ਅੰਮੀਏ ਨੀ ਸੁਣ – ਪਰਸ਼ੋਤਮ ਲਾਲ ਸਰੋਏ

0
913

ਧੀ:- ਅੰਮੀਏ ਨੀ ਸੁਣ ਮੇਰੇ ਦਿਲਾਂ ਦੀਏ ਮਹਿਰਮੇਂ,
ਦਸ ਦੇ ਖ਼ੁਰਾਲਗੜ੍ਹ ਰਾਹ। ਜਿੱਥੇ  ਗੁਰੂ ਰਵਿਦਾਸ ਕਰਦਾ ਤਪੱਸਿਆ,
ਤੇ ਗੰਗਾ ਦਿੱਤੀ ਚਰਨੀ ਵਗਾ। ਗੰਗਾ ਦਿੱਤੀ ਚਰਨੀ ਵਗਾ ਮਾਏ ਮੇਰੀਏ ਨੇ,
ਜਾਣ ਹੈ ਬੜਾ ਮੈਨੂੰ ਚਾਅ।

ਮਾਂ:- ਅਮ੍ਰਿਤ ਕੁੰਡ ਹੈ ਇਹ ਜਾਣੇ ਸੰਸਾਰ ਸਾਰਾ,
ਦੁੱਖ-ਰੋਗ ਕੋਹਾਂ ਦੂਰ ਭੱਜਦਾ।
ਪੀਂਦਿਆਂ ਹੀ ਸਾਰ ਇਹ  ਮਿਟਾਉਂਦਾ ਪਿਆਸ ਜਨਮਾਂ ਦੀ,
ਕਿੰਨਾ ਮਿੱਠਾ ਅਮ੍ਰਿਤ ਲੱਗਦਾ।
ਚਿਰਾਂ ਦੀ ਸੀ ਰੀਝ ਮੇਰੀ ਜਾਣ ਨੀ ਉੱਥੇ। 2।
ਦਿਨ ਭਾਗਾਂ ਵਾਲਾ ਗਿਆ ਅੱਜ  ਆ।
ਭਾਗਾਂ ਵਾਲਾ ਗਿਆ ਦਿਨ  ਆ ਮੇਰੀ ਬੱਚੀਏ ਨੀ।
ਭਾਗਾਂ ਵਾਲਾ ਗਿਆ ਦਿਨ  ਆ।

ਧੀ:- ਸੁਣਿਆ ਮੈਂ ਸਤਿਗੁਰ ਖ਼ੁਰਾਲਗੜ੍ਹ ਆਏ,
ਉੱਥੇ ਆ ਕੇ ਉਨ੍ਹਾਂ ਤਪੁ ਬੜਾ ਕਰਿਆ।
ਪਾਪੀ ਤੇ ਪਾਖੰਡੀ ਬੜੇ  ਧਰਤੀ \’ਤੇ ਬਹੁਤ,
ਗਿਆ ਸੱਚ ਨਾ ਇਹ  ਉਨ੍ਹਾਂ ਕੋਲੋਂ ਜ਼ਰਿਆ।
ਮੀਰਾਂ ਵੀ ਖੁਰਾਲੀ ਆ ਕੇ ਜੱਪਦੀ  ਸੀ ਨਾਮ ਉਹਦਾ। 2।
ਦਾਤਾ ਮੇਰਾ ਸ਼ਾਹਾਂ ਦਾ ਏ ਸ਼ਾਹ।
ਅੰਮੀਏ ਨੀ ਸੁਣ ਮੇਰੇ ਦਿਲਾਂ ਦੀਏ ਮਹਿਰਮੇਂ,
ਦਸ ਦੇ ਖ਼ੁਰਾਲਗੜ੍ਹ ਰਾਹ।

ਮਾਂ:- ਸੁਣ ਮੇਰੀ ਬੱਚੀਏ ਨੀ ਦੱਸਦੀ ਹਾਂ ਵਾਟ ਤੈਨੂੰ,
ਰਾਜ ਉਹ ਪੰਜਾਬ ਜਿੱਥੇ  ਵਸਦਾ।
ਜ਼ਿਲ੍ਹਾ ਹੁਸ਼ਿਆਰਪੁਰ ਦੂਰ  ਨਾ ਜਲੰਧਰ ਤੋਂ,
ਮੇਲਾ ਬੜਾ ਭਾਰਾ ਜਿੱਥੇ  ਲੱਗਦਾ।
ਦੂਰੋਂ-ਦੂਰੋਂ ਚੱਲ ਕੇ ਤਾਂ ਆਉਂਦੀ ਹੈ ਸੰਗਤ ਬਹੁਤ। 2।
ਦਿਲ ਵਿੱਚ ਲੈ ਕੇ ਉਤਸ਼ਾਹ।
ਚਿਰਾਂ ਦੀ ਸੀ ਰੀਝ ਮੇਰੀ ਜਾਣ ਦੀ ਉੱਥੇ।
ਦਿਨ ਭਾਗਾਂ ਵਾਲਾ ਗਿਆ ਅੱਜ ਆ।
ਭਾਗਾਂ ਵਾਲਾ ਗਿਆ ਦਿਨ ਆ ਮੇਰੀ ਬੱਚੀਏ ਨੀ,
ਭਾਗਾ ਵਾਲਾ ਗਿਆ ਦਿਨ ਆ।

ਧੀ:- ਪਰਸ਼ੋਤਮ ਹੈ ਕਰਦਾ ਬਿਆਨ ਖੋਲ੍ਹ ਮਾਏ,
ਲੋਕ ਭਰਕੇ ਨੇ ਬੋਤਲਾਂ ਲਿਜ਼ਾਂਵਦੇ।
ਮੈਲ ਕੱਟੀ ਜਾਂਦੀ ਏਥੇ ਮਨ ਤੇ ਸਰੀਰ ਵਾਲੀ,
ਜਿਹੜੇ ਇੱਥੋਂ ਅਮ੍ਰਿਤ ਪਾਂਵਦੇ।
ਐਸੀ ਹੈ ਪਵਿੱਤਰ ਉਹ  ਜਗ੍ਹਾ ਮਾਏ ਮੇਰੀਏ ਨੀ। 2।
ਮੈਨੂੰ ਉਹਦੇ ਦਰਸ਼ਨ ਕਰਾ।
ਅੰਮੀਏ ਨੀ ਸੁਣ ਮੇਰੇ ਦਿਲਾਂ ਦੀਏ ਮਹਿਰਮੇਂ,
ਦਸ ਦੇ ਖ਼ੁਰਾਲਗੜ੍ਹ ਰਾਹ।

ਮਾਂ:- ਉੱਥੇ ਕੱਟੀ ਜਾਂਦੀ ਏ ਚੁਰਾਸੀ ਵਾਲੀ ਮੈਲ,
ਦਾਤਾ ਏਡਾ ਵੱਡਾ ਕਰਮ  ਕਮਾ ਗਿਆ।
ਸੁਣਿਆ ਮੈਂ ਬੰਤਾ ਰਾਮ  ਘੇਰਾ ਉਪਕਾਰ ਕੀਤਾ,
ਭੁੱਲਿਆਂ ਨੂੰ ਯਾਦ ਜੋ ਕਰਾ  ਗਿਆ।
ਸਤਿਗੁਰੂ ਰਵਿਦਾਸ ਵਸਦਾ ਹਮੇਸ਼ਾਂ  ਜਿੱਥੇ। 2।
ਦਰਸ਼ਨ ਲਈਏ ਆਪਾਂ ਪਾ।
ਚਿਰਾਂ ਦੀ ਸੀ ਰੀਝ ਮੇਰੀ ਜਾਣ ਦੀ ਨੀ ਉੱਥੇ,
ਦਿਨ ਭਾਗਾਂ ਵਾਲਾ ਗਿਆ ਅੱਜ ਆ।
ਭਾਗਾਂ ਵਾਲਾ ਗਿਆ ਦਿਨ ਆ ਮੇਰੀ ਬੱਚੀਏ,
ਤੂੰ ਵੀ ਹੁਣ ਦੇਰ ਨਾ ਨੀ ਲਾ।
ਤੂੰ ਵੀ ਹੁਣ ਦੇਰ ਨਾ ਨੀ ਲਾ ਮੇਰੀ ਬੱਚੀਏ ਨੀ।
ਭਾਗਾਂ ਵਾਲਾ ਗਿਆ ਦਿਨ  ਆ।