੀਂ ਤਰਸਣ ਮਾਂਵਾਂ?

ਬੱਚਿਆਂ ਦੀ ਹਰ ਖੁਸ਼ੀ ਦੀ ਖਾਤਿਰ,
ਨੰਗੇ ਪੈਰੀਂ ਸੁੱਖਣਾਂ ਸੁੱਖਦੀਆਂ ਨੇ।
ਦੈਵੀ ਸ਼ਕਤੀਆਂ ਵੀ ਫਿਰ,
ਮਾਂ ਦੀ ਜਿੱਦ, ਅੱਗੇ ਆ ਝੁੱਕਦੀਆਂ ਨੇ।
ਬੱਚੇ ਜਦ ਤਰੱਕੀਆਂ ਕਰਦੇ ,
ਫਿਰ ਆਪ ਮੁਹਾਰੇ ਹਰਸ਼ਣ ਮਾਂਵਾਂ।
ਦੁੱਧ ਪਿਲਾ ਕੇ ਪੁੱਤ ਪਾਲਦੀਆਂ ਕਿਉਂ ਪਾਣੀ ਨੂੰ ਵੀਂ ਤਰਸਣ ਮਾਂਵਾਂ?

ਮਮਤਾ ਧਰਮ ਨੂੰ ਪਾਲਣ ਖਾਤਿਰ,
ਹਰ ਪੀੜ ਜਿਸਮ ਦੀ ਭੁੱਲ ਜਾਵਣ।
“ਮਨਦੀਪ” ਨਾ ਮੂੰਹ ‘ਚੋ’ ਸੀ ਨਿਕਲੇ,
ਭਾਂਵੇਂ ਲੱਖਾਂ ਹਨੇਰੀਆਂ ਝੁੱਲ ਜਾਵਣ।
ਜੇ ਐਨਾ ਕੁਝ ਏ ਕਰਦੀਆਂ ਨੇ,
ਫਿਰ ਬੇਇਲਾਜੇ ਕਿਉਂ ਤੜਫਣ ਮਾਂਵਾਂ।
ਦੁੱਧ ਪਿਲਾ ਕੇ ਪੁੱਤ ਪਾਲਦੀਆਂ ਕਿਉਂ ਪਾਣੀ ਨੂੰ ਵੀਂ ਤਰਸਣ ਮਾਂਵਾਂ?