ਪਿਆਰ

0
1118

ਪਿਆਰ ਪ੍ਰੇਮੀ ਵਲੋਂ ਪ੍ਰੇਮਿਕਾ ਦੇ ਹੁਸਨ ਨੂੰ ਮਾਣਨ ਦੇ ਲਾਲਚ ਦਾ ਨਾਂ ਹੈ।

ਹਰ ਇਕ ਮਨੁੱਖ ਆਪਣੇ ਆਪ ਨੂੰ ਇਕੱਲਾ ਅਨੁਭਵ ਕਰਦਾ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਇਕੱਲ ਦੂਰ ਕਰਨ ਲਈ ਅਜਨਬੀ ਸਾਥੀ ਜਾਣੇ-ਪਛਾਣੇ ਸਾਥੀ ਦੇ ਮੁਕਾਬਲੇ ਵਧੇਰੇ ਸਹਾਈ ਹੁੰਦਾ ਹੈ।

ਸਾਡੀਆਂ ਰਿਸ਼ਤੇਦਾਰੀਆਂ ਜਨਮ ਲੈਂਦੇ ਸਮੇਂ ਹੀ ਸਾਡੇ ਉੱਤੇ ਥੋਪ ਦਿੱਤੀਆਂ ਜਾਂਦੀਆਂ ਹਨ ਪਰ ਪਿਆਰ ਸਾਡੀ ਆਪਣੀ ਸਹੇੜੀ ਹੋਈ ਰਿਸ਼ਤੇਦਾਰੀ ਹੁੰਦੀ ਹੈ। ਪਿਆਰ ਕਰਨੀ ਭਾਵਕ ਖੇਤਰ ਵਿਚ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਅਮਲ ਹੈ। ਕਈ ਕਵੀਆਂ ਨੇ ਕਿਹਾ ਹੈ ਕਿ ਪਿਆਰ ਪਾਇਆਂ ਨਹੀਂ ਪੈਂਦਾ ਇਹ ਤਾਂ ਆਪ ਮੁਹਾਰੇ ਪੈ ਜਾਂਦਾ ਹੈ ਪਰ ਜੇਕਰ ਨਿਰਭਾਵਕ ਦ੍ਰਿਸ਼ਟੀਕੋਣ ਤੋਂ ਸੋਚਿਆ ਜਾਵੇ ਤਾਂ ਇਹ ਸੰਕਲਪ ਢਹਿ ਢੇਰੀ ਹੋ ਜਾਵੇਗਾ।

ਪਿਆਰ ਸਾਡੀ ਸਭਿਆਚਾਰਕ, ਪੱਧਰ, ਆਰਥਿਕ ਸਥਿਤੀ, ਵਿਦਿਅਕ ਯੋਗਤਾ, ਖਾਨਦਾਨੀ ਪਿਛੋਕੜ, ਸਾਡੀ ਡੀਲ ਡੌਲ, ਸਾਡੀ ਚਮੜੀ ਦਾ ਰੰਗ, ਕੱਦ-ਕਾਠ, ਆਵਾਜ਼, ਅੱਖਾਂ, ਸ਼ਬਦਾਵਲੀ, ਜੀਵਨ ਦ੍ਰਿਸ਼ਟੀਕੋਣ, ਧਰਮ, ਭਾਸ਼ਾ, ਇਲਾਕਾ, ਜੀਵਨ ਆਦਰਸ਼ ਆਦਿ ਵਿਭਿੰਨ ਪੱਖ ਅਹਿਮ ਅਤੇ ਫੈਸਲਾਕੁਨ ਰੋਲ ਅਦਾ ਕਰਦੇ ਹਨ।

ਬਹੁਤੇ ਲੋਕ ਸਰੀਰਕ ਭਖਾਅ ਨੂੰ ਹੀ ਪਿਆਰ ਸਮਝ ਲੈਂਦੇ ਹਨ। ਅਸੀਂ ਰੋਜ਼ ਅਨੇਕਾਂ ਪੁਰਸ਼ਾਂ ਔਰਤਾਂ ਨੂੰ ਮਿਲਦੇ ਹਾਂ ਪਰ ਉਨ੍ਹਾਂ ਨਾਲ ਸਾਡਾ ਪਿਆਰ ਨਹੀਂ ਪੈਂਦਾ। ਜਦੋਂ ਉਪਰੋਕਤ ਬਿਆਨ ਕੀਤੇ ਪੱਖ ਦੋ ਵਿਅਕਤੀਆਂ ਵਿਚ ਇਕਸੁਰ ਹੋ ਕੋ ਆਹਮਣੇ-ਸਾਹਮਣੇ ਹੁੰਦੇ ਹਨ ਤਾਂ ਪਿਆਰ ਦੀ ਸੰਭਾਵਨਾ ਉਜਾਗਰ ਹੁੰਦੀ ਹੈ ਪਰ ਤਾਂ ਵੀ ਪਿਆਰ ਪਾਉਣ ਦਾ ਯਤਨ ਜਰੂਰ ਕਰਨਾ ਪੈਂਦਾ ਹੈ। ਇਹ ਵੱਖਰੀ ਗੱਲ ਹੈ ਕਿ ਅਜਿਹਾ ਯਤਨ ਕਰਦਿਆਂ ਅਸੀਂ ਯਤਨ ਸਬੰਧੀ ਸੁਚੇਤ ਨਹੀਂ ਹੁੰਦੇ।

ਪਿਆਰ ਵਿਚ ਸਾਡੇ ਗਿਆਨ-ਇੰਦਰੇ ਨਿਰਣੇ ਦਾ ਕਾਰਜ ਨਿਭਾਉਂਦੇ ਹਨ। ਪ੍ਰੇਮੀ ਦੀਆਂ ਅੱਖਾਂ ਨੂੰ ਪ੍ਰੇਮਿਕਾ ਦਾ ਚੰਗੀ ਲਗਣਾ ਪਹਿਲੀ ਸ਼ਰਤ ਹੈ। ਜਿਹੜਾ ਸਾਡੀਆਂ ਅੱਖਾਂ ਨੂੰ ਹੀ ਨਹੀਂ ਜਚਿਆ ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਉਜਾਗਰ ਨਹੀਂ ਹੋ ਸਕਦੀ। ਪਤਨੀਆਂ ਭਾਵੇਂ ਸੋਹਣੀਆਂ ਨਾ ਹੋਣ ਪਰ ਪ੍ਰੇਮਿਕਾਵਾਂ ਦਾ ਸੋਹਣਾ ਹੋਣਾ ਬੜਾ ਜਰੂਰੀ ਹੈ। ਪਹਿਲਾਂ ਅਸੀਂ ਪ੍ਰੇਮਿਕਾ ਨੂੰ ਵੇਖਦੇ ਹਾਂ ਫਿਰ ਉਸ ਨੂੰ ਸੁਣਦੇ ਹਾਂ। ਪਿਆਰ ਵਿਚ ਪੁਰਸ਼ ਵੇਖਣ ਦਾ ਕਾਰਜ ਵਧੇਰੇ ਕਰਦਾ ਹੈ ਜਦੋਂ ਕਿ ਪ੍ਰੇਮਿਕਾ ਸੁਣਨ ਦਾ ਕਾਰਜ ਵਧੇਰੇ ਕਰਦੀ ਹੈ।

ਜਿਸ ਪ੍ਰੇਮਿਕਾ ਦੀ ਸ਼ਬਦ ਚੋਣ ਸਾਨੂੰ ਪਸੰਦ ਨਹੀਂ ਉਹ ਭਾਵੇਂ ਕਿੰਨੀ ਵੀ ਸੋਹਣੀ ਹੋਵੇ ਉਸ ਨਾਲ ਪਿਆਰ ਸੰਭਵ ਨਹੀਂ। ਪ੍ਰੇਮੀ ਪ੍ਰੇਮਿਕਾ ਦੀ ਸੁੰਦਰਤਾ ਦਾ ਗੁਣ-ਗਾਇਨ ਕਰਦਾ ਹੈ ਅਤੇ ਪ੍ਰੇਮਿਕ ਸੁਣ ਸੁਣ ਕੇ ਗਦ ਗਦ ਹੋ ਉੱਠਦੀ ਹੈ। ਇਤਨੇ ਵਿਕਾਸ ਉਪਰੰਤ ਪ੍ਰੇਮੀ ਵਿਚ ਪ੍ਰੇਮਿਕਾ ਨੂੰ ਛੂਹਣ ਦੀ ਇਛਾ ਤੇ ਪ੍ਰੇਮਿਕਾ ਵਿਚ ਛੂਹੇ ਜਾਣ ਦੀ ਇੱਛਾ ਜਾਗਦੀ ਹੈ। ਛੂਹਣ ਉਪਰੰਤ ਜਾਂ ਇਸ ਦੇ ਨੇੜੇ-ਤੇੜੇ ਪ੍ਰੇਮੀ ਤੇ ਪ੍ਰੇਮਿਕਾ ਕੁਝ ਖਾਂਦੇ ਹਨ ਅਰਥ ਸੁਆਦ ਦਾ ਸਾਂਝਾ ਗਿਆਨ ਪ੍ਰਾਪਤ ਕਰਦੇ ਹਨ। ਇਸ ਉਪਰੰਤ ਇਕ ਦੂਜੇ ਨੂੰ ਸੁੰਘਣ ਦੀ ਇੱਛਾ ਨਾਲ ਉਹ ਚੁੰਮਦੇ ਹਨ ਤੇ ਹੋਰ ਅਜਿਹਾ ਕਾਰਜ ਕਰਦੇ ਹਨ। ਇਹ ਇਕ ਨੀਮ-ਬੇਹੋਸ਼ੀ ਦੀ ਹਾਲਤ ਹੁੰਦੀ ਹੈ। ਮਨੋ-ਵਿਗਿਆਨਕ ਪੱਖ ਤੋਂ ਪ੍ਰੇਮੀ ਤੇ ਪ੍ਰੇਮਿਕਾ ਰੋਗੀ ਬਣ ਜਾਂਦੇ ਹਨ।

ਪਿਆਰ ਇਕ ਰੋਗ ਹੈ ਅਤੇ ਇਸ ਦਾ ਇਲਾਜ ਕੋਈ ਨਹੀਂ, ਕਿਉਂਕਿ ਜਿਸ ਕੋਲ ਇਸ ਦੇ ਇਲਾਜ ਲਈ ਜਾਣ ਦੀ ਸੰਭਾਵਨਾ ਹੁੰਦੀ ਹੈ, ਉਹ ਆਪ ਇਸ ਰੋਗ ਦਾ ਮਰੀਜ ਹੁੰਦਾ ਹੈ ਜਾਂ ਮਰੀਜ ਬਣਨਾ ਚਾਹੁੰਦਾ ਹੈ। ਇਵੇਂ ਪਿਆਰ ਇਕ ਰੋਗ ਹੋਣ ਦੇ ਬਾਵਜੂਦ ਇਕ ਰੋਗ ਪ੍ਰਤੀਤ ਨਹੀਂ ਹੁੰਦਾ। ਪਿਆਰ ਨਾਲ ਸਾਡੇ ਦਿਲ ਦਿਮਾਗ ਦੇ ਅਨੇਕਾਂ ਬਾਰੀਆਂ ਦਰਵਾਜੇ ਖੁਲੱਦੇ ਹਨ। ਅਸੀਂ ਕਲਪਨਾਸ਼ੀਲ ਹੋ ਜਾਂਦੇ ਹਾਂ ਤੇ ਖਿਲਰੀਆਂ ਹੋਈਆਂ ਵਸਤਾਂ ਵਿਚ ਸਾਨੂੰ ਇਕ ਲੜੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਸਾਡੇ ਲਈ ਸੰਸਾਰ ਦੇ ਅਰਥ ਬਦਲ ਜਾਂਦੇ ਹਨ।

ਜੀਵਨ ਦਾ ਕੋਈ ਹੋਰ ਅਨੁਭਵ ਅਜਿਹਾ ਨਹੀਂ ਜਿਸ ਵਿਚ ਸਾਡੇ ਪੰਜੇ ਗਿਆਨ-ਇੰਦਰੇ ਸਕਰਮਕ ਹੋ ਜਾਣ ਇਸੇ ਲਈ ਅਸੀਂ ਪਿਆਰ-ਅਨੁਭਵ ਨੂੰ ਸਭ ਅਨੁਭਵਾਂ ਦਾ ਬਾਦਸ਼ਾਹ ਕਹਿੰਦੇ ਹਾਂ।

ਪਿਆਰ ਕਰਨਾ ਅਸਲ ਵਿਚ ਮਾਪਿਆਂ ਦੇ ਪ੍ਰਭਾਵ ਤੋਂ ਮੁਕਤ ਹੋਣ ਅਤੇ ਉਨ੍ਹਾਂ ਤੋਂ ਸੁਤੰਤਰ ਸੰਸਾਰ ਸਿਰਜਣ ਦੀ ਇਕ ਕਿਰਿਆ ਹੈ। ਇਸੇ ਲਈ ਪ੍ਰੇਮੀ ਆਪਣੇ ਪਿਆਰ ਨੂੰ ਮਾਪਿਆਂ ਤੋਂ ਗੁਪਤ ਰੱਖਦੇ ਹਨ। ਮਾਪਿਆਂ ਦਾ ਪ੍ਰਛਾਵਾਂ ਪੈਣ ਨਾਲ ਨਵਾਂ ਸੰਸਾਰ ਗ੍ਰਹਿਣਿਆ ਜਾਂਦਾ ਹੈ। ਸਮਾਜ ਸਾਡੇ ਮਾਪਿਆਂ ਦਾ ਹੀ ਵਿਸਤਰਿਤ ਰੂਪ ਹੁੰਦਾ ਹੈ।

ਸਾਡੇ ਪਿਆਰ ਦੇ ਸਭ ਤੋਂ ਪਹਿਲੇ ਦੁਸ਼ਮਣ ਸਾਡੇ ਮਾਪੇ ਹੀ ਬਣਦੇ ਹਨ। ਸਮਾਜ ਦੀ ਲੜਾਈ ਵੀ ਘਰ ਵਿਚ ਹੀ ਲੜੀ ਜਾਂਦੀ ਹੈ। ਮਾਪੇ ਅਤੇ ਸਮਾਜ ਪਿਆਰ ਦੇ ਉਸਾਰੂ ਨਹੀਂ ਕੇਵਲ ਮਾਰੂ ਪੱਖਾਂ ਪ੍ਰਤੀ ਹੀ ਸੁਚੇਤ ਹੁੰਦੇ ਹਨ। ਇਥੇ ਪੀੜ੍ਹੀਆਂ ਦਾ ਅੰਤਰ ਭਿੜਦਾ ਹੈ। ਮਾਪੇ ਗਿਆਨ ਅਤੇ ਤਜਰਬੇ ਦੇ ਪ੍ਰਤੀਕ ਬਣ ਜਾਂਦੇ ਹਨ ਜਦੋਂ ਕਿ ਪ੍ਰੇਮੀ ਅਨੁਭਵ ਕਲਪਨਾਂ ਤੇ ਭਾਵਕਤਾ ਦੇ ਹਥਿਆਰਾਂ ਨਾਲ ਆਪਣੀ ਆਜਾਦੀ ਦੀ ਲੜਾਈ ਲੜਦੇ ਹਨ।

ਸੱਚੇ ਪਿਆਰ ਦਾ ਮਾਰਗ ਕਦੀ ਸਿੱਧਾ ਨਹੀਂ ਹੁੰਦਾ, ਕਿਉਂਕਿ ਪਿਆਰ ਨੂੰ ਸਮਾਜ ਦੇ ਸਥਾਪਤ ਕਾਨੂੰਨਾਂ ਵਿਰੁੱਧ ਬਗਾਵਤ ਸਮਝ ਕੇ ਉਸ ਨੂੰ ਕੁਚਲਣ ਦਾ ਯਤਨ ਕੀਤਾ ਜਾਂਦਾ ਹੈ। ਇਹ ਕਠਿਨਾਈਆਂ ਪਿਆਰ ਨੂੰ ਹੋਰ ਮਨਮੋਹਣਾ ਬਣਾਉਂਦੀਆਂ ਹਨ। ਇਥੇ ਆ ਕੇ ਲਗਭਗ ਸਾਰੇ ਪ੍ਰੇਮੀ ਕਵੀ ਬਣ ਜਾਂਦੇ ਹਨ ਤੇ ਉਨ੍ਹਾਂ ਦੀ ਮੌਖਿਕ ਕਵਿਤਾ ਵਿਚ ਸਿੰਗਾਰ ਅਤੇ ਕਰੁਣਾ ਰਸ ਤੇ ਅਤਿਕਥਨੀ ਅਲੰਕਾਰ ਦੀ ਵਰਤੋਂ ਵਧ ਜਾਂਦੀ ਹੈ। ਇਹ ਟੱਕਰ ਦੀ ਸਥਿਤੀ ਹੁੰਦੀ ਹੈ ਤੇ ਸਾਰੀ ਕਹਾਣੀ ਨਾਟਕੀ ਰੂਪ ਧਾਰ ਲੈਂਦੀ ਹੈ।

ਪ੍ਰੇਮੀ ਸਾਰੇ ਬ੍ਰਹਿਮੰਡ ਨੂੰ ਸੁੰਗੇੜ ਕੇ ਆਪਣੀ ਪ੍ਰੇਮਿਕਾ ਉੱਤ ਕੇਂਦਰਿਤ ਕਰ ਲੈਂਦਾ ਹੈ ਤੇ ਆਪਣੀ ਪ੍ਰੇਮਿਕਾ ਨੂੰ ਫੈਲਾ ਕੇ ਬ੍ਰਹਿਮੰਡ ਬਣਾ ਲੈਂਦਾ ਹੈ। ਦੋਹਾਂ ਲਈ ਬ੍ਰਹਿਮੰਡ ਦੇ ਅਰਥ ਇਕ ਦੂਜੇ ਦੇ ਸੰਦਰਭ ਵਿਚ ਹੀ ਹੁੰਦੇ ਹਨ। ਇਥੇ ਪਹੁੰਚ ਕੇ ਇਕ ਦੂਜੇ ਬਿਨਾਂ ਮਰ ਜਾਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਪ੍ਰੇਮੀ ਕਦੀ ਗੱਲਾਂ ਕਰਦੇ ਨਹੀਂ ਥਕਦੇ, ਕਿਉਂਕਿ ਉਹ ਆਪਣੀ ਹੀ ਮਹਿਮਾ ਗਾ ਰਹੇ ਹੁੰਦੇ ਹਨ। ਇਵੇਂ ਇਕ ਦੂਜੇ ਦੀ ਹਉਮੇ ਦੀ ਮਾਲਸ਼ ਹੋਣ ਲਗਦੀ ਹੈ। ਦੋਵੇਂ ਧਿਰਾਂ ਪੂਰੇ ਜੋਬਨ ਵਿਚ ਆ ਜਾਂਦੀਆਂ ਹਨ।

ਹੁਣ ਪ੍ਰੇਮੀ, ਦੀਵਾਨੇ, ਪ੍ਰਵਾਨੇ ਅਰਥਾਤ ਪਾਗਲਪਣ ਦੇ ਖੇਤਰ ਵਿਚ ਦਾਖਲ ਹੁੰਦੇ ਹਨ ਤੇ ਉਨ੍ਹਾਂ ਦੇ ਅਮਲ ਆਲੇ-ਦੁਆਲੇ ਨਾਲ ਕੁਮੇਚ ਹੋ ਜਾਂਦੇ ਹਨ। ਕਿਉਂਕਿ ਸਾਰਾ ਝਗੜਾ ਪ੍ਰੇਮਿਕਾ ਉਤੇ ਕੇਂਦਰਿਤ ਹੁੰਦਾ ਹੈ, ਉਹ ਇਥੇ ਪਹੁੰਚ ਕੇ ਜਾਂ ਗੋਡੇ ਟੇਕ ਦਿੰਦੀ ਹੈ ਜਾਂ ਚੰਡੀ ਦਾ ਰੂਪ ਧਾਰ ਲੈਂਦੀ ਹੈ। ਇਸ ਸਥਿਤੀ ਵਿਚ ਪ੍ਰੇਮੀਆਂ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੁੰਦਾ। ਉਹ ਨਵੀਆਂ ਤੋਂ ਨਵੀਆਂ ਤਰਕੀਬਾਂ ਸੋਚਦੇ ਹਨ ਜਿਹੜੀਆਂ ਸਾਧਾਰਣ ਲੋਕਾਂ ਨੂੰ ਹਾਸੋ-ਹੀਣੀਆਂ ਪ੍ਰਤੀਤ ਹੁੰਦੀਆਂ ਹਨ।

ਪਿਆਰ ਦੀ ਇੱਛਾ ਮੁੱਢਲੇ ਰੂਪ ਵਿਚ ਵਿਆਹ ਦੀ ਤਾਂਘ ਵਿਚੋਂ ਉਪਜਦੀ ਹੈ। ਪ੍ਰੇਮੀ ਇਕ ਦੂਜੇ ਨੂੰ ਬਣਨ ਵਾਲੇ ਪਤੀ-ਪਤਨੀ ਸਮਝ ਕੇ ਆਪਣੇ ਜੀਵਨ ਦੇ ਨਕਸ਼ੇ ਬਣਾਉਂਦੇ ਹਨ ਪਰ ਵਿਆਹ ਦੀ ਦਹਿਲੀਜ ਟੱਪਦਿਆਂ ਹੀ ਪਿਆਰ ਲੋਪ ਹੋ ਜਾਂਦਾ ਹੈ ਤੇ ਜੇ ਉਹ ਪੰਜ ਸਾਲ  ਪ੍ਰੇਮੀ ਰਹੇ ਹੋਣ ਤਾਂ ਉਨ੍ਹਾਂ ਦਾ ਵਿਆਹ ਇਕ ਦਮ ਪੰਜ ਸਾਲ ਪੁਰਾਣਾ ਹੋ ਜਾਂਦਾ ਹੈ ਤੇ ਪੰਜ ਸਾਲ ਦੀ ਥਕਾਵਟ ਉਨ੍ਹਾਂ ਨੂੰ ਆ ਘੇਰਦੀ ਹੈ। ਪ੍ਰੇਮੀਆਂ ਦੇ ਝਗੜੇ ਦਾ ਅੰਤ ਚੁੰਮਣਾਂ ਨਾਲ ਹੁੰਦਾ ਹੈ ਪਰ ਵਿਆਹ ਉਪਰੰਤ ਲਹੂ ਵਿਚ ਤਰੰਗਾਂ ਪੈਦਾ ਕਰਨ ਵਾਲੀ ਚੰਚਲਤਾ ਲੱਭਿਆਂ ਨਹੀਂ ਲੱਭਦੀ ਤੇ ਝਗੜੇ ਉਪਜਦੇ ਹਨ, ਵਿਆਹਿਆਂ ਦੇ ਝਗੜਿਆਂ ਦਾ ਅੰਤ ਨਵੇਂ ਝਗੜੇ ਸਿਰਜਦਾ ਹੈ।

ਕਹਿੰਦੇ ਹਨ ਪਿਆਰ ਅੰਨ੍ਹਾਂ ਹੁੰਦਾ ਹੈ, ਪਰ ਅਸਲੀਅਤ ਇਹ ਹੈ ਕਿ ਜਿਸ ਭਾਅ ਉਤੇ ਪ੍ਰੇਮੀਆਂ ਨੂੰ ਇਕ ਦੂਜੇ ਦਾ ਸਾਥ ਲੱਭਦਾ ਹੈ ਉਸ ਵਿਚ ਨੁਕਸ ਨਜਰ ਅੰਦਾਜ ਕਰਨੇ ਹੀ ਪੈਂਦੇ ਹਨ।

ਪਿਆਰ ਇਕ ਅਜਿਹਾ ਰੋਜ਼ਗਾਰ ਹੈ, ਜਿਸ ਵਿਚ ਨਾ ਕੋਈ ਛੁੱਟੀ ਮਿਲਦੀ ਹੈ, ਨਾ ਹੀ ਪ੍ਰੇਮੀ ਕੋਈ ਛੁੱਟੀ ਲੈਣੀ ਚਾਹੁੰਦੇ ਹਨ। ਪਿਆਰ ਇਕ ਮਹਿੰਗਾ ਸ਼ੌਕ ਹੈ। ਕਿਸੇ ਨੇ ਅੱਜ ਤੱਕ ਕੰਗਾਲਾਂ ਨਾਲ ਪਿਆਰ ਨਹੀਂ ਕੀਤਾ। ਜਿਨ੍ਹਾਂ ਨੇ ਪਿਆਰ ਨਹੀਂ ਕੀਤਾ ਉਹ ਵੱਡੀਆਂ ਖੁਸ਼ੀਆਂ ਤੋਂ ਵਿਰਵੇ ਰਹਿ ਜਾਂਦੇ ਹਨ ਅਤੇ ਜਿਨ੍ਹਾਂ ਨੇ ਕੀਤਾ ਹੈ ਉਨ੍ਹਾਂ ਨੂੰ ਦੁੱਖਾਂ ਤੋਂ ਸਿਵਾਏ ਕੁਝ ਪ੍ਰਾਪਤ ਹੁੰਦਾ। ਪਿਆਰ ਬੁਖਾਰ ਦਾਂ ਮੌਸਮ ਵਾਂਗ ਹੈ, ਇਸ ਵਿਚ ਉਤਰਾਅ-ਚੜ੍ਹਾਅ ਆਉਣੇ ਅਟੱਲ ਨੇਮ ਹਨ ਪਰ ਅਸਫਲਤਾ ਪਿਆਰ ਦੀ ਹੋਣੀ ਹੈ। ਅਸੀਂ ਪ੍ਰਸਿੱਧ ਪ੍ਰੇਮੀਆਂ ਦੀਆਂ ਕਹਾਣੀਆਂ ਬੜੇ ਚਾਵਾਂ ਨਾਲ ਪੜ੍ਹਦੇ ਹਾਂ ਪਰ ਆਪਣੀ ਪੀੜ੍ਹੀ ਦੇ ਪ੍ਰੇਮੀਆਂ ਨੂੰ ਵੇਖ ਨਹੀਂ ਸੁਖਾਉਂਦੇ। ਇਸ ਦਾ ਅਰਥ ਇਹ ਹੋਇਆ ਕੀ ਅਸੀਂ ਆਪ ਪਿਆਰ ਕਰਨਾ ਚਾਹੁੰਦੇ ਹਾਂ ਪਰ ਦੂਜਿਆਂ ਦੇ ਪਿਆਰ ਦੇ ਦੁਸ਼ਮਣ ਹਾਂ।

ਈਰਖਾ ਪਿਆਰ ਦੀ ਵਾੜ ਹੈ। ਪਿਆਰ ਇਕ ਅਜਿਹੀ ਸਿੱਖਿਆ ਹੈ ਜਿਸ ਵਿਚ ਗੰਵਾਰ ਵੀ ਸਭਿਅਕ ਬਣ ਜਾਂਦੇਂ ਹਨ।

ਬਹੁਤੇ ਵਿਅਕਤੀ ਕਿਸੇ ਨੂੰ ਪਿਆਰ ਕਰਨ ਦੀ ਥਾਂ ਇਹ ਇੱਛਾ ਰੱਖਦੇ ਹਨ ਕਿ ਕਿਸੇ ਨੂੰ ਉਨ੍ਹਾਂ ਨਾਲ ਪਿਆਰ ਹੋਵੇ।

ਜਦੋਂ ਪ੍ਰੇਮੀ ਖਾਮੋਸ਼ ਹੁੰਦੇ ਹਨ ਉਦੋਂ ਹੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪ੍ਰੇਮੀ ਇਕ ਦੂਜੇ ਲਈ ਇੰਜ ਲੁਛਦੇ ਹਨ ਜਿਵੇਂ ਬੇਬਸ ਬੱਚੇ ਮਾਪਿਆਂ ਲਈ। ਹਰ ਇਕ ਵਿਅਕਤੀ ਜੀਵਨ ਵਿਚ ਇਕ ਵਾਰੀ ਪਿਆਰ ਦੇ ਅਖਾੜੇ ਵਿਚ ਉਤਰਦਾ ਹੈ ਤੇ ਇਹ ਅਨੁਭਵ ਕਿਸੇ ਵੀ ਹੋਰ ਅਨੁਭਵ ਦੇ ਮੁਕਾਬਲੇ ਉਸ ਦੀ ਸ਼ਖਸੀਅਤ ਘੜਨ ਵਿਚ ਵਧੇਰੇ ਯੋਗਦਾਨ ਦਿੰਦਾ ਹੈ।

ਪਿਆਰ ਵਿਚ ਅੰਤਾਂ ਦੀ ਬੇਚੈਨੀ ਜਨਮਦੀ ਹੈ। ਇਹ ਬੇਚੈਨੀ ਕਲਾਤਮਕ ਅਤੇ ਸਿਰਜਣਾਤਮਕ ਸੰਭਾਵਨਾਵਾਂ ਵਾਲੀ ਹੁੰਦੀ ਹੈ। ਪਾਗਲ, ਪ੍ਰੇਮੀ, ਕਵੀ ਅਤੇ ਕਲਾਕਾਰ ਆਪਸ ਵਿਚ ਭਰਾ ਹੁੰਦੇ ਹਨ। ਪਿਆਰ ਨਾਲ ਔਰਤ ਦੀ ਕੋਮਲਤਾ ਅਤੇ ਪੁਰਸ਼ ਦੀ ਬਹਾਦਰੀ ਇਕ ਦੂਜੇ ਵਿਚ ਪ੍ਰਵੇਸ਼ ਕਰ ਜਾਂਦੀ ਹੈ ਤੇ ਪ੍ਰੇਮੀ ਇਕ ਦੂਜੇ ਦੀ ਥਾਂ ਲੈ ਲੈਂਦੇ ਹਨ। ਪਿਆਰ ਕਰਨ ਵਾਲੀ ਔਰਤ ਅੰਤਾਂ ਦੀ ਬਹਾਦਰ ਹੋ ਜਾਂਦੀ ਹੈ ਜਦੋਂ ਕਿ ਪੁਰਸ਼ ਵਿਚ ਡਰ ਤੇ ਸਹਿਮ ਪਸਰ ਜਾਂਦਾ ਹੈ। ਜਿਹੜੀ ਔਰਤ ਚੂਹੇ ਤੋਂ ਡਰਦੀ ਹੈ, ਪਿਆਰੇ ਨੂੰ ਮਿਲਣ ਲਈ ਉਹ ਕੰਧਾਂ, ਕੋਠੇ ਟੱਪ ਜਾਂਦੀ ਹੈ।

ਪਿਆਰ ਕਰਦੇ ਵਿਅਕਤੀ ਦੀਆਂ ਅੱਖਾਂ ਲਈ ਹਰ ਵਸਤ ਪਾਰਸ ਪੱਥਰ ਤੇ ਪਰਖਿਆ ਹੋਇਆ ਸੋਨਾ ਬਣ ਜਾਂਦੀ ਹੈ। ਪ੍ਰੇਮੀਆਂ ਦੇ ਰੁਸੇਵੇਂ ਪਿਆਰ ਨੂੰ ਪੀਡਾ ਕਰਦੇ ਹਨ ਤੇ ਰੁੱਸਣਾ ਆਪਣੇ ਸੱਚੇ ਹੋਣ ਦਾ ਐਲਾਨਾਨਾਮਾ ਹੁੰਦਾ ਹੈ ਤੇ ਮਨਾਏ ਜਾਣ ਦਾ ਤਰਲਾ।

ਪ੍ਰੇਮੀਆਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਦੂਜਿਆਂ ਲੋਕਾਂ ਦੀਆਂ ਅੱਖਾਂ ਹੀ ਨਹੀਂ ਜਦੋਂ ਕਿ ਦੂਜੇ ਲੋਕਾਂ ਦੇ ਕੰਨ, ਨੱਕ ਵੀ ਅੱਖਾਂ ਬਣ ਜਾਂਦੇ ਹਨ।

ਪ੍ਰੇਮੀ ਆਜਾਦੀ ਦੀ ਲੜਾਈ ਲੜਦੇ ਲੜਦੇ ਇਕ ਦੂਜੇ ਦੇ ਗੁਲਾਮ ਬਣ ਜਾਂਦੇ ਹਨ। ਪਿਆਰ ਅੰਤਾਂ ਦਾ ਥਕਾ ਦੇਣ ਵਾਲਾ ਤੇ ਨਿਚੋੜ ਦੇਣ ਵਾਲਾ ਅਨੁਭਵ ਹੁੰਦਾ ਹੈ ਅਤੇ ਇਸ ਖੇਤਰ ਵਿਚ ਹਾਰੀ ਸਾਰੀ ਪੂਰਾ ਨਹੀਂ ਉਤਰ ਸਕਦਾ। ਪਿਆਰ-ਮੰਡਲਾਂ ਵਿਚ ਵਿਚਰਦਿਆਂ ਪ੍ਰੇਮੀਆਂ ਦੇ ਪਰ ਉਗ ਆਉਂਦੇ ਹਨ ਪਰ ਵਿਆਹ ਫਹੁੜੀਆਂ ਦੇ ਸਹਾਰੇ ਚੱਲਣ ਵਾਲੀ ਕਿਰਿਆ ਬਣ ਜਾਂਦੀ ਹੈ।

ਭਾਂਵੇਂ ਕਿਸੇ ਨੂੰ ਸਾਰੀ ਉਮਰ ਕਿਸੇ ਨਾਲ ਪਿਆਰ ਰਿਹਾ ਹੋਵੇ ਪਰ ਮਾਣ ਕਰਨ ਯੋਗ ਕੁਝ ਘੜੀਆਂ ਹੀ ਹੁੰਦੀਆਂ ਹਨ। ਪਿਆਰ ਦਾ ਅਨੁਭਵ ਇਸ ਲਈ ਚੰਗਾ ਲਗਦਾ ਹੈ ਕਿਉਂਕਿ ਆਪਣੇ ਲਈ ਕਿਸੇ ਨੂੰ ਤੜਪਦੇ ਵੇਖਣ ਤੋਂ ਵਧੇਰੇ ਕੋਈ ਦਿਲਕਸ਼ ਦ੍ਰਿਸ਼ ਨਹੀਂ ਹੁੰਦਾ। ਸਭ ਤੋਂ ਵਧੀਆ ਪਿਆਰ ਪ੍ਰੇਮਿਕਾ ਨੂੰ ਕੀਤਾ ਜਾਂਦਾ ਹੈ ਤੇ ਸਭ ਤੋਂ ਲੰਮਾ ਪਿਆਰ ਮਾਂ ਨੂੰ ਕੀਤਾ ਜਾਂਦਾ ਹੈ। ਪਿਆਰ ਨੂੰ ਉਹੀ ਸਮਝ ਸਕਦੇ ਹਨ, ਜਿਨ੍ਹਾਂ ਪਿਆਰ ਕੀਤਾ ਹੋਵੇ।