ਕਿੰਨੇ ਖੇਲ੍ਹ – ਪਰਸ਼ੋਤਮ ਲਾਲ ਸਰੋਏ

0
790

ਕਿੰਨੇ ਖੇਲ੍ਹ ਨਿਆਰੇ ਸਤਿਗੁਰੂ  ਦੇ,
ਜਿਹੜਾ ਸੱਚ ਦਾ ਰਾਹ ਦਿਖਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ  ਏ।

ਸਾਡੀ ਬਾਤ ਕੋਈ ਨਾ ਪੁੱਛਦਾ ਸੀ,
ਸਿੱਕਾ ਘੋਲ ਕੰਨਾਂ ਵਿੱਚ ਪਾਉਂਦੇ  ਸੀ।
ਪਾਪੀ ਅੱਤ ਦੇ ਸੀਗੇ ਦੁਨੀਆਂ \’ਤੇ,
ਜਿਹੜੇ ਜ਼ੁਲਮ ਸਾਡੇ \’ਤੇ ਢਾਉਂਦੇ ਸੀ ।
ਉਸ ਵੇਲੇ ਰੱਬ ਦਾ ਰੂਪ ਪਿਆਰਾ। ।
ਡੇਰਾ ਕਾਸ਼ੀ ਦੇ ਵਿੱਚ ਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ।

ਊਚ-ਨੀਚ ਦਾ ਪਾੜਾ ਵਧਿਆ ਸੀ,
ਸਭ ਇਕ ਹਾਂ ਇਹ ਦਿਖਲਾ ਦਿੱਤਾ।
ਕੂੜ-ਕਪਟੀ , ਝੂਠੇ ਬੰਦਿਆਂ ਨੂੰ,
ਸੱਚ ਕੀ ਹੈ ਇਹ ਸਮਝਾ ਦਿੱਤਾ।
ਉਹ ਤਾਂ ਭੁੱਲੇ ਭਟਕੇ ਲੋਕਾਂ ਨੂੰ ।
ਆਪਣੇ ਚਰਨਾਂ ਦੇ ਵਿੱਚ ਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ ਏ।

ਧੋਤੀ ਟਿੱਕਾ ਜਦ ਉਹ ਲਾਉਂਦਾ  ਸੀ,
ਪਾਪੀ ਸਾਰੇ ਉਹਦੇ ਉਲਟ ਖੜ੍ਹੇ।
ਨੀਵੀਂ ਜ਼ਾਤ ਸੰਤੋਖ ਦਾ ਲਾਡਲਾ ਏ,
ਕਹਿੰਦੇ ਸਾਡੀ ਉਹ ਰੀਸ  ਕਰੇ।
ਉਸ ਵੇਲੇ ਸਤਿਗੁਰੂ ਚੋਹਾਂ ਯੁੱਗਾਂ ਦੇ ।
ਜ਼ੰਜ਼ੂ ਕੱਢ ਦਿਖਲਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ  ਏ।

ਮੀਰਾਂ ਗੁਰੂ ਧਾਰਿਆ ਸਤਿਗੁਰੂ ਨੂੰ,
ਮਾਪੇ ਜ਼ੁਲਮ ਉਹਦੇ \’ਤੇ ਢਾਉਂਦੇ  ਨੇ।
ਲੱਭ ਉੱਚੀ ਜ਼ਾਤ ਦਾ ਗੁਰੂ ਕੋਈ,
ਉਹ ਤਾਂ ਉਸ ਨੂੰ ਬੜਾ ਸਮਝਾਉਂਦੇ  ਨੇ।
ਉਹਦਾ ਜ਼ਹਿਰ ਵੀ ਅਮ੍ਰਿਤ ਕਰ ਦਿੰਦਾ ।
ਨਾਲੇ ਨਾਗਾਂ ਦੇ ਹਾਰ ਬਣਾਉਂਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ  ਏ।

ਪਰਸ਼ੋਤਮ ਸਾਰ ਨਾ ਜਾਣਨ ਸਤਿਗੁਰੂ ਦੀ,
ਪਾਪੀ ਈਰਖਾ ਬੜੀ ਹੀ ਕਰਦੇ ਨੇ ।
ਸੱਚ ਹੁੰਦਾ ਕੀ, ਉਹ ਕੀ ਜਾਣਨ,
ਉਹ ਤਾਂ ਝੂਠ ਦਾ ਪੱਲਾ ਫੜ੍ਹਦੇ  ਨੇ ।
ਪਰ ਖ਼ਬਰ ਹੋ ਜਾਂਦੀ ਉਨ੍ਹਾਂ  ਤਾਈ ।
ਉਹ ਬੇਗ਼ਮਪੁਰਾ ਵਸਾਉਣਾ ਚਾਹੁੰਦਾ ਏ।
ਪੱਥਰਾਂ ਨੂੰ ਤਾਰਨ ਵਾਲਾ ਜੋ,
ਪਾਪੀਆਂ ਨੂੰ ਤਾਰ ਦਿਖਾਉਂਦਾ  ਏ।