ਸਾਡਾ ਚੋਣ ਮੈਨੀਫੈਸਟੋ ਪੜ ਲੈ ਵੋਟਰ ਯਾਰਾ – ਲਖਵਿੰਦਰ ਸਿੰਘ ਰਈਆ ਹਵੇਲੀਆਣਾ

0
114

ਠਿੱਬੀ ਰਾਮ ਖੋਲ੍ਹ ਕੇ ਬਹਿ ਗਿਆ ਚੋਣ ਪਟਾਰਾ,
ਸਾਡਾ ਚੋਣ ਮੈਨੀਫੈਸਟੋ ਪੜ ਲੈ ਵੋਟਰ ਯਾਰਾ।
ਸਾਡੇ ਰਾਜ ਸਮੇਂ ਤੇਰੇ ਦੋਹੀਂ ਹੱਥੀਂ ਹੋਣਗੇ ਲੱਡੂ,
ਮੂੰਹ ‘ਚ ਪਾਉਂਦਿਆਂ ਹੀ ਉਲਟੀ ਆਉਣ ਲਗੂ।
ਸਾਡੀਆਂ ਵੇਖੀਂ ਲਾਲੇ ਵਾਲੀਆਂ  ਸੁੱਟਾਂ,
ਖਜ਼ਾਨੇ ਨੂੰ ਲੁਟਵਾਂਗੇ, ਭਰ-ਭਰ ਬੁਕਾਂ।
ਵਧੇ-ਫੁਲੇਗੀ ਤੇ ਟੀਟਣੇ ਮਾਰੂਗੀ ਮਹਿੰਗਾਈ ਰਾਣੀ,
ਉਏ ਘਬਰਾਈਂ ਨਾ! ਵਿਕਾਸ ਦੀ ਇਹੋ ਨਿਸ਼ਾਨੀ।
‘ਗਰੀਬੀ’ ਹੁੰਦੀ ਦੇਸ਼ ਲਈ ਵੱਡਾ ਕਲੰਕ,
ਤਾਂ ਅਸਾਂ ਕਰ ਦੇਣਾ’ਗਰੀਬਾਂ’ਦਾ ਛੇਤੀ ਹੀ ਕਰ ਦੇਣਾ ਅੰਤ।
ਫਿਰ ਸਾਡਾ ਮਹਾਨ ਦੇਸ਼ ਅਮੀਰਾਂ ਦਾ ਹੀ ਅਖਵਾਊ,
ਇਸ ਮਾਣ ਵਿੱਚ ਛਾਡੀ ਛਾਤੀ ਫੁਲ-ਫੁਲ ਜਾਊ।
ਪਾਰਦਰਸ਼ਤਾ ਭੇਦ-ਭਾਵ ਨੂੰ ਕਰ ਦੇਵਾਂਗੇ ਖਤਮ,
ਫਿਰ ਜਿਸ ਦੀ ਜੇਬ ਵਿੱਚ ਹੋਊ ਦੰਮ ,ਉਸਦੇ ਹੋਣਗੇ ਕੰਮ।
ਜੇ ਭਰੇ ਭੜੋਲਿਆਂ ‘ਚੋਂ ਭ੍ਰਿਸ਼ਟਾਮਲ ਖਾਊ।
ਉਏ ਤਾਂਹੀਓਂ ਹੀ ਉਹ ਆਪਣੇ ‘ਡੱਬੂਆਂ’ ਨੂੰ ਬੁਰਕੀ ਪਾਊ।
‘ਇਮਾਨਦਾਰੀ’ ਰਹੀ ਹੈ ਸਦਾਂ ਭੁੱਖ ਨੰਗ ਦਾ ਘਰ,
ਪਰ ਸਾਡੇ ਰਾਜ ‘ਚ ਬੇਈਮਾਨੀ ਨੂੰ ਰਹੂ ਨਾ ਕੋਈ ਡਰ।
‘ਨਸ਼ਾ ਪਤਾ ਹੁੰਦੈ ਮਾੜਾ’ ਕਹਿੰਦੇ ਨੇ ਸਿਆਣੇ,
ਪਰ ਇਹ ‘ਕਮਾਊ ਪੁੱਤ’ ਸਾਡੇ ਰਜਾਊ ਨਿਆਣੇ।
ਨੀਹ-ਪੱਥਰਾਂ ਦੀ ਕਿਹੜੀ ਗੱਲ, ਦਿਆਂਗੇ ਮੀਂਹ ਵਰਸਾ,
‘ਝੋਟਿਆਂ ਵਾਲੇ ਘਰੋਂ‘ਜੇ ਮਿਲ ਗਈ ਲੱਸੀ ਲਈਂ ਸ਼ੁਕਰਮਨਾ।
ਵੋਟ ਪਾਉਣ ਲੱਗਿਆਂ ਜੇ ਤੂੰ ਕਰ ਲਈ ਸਾਡੀ ਪਛਾਣ,
‘ਰਈਆ ਹਵੇਲੀਆਣਾ’ ਆਖੂ ਤੂੰ ਹੈ ਬੜਾ ਮਹਾਨ।
ਗਰਜਣਗੇ ਤੇ ਵਰਸਣਗੇ ਜੇ ਇਹ ਬਣ ਗਏ ਕਾਲੇ ਬਦਲ,
‘ਬਿਜਲੀ ਖਤਰੇ’ ਵਾਲੇ ਨਿਸ਼ਾਨ ਵਾਂਗੂ ਬਣ ਜੂ ਤੇਰੀ ਸ਼ਕਲ।