ਆਪਣੇ ਬੇਗਾਨੇ – ਤਰਸੇਮ ਬਸ਼ਰ

0
825

ਗੇਬੋ ਪ੍ਰੇਸ਼ਾਨ ਬਹੁਤ ਸੀ…………ਹਰ ਰੋਜ਼ ਸ਼ਾਮ ਜੀਤ ਸ਼ਰਾਬ ਪੀ ਕੇ ਹੀ ਘਰ ਆੳਂਦਾ ਹੈ । ਪਹਿਲਾਂ ਗੇਬੋ ਇੰਨੀ ਪ੍ਰੇਸ਼ਾਨ ਨਹੀ ਸੀ ਹੋਈ ਪਰ ਜੀਤ ਹੁਣ ਜਿਆਦਾ ਹੀ ਪੀਣ ਲੱਗ ਪਿਆ ਸੀ । ਘਰ ਵਿੱਚ ਪਹੁੰਚਦਿਆਂ ਹੀ ਝਗੜਾ ਸ਼ੁਰੂ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ । ਹੁਣ ਤਾਂ ਜੀਤ ਮਾਰਕੁਟ ਵੀ ਕਰਨ ਲੱਗ ਪਿਆ ਸੀ , ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ…………ਤੇ ਇੱਕ ਦਿਨ ਗੇਬੋ ਤੋਂ ਆਪਣੇ ਭਰਾਵਾਂ ਨੂੰ ਕਹਿ ਹੋ ਹੀ ਗਿਆ। ਗੇਬੋ ਨੂੰ ਇੰਨੀ ਔਖੀ ਦੇਖ ਭਰਾ ਨੇ ਵੀ ਕਹਿ ਦਿੱਤਾ ਚੰਗਾ ਭਾਈ ਸ਼ਰਾਬੀ ਬੰਦੇ ਤੋਂ ਤੇ ਖਹਿੜਾ ਛੜਾਉਣ ਵਿੱਚ ਹੀ ਫਾਇਦਾ ਹੈ ।”

ਗੇਬੋ ਹੁਣ ਹੋਰ ਪ੍ਰੇਸ਼ਾਨ ਰਹਿਣ ਲੱਗ ਪਈ। ਕੱਲੀ ਸੋਚਦੀ ਰਹਿੰਦੀ ਕਿ ਜੀਤੇ ਨੇ ਕਦੇ ਬੱਚਾ ਨਾ ਹੋਣ ਦਾ ਵੀ ਜਿ਼ਕਰ ਨਹੀ ਕੀਤਾ ਸੀ ਪਰ ਗੇਬੋ ਜੀਤ ਦੇ ਅੰਦਰਲੇ ਨੂੰ ਦਿਲੋਂ ਜਾਣਦੀ ਸੀ । ਪੀਣ ਦੀ ਆਦਤ ਮਾੜੀ ਸੀ ਪਰ ਸੀ ਨਿਰਾ ਜੁਆਕਾਂ ਵਰਗਾ । ਪੰਚਾਇਤ ਹੋਣ ਦਾ ਦਿਨ ਮਿਥਿਆ ਹੋਇਆ ਸੀ ।ਗੇਬੋ ਆਪਣੀਆਂ ਹੀ ਤੰਦਾਂ ਵਿੱਚ ਉੁਲਝ ਗਈ ਸੀ । ਗੱਲ ਭਰਾਵਾਂ ਦੇ ਹੱਥ ਚਲੀ ਗਈ ਸੀ ।ਉਸਨੂੰ ਰਾਤ ਨੂੰ ਨੀਂਦ ਨਾ ਆਇਆ ਕਰੇ ਉਸੇ ਪੇਕੇ ਘਰ ਵੀ ਜਿਸ ਨਾਲ ਉਸ ਨੂੰ ਅੰਤਾਂ ਦਾ ਮੋਹ ਸੀ । ਆਖਿਰ ਪੰਚਾਇਤ ਦਾ ਮਿਥਿਆ ਦਿਨ ਵੀ ਆ ਗਿਆ।

ਜੀਤ ਤੋਂ ਛੁਟਕਾਰਾ ਜੋ ਕਦੇ ਗੇਬੋ ਦੀ ਚਾਹਤ ਸੀ , ਦਿਨ ਆਉਣ ਤੇ ਉਹਨੂੰ ਲੱਗ ਰਿਹਾ ਸੀ ਜਿਵੇਂ ਉਸ ਤੇ ਲਈ ਫਾਂਸੀ ਦਾ ਦਿਨ ਹੋਵੇ………. ਘੜੀ ਪਲ ਜਿਵੇਂ ਦੌੜਦੇ ਜਾ ਰਹੇ ਸਨ ।

ਘਰ ਨੇੜੇ ਬੋਹੜ ਥੱਲੇ ਬਣੀ ਥੜੀ ਤੇ ਪੰਚਾਇਤ ਜੁੜ ਬੈਠੀ ਸੀ । ਜੀਤ ਦੇ ਪਰਿਵਾਰ ਵਾਲੇ ਕੁੱਝ ਕੁ ਬੰਦੇ ਸਨ , ਜਿੰਨਾ ਵਿੱਚ ਜੀਤ ਖੜਾ ਸੀ , ਚਿਹਰੇ ਦੇ ਪਲਿੱਤਣ ਜਿਵੇਂ ਉਹ ਪਤਾ ਨਈ ਕਦੋਂ ਦਾ ਬਿਮਾਰ ਸੀ । ਗੇਬੋ ਦੇ ਮੂੰਹੋਂ ਹਾਉਕਾ ਨਿਕਲਿਆ…………। .ਬਹਿਸ ਹੁੰਦੀ ਰਹੀ , ਨਾ ਜੀਤ ਬੋਲਿਆ ਨਾ ਗੇਬੋ, ਬੋਲਦੇ ਰਹੇ ਤਾਂ ਦੂਜੇ……….ਫਿਰ ਪਤਾ ਨਈ ਕਦੋਂ ਗੇਬੋਂ ਦੀ ਅੱਖ ਲੱਗ ਗਈ………….ਸੁਪਨੇ ਵਿੱਚ ਜੀਤ ਜਿਵੇਂ ਬਿਮਾਰ ਪਿਆ ਹੈ………….. ਬੇਸਹਾਰਾ ਤੇ ਇਕੱਲਾ……….ਜਾਗੋਮੀਚੀ ਚ ਹੀ ਸ਼ਾਇਦ ਭਰਾਦੇ ਤਿੱਖੇ ਸੁਰ ਵਾਲਾ ਇਹ ਸਵਾਲ ਉਹਦੇ ਕੰਨੀ ਪਿਆ। ਹਾਂ ! ਦੱਸ ਭਾਈ ਕੁੜੀਏ……..ਤੇਰਾ ਕੀ ਕਹਿਣੈ………?” ਗੇਬੋ ਪਤਾ ਨਹੀ ਕਦੋਂ ਇਹ ਕਹਿ ਗਈ……..ਮੈਂ ਤਾਂ ਆਪਣੇ ਘਰ ਜਾਊਗੀ………….ਉਹ ਵੀ ਆਪਣੇ ਘਰ ਵਾਲੇ ਨਾਲ……..ਮੈ ਨਹੀਂ ਛੱਡਦੀ ਇਹਨੂੰ ਕੱਲਾ……….।”ਪੰਚਾਇਤ ਤੇ ਚੁੱਪ ਛਾ ਗਈ ਸੀ…………..।ਗੇਬੋ ਵਾਪਸ ਜਾਣ ਵਾਸਤੇ ਆਪਣਾ ਸਾਮਾਨ ਸੰਭਾਲ ਰਹੀ ਸੀ ।