ਪਾਪ ਦੀ ਬੁਰਕੀ

0
773

ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵਡ਼ਿਆ,

ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖਡ਼ਿਆ।

ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ,

ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ।

ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ,

ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ?

ਜੇ ਧਨ ਦੀ ਸੀ ਲੋਡ਼ ਏਸ ਨੂੰ ਇਕ ਇਸ਼ਾਰਾ ਕਰਦਾ,

ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ।

ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ,

ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ।

ਪੂਰੀ ਖੋਜ ਉਨ੍ਹਾਂ ਨੇ ਕਰਕੇ ਸਿੱਟਾ ਇਹ ਦਿਖਲਾਇਆ

ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ।

ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ,

ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਲਾਕੀ ਪੀਤਾ।

ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਯਾ,

ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਆਯਾ।

ਉਸ ਮਾਲ ਦਾ ਆਟਾ, ਘੀ ਤੇ ਲਕਡ਼ੀ ਲੂਣ ਲਿਆ ਕੇ,

ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ।

 ਰਾਜ-ਗੁਰੂ ਨੇ ਰਾਜ ਮਹਿਲ ਵਿਚ, ਉਹ ਭੋਜਨ ਸੀ ਪਾਯਾ,

ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਯਾ।

ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋਡ਼ ਦਿਖਾਏ,

ਇਕ ‘ਚੋਂ ਦੁੱਧ, ਦੂਏ ‘ਚੋਂ ਲਹੂ, ਕੱਢ ਕੇ ਸਬਕ ਪਡ਼੍ਹਾਏ।

ਅੰਨ ਪਾਪ ਦਾ ਖਾ ਖਾ ਬੰਦਾ, ਪਾਪ ‘ਚ ਡੁੱਬਦਾ ਜਾਵੇ,

‘ਸੁਥਰਾ’ ਲੁਕਮਾ ਖਾਇ ਆਤਮਾ, ‘ਸੁਥਰਾ’ ਹੋ ਸੁਖ ਪਾਵੇ।