ਕੀ ਬਲਾਤਕਾਰੀ ਧਰਮਰਾਜ ਕੋਲੋਂ ਲੇਖੇ-ਜੋਖੇ ਸਮੇਂ ਇਨਸਾਫ ਦੀ ਮੰਗ ਹੋ ਸਕਦੀ ਹੈ?

0
839

ਜਿਹੜਾ ਧਰਮਰਾਜ ਖੁਦ ਹੀ ਪਾਂਡਵਾ ਦੀ ਕੁੰਨਤੀ ਨਾਲ ਬਲਾਤਕਾਰ ਦੇ ਦੋਸ਼ ਦਾ ਸ਼ਿਕਾਰ ਹੈ ਉਹ ਸਾਡਾ ਲੇਖਾ ਜੋਖਾ ਕੀ ਕਰੇਗਾ? ਜਿਸ ਧਰਮਰਾਜ ਨੂੰ ਕਿਸੇ ਸਰਾਪ ਕਾਰਣ ਆਪਣੇ ਪੈਰ ਵਿੱਚ ਪਏ ਕੀੜੇ ਕੁਕੜ ਕੋਲੋਂ ਚੁਗਵਾ ਕੇ ਅਰਾਮ ਦੀ ਨੀਂਦਰ ਲਈ ਚੇਸ਼ਟਾ ਲੱਗੀ ਰਹਿੰਦੀ ਹੈ ਉਹ ਧਰਮਰਾਜ ਸਾਡਾ ਕੀ ਸਵਾਰੇਗਾ? ਜਿਹੜਾ ਧਰਮਰਾਜ ਸਦੀਆਂ ਨਹੀਂ ਕਰੋੜਾਂ ਸਾਲਾਂ ਤੋਂ ਇਹ ਸਜਾ ਭੁਗਤਦਾ ਆ ਰਿਹਾ ਹੈ, ਸਜਾ ਤੋਂ ਆਪ ਮੁਕਤ ਨਹੀਂ ਹੋ ਸਕਿਆ, ਉਹ ਸਾਡਾ ਮੁਕਤੀ ਦਾਤਾ ਕਿਵੇਂ ਹੋ ਸਕਦਾ ਹੈ?
ਕੀ ਗੁਰਬਾਣੀ ਕਿਸੇ ਐਸੇ ਧਰਮਰਾਜ/ਯਮਰਾਜ ਨੂੰ ਮੰਨਦੀ ਹੈ ਇਸ ਬਾਰੇ ਤਾਂ ਗੱਲ ਆਪਾਂ ਅੱਗੇ ਚੱਲ ਕੇ ਕਰਾਂਗੇ ਪਹਿਲਾਂ ਸਾਨੂੰ ਇਸ ਬਾਰੇ ਵੀਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਇਹ ਧਰਮਰਾਜ/ਯਮਰਾਜ ਕਿਸ ਧਰਮ ਦੀ ਪਦਾਇਸ਼ ਹੈ? ਪਾਂਡੋ ਰਾਜਾ ਨਮਰਦ ਹੈ ਤੇ ਉਸਦੇ ਕੋਈ ਉਲਾਦ ਪੈਦਾ ਨਹੀਂ ਹੁੰਦੀ। ਵੈਸੇ ਤਾਂ ਇਹ ਕੰਮ ਪੰਡਿਤ ਜੀ ਹੀ ਕਰ ਗਏ ਕਿਉਂਕਿ ਰਾਜੇ ਦੇ ਮਹਿਲਾਂ ਵਿੱਚ ਵੱਸ ਰਹੀਆਂ ਸੁੰਦਰੀਆਂ ਨਾਲ ਪੰਡਿਤ ਜੀ ਕਲੋਲਾਂ ਕਿਉਂ ਨਾ ਕਰਨ? ਪਰ ਫੇਰ ਵੀ ਰਾਜੇ ਦੇ ਡਰ ਕਾਰਨ ਇਹ ਲਿਖ ਧਰਿਆ ਕਿ ਕੁੰਨਤੀ ਨੂੰ ਉਲਾਦ ਦੀ ਚੇਸ਼ਟਾ ਹੋਈ ਤਾਂ ਪੰਡਿਤ ਜੀ ਨੇ ਇੱਕ ਮੰਤਰ ਲਿਖ ਕੇ ਦਿੱਤਾ ਜਿਸ ਦੀ ਅਰਾਧਨਾ ਕਰਨ ਤੇ ਸੂਰਜ ਦੇਵਤਾ ਜੀ ਮਨੁੱਖਾ ਸ਼ਰੀਰ ਧਾਰਨ ਕਰਕੇ ਆਏ ਅਤੇ ਕੁੰਨਤੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੁੰਨਤੀ ਦੇ ਪੇਟੋਂ ‘ਕਰਣ’ ਜੀ ਪੈਦਾ ਹੋਏ। ਇਸੇ ਹੀ ਤਰ੍ਹਾਂ ਕੁੰਨਤੀ ਨੇ ਦੂਸਰੀ ਵਾਰ ਮੰਤਰ ਦੀ ਅਰਾਧਣਾ ਕੀਤੀ ਤੇ ਧਰਮਰਾਜ/ਯਮਰਾਜ ਜੀ ਧਰਤੀ ਤੇ ਮਨੁੱਖਾਂ ਦੇਹੀ ਧਾਰਨ ਕਰਕੇ ਆਏ ਤੇ ਕੁੰਨਤੀ ਨਾਲ ਬਲਾਤਕਾਰ ਕਰਨ ਤੇ ਯੁਧਿਸ਼ਟਰ ਜੀ ਪੈਦਾ ਹੋਏ। ਕਰਤੇ ਕੀਆਂ ਬਾਤਾਂ ਦੇਖੋ ਕਿ ਪਿਓ ਅਤੇ ਪੁੱਤਰ ਦੇਵੇਂ ਇਕੋ ਹੀ ਔਰਤ ਨਾਲ ਬਲਾਤਕਾਰ ਕਰਦੇ ਹਨ ਫੇਰ ਵੀ ਅਸੀਂ ਇਨ੍ਹਾਂ ਨੂੰ ਦੇਵਤੇ ਸਵੀਕਾਰ ਕਰਦੇ ਹਾਂ। ਇਸੇ ਹੀ ਤਰਜ਼ ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੇ ਵੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੀ ਸਾਰੀ ਉਲਾਦ ਸਤਿਨਾਮ ਜਾਂ ਵਾਹਿਗੁਰੂ ਦਾ ਮੰਤਰ ਚੂਸਣ ਨਾਲ ਹੀ ਪੈਦਾ ਕੀਤੀ ਹੈ। ਹੈ ਨਾ ਪੰਡਿਤ ਜੀ ਦੀ ਕਮਾਲ! ਲਿਖਾਰੀ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਸਨੇ ਕੀ ਲਿਖਣਾ ਹੈ ਤੇ ਸਿੱਖ ਇਤਹਾਸ ਸਿੱਖੀ ਦੇ ਦੁਸਮਣਾਂ ਨੇ ਲਿਖਿਆ ਹੈ ਇਸ ਕਰਕੇ ਇਤਹਾਸ ਕੋਲੋਂ ਇਸਨਾਫ ਦੀ ਮੰਗ ਨਾ ਕਰੋ। ਇਸਤਰੀ ਅਤੇ ਪੁਰਖ ਦਾ ਮਿਲਾਪ ਕੁਦਰਤੀ ਨਯਮਾਂ ਮੁਤਾਬਕ ਹੈ ਅਤੇ ਇਸਦੀ ਪਾਲਣਾ ਕਰਦੇ ਹੋਏ ਹੀ ਸਿੱਖ ਗੁਰੂ ਯੋਗ ਉਮਰ ਵਿੱਚ ਵਿਆਹ ਕਰਵਾਉਂਦੇ ਹਨ ਅਤੇ ਅੱਗੇ ਸਿੱਖਾਂ ਨੂੰ ਵੀ ਵਿਆਹ ਕਰਵਾਉਣ ਦਾ ਉਪਦੇਸ਼ ਦਿੰਦੇ ਹਨ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਨਾਨਕਸਰੀਏ ਸਾਧ ਅਤੇ ਇਨ੍ਹਾਂ ਦੇ ਡੇਰਿਆਂ ਦੇ ਪ੍ਰਬੰਧਕ/ਬਿਹੰਗਮ, ਸਿੱਖ ਨਹੀਂ ਹਨ।
ਇਸ ਧਰਤੀ ਤੇ ਧਰਮਰਾਜ/ਯਮਰਾਜ ਜੀ ਦੇ ਪਧਾਰਨ ਦਾ ਤਰੀਕਾ।
ਵਿਸ਼ਵਕਰਮਾ ਨੇ ਆਪਣੀ ਲੜਕੀ ਸੰਜਨਾ ਦੀ ਸ਼ਾਦੀ ਸੂਰਜ ਦੇਵਤਾ ਜੀ ਨਾਲ ਕਰ ਦਿੱਤੀ। ਆਪਣੀ ਲੜਕੀ ਦੀ ਪੁਕਾਰ, “ਪਿਤਾ ਜੀ ਸੂਰਜ ਬਹੁਤ ਗਰਮ ਹੈ ਮੈਂ ਉਸਦੇ ਨੇੜੇ ਨਹੀਂ ਜਾ ਸਕਦੀ”, ਸੁਣ ਕੇ ਵਿਸ਼ਵਕਰਮਾ ਜੀ ਨੇ ਸੂਰਜ ਨੂੰ ਆਪਣੀ ਸਾਣ ਤੇ ਚੜ੍ਹਾ ਕੇ ਖਰਾਦ ਦਿੱਤਾ ਤੇ ਫਿਰ ਜਿਹੜੀਆਂ ਛਿਲਤਰਾਂ ਵਗੈਰਾ ਸਨ ਉਹ ਤਾਂ ਤਾਰਿਆਂ ਦੇ ਰੂਪ ਵਿੱਚ ਖਿੰਡ ਗਈਆਂ ਤੇ ਸੂਰਜ ਦੀ ਤਪਸ਼ ਘੱਟਣ ਤੇ ਲੜਕੀ ਨੇ ਕਿਹਾ ਪਿਤਾ ਜੀ ਹੁਣ ਸੱਭ ਠੀਕ ਹੈ। ਵਿਸ਼ਵਕਰਮਾ, ਜਿਹੜਾ ਭਾਰਤੀ ਖਿਤੇ ਵਿੱਚ ਬ੍ਰਾਹਮਣ ਦੇ ਮੁੱਖੋਂ ਪੈਦਾ ਹੋਇਆ ਹੈ ਤੇ ਇਸਨੂੰ ਦੁਨੀਆਂ ਦਾ ਆਰਕੀਟੈਕਟ ਮੰਨਿਆ ਜਾਂਦਾ ਹੈ, ਨੂੰ ਪਾਕਿਸਤਾਨ ਦੀ ਹੱਦ ਟੱਪਦਿਆਂ ਹੀ ਕੋਈ ਨਹੀਂ ਜਾਣਦਾ ਤੇ ਪੱਛਮੀ ਸੱਭਿਅਤਾ ਜਿਹੜੀ ਦੁਨੀਆਂ ਦੀ ਸਾਰੀ ਇੰਜਨੀਅਰਿੰਗ ਸਾਂਭੀ ਬੈਠੀ ਹੈ, ਨੂੰ ਵਿਸ਼ਵਕਰਮਾ ਦਾ ਕੋਈ ਪਤਾ ਨਹੀਂ ਅਤੇ ਤਰੱਕੀ ਦੇ ਰਾਹ ਤੇ ਹਨ ਜਦੋਂ ਕਿ 50% ਭਾਰਤੀ ਲੋਕ ਭੁੱਖ ਨਾਲ ਮਰ ਰਹੇ ਹਨ ਜਿਸ ਧਰਤੀ ਤੇ ਵਿਸ਼ਵਕਰਮਾ ਜੀ ਹੋਏ ਹਨ। ਜੇ ਇਹ ਸਾਰਾ ਝੂਠ ਨਹੀਂ ਤਾਂ ਹੋਰ ਕੀ ਹੈ? ਵਿਸ਼ਵਕਰਮਾ ਨੇ ਧਰਤੀ ਨਾਲੋਂ ਕਈ ਗੁਣਾ ਵੱਡੇ ਸੂਰਜ ਨੂੰ ਕਿਸ ਸਾਣ ਅਤੇ ਕਿਸ ਧਰਤੀ ਤੇ ਕਿਵੇਂ ਰੱਖਿਆ, ਕਿਸੇ ਨੇ ਨਹੀਂ ਪੁਛਿਆ। ਮਿਸਰ ਜੀ ਜੋ ਕਹਿੰਦੇ ਹਨ ਉਹ ਸੱਭ ਸੱਚ ਹੈ। ਆਈ. ਆਈ. ਟੀ. ਦਿੱਲੀ ਤੋਂ 72 ਵਿੱਚ ਇੰਜਿਨੀਆਰ ਬਣੇ, ਦਸਵੀ ਫੇਲ੍ਹ ਪੰਡਿਤ ਜੀ ਤੋਂ ਮੂਰਖ ਬਣਦੇ ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖੇ ਹਨ ਜਦੋਂ ਤਾਂਤਰਿਕ ਚੰਦਰਾ ਸਵਾਮੀ ਨੇ ਇਹ ਗੱਲ ਰਾਤੋ ਰਾਤ ਦੁਨੀਆਂ ਭਰ ਵਿੱਚ ਫੈਲਾਈ ਸੀ ਕਿ ‘ਗਨੇਸ਼ ਮਹਾਂਰਾਜ’ ਜੀ ਦੁੱਧ ਪੀ ਰਹੇ ਹਨ। ਜਿਵੇਂ ਅੱਜ-ਕੱਲ ਅਕਾਲ ਤੱਖਤ ਦੇ ਜੱਥੇਦਾਰ ਦੇ ਨਾਮ ਹੇਠ ਪੰਡਿਤ ਜੀ ਸਾਰੇ ਸਿੱਖਾਂ ਦੇ ਨੱਕ ਵਿੱਚ ਨਕੇਲ ਪਾਈ ਬੈਠੇ ਹਨ ਠੀਕ ਉਸੇ ਹੀ ਤਰ੍ਹਾਂ ਸਾਰੇ ਭਾਰਤੀ ਖਿਤੇ ਵਿੱਚ ਵੱਸਣ ਵਾਲੇ ਲੋਕ ਜਾਂ ਤਾਂ ਸਿੱਧੇ ਤੌਰ ਤੇ ਪੰਡਿਤ ਦੇ ਕੋਲ ਮੰਦਰ ਵਿੱਚ ਜਾ ਕੇ ਛਿੱਲ ਲੁਹਾ ਰਹੇ ਹਨ ਜਾਂ ਫਿਰ ਭਾਰਤ ਵਿੱਚ ਉਚੀਆਂ ਪੱਦਵੀਆਂ ਤੇ ਬਿਰਾਜਮਾਨ 80% ਬ੍ਰਾਹਮਣਾਂ ਕੋਲੋਂ ਆਪਣੀ ਚਮੜੀ ਪਟਵਾ ਰਹੇ ਹਨ।
ਧਰਤੀ ਤੇ ਪਹਿਲੀ ਵਾਰ ਧਰਮਰਾਜ/ਯਮਰਾਜ ਜੀ ਚੜ੍ਹਾਈ ਕਰ ਗਏ। ਮਰਨ ਤੋਂ ਬਾਅਦ ਧਰਮਰਾਜ ਜੀ ਸਿੱਧੇ ਸਵਰਗ ਵਿੱਚ ਪਹੁੰਚ ਗਏ। ਇਸ ਨੇ ਹੀ ਸਵਰਗ ਦਾ ਰਸਤਾ ਲੱਭਿਆ। ਉੱਥੇ ਇਨ੍ਹਾਂ ਦੀ ਪੁਰੀ, ਸਿੰਘਾਸਣ, ਸਹਾਇਤਾ ਲਈ ਮੁਨੀਮ ਦੇ ਤੌਰ ਤੇ ਚਿਰਗੁਪਤ ਅਤੇ ਮਰੀਆਂ ਹੋਈਆਂ ਆਤਮਾਵਾਂ ਨੂੰ ਲੇਖੇ-ਜੋਖੇ ਲਈ ਲੈ ਕੇ ਜਾਣ ਲਈ ਦੋ ਕੁੱਤੇ ਵੀ ਮੌਜੂਦ ਹਨ ਜਿਨ੍ਹਾਂ ਦਾ ਨਾਮ ਸ਼ਰਮਯੇ ਹੈ। ਇਸਦੇ ਸਿੰਘਾਸਣ ਦਾ ਨਾਮ ਵਿਹਾਰ ਭੂ, ਮਹਿਲ ਦਾ ਨਾਮ ਕਲੀਚੀ ਅਤੇ ਪੁਰੀ ਦਾ ਨਾਮ ਸੰਯਮਨੀ ਹੈ। ਜਦੋਂ ਧਰਮਰਾਜ ਜੀ ਧਰਤੀ ਤੇ ਸਨ ਤਾਂ ਉਹ ਬਲਾਤਕਾਰੀ ਵੀ ਸੀ ਤੇ ਮਰ ਵੀ ਗਿਆ ਪਰ ਹੁਣ ਉਸਨੇ ਬਿਲਕੁਲ ਨਹੀਂ ਮਰਨਾ। ਅੱਜ ਤਕ ਕਿਸੇ ਨੇ ਨਹੀਂ ਪੁਛਿਆ ਕਿ ਕੀ ਕੋਈ ਸੂਰਜ ਮਨੁੱਖਾ ਸ਼ਰੀਰ ਧਾਰਨ ਕਰਕੇ ਕਿਸੇ ਔਰਤ ਨਾਲ ਸਰੀਰਕ ਸੰਬੰਧ ਪੈਦਾ ਕਰ ਸਕਦਾ ਹੈ? ਜਿਹੜਾ ਧਰਮਰਾਜ/ਯਮਰਾਜ ਧਰਤੀ ਤੇ ਮਰ ਗਿਆ ਉਹ ਕਿਸੇ ਅਖੌਤੀ ਸਵਰਗ ਵਿੱਚ ਪਹੁੰਚਦਿਆਂ ਸਾਰ ਹੀ ਅਮਰ ਕਿਵੇਂ ਹੋ ਗਿਆ? ਧਰਮਰਾਜ/ਯਮਰਾਜ ਜੀ ਨੇ ਧਰਤੀ ਤੇ ਹੁੰਦਿਆਂ ਕਿਹੜਾ ਚੰਗਾ ਕੰਮ ਕੀਤਾ ਜਿਸ ਕਰਕੇ ਮਰਨ ਤੋ ਬਾਅਦ ਧਰਮਰਾਜ/ਯਮਰਾਜ ਸਦਾ ਲਈ ਅਮਰ ਹੋ ਗਏ। ਇਸਨੂੰ ਦੂਸਰੇ ਲੋਕਾਂ ਦੇ ਲੇਖੇ-ਜੋਖੇ ਦਾ ਕੰਮ ਕਿਸਨੇ ਸੌਪਿਆ? ਇਹ ਸਾਰੀ ਲੀਲਾ ਨਾ ਤਾਂ ਧਰਮਰਾਜ/ਯਮਰਾਜ ਨੇ ਆਪ ਲਿਖੀ ਹੈ ਤੇ ਨਾ ਹੀ ਇਹ ਉਸਦੇ ਪਿਤਾ ਸਵਾਮੀ ਸੂਰਜ ਜੀ ਨੇ ਲਿਖੀ ਹੈ ਸਗੋਂ ਇਸ ਦੇ ਕਰਤਾ ਹਨ ਮਿਸਰ ਜੀ। ਕੀ ਕੋਈ ਇਹ ਵੀ ਦੱਸ ਸਕਦਾ ਹੈ ਕਿ ਧਰਮਰਾਜ/ਯਮਰਾਜ ਦੇ ਮਰਨ ਤੋਂ ਪਹਿਲਾਂ ਵੀ ਕੋਈ ਇਸ ਧਰਤੀ ਤੇ ਮਰਿਆ ਸੀ? ਜੇ ਧਰਮਰਾਜ ਤੋਂ ਪਹਿਲਾਂ ਕੋਈ ਇਸ ਧਰਤੀ ਤੇ ਮਰਿਆ ਸੀ ਤਾਂ ਉਸਦਾ ਲੇਖਾ-ਜੋਖਾ ਕਿਸ ਨੇ ਕੀਤਾ? ਕਿਸੇ ਕੋਲ ਕੋਈ ਸਬੂਤ ਹੈ ਕਿ ਧਰਮਰਾਜ ਤੋਂ ਪਹਿਲਾਂ ਇਸ ਧਰਤੀ ਤੇ ਕੋਈ ਮਰਿਆ ਹੀ ਨਹੀਂ? ਆਦਿ।
ਆਓ ਹੁਣ ਦੇਖੀਏ ਕਿ ਇਸ ਊਲ-ਜਲੂਲ ਵਿਚੋਂ ਇਸ ਖਲਕਤ ਨੂੰ ਕੱਢਣ ਲਈ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ। ਗੁਰਬਾਣੀ ਮਨੁੱਖਤਾ ਦੀ ਪੂਰਨ ਅਜ਼ਾਦੀ ਦੀ ਗੱਲ ਕਰਦੀ ਹੈ। ਜਦੋਂ ਕਿ ਬ੍ਰਹਾਮਣ ਦਾ ਉਪਦੇਸ਼ ਮਨੁੱਖਤਾ ਨੂੰ ਡਰਾ ਕੇ ਆਪਣੇ ਵੱਸ ਵਿੱਚ ਕਰਨ ਤੋਂ ਹੀ ਸ਼ੁਰੂ ਹੁੰਦਾ ਹੈ। ਗੁਰਬਾਣੀ ਇੱਕ ਅਜ਼ਾਦ ਮਨੁੱਖ ਨੂੰ ਹਰ ਤਰ੍ਹਾਂ ਦੇ ਡਰ ਭੈ ਤੋਂ ਮੁਕਤ ਕਰਾਉਂਦੀ ਹੈ। ਇਸੇ ਕਰਕੇ ਹੀ ਤਾਂ ਭਾਈ ਗੁਰਦਾਸ ਜੀ ਬਾਬੇ ਨਾਨਕ ਦੇ ਨਿਰਮਲ ਪੰਥ ਦੀ ਗੱਲ ਕਰਦੇ ਹਨ। ਗੁਰਬਾਣੀ ਵਿੱਚ ਸਮੇਂ ਦੀ ਬੋਲੀ ਦੇ ਲਫਜ਼ ਤਾਂ ਓਹੀ ਵਰਤੀਂਦੇ ਹਨ ਪਰ ਗੁਰੂ ਜੀ ਇਸਦੇ ਮਤਲਬ ਬਦਲ ਦਿੰਦੇ ਹਨ। ਇਸੇ ਹੀ ਤਰ੍ਹਾਂ ਗੁਰਬਾਣੀ ਦਾ ਧਰਮਰਾਜ/ਯਮਰਾਜ ਕਿਤੇ ਬਾਹਰ ਅਸਮਾਨਾਂ ਵਿੱਚ ਨਹੀਂ ਬੈਠਾ ਸਗੋਂ ਮਨੁੱਖਾਂ ਮਨ ਵਿੱਚ ਹੀ ਸ਼ਸੋਭਤ ਹੈ।
ਪਉੜੀ॥ ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥ {ਪੰਨਾ 463}
ਗੁਰੂ ਨਾਨਕ ਪਾਤਸ਼ਾਹ ਦਾ ਫੁਰਮਾਣ ਹੈ ਕਿ ਜਦੋਂ ਹੀ ਜੀਵ ਪੈਦਾ ਹੋਇਆ ਜਾਂ ਕੀਤਾ ਪਰਮਾਤਮਾ ਨੇ ਨਿਯਮ ਰੂਪੀ ਧਰਮ/ਧਰਮਰਾਜ ਨੂੰ ਮਨੁੱਖਾ ਸ਼ਰੀਰ ਵਿੱਚ ਨਾਲ ਹੀ ਬਹਾਲ ਦਿੱਤਾ ਤੇ ਸੱਚ ਮੁਤਾਬਕ ਫੈਸਲਾ ਕਰਨ ਦਾ ਨਿਯਮ ਬਣਾ ਦਿੱਤਾ ਜਿਸ ਮੁਤਾਬਕ ਜਜਮਾਲਿਆ/ਮਾੜੇ ਕਰਮਾਂ/ਕੰਮਾਂ ਵਾਲੇ ਲੋਕਾਂ ਨੂੰ ਵੱਖ ਕਰ ਲਿਆ ਜਾਂਦਾ ਹੈ। ਆਪਣੇ ਆਂਢ-ਗੁਆਂਢ ਵਿੱਚ ਝਾਤੀ ਮਾਰ ਕੇ ਦੇਖੋ ਚੰਗਾ ਮਾੜੇ ਮਨੁੱਖ ਨਾਲ ਰਾਬਤਾ ਕਾਇਮ ਨਹੀਂ ਕਰਦਾ।
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ॥ ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ॥ 6॥ {ਪੰਨਾ 980}
ਉਹ ਠਾਕੁਰ ਦੇ ਪਿਆਰੇ ਜਨ ਹਨ ਜਿਨ੍ਹਾਂ ਨੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਣਾ ਲਿਆ ਹੈ ਤੇ ਉਨ੍ਹਾਂ ਦੀ ਮਾੜੀ ਮੱਤ/ਪਾਪ ਖਤਮ ਹੋ ਗਏ ਹਨ। ਧਰਮ ਰਾਇ ਅਤੇ ਜਮ ਉਨ੍ਹਾਂ ਦੇ ਨੇੜੇ ਨਹੀਂ ਢੁੱਕਦੇ। ਹੁਣ ਧਰਮ ਰਾਇ ਦਾ ਕੰਮ ਖਤਮ ਹੋ ਗਿਆ ਹੈ।
ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ॥ ਤਹ ਜਨਮ ਨ ਮਰਣੁ, ਨ ਆਵਣ ਜਾਣਾ, ਸੰਸਾ ਦੂਖੁ ਮਿਟਾਇਆ॥ ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ, ਹਰਿ ਲਦੇ ਖੇਪ ਸਵਲੀ॥ 3॥ {ਪੰਨਾ 79}
ਜਦੋਂ ਮਨੁੱਖ ਸੱਚ ਨੂੰ ਆਪਣੇ ਜੀਵਨ ਵਿੱਚ ਧਾਰਣ ਕਰ ਲੈਂਦਾ ਹੈ ਤਾਂ ਉਸਨੂੰ ਇੱਕ ਐਸੀ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਸ ਕਾਰਨ ਉਸਦਾ ਹਰ ਰੋਜ ਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਇਸ ਉਪਦੇਸ਼ ਕਰਕੇ ਹੀ ਚਿਤਰ ਗੁਪਤ ਦਾ ਲਿਖਿਆ ਹੋਇਆ ਸਾਰਾ ਲੇਖਾ-ਜੋਖਾ ਵੀ ਖਤਮ ਹੋ ਜਾਂਦਾ ਹੈ। ਹੇ ਮੇਰੇ ਪਿਆਰੇ ਮਨ ਪ੍ਰੀਤਮ ਜੀਓ! ਗੁਰੂ ਦੀ ਮੱਤ ਲੈ ਕੇ ਚੰਗੇ ਗੁਣਾਂ ਨੂੰ ਵਿਹਾਜ, ਚੰਗੇ ਗੁਣਾਂ ਦਾ ਵਪਾਰ ਕਰ, ਚੰਗੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਲਓ।
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥ 3॥ ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ॥ ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ॥ 4॥ 8॥ 19॥ {ਪੰਨਾ 614}
ਚੰਗੇ ਗੁਣਾਂ ਦੀ ਪੁੰਜੀ ਪ੍ਰਾਪਤ ਹੋਣ ਨਾਲ ਮੇਰੇ ਮਨ ਦਾ ਭਰਮ ਖਤਮ ਹੋ ਗਿਆ। ਇਸ ਕਾਰਣ ਕਰਕੇ ਹੀ ਧਰਮ ਰਾਇ ਨੂੰ ਹੁਣ ਲੇਖਾ ਕਰਨ ਦੀ ਲੋੜ ਨਹੀਂ ਕਿਉਂਕਿ ਮਾੜਾ ਪਨ/ ਔਗੁਣ ਖਤਮ ਲੇਖਾ-ਜੋਖਾ ਖਤਮ। ਔਗੁਣਾਂ ਦੇ ਖਾਤਮੇ ਦੇ ਨਾਲ ਹੀ ਮਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ 4॥ 5॥ {ਪੰਨਾ 697}
ਜਿਨ੍ਹਾਂ ਮਨੁੱਖੀ ਜੀਵਾਂ ਨੇ ਗੁਰੂ ਦੀ ਕ੍ਰਿਪਾ ਦੁਆਰਾ ਚੰਗੇ ਗੁਣ ਧਾਰਣ ਕਰ ਲਏ ਹਨ, ਮਨ ਵਿੱਚ ਵਸਾ ਲਏ ਹਨ ਉਨ੍ਹਾਂ ਦੇ ਲੇਖੇ-ਜੋਖੇ ਦੇ ਕਾਗਜ਼ ਧਰਮ ਰਾਜ ਦੇ ਦਰਬਾਰ ਵਿੱਚ ਫਟ ਜਾਂਦੇ ਹਨ ਜਾਂ ਧਰਮ ਰਾਜ ਆਪਣੇ ਦਰਬਾਰ ਵਿੱਚ ਉਨ੍ਹਾਂ ਦਾ ਲੇਖਾ-ਜੋਖਾ ਖਤਮ ਕਰ ਦਿੰਦਾ ਹੈ। ਇਨ੍ਹਾਂ ਸਾਰੇ ਸਲੋਕਾਂ ਵਿੱਚ ਇਹੀ ਸਮਝਾਇਆ ਗਿਆ ਹੈ ਕਿ ਜੇ ਕਰ ਮਨੁੱਖੀ ਜੀਵ ਚੰਗੇ ਕੰਮ ਕਰਦਾ ਹੈ ਤਾਂ ਉਸਨੂੰ ਲੇਖੇ-ਜੋਖੇ ਤੋਂ ਡਰਨ ਦੀ ਲੋੜ ਨਹੀਂ ਸਗੋ ਧਰਮ ਰਾਜ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ ਤੇ ਜਮਾਂ ਦੇ ਰਸਤੇ ਚੰਗੇ ਮਨੁੱਖੀ ਜੀਵਾਂ ਨੂੰ ਨਹੀਂ ਪਾਉਂਦਾ ਕਿਉਂਕਿ ਉਹ ਸਦਾ ਸੱਚ ਨਾਲ ਜੁੜੇ ਹੋਏ ਹਨ। ਇਨ੍ਹਾਂ ਹਰੀ ਦੇ ਜਨਾਂ ਦੀਆਂ ਆਤਮਾਵਾਂ ਨੂੰ ਕਿਸੇ ਕੋਲ ਜਾ ਕੇ ਲੇਖਾ-ਜੋਖਾ ਕਰਵਾਉਣ ਦੀ ਲੋੜ ਨਹੀਂ ਰਹਿੰਦੀ।
ਧਰਮਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ॥ ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ॥ 14॥ {ਪੰਨਾ 1091} ਮਨੁੱਖੀ ਜੀਵ ਦਾ ਡਰ ਖਤਮ ਕਰਨ ਦਾ ਤਰੀਕਾ ਵੀ ਇਹੋ ਹੀ ਹੋ ਸਕਦਾ ਹੈ ਕਿ ਧਰਮ ਰਾਜ ਨੂੰ ਮਨੁੱਖੀ ਜੀਵ ਦਾ ਮਿਤਰ ਹੀ ਬਣ ਦਿਓ।
ਮਃ 1॥ ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ॥ ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ॥ 2॥ {ਪੰਨਾ 1091}
ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸਲੋਕ ਇਹ ਦੱਸਦਾ ਹੈ ਕਿ ਬਹੁਤੇ ਲੋਕ ਵੇਦਾਂ ਦੇ ਵਜਾਏ ਹੋਏ ਢੋਲ ਮਗਰ ਲੱਗੇ ਹੋਏ ਹਨ ਅਸਲ ਵਿੱਚ ਰਸਤਾ ਇਕੋ ਹੀ ਹੈ ਉਹ ਹੈ ਨਾਮ/ਸੱਚ ਨੂੰ ਜਿੰਦਗੀ ਵਿੱਚ ਅਪਨਾਉਣ ਦਾ।
ਗੁਰ ਸਿੱਖੀ ਵਿੱਚ ਕੁਦਰਤੀ ਨਿਯਮ ਧਰਮ ਰਾਜ ਦਾ ਕੰਮ ਕਰਦੇ ਹਨ ਤੇ ਦੂਸਰਾ ਸੰਗਤ ਵੀ ਧਰਮ ਰਾਜ ਦਾ ਕੰਮ ਕਰਦੀ ਹੈ। ਕਿਸੇ ਇਲਾਕੇ ਦੇ ਚੌਧਰੀ ਨੂੰ, ਜੋ ਗੁਰੂ ਅਰਜਨ ਪਾਤਸ਼ਾਹ ਕੋਲੋਂ ਸਿੱਖੀ ਲੈਣ ਆਇਆ ਸੀ, ਇਹੀ ਉਪਦੇਸ਼ ਦਿੱਤਾ ਸੀ ਕਿ ਤੂੰ ਸੱਚ ਦੇ ਲੜ ਲੱਗ ਪਰ ਉਹ ਕਹਿਣ ਲੱਗਾ ਕਿ ਗੁਰੂ ਜੀ ਫੈਸਲਾ ਕਰਦੇ ਸਮੇਂ ਥੋੜਾ ਪੱਖਪਾਤ ਤਾਂ ਹੋ ਹੀ ਜਾਂਦਾ ਹੈ। ਫਿਰ ਗੁਰੂ ਜੀ ਨੇ ਇਹ ਸਮਝਾਇਆ ਕਿ ਚਲੋ ਅਗਲੇ ਦਿਨ ਸੰਗਤ ਵਿੱਚ ਆ ਕੇ ਕੱਲ੍ਹ ਦਾ ਬੋਲਿਆ ਹੋਇਆ ਝੂਠ ਜ਼ਰੂਰ ਦੱਸ ਦੇਣਾ। ਇਸ ਤਰ੍ਹਾਂ ਕਰਨ ਨਾਲ ਉਹ ਚੌਧਰੀ ਨੇ ਚੌਧਰਪੁਣਾ ਛੱਡ ਦਿੱਤਾ ਤੇ ਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣ ਲੱਗ ਪਿਆ। ਸਿੱਖੀ ਵਿੱਚ ਉਸ ਧਰਮ ਰਾਜ ਨੂੰ ਕੋਈ ਮਾਨਤਾ ਨਹੀਂ ਜਿਸ ਨੂੰ ਹਿੰਦੂ ਧਰਮ ਮੰਨਦਾ ਆ ਰਿਹਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ